ਬ੍ਰਿਸਬੇਨ ਦੇ ਹਸਪਤਾਲ ਵਿੱਚ ਲਾਕਡਾਊਨ -ਇੱਕ ਸਟਾਫ ਮੈਂਬਰ ਆਇਆ ਕਰੋਨਾ ਪਾਜ਼ਿਟਿਵ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬ੍ਰਿਸਬੇਨ ਦੇ ਪ੍ਰਿੰਸੇਸ ਐਲਗਜ਼ੈਂਡਰਾ ਹਸਪਤਾਲ ਵਿੱਚ ਇੱਕ ਸਟਾਫ ਮੈਂਬਰ ਦੇ ਕਰੋਨਾ ਪਾਜ਼ਿਟਿਵ ਆੳਣ ਕਾਰਨ ਹਸਪਤਾਲ ਅੰਦਰ ਲਾਕਡਾਊਨ ਲਗਾ ਦਿੱਤਾ ਗਿਆ ਹੈ। ਕੁਈਨਜ਼ਲੈਂਡ ਤੋਂ ਸਿਹਤ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਕਤ ਵਿਅਕਤੀ (ਜੋ ਕਿ ਇੱਕ ਡਾਕਟਰ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ) ਬੀਤੇ ਬੁੱਧਵਾਰ ਨੂੰ ਹਸਪਤਾਲ ਅੰਦਰ ਹੀ ਇੱਕ ਮਰੀਜ਼ ਦੇ ਸੰਪਰਕ ਵਿੱਚ ਆਇਆ ਸੀ ਅਤੇ ਵੀਰਵਾਰ ਨੂੰ ਉਸਨੂੰ ਵੀ ਇਨਫੈਕਸ਼ਨ ਹੋ ਗਿਆ ਅਤੇ ਇਸ ਦੀ ਪੁਸ਼ਟੀ ਸ਼ੁਕਰਵਾਰ ਸ਼ਾਮ ਨੂੰ ਕੀਤੀ ਗਈ।
ਹੁਣ ਉਕਤ ਵਿਅਕਤੀ ਦੇ ਜਨਤਕ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਸ਼ੱਕੀ ਥਾਵਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਜਾਣੂ ਕਰਵਾਇਆ ਜਾ ਸਕੇ। ਵੈਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਸਪਤਾਲ ਅੰਦਰ ਦੇ ਉਕਤ ਵਿਅਕਤੀ ਦੇ ਸੰਪਰਕਾਂ ਜਿਸ ਵਿੱਚ ਕਿ ਸਟਾਫ ਦੇ ਹੋਰ ਮੈਂਬਰ ਅਤੇ ਉਕਤ ਵਿਅਕਤੀ ਦੇ ਘਰ ਦੇ ਮੈਂਬਰ ਵੀ ਸ਼ਾਮਿਲ ਹਨ -ਉਨ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ।
ਹਸਪਤਾਲ ਅੰਦਰ ਲਾਕਡਾਊਨ ਲਗਾਉਂਦਿਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੋਈ ਵੀ ਬਾਹਰੀ ਮਰੀਜ਼ ਨੂੰ ਹਸਪਾਤਲ ਅੰਦਰ ਹਾਲ ਦੀ ਘੜੀ ਦਾਖਿਲ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਇੱਥੇ ਆਉਂਦਾ ਵੀ ਹੈ ਤਾਂ ਫੇਸ ਮਾਸਕ ਜ਼ਰੂਰੀ ਹੈ। ਐਮਰਜੈਂਸੀ ਵਿਭਾਗ ਨੂੰ ਖੁੱਲ੍ਹਾ ਰੱਖਿਆ ਗਿਆ ਹੈ ਪਰੰਤੂ ਮਰੀਜ਼ਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਦੂਸਰੇ ਜੀ.ਪੀ.ਆਂ ਅਤੇ ਹੋਰ ਹਸਪਤਾਲਾਂ ਅੰਦਰ ਆਪਣਾ ਰਾਬਤਾ ਕਾਇਮ ਕਰਨ। ਹਾਲ ਦੀ ਘੜੀ ਹਸਪਤਾਲ ਅੰਦਰ ਹਰ ਤਰ੍ਹਾਂ ਦੇ ਮਰੀਜ਼ਾਂ ਦੀਆਂ ਬੁਕਿੰਗਾਂ ਅਤੇ ਚੋਣਵੀਆਂ ਸਰਜਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Install Punjabi Akhbar App

Install
×