ਐਨੇ ਸੌਖੇ ਨਹੀਂ ਹਨ ਭਾਰਤ ਅਤੇ ਚੀਨ ਦਰਮਿਆਨ ਸਬੰਧ ਠੀਕ ਹੋਣੇ।

ਐਨੇ ਸੌਖੇ ਨਹੀਂ ਹਨ ਭਾਰਤ ਅਤੇ ਚੀਨ ਦਰਮਿਆਨ ਸਬੰਧ ਠੀਕ ਹੋਣੇ।

ਕੁਝ ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ (ਐਸ.ਸੀ.ਉ.) ਸੰਮੇਲਨ ਦੇ ਸਬੰਧ ਵਿੱਚ ਚੀਨ ਦਾ ਦੌਰਾ ਕੀਤਾ ਸੀ। ਉਹ 7 ਸਾਲਾਂ ਬਾਅਦ ਚੀਨ ਗਏ ਹਨ। ਕੁਝ ਸਮਾਂ ਪਹਿਲਾਂ ਮੋਦੀ ਟਰੰਪ ਦੀ ਦੋਸਤੀ ਦੇ ਸੋਹਲੇ ਗਾਉਣ ਅਤੇ ਚੀਨ ਨੂੰ ਭਾਰਤ ਦਾ ਦੁਸ਼ਮਣ ਨੰਬਰ ਇੱਕ ਗਰਦਾਨ ਰਹੇ ਟੀ.ਵੀ. ਖਬਰ ਚੈਨਲ ਹੁਣ ਚੀਨ ਨੂੰ ਭਾਰਤ ਦਾ ਸਭ ਤੋਂ ਨਜ਼ਦੀਕੀ ਮਿੱਤਰ ਘੋਸ਼ਿਤ ਕਰ ਰਹੇ ਹਨ। ਪਰ ਅਸਲੀਅਤ ਇਹ ਹੈ ਕਿ ਭਾਰਤ ਅਤੇ ਚੀਨ ਦੇ ਆਪਸੀ ਸਬੰਧ ਆਮ ਵਰਗੇ ਹੋਣੇ ਫਿਲਹਾਲ ਬਹੁਤ ਮੁਸ਼ਕਿਲ ਹਨ। ਇਸ ਦੌਰੇ ਨੇ ਭਾਰਤੀ ਮੀਡੀਆ ਵਿੱਚ ਵੱਡੇ ਪੱਧਰ ‘ਤੇ ਉਤਸ਼ਾਹ ਦਾ ਸੰਚਾਰ ਕੀਤਾ ਹੈ ਪਰ ਇਸ ਦੀਆਂ ਪ੍ਰਾਪਤੀਆਂ ਕੁਝ ਖਾਸ ਨਹੀਂ ਹਨ। ਚੀਨ ਨਾਲ ਭਾਰਤ ਦੇ ਸੀਮਾਂ ਸਬੰਧੀ ਐਨੇ ਵਿਵਾਦ ਹਨ ਕਿ ਉਨ੍ਹਾਂ ਨੂੰ ਸੁਲਝਾਉਣ ਵਿੱਚ ਹੀ ਕਈ ਸਾਲ ਗੁਜ਼ਰ ਜਾਣਗੇ। ਸਭ ਨੂੰ ਪਤਾ ਹੈ ਕਿ ਉਪਰੇਸ਼ਨ ਸਿੰਧੂਰ ਸਮੇਂ ਚੀਨ ਨੇ ਪਾਕਿਸਤਾਨ ਦੀ ਹਥਿਆਰਾਂ ਅਤੇ ਗੁਪਤ ਸੂਚਨਾਵਾਂ ਦੇਣ ਸਮੇਤ ਹਰ ਪ੍ਰਕਾਰ ਦੀ ਖੁਲ੍ਹਮ ਖੁੱਲੀ ਮਦਦ ਕੀਤੀ ਸੀ। ਇਸ ਤੋਂ ਇਲਾਵਾਂ ਉਸ ਨੇ ਦੋ ਕੁ ਮਹੀਨੇ ਪਹਿਲਾਂ ਭਾਰਤ ਨੂੰ ਖਾਦ ਅਤੇ ਦੁਰਲਭ ਖਣਿਜ ਪਦਾਰਥ (ਰੇਅਰ ਅਰਥ ਮੈਟਲਜ਼) ਦੇਣ ‘ਤੇ ਪਾਬੰਦੀ ਵੀ ਲਗਾ ਦਿੱਤੀ ਸੀ।

ਦੋਵੇਂ ਦੇਸ਼ ਇੱਕ ਦੂਸਰੇ ‘ਤੇ ਦਬਾਅ ਵੀ ਰੱਖਣਾ ਚਾਹੁੰਦੇ ਹਨ ਤੇ ਸਬੰਧ ਵੀ ਸੁਧਾਰਨਾ ਚਾਹੁੰਦੇ ਹਨ। ਭਾਰਤ ਦਾ ਕਹਿਣਾ ਹੈ ਕਿ ਭਾਰਤ ਚੀਨ ਸਬੰਧਾਂ ਵਿੱਚ ਕਿਸੇ ਤੀਸਰੀ ਧਿਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਅਗਸਤ ਮਹੀਨੇ ਵਿੱਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਝੀ ਨੇ ਆਪਣੇ ਭਾਰਤ ਦੌਰੇ ਸਮੇਂ ਅਮਰੀਕਾ ਦਾ ਨਾਮ ਨਾ ਲੈ ਕੇ ਇੱਕ ਬਿਆਨ ਦੇ ਦਿੱਤਾ ਸੀ ਕਿ ਭਾਰਤ ਚੀਨ ਨਾਲ ਮਿਲ ਕੇ ਵੈਸ਼ਵਿਕ ਧੌਂਸ ਦਾ ਮੁਕਾਬਲਾ ਕਰਨ ਲਈ ਰਾਜ਼ੀ ਹੋ ਗਿਆ ਹੈ। ਇਸ ਬਿਆਨ ਨਾਲ ਭਾਰਤ ਨਾਲ ਪਹਿਲਾਂ ਹੀ ਨਰਾਜ਼ ਚੱਲ ਰਿਹਾ ਟਰੰਪ ਹੋਰ ਭੜਕ ਗਿਆ ਸੀ। ਟਰੰਪ ਵੱਲੋਂ 50% ਟੈਰਿਫ (ਜੋ ਕਿ ਏਸ਼ੀਆ ਦੇ ਹੋਰ ਕਿਸੇ ਵੀ ਦੇਸ਼ ਨਾਲੋਂ ਵੱਧ ਹੈ) ਲਗਾਉਣ ਦੇ ਬਾਵਜੂਦ ਭਾਰਤ ਅਮਰੀਕਾ ਨਾਲ ਆਪਣੇ ਵਪਾਰਕ ਸਬੰਧ ਕਿਸੇ ਹਾਲਤ ਵਿੱਚ ਖਤਮ ਨਹੀਂ ਕਰ ਸਕਦਾ। ਇਸ ਦਾ ਕਾਰਨ ਇਹ ਹੈ ਕਿ ਅਮਰੀਕਾ ਹੀ ਇੱਕ ਅਜਿਹਾ ਵੱਡਾ ਦੇਸ਼ ਹੈ ਜਿੱਥੇ ਵਪਾਰ ਭਾਰਤ ਦੇ ਪੱਖ ਵਿੱਚ ਹੈ ਜਿਸ ਤੋਂ ਦੇਸ਼ ਨੂੰ ਹਰ ਸਾਲ ਕਰੋੜਾਂ ਡਾਲਰ ਦਾ ਫਾਇਦਾ ਹੁੰਦਾ ਹੈ। ਚੀਨ ਭਾਰਤ ਦੇ ਅਮਰੀਕਾ ਨਾਲ ਵਿਗੜ ਰਹੇ ਸਬੰਧਾਂ ਕਾਰਨ ਅਮਰੀਕਾ ਦੇ ਖਿਲਾਫ ਸਾਂਝਾ ਮੋਰਚਾ ਬਣਾਉਣਾ ਚਾਹੁੰਦਾ ਹੈ। ਟਰੰਪ ਚਾਹੇ ਰੋਜ਼ਾਨਾ ਭਾਰਤ ਦੇ ਖਿਲਾਫ ਕੋਈ ਨਾ ਕੋਈ ਬਿਆਨ ਦਿੰਦਾ ਰਹਿੰਦਾ ਹੈ ਫਿਰ ਵੀ ਉਹ ਚੀਨ ਨੂੰ ਹੀ ਆਪਣਾ ਸਭ ਤੋਂ ਵੱਡਾ ਸੈਨਿਕ ਅਤੇ ਵਪਾਰਕ ਦੁਸ਼ਮਣ ਮੰਨਦਾ ਹੈ।

ਚੀਨ ਦੁਆਰਾ ਇਹ ਪ੍ਰਾਪੇਗੰਡਾ ਪ੍ਰਚਾਰਿਆ ਜਾ ਰਿਹਾ ਹੈ ਕਿ ਭਾਰਤ ਅਤੇ ਚੀਨ ਵਿਕਾਸਸ਼ੀਲ ਦੁਸ਼ਮਣ ਨਹੀਂ ਸਗੋਂ ਭਾਈਵਾਲ ਹਨ ਜਦ ਕਿ ਉਸ ਨੇ ਭਾਰਤ ਚੀਨ ਸਰਹੱਦ ‘ਤੇ ਭਾਰੀ ਸੈਨਿਕ ਬਲ ਤਾਇਨਾਤ ਕੀਤੇ ਹੋਏ ਹਨ ਤੇ ਉਸ ਵੱਲੋਂ ਅਰੁਣਾਚਲ ਪ੍ਰਦੇਸ਼ ਸਮੇਤ ਭਾਰਤ ਦੇ ਕਈ ਇਲਾਕਿਆਂ ‘ਤੇ ਲਗਾਤਾਰ ਦਾਅਵਾ ਕੀਤਾ ਜਾਂਦਾ ਹੈ। ਉਹ ਭਾਰਤ ਦੇ ਵਿਰੋਧ ਦੇ ਬਾਵਜੂਦ ਬ੍ਰਹਮਪੁੱਤਰ ਨਦੀ ‘ਤੇ ਸੰਸਾਰ ਦਾ ਸਭ ਤੋਂ ਵੱਡਾ ਡੈਮ ਬਣਾ ਰਿਹਾ ਹੈ ਜਿਸ ਦੀ ਮਦਦ ਨਾਲ ਉਹ ਭਾਰਤ ਵਿੱਚ ਜਦੋਂ ਚਾਹੇ ਸੋਕਾ ਜਾਂ ਹੜ੍ਹ ਲਿਆ ਸਕਦਾ ਹੈ। ਭਾਰਤ ਚੀਨ ਸਬੰਧਾਂ ਵਿੱਚ ਇੱਕ ਹੋਰ ਵੱਡਾ ਰੋੜਾ ਤਾਇਵਾਨ ਦਾ ਮਸਲਾ ਹੈ। ਚੀਨ ਚਾਹੁੰਦਾ ਹੈ ਕਿ ਭਾਰਤ ਉਸ ਦੀ ਸੰਯੁਕਤ ਚੀਨ ਪਾਲਿਸੀ ਦਾ ਸਮਰਥਨ ਕਰੇ ਤੇ ਤਾਇਵਾਨ ਨੂੰ ਉਸ ਦਾ ਹਿੱਸਾ ਮੰਨੇ। ਵਾਂਗ ਝੀ ਦੇ ਦੌਰੇ ਤੋਂ ਬਾਅਦ ਚੀਨ ਨੇ ਦਾਅਵਾ ਕੀਤਾ ਸੀ ਕਿ ਭਾਰਤ ਨੇ ਉਸ ਦੀ ਇਹ ਗੱਲ ਮੰਨ ਲਈ ਹੈ। ਪਰ ਜਦੋਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਦਾ ਖੰਡਨ ਕਰ ਦਿੱਤਾ ਤਾਂ ਉਸ ਨੇ ਇਸ ਦਾ ਬਹੁਤ ਬੁਰਾ ਮਨਾਇਆ ਸੀ। ਉਸ ਦੇ ਵਿਦੇਸ਼ ਮੰਤਰਾਲੇ ਨੇ ਸਖਤ ਬਿਆਨ ਜਾਰੀ ਕੀਤਾ ਸੀ ਕਿ ਭਾਰਤ ਦਾ ਇਹ ਬਿਆਨ ਹੈਰਾਨੀਜਨਕ ਹੈ ਕਿਉਂਕਿ ਉਸ ਨੇ ਦੁਵੱਲੀ ਗੱਲ ਬਾਤ ਦੌਰਾਨ ਇਸ ਬਾਰੇ ਸਹਿਮਤੀ ਪ੍ਰਗਟਾਈ ਸੀ। ਉਸ ਨੇ ਅੱਗੇ ਕਿਹਾ ਕਿ ਇਸ ਤਰਾਂ ਲੱਗਦਾ ਹੈ ਕਿ ਭਾਰਤ ਵਿੱਚ ਕੁਝ ਲੋਕ ਇਹ ਨਹੀਂ ਚਾਹੁੰਦੇ ਕਿ ਭਾਰਤ ਚੀਨ ਸਬੰਧਾਂ ਵਿੱਚ ਸੁਧਾਰ ਆਵੇ। ਇਹ ਲੋਕ ਚੀਨ ਦੀ ਆਖੰਡਤਾ ਦੇ ਖਿਲਾਫ ਕੰਮ ਕਰ ਰਹੇ ਹਨ ਤੇ ਉਹ ਇਸ ਪਹੁੰਚ ਦਾ ਪੁਰਜ਼ੋਰ ਵਿਰੋਧ ਕਰਦਾ ਹੈ।

ਭਾਰਤ ਅਤੇ ਚੀਨ ਵਿੱਚ ਫਿਲਹਾਲ ਆਮ ਜਨਤਾ ਨਾਲ ਸਬੰਧਿਤ ਸਧਾਰਨ ਮੁੱਦੇ ਜਿਵੇਂ ਕਿ ਸਿੱਧੀਆਂ ਹਵਾਈ ਉਡਾਨਾਂ, ਹਿਮਾਲੀਆ ਪਰਬਤ ਰਸਤੇ ਵਪਾਰ, ਕੈਲਾਸ਼ ਮਾਨਸਰੋਵਰ ਯਾਤਰਾ ਅਤੇ ਸੌਖੀ ਵੀਜ਼ਾ ਪ੍ਰਣਾਲੀ ‘ਤੇ ਹੀ ਗੱਲ ਬਾਤ ਚੱਲ ਰਹੀ ਹੈ। ਇਸ ਤੋਂ ਇਲਾਵਾ ਭਾਰਤ ਨੇ ਚੀਨ ਤੋਂ ਅਤਿ ਜਰੂਰੀ ਵਸਤੂਆਂ ਜਿਵੇਂ ਖਾਦਾਂ ਅਤੇ ਦੁਰਲਭ ਖਣਿਜ ਪਦਾਰਥਾਂ ਆਦਿ ‘ਤੇ ਲੱਗੀਆਂ ਪਾਬੰਦੀਆਂ ਵੀ ਹਟਵਾ ਲਈਆਂ ਹਨ। ਇਥੇ ਵਰਨਣਯੋਗ ਹੈ ਕਿ ਚੀਨ ਨਾਲ ਸਾਡਾ ਵਪਾਰ ਚੀਨ ਪੱਖੀ ਹੈ। ਮਿਸਾਲ ਦੇ ਤੌਰ ‘ਤੇ ਜੇ ਭਾਰਤ ਚੀਨ ਤੋਂ 100 ਰੁਪਏ ਦਾ ਸਮਾਨ ਖਰੀਦਦਾ ਹੈ ਤਾਂ ਸਿਰਫ 23 ਰੁਪਏ ਦਾ ਸਮਾਨ ਉਸ ਨੂੰ ਵੇਚਦਾ ਹੈ। ਜਦ ਕਿ ਦੂਸਰੇ ਪਾਸੇ ਟਰੰਪ ਦੇ 50% ਟੈਰਿਫ ਲਗਾਉਣ ਤੋਂ ਪਹਿਲਾਂ ਅਮਰੀਕਾ ਨਾਲ ਭਾਰਤ ਦਾ ਵਪਾਰ ਵਾਧਾ 400 ਕਰੋੜ ਡਾਲਰ ਸਲਾਨਾ ਤੋਂ ਵੱਧ ਸੀ। ਪਰ ਮੁਸੀਬਤ ਇਹ ਕਿ ਦੁਰਲਭ ਖਣਿਜ ਪਦਾਰਥ (ਰੇਅਰ ਅਰਥ ਐਲੀਮੈਂਟਸ, ਜਿਨ੍ਹਾਂ ਤੋਂ ਡਿਫੈਂਸ ਸਿਸਟਮ, ਬਿਜਲਈ ਕਾਰਾਂ ਅਤੇ ਇਲੈੱਕਟਰੌਨਿਕਸ ਦੇ ਜਰੂਰੀ ਪੁਰਜ਼ੇ ਬਣਦੇ ਹਨ) ਵਰਗੀਆਂ ਕਈ ਵਸਤੂਆਂ ‘ਤੇ ਚੀਨ ਦਾ ਏਕਾਧਿਕਾਰ ਹੈ ਤੇ ਚੀਨ ਇਸ ਨੂੰ ਭਾਰਤ ਅਤੇ ਬਾਕੀ ਵਿਸ਼ਵ ਦੇ ਖਿਲਾਫ ਹਥਿਆਰ ਵਾਂਗ ਵਰਤਦਾ ਹੈ। ਇਸ ਕਾਰਨ ਹੀ ਟਰੰਪ ਚਾਹ ਕੇ ਵੀ ਚੀਨ ‘ਤੇ ਟੈਰਿਫ ਨਹੀਂ ਲਗਾ ਸਕਿਆ ਭਾਵੇਂ ਕਿ ਚੀਨ ਰੂਸ ਤੋਂ ਭਾਰਤ ਨਾਲੋਂ ਕਿਤੇ ਵੱਧ ਤੇਲ ਖਰੀਦਦਾ ਹੈ।

ਵਾਂਗ ਝੀ ਦੇ ਦੌਰੇ ਅਤੇ ਐਸ.ਸੀ.ਉ. ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਜ਼ੀ ਜਿੰਨਪਿੰਗ ਨਾਲ ਹੋਈ ਮੁਲਾਕਾਤ ਦੌਰਾਨ ਬਾਰਡਰ ‘ਤੇ ਵਧ ਰਹੇ ਤਨਾਅ ਨੂੰ ਖਤਮ ਕਰਨ ਸਬੰਧੀ ਖਬਰਾਂ ਚੱਲੀਆਂ ਸਨ। ਮੋਦੀ ਨੇ ਵਪਾਰਕ ਰਿਸ਼ਤਿਆਂ ਨੂੰ ਠੀਕ ਬਣਾਈ ਰੱਖਣ ਲਈ ਬਾਰਡਰ ‘ਤੇ ਸ਼ਾਂਤੀ ਕਾਇਮ ਰੱਖਣ ‘ਤੇ ਜ਼ੋਰ ਦਿੱਤਾ ਜਦੋਂ ਕਿ ਜ਼ੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਆਪਸੀ ਰਿਸ਼ਤਿਆਂ ਵਿੱਚ ਨਿੱਘ ਲਿਆਉਣ ਲਈ ਬਾਰਡਰ ‘ਤੇ ਵਾਪਰ ਰਹੀਆਂ ਛੋਟੀਆਂ ਮੋਟੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਇਸ ਤੋਂ ਇਲਾਵਾ ਸਰਹੱਦੀ ਵਿਵਾਦ ਦੇ ਹੱਲ ਨੂੰ ਲਈ ਚੀਨ ਸਿਰਫ ਸਿੱਕਮ ਤੱਕ ਸੀਮਤ ਰੱਖਣਾ ਚਾਹੁੰਦਾ ਹੈ ਜੋ ਭਾਰਤ ਨੂੰ ਮੰਨਜ਼ੂਰ ਨਹੀਂ ਹੈ। ਉਹ ਚਾਹੁੰਦਾ ਹੈ ਕਿ ਭਾਰਤ, ਚੀਨ ਅਤੇ ਇੰਗਲੈਂਡ ਦਰਮਿਆਨ 1890 ਈਸਵੀ ਵਿੱਚ ਸਿੱਕਮ ਅਤੇ ਤਿੱਬਤ ਸਬੰਧੀ ਹੋਈ ਸੰਧੀ ਨੂੰ ਮੰਨਜ਼ੂਰ ਕਰ ਲਵੇ। ਭਾਰਤ ਨੂੰ ਇਹ ਮੰਨਜ਼ੂਰ ਨਹੀਂ ਹੈ ਕਿਉਂਕਿ ਇਸ ਨਾਲ ਸਿੱਕਮ ਦਾ ਕਾਫੀ ਹਿੱਸਾ ਚੀਨ ਦੇ ਕਬਜ਼ੇ ਹੇਠ ਚਲਾ ਜਾਵੇਗਾ। ਭਾਰਤ ਦਾ ਇਹ ਵੀ ਕਹਿਣਾ ਹੈ ਕਿ ਉਹ ਚੀਨ ਦੀ ਕਿਸੇ ਬਸਤੀਵਾਦੀ ਦੇਸ਼ ਨਾਲ ਹੋਈ ਸੰਧੀ ਨੂੰ ਮਾਨਤਾ ਨਹੀਂ ਦੇ ਸਕਦਾ।

ਸੰਮੇਲਨ ਦੌਰਾਨ ਜ਼ੀ ਨੇ ਸੰਦੇਸ਼ ਦਿੱਤਾ ਕਿ ਹਾਥੀ ਅਤੇ ਡਰੈਗਨ ਨੂੰ ਇਕੱਠੇ ਨਾਚ ਕਰਨਾ ਚਾਹੀਦਾ ਹੈ, ਭਾਵ ਕਿ ਦੋਵਾਂ ਦੇਸ਼ਾਂ ਨੂੰ ਸ਼ਾਤੀ ਅਤੇ ਸਹਿਯੋਗ ਨਾਲ ਰਹਿਣਾ ਚਾਹੀਦਾ ਹੈ। ਪਰ ਹਰ ਕੋਈ ਜਾਣਦਾ ਹੈ ਕਿ ਚੀਨ ਕਦੇ ਵੀ ਪਾਕਿਸਤਾਨ ਦੀ ਕੀਮਤ ‘ਤੇ ਭਾਰਤ ਨਾਲ ਵਪਾਰ ਤੋਂ ਇਲਾਵਾ ਹੋਰ ਕੋਈ ਸਹਿਯੋਗ ਨਹੀਂ ਵਧਾ ਸਕਦਾ। ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ਵਿੱਚੋਂ 5180 ਸੁਕੇਅਰ ਕਿ.ਮੀ. ਇਲਾਕਾ ਚੀਨ ਨੂੰ ਦਿੱਤਾ ਹੋਇਆ ਹੈ। ਚੀਨ ਨੇ ਆਪਣੇ ਸੂਬੇ ਕਾਸ਼ਗਰ ਤੋਂ ਲੈ ਕੇ ਪਾਕਿਸਤਾਨ ਦੇ ਸ਼ਹਿਰ ਹਸਨ ਅਬਦਾਲ ਤੱਕ 1300 ਕਿ.ਮੀ. ਦੇ ਕਰੀਬ ਇੱਕ ਸੜਕ ਬਣਾਈ ਹੋਈ ਹੈ ਜਿਸ ਰਾਹੀਂ ਦੋਵਾਂ ਦੇਸ਼ਾਂ ਦਰਮਿਆਨ ਭਾਰੀ ਵਪਾਰ ਹੁੰਦਾ ਹੈ। ਇਸ ਤੋਂ ਇਲਾਵਾ ਚੀਨ ਨੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਅੰਦਰ ਗਵਾਦਰ ਨਾਮਕ ਇੱਕ ਬੰਦਰਗਾਹ ਤਿਆਰ ਕੀਤੀ ਹੈ ਜਿਸ ਦਾ ਸਾਰਾ ਕੰਟਰੋਲ ਚੀਨ ਕੋਲ ਹੈ। ਇਸ ਬੰਦਰਗਾਹ ਕਾਰਨ ਚੀਨ ਦੀ ਅਰਬ ਸਾਗਰ ਅਤੇ ਹੋਰਮਜ਼ ਦੀ ਖਾੜੀ ਤੱਕ ਸਿੱਧੀ ਪਹੁੰਚ ਹੋ ਗਈ ਹੈ। ਬਦਲੇ ਵਿੱਚ ਚੀਨ ਪਾਕਿਸਤਾਨ ਦੀ 90% ਹਥਿਆਰਾਂ ਦੀ ਪੂਰਤੀ ਬਹੁਤ ਹੀ ਵਾਜ਼ਿਬ ਕੀਮਤ ‘ਤੇ ਕਰਦਾ ਹੈ। ਪਾਕਿਸਤਾਨ ਇਸ ਵੇਲੇ ਅਮਰੀਕਾ, ਰੂਸ ਅਤੇ ਚੀਨ, ਤਿੰਨਾਂ ਦੀਆਂ ਅੱਖਾਂ ਦਾ ਤਾਰਾ ਬਣਿਆ ਹੋਇਆ ਹੈ। ਦੂਸਰੇ ਪਾਸੇ ਟਰੰਪ ਪਤਾ ਨਹੀਂ ਕਿਸ ਗੱਲ ਤੋਂ ਭਾਰਤ ਨਾਲ ਨਰਾਜ਼ ਹੈ ਕਿ ਲਗਾਤਾਰ ਧਮਕੀਆਂ ਦੇ ਰਿਹਾ ਹੈ। ਪਰ ਇਸ ਦੇ ਬਾਵਜੂਦ ਵੀ ਭਾਰਤ ਚੀਨ ‘ਤੇ ਬਹੁਤਾ ਭਰੋਸਾ ਨਹੀਂ ਕਰ ਸਕਦਾ। ਭਾਰਤ ਨੂੰ ਚੀਨ ਦੀ ਬਜਾਏ ਆਪਣੇ ਸਬੰਧ ਅਮਰੀਕਾ ਨਾਲ ਸੁਧਾਰਨੇ ਚਾਹੀਦੇ ਹਨ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਚੀਨੀ ਫੌਜ ਨਾਲ ਗਲਵਾਨ ਘਾਟੀ ਦੀ ਲੜਾਈ (ਮਿਤੀ 16 ਜੂਨ 2020) ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਤੇ ਇਸ ਤੋਂ ਪਹਿਲਾਂ 1962 ਵਿੱਚ ਵੀ ਚੀਨ ਨੇ ਭਾਰਤ ਨੂੰ ਧੋਖਾ ਦੇ ਚੁੱਕਾ ਹੈ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062