ਆਰਟੀਫ਼ੀਸ਼ੀਅਲ ਇੰਟੈਲੀਜੈਂਸ

ਆਰਟੀਫ਼ੀਸ਼ੀਅਲ ਇੰਟੈਲੀਜੈਂਸ

ਚਾਰੇ ਪਾਸੇ ਹੋ ਰਹੀ ਹੈ ਮਸਨੂਈ ਬੁੱਧੀ ਦੀ ਚਰਚਾ

ਪ੍ਰੋ. ਕੁਲਬੀਰ ਸਿੰਘ
ਮਸਨੂਈ ਬੁੱਧੀ ਦਾ ਅਰਥ ਮਸ਼ੀਨਾਂ ਅੰਦਰ ਮਨੁੱਖ ਵਰਗੀ ਬੁੱਧੀ, ਸਮਝ ਜਾਂ ਬੌਧਿਕਤਾ ਦਾ ਵਿਕਾਸ ਕਰਨਾ ਹੈ। ਅਰਥਾਤ ਕੰਪਿਊਟਰ ਵਰਗੀਆਂ ਮਸ਼ੀਨਾਂ ਨੂੰ ਇਸ ਯੋਗ ਬਨਾਉਣਾ ਕਿ ਉਹ ਸਿੱਖ ਸਕਣ, ਸਮਝ ਸਕਣ, ਵਿਵੇਕ ਦੀ ਵਰਤੋਂ ਕਰ ਸਕਣ, ਸਮੱਸਿਆਵਾਂ ਨੂੰ ਸੁਲਝਾ ਸਕਣ, ਸਹਾਇਤਾ ਕਰ ਸਕਣ ਅਤੇ ਮਨੁੱਖਾਂ ਵਾਂਗ ਕੰਮ ਕਰ ਸਕਣ।

ਏ ਆਈ (ਆਰਟੀਫ਼ਸ਼ੀਅਲ ਇੰਟੈਲੀਜੈਂਸ) ਨੂੰ ਪੰਜਾਬੀ ਵਿਚ ’ਮਸਨੂਈ ਬੁੱਧੀ’ ਨਾਂ ਦਿੱਤਾ ਗਿਆ ਹੈ। ਇਸਦਾ ਅਰਥ ਹੈ ਮਨੁੱਖ ਦੁਆਰਾ ਬਣਾਈ ਗਈ, ਸਿਰਜੀ ਗਈ, ਵਿਕਸਤ ਕੀਤੀ ਗਈ ਮਸ਼ੀਨੀ ਬੁੱਧੀ।

ਇਸਦੀ ਸਿਰਜਣਾ ਵੇਲੇ ਇਸ ਵਿਚ ਅਨੇਕਾਂ ਖੂਬੀਆਂ ਵਿਕਸਤ ਕੀਤੀਆਂ ਗਈਆਂ ਹਨ। ਇਹ ਡੇਟਾ ਤੋਂ ਸਿੱਖ ਸਕਦੇ ਹਨ ਅਤੇ ਆਪਣੇ ਪ੍ਰਦਰਸ਼ਨ, ਆਪਣੀ ਕਾਰਗਜਾਰੀ ਨੂੰ ਬਿਹਤਰ ਬਣਾ ਸਕਦੇ ਹਨ। ਇਹ ਸਮੱਸਿਆਵਾਂ ਨੂੰ ਸਮਝ ਸਕਦੇ ਹਨ, ਉਨ੍ਹਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ, ਪ੍ਰਤੀਕਰਮ ਦੇ ਸਕਦੇ ਹਨ ਅਤੇ ਉਨ੍ਹਾਂ ਦਾ ਹੱਲ ਕਰ ਸਕਦੇ ਹਨ। ਇਹ ਮਨੁੱਖ ਦੀ ਬੋਲੀ ਨੂੰ, ਭਾਸ਼ਾ ਨੂੰ ਸਮਝ ਕੇ ਉਸਦਾ ਜਵਾਬ ਦੇ ਸਕਦੇ ਹਨ। ਸਰੀਰਕ ਹਾਵ ਭਾਵ ਪ੍ਰਗਟਾ ਸਕਦੇ ਹਨ। ਮਸਨੂਈ ਬੁੱਧੀ ਵਿਚ ਇਹ ਸਮਰੱਥਾ ਹੁੰਦੀ ਹੈ ਕਿ ਇਹ ਆਮ, ਖ਼ਾਸ ਅਤੇ ਛੋਟੀਆਂ ਵੱਡੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦਾ ਹੱਲ ਕਰ ਸਕੇ।

ਇਹ ਡੇਟਾ ਅਤੇ ਜਾਣਕਾਰੀ ਦੇ ਆਧਾਰ ’ਤੇ ਫੈਸਲਾ ਲੈਣ ਦੇ ਵੀ ਸਮਰੱਥ ਹੁੰਦੀ ਹੈ। ਇਸਦੇ ਫ਼ਾਇਦਿਆਂ ਅਤੇ ਵਰਤੋਂ ਦੀ ਲੰਮੀ ਸੂਚੀ ਹੈ। ਇਹ ਬਿਨ੍ਹਾਂ ਡਰਾਈਵਰ ਤੋਂ ਕਾਰ ਚਲਾ ਸਕਦੀ ਹੈ। ਇਹ ਡਾਕਟਰ ਦੀ ਥਾਂ ਮਰੀਜ਼ਾਂ ਦਾ ਇਲਾਜ ਕਰ ਸਕਦੀ ਹੈ। ਆਰਥਿਕਤਾ ਦੇ ਖੇਤਰ ਵਿਚ ਵਿਵੇਕ ਦੇ ਆਧਾਰ ’ਤੇ ਇਹ ਧੋਖਾਧੜੀ ਤੋਂ ਬਚਾ ਸਕਦੀ ਹੈ। ਸਹੀ ਜਗ੍ਹਾ ਨਿਵੇਸ਼ ਕਰਨ ਵਿਚ ਸਹਾਇਤਾ ਕਰ ਸਕਦੀ ਹੈ। ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ। ਤਸਵੀਰਾਂ ਬਣਾਈਆਂ ਜਾ ਸਕਦੀਆਂ ਹਨ। ਮਨੋਰੰਜਨ ਸਮੱਗਰੀ ਤਿਆਰ ਕੀਤੀ ਜਾ ਸਕਦੀ ਹੈ।
ਏ ਆਈ ਇਕ ਪਰਿਵਰਤਨਕਾਰੀ ਤਕਨੀਕ ਹੈ ਜਿਹੜੀ ਮਸ਼ੀਨਾਂ ਨੂੰ ਮਨੁੱਖ ਵਾਂਗ ਸਮੱਸਿਆਵਾਂ ਦੇ ਹੱਲ ਕਰਨ ਦੇ ਸਮਰੱਥ ਬਣਾਉਂਦੀ ਹੈ। ਤਸਵੀਰਾਂ ਨੂੰ ਪਛਾਨਣ ਅਤੇ ਸਿਰਜਣਾਤਮਕ ਸਮੱਗਰੀ ਤਿਆਰ ਕਰਨ ਦੇ ਨਾਲ ਨਾਲ ਡੇਟਾ ਅਧਾਰਿਤ ਭਵਿੱਖਬਾਣਾਂ ਕਰਨ ਅਤੇ ਵਿਸ਼ਾਲ ਪੱਧਰ ’ਤੇ ਬਿਹਤਰ ਫੈਸਲੇ ਲੈਣ ਦੇ ਕਾਬਲ ਬਣਾਉਂਦੀ ਹੈ।

ਇਸਨੂੰ ਤਿੰਨ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੀ ਸੰਕੀਰਨ ਅਰਥਾਤ ਕਮਜ਼ੋਰ ਏ ਆਈ। ਇਸਨੂੰ ਕੇਵਲ ਇਕ ਜਾਂ ਕੁਝ ਇਕ ਕੰਮ ਕਰਨ ਲਈ ਹੀ ਡਿਜ਼ਾਈਨ ਕੀਤਾ ਜਾਂਦਾ ਹੈ। ਉਸ ਕੰਮ ਤੋਂ ਇਲਾਵਾ ਇਹ ਕੋਈ ਹੋਰ ਕੰਮ ਨਹੀਂ ਕਰ ਸਕਦੀ। ਦੂਸਰੀ ਕਿਸਮ ਜਨਰਲ ਏ ਆਈ। ਇਸ ਵਿਚ ਮਨੁੱਖੀ ਬੁੱਧੀ ਵਾਂਗ ਪ੍ਰਦਰਸ਼ਨ ਕਰਨ ਦੀ ਸਮਰੱਥਾ ਹੁੰਦੀ ਹੈ। ਇਹ ਉਹ ਬੌਧਿਕ ਕੰਮ ਕਰ ਸਕਦੀ ਹੈ ਜਿਹੜਾ ਮਨੁੱਖ ਕਰ ਸਕਦਾ ਹੈ। ਇਸਨੂੰ ਮਜਬੂਤ ਏ ਆਈ ਵੀ ਕਿਹਾ ਜਾਂਦਾ ਹੈ। ਤੀਸਰੀ ਕਿਸਮ ਸੁਪਰ ਏ ਆਈ ਹੈ। ਇਹ ਮਨੁੱਖੀ ਬੁੱਧੀ ਤੋਂ ਵੀ ਸਿਹਤਰ ਹੈ ਅਤੇ ਕਿਸੇ ਵੀ ਬੌਧਿਕ ਕਾਰਜ ਨੂੰ ਕਰਨ ਦੇ ਕਾਬਲ ਹੈ ਜਿਨ੍ਹਾਂ ਵਿਚ ਸਮੱਸਿਆ ਦਾ ਹੱਲ, ਫੈਸਲੇ ਲੈਣਾ ਅਤੇ ਸਿਰਜਣਾਤਮਿਕਤਾ ਸ਼ਾਮਲ ਹਨ।

ਬੇਸ਼ੱਕ ਏ ਆਈ ਦਾ ਬੋਲ ਬਾਲਾ ਬੜੀ ਦੇਰ ਬਾਅਦ ਆਰੰਭ ਹੋਇਆ ਪਰ ਇਸਦੀ ਸ਼ੁਰੂਆਤ 1950 ਦੇ ਦਹਾਕੇ ਵਿਚ ਹੀ ਹੋ ਗਈ ਸੀ। ਜਦੋਂ ਵਿਗਿਆਨੀਆਂ ਨੇ ਇਹ ਸੋਚਣਾ ਸ਼ੁਰੂ ਕੀਤਾ ਕਿ ਕੀ ਮਸ਼ੀਨਾਂ ਮਨੁੱਖ ਵਾਂਗ ਸੋਚ ਸਕਦੀਆਂ ਹਨ, ਮਨੁੱਖ ਵਾਂਗ ਕੰਮ ਕਰ ਸਕਦੀਆਂ ਹਨ? ਏ ਆਈ ਸ਼ਬਦ ਦਾ ਪ੍ਰਯੋਗ ਪਹਿਲੀ ਵਾਰ 1956 ਵਿਚ ਕੀਤਾ ਗਿਆ।

1980 ਦੇ ਦਹਾਕੇ ਵਿਚ ਏ ਆਈ ਨੇ ਵਿੱਤ ਸੇਵਾ ਉਦਯੋਗ ਵਿਚ ਆਪਣੀ ਮੌਜੂਦਗੀ ਦਰਜ ਕਰਵਾਈ। ਜਦ 1990 ਦੇ ਦਹਾਕੇ ਦੇ ਅਖ਼ੀਰ ਵਿਚ ਇੰਟਰਨੈਟ ਤਹਿਤ ਡੇਟਾ ਦਾ ਵਿਸਫੋਟ ਹੋਇਆ ਤਾਂ ਇਸਨੇ ਏ ਆਈ ਕਾਰਜ-ਪ੍ਰਣਾਲੀ ਨੂੰ ਵੱਡਾ ਹੁਲਾਰਾ ਦਿੱਤਾ। ਸਾਲ 2000 ਦੇ ਦਹਾਕੇ ਦੌਰਾਨ ਡੀਪ ਲਰਨਿੰਗ ਜਿਹਾ ਗੁੰਝਲਦਾਰ ਏ ਆਈ ਮਾਡਲ ਹੋਂਦ ਵਿਚ ਆਇਆ।

2000 ਤੋਂ ਬਾਅਦ ਵੱਖ ਵੱਖ ਮੁਲਕਾਂ ਨੇ ਇਸ ਖੇਤਰ ਵਿਚ ਤੇਜ਼ੀ ਨਾਲ ਕੰਮ ਕੀਤਾ ਅਤੇ ਆਪਸ ਵਿਚ ਇਕ ਮੁਕਾਬਲਾ ਆਰੰਭ ਹੋ ਗਿਆ। ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਚੀਨ? ਜਪਾਨ, ਅਮਰੀਕਾ, ਇੰਗਲੈਂਡ, ਕੈਨੇਡਾ, ਜਰਮਨੀ, ਫ਼ਰਾਂਸ, ਸਵੀਡਨ, ਇਜ਼ਰਾਈਲ, ਆਸਟਰੇਲੀਆ, ਸਾਊਥ ਕੋਰੀਆ ਜਿਹੇ ਮੁਲਕ ਏ ਆਈ ਖੇਤਰ ਵਿਚ ਆਪਣੀਆਂ ਲੱਭਤਾਂ ਤੇ ਪ੍ਰਾਪਤੀਆਂ ਦਾ ਪ੍ਰਦਰਸ਼ਨ ਕਰਕੇ ਦੁਨੀਆਂ ਦਾ ਧਿਆਨ ਖਿੱਚਣ ਲੱਗੇ।
ਜਦ ਚੀਨ ਨੇ ਨਕਲੀ ਨਿਊਜ਼ ਰੀਡਰ ਟੈਲੀਵਿਜ਼ਨ ਸਕਰੀਨ ’ਤੇ ਖ਼ਬਰਾਂ ਪੜ੍ਹਨ ਲਈ ਪੇਸ਼ ਕਰ ਦਿੱਤੇ ਜਿਹੜੇ ਨਾ ਅੱਕਦੇ ਸਨ ਨਾ ਥੱਕਦੇ ਸਨ ਅਤੇ ਬਿਲਕੁਲ ਅਸਲੀ ਦਾ ਭੁਲੇਖਾ ਪਾਉਂਦੇ ਸਨ ਤਾਂ ਦੁਨੀਆਂ ਹੱਕੀ ਬੱਕੀ ਰਹਿ ਗਈ। ਇਸ ਖੇਤਰ ਵਿਚ ਜਿਵੇਂ ਭੂਚਾਲ ਆ ਗਿਆ। ਤਦ ਤੋਂ ਮਸਨੂਈ ਬੁੱਧੀ (ਏ ਆਈ) ਸੰਸਾਰ ਪੱਧਰ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸਦੇ ਨਫ਼ੇ ਨੁਕਸਾਨ ਵਿਚਾਰੇ ਜਾ ਰਹੇ ਹਨ। ਆਪੋ ਆਪਣੀ ਭਾਸ਼ਾ ਵਿਚ ਇਸਦੇ ਪ੍ਰਯੋਗ ’ਤੇ ਸੱਭ ਦਾ ਧਿਆਨ ਲੱਗਾ ਹੋਇਆ ਹੈ। ਪੰਜਾਬੀ ਭਾਸ਼ਾ ਵਿਚ ਇਸਦੀ ਵਰਤੋਂ ’ਤੇ ਵੀ ਲਗਾਤਾਰ ਵਿਚਾਰ-ਵਿਟਾਂਦਰਾ ਜਾਰੀ ਹੈ। ਏ ਆਈ ਨਾਲ ਅੱਖਰਾਂ ਨੂੰ, ਤਸਵੀਰਾਂ ਨੂੰ, ਡਿਜ਼ਾਇਨਾਂ ਨੂੰ ਨਵੀਂ ਨਵੀਂ ਦਿੱਖ, ਨਵੇਂ ਨਵੇਂ ਆਕਾਰ, ਨਵੀਂ ਨਵੀਂ ਗਹਿਰਾਈ ਦਿੱਤੀ ਜਾ ਰਹੀ ਹੈ।

ਇਸਦੀ ਕਿਸਮ ਅਤੇ ਵੰਨਗੀ ਤੁਹਾਡੀਆਂ ਲੋੜਾਂ ਅਤੇ ਵਰਤੋਂ ’ਤੇ ਨਿਰਭਰ ਕਰਦੀ ਹੈ। ਵੱਖ ਵੱਖ ਮਾਡਲ ਵੱਖ ਵੱਖ ਕਾਰਜਾਂ ਲਈ ਢੁੱਕਵੇਂ ਹੁੰਦੇ ਹਨ। ਜਿਵੇਂ ਚਰਚਿਤ ਅਤੇ ਸ਼ਕਤੀਸ਼ਾਲੀ ਮਾਡਲਾਂ ਵਿਚ Chat GPT, Gemini, Grok, Copilot ਅਤੇ Preplexity ਆਦਿ ਆਉਂਦੇ ਹਨ।
Chat GPT ਸ਼ਕਤੀਸ਼ਾਲੀ ਭਾਸ਼ਾ ਮਾਡਲ ਹੈ। ਇਹ ਵਿਸ਼ਾ-ਸਮੱਗਰੀ ਤਿਆਰ ਕਰਨ, ਪ੍ਰਸ਼ਨਾਂ ਦੇ ਉੰਤਰ ਦੇਣ ਅਤੇ ਜੁਦਾ ਜੁਦਾ ਸਿਰਜਣਾਤਮਕ ਕਾਰਜਾਂ ਵਿਚ ਸਹਾਇਤਾ ਕਰ ਸਕਦਾ ਹੈ। ਗੂਗਲ ਦੁਆਰਾ ਵਿਕਸਤ ਕੀਤਾ ਗਿਆ ਏ ਆਈ ਮਾਡਲ Gemini ਬਹੁਪੱਖੀ ਹੈ। ਇਹ ਸਮੱਗਰੀ, ਤਸਵੀਰ ਅਤੇ ਆਡੀਓ ਸਮੇਤ ਵੱਖ ਵੱਖ ਭਾਂਤ ਦੇ ਡੇਟਾ ਨੂੰ ਸਮਝ ਸਕਦਾ ਹੈ।

ਮਾਈਕਰੋਸਾਫ਼ਟ ਦੁਆਰਾ ਵਿਕਸਤ Copilot ਏ ਆਈ ਦਾ ਅਜਿਹਾ ਮਾਡਲ ਹੈ ਜਿਹੜਾ ਕੋਡਿੰਗ ਅਤੇ ਲੇਖਨ ਸਮੇਤ ਕਈ ਹੋਰ ਕਾਰਜਾਂ ਵਿਚ ਸਹਾਇਕ ਹੋ ਸਕਦਾ ਹੈ।

ਐਕਸ ਏ ਆਈ ਦੁਆਰਾ ਬਣਾਇਆ Grok ਇਕ ਅਜਿਹਾ ਮਾਡਲ ਹੈ ਜਿਹੜਾ ਵਿਵੇਕ, ਵਿਸ਼ਾ-ਸਮੱਗਰੀ ਨਿਰਮਾਣ ਅਤੇ ਪ੍ਰਸੰਗਿਕ ਸੂਝ-ਸਮਝ ’ਤੇ ਕੇਂਦਰਿਤ ਹੈ।

Perplexity ਇਕ ਖੋਜ ਅਧਾਰਿਤ ਮਾਡਲ ਹੈ। ਇਹ ਗੂਗਲ, ਬਿੰਗ ਆਦਿ ਸਰੋਤਾਂ ਤੋਂ ਜਾਣਕਾਰੀ ਹਾਸਲ ਕਰਕੇ, ਉਸਨੂੰ ਇਕੱਠਾ ਕਰਕੇ ਪੇਸ਼ ਕਰਨ ਦੇ ਸਮਰੱਥ ਹੈ।

ਇਸੇ ਤਰ੍ਹਾਂ Synthesia, Deep Seek, Contant Shake, Wisper Flow, Winston, Cleo ਕੁਝ ਹੋਰ ਏ ਆਈ ਮਾਡਲ ਹਨ ਜਿਹੜੇ ਵੱਖ ਵੱਖ ਵਿਸ਼ੇਸ਼ਤਾਵਾਂ ਨਾਲ ਲੈਸ ਹਨ। ਜਿਵੇਂ ਪਹਿਲਾ ਵੀਡੀਓ ਨਿਰਮਾਣ ਲਈ, ਦੂਸਰਾ ਬਹੁਭਾਸ਼ੀ ਅਤੇ ਸਸਤਾ, ਚੌਥਾ ਆਵਾਜ਼ ਡਿਕਟੇਸ਼ਨ ਟੂਲ, ਪੰਜਵਾਂ ਜਨਰੇਟੇਡ ਸਮੱਗਰੀ ਦਾ ਪਤਾ ਲਗਾਉਣ ਲਈ ਅਤੇ ਛੇਵਾਂ ਵਿੱਤੀ ਪ੍ਰਬੰਧ ਅਤੇ ਬੱਜਟ ਲਈ ਸਹਾਇਤ ਹੈ।

ਸਮਝਣ ਵਾਲੀ ਗੱਲ ਇਹ ਹੈ ਕਿ ਏ ਆਈ ਜਗਤ ਵਿਚ ਨਿੱਤ ਖੋਜ-ਕਾਰਜ ਹੋ ਰਹੇ ਹਨ। ਨਵੇਂ ਨਵੇਂ ਮਾਡਲ ਆ ਰਹੇ ਹਨ ਪਰੰਤੂ ਸੱਭ ਤੋਂ ਬਿਹਤਰ, ਸੱਭ ਤੋਂ ਚੰਗਾ, ਸੱਭ ਤੋਂ ਕਾਰਗਰ ਏ ਆਈ ਉਹ ਹੈ ਜਿਹੜਾ ਤੁਹਾਡੀਆਂ ਲੋੜਾਂ ਅਨੁਸਾਰ ਹੋਵੇ।

ਏ ਆਈ ਦੇ ਵੱਖ ਵੱਖ ਲਾਭਦਾਇਕ ਨੁਕਸਾਨਦਾਇਕ ਪਹਿਲੂ ਹਨ। ਇਸ ਨਾਲ ਕੰਮ ਸਪੀਡ ਨਾਲ ਹੁੰਦਾ ਹੈ। ਕੰਮ ਵਿਚ ਸਟੀਕਤਾ ਆਉਂਦੀ ਹੈ। ਇਹ ਲਗਾਤਾਰ ਬਿਨ੍ਹਾਂ ਰੁਕੇ, ਬਿਨ੍ਹਾਂ ਅੱਕੇ ਥੱਕੇ ਕੰਮ ਕਰ ਸਕਦਾ ਹੈ ਪਰ ਇਸ ਨਾਲ ਰੋਜ਼ਗਾਰ ਵਿਚ ਕਮੀ ਆਏਗੀ। ਤਕਨੀਕ ਅਤੇ ਮਸ਼ੀਨ ’ਤੇ ਨਿਰਭਰਤਾ ਵਧੇਗੀ। ਨੈਤਿਕ ਸਮੱਸਿਆਵਾਂ ਆਉਣਗੀਆਂ।

ਏ ਆਈ ਦਾ ਮੁਖ ਉਦੇਸ਼ ਕੰਪਿਊਟਰ ਨੂੰ ਵੱਧ ਤੋਂ ਵੱਧ ਬੌਧਿ ਕਾਰਜ ਕਰਨ ਦੇ ਸਮਰੱਥ ਬਨਾਉਣਾ ਹੈ। ਇਸਨੂੰ ਸਭ ਤੋਂ ਪਹਿਲਾਂ ਅਮਰੀਕਾ ਦੀ ਕੰਪਨੀ OPEN AI ਨੇ ਬਣਾਇਆ। ਇਸ ਕੰਪਨੀ ਦੇ ਮਾਲਕ ਸਾਮ ਐਲਟਮਨ ਹਨ।

ਸਟੈਨਫੋਰਡ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨੀ ਜਾਨ ਮੈਕਾਰਥੀ ਨੂੰ ਅਮਰੀਕਾ ਵਿਚ ਏ ਆਈ ਦਾ ਪਿਤਾਮਾ ਮੰਨਿਆ ਜਾਂਦਾ ਹੈ।
ਏ ਆਈ ਐਪ ਇਕ ਅਜਿਹੀ ਐਪਲੀਕੇਸ਼ਨ ਹੈ ਜੋ ਮਸਨੂਈ ਬੁੱਧੀ ਦਾ ਉਪਯੋਗ ਕਰਕੇ ਵੱਖ ਵੱਖ ਕਾਰਜਾਂ ਨੂੰ ਕਰਨ ਦੇ ਸਮਰੱਥ ਹੁੰਦੀ ਹੈ। ਇਹ ਐਪ ਮਨੁੱਖੀ ਬੁੱਧੀ ਦੀ ਨਕਲ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ। ਇਨ੍ਹਾਂ ਦੀ ਵਰਤੋਂ ਲਗਾਤਾਰ ਵਧ ਰਹੀ ਹੈ ਜਿਸ ਨਾਲ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਮਿਲਣ ਦੇ ਨਾਲ ਮਨੁੱਖੀ ਜੀਵਨ ਪ੍ਰਭਾਵਤ ਹੋ ਰਿਹਾ ਹੈ।

ਮੋਬਾਈਲ ਫੋਨ ਵਿਚ ਇਨ੍ਹਾਂ ਦੀ ਮੌਜੂਦਗੀ ਦਾ ਅਰਥ ਹੈ ਕਿ ਇਹ ਏ ਆਈ ਤਕਨੀਕ ਦੀ ਵਰਤੋਂ ਕਰਕੇ ਫੋਨ ਦਾ ਪ੍ਰਯੋਗ ਕਰਨ ਵਾਲੇ ਦੇ ਅਨੁਭਵ ਨੂੰ ਬਿਹਤਰ ਬਣਾਉਂਦੇ ਹਨ। ਫੋਨ ਨੂੰ ਸਿੱਖਣ, ਏ ਆਈ ਤਕਨੀਕ ਨੂੰ ਵਰਤਣ ਦੇ ਸਮਰੱਥ ਬਣਾਉਂਦੇ ਹਨ।

ਏ ਆਈ ਤਕਨੀਕ ਨਾਲ ਫੋਨ ਕੈਮਰੇ ਦੀ ਬਿਹਤਰ ਵਰਤੋਂ ਕਰ ਸਕਦਾ ਹੈ। ਤਸਵੀਰ ਦੀ ਗੁਣਵਤਾ ਵਧਾ ਸਕਦਾ ਹੈ। ਸਿਰੀ, ਗੂਗਲ ਅਤੇ ਅਲੈਕਸਾ ਜਿਹੇ ਆਵਾਜ਼ ਅਸਿਸਟੈਂਟ ਦੀ ਵਰਤੋਂ ਕਰਕੇ ਸਹਾਇਕ ਹੋ ਸਕਦਾ ਹੈ।

ਤੁਰੰਤ ਭਾਸ਼ਾ ਅਨੁਵਾਦ ਦੀ ਸਹੂਲਤ ਮੁਹੱਈਆ ਕਰਦਾ ਹੈ। ਤੁਹਾਡੀਆਂ ਲੋੜਾਂ ਅਨੁਸਾਰ, ਵਰਤੋਂ ਅਨੁਸਾਰ ਪ੍ਰਸੰਗਿਕ ਸਮੱਗਰੀ, ਐਪ ਅਤੇ ਹੋਰ ਸਿਫਾਰਸ਼ਾਂ ਕਰਦਾ ਹੈ। ਸਰੱਖਿਆ ਲਈ ਬਿਹਤਰ ਡਿਵਾਈਸ ਦਾ ਸੁਝਾ ਦਿੰਦਾ ਹੈ। ਤੁਹਾਡੀ ਇਨਪੁਟ ਦੇ ਆਧਾਰ ’ਤੇ ਸਮਾਰਟ ਪ੍ਰਤੀਕਿਰਿਆਵਾਂ ਪ੍ਰਦਾਨ ਕਰ ਸਕਦਾ ਹੈ। ਦੂਸਰੇ ਪਾਸੇ ਰੋਜ਼ਗਾਰ, ਨਿੱਜਤਾ, ਦੁਰਵਰਤੋਂ, ਸਮਾਜਕ ਅਸਮਾਨਤਾ ਅਤੇ ਨੈਤਿਕਤਾ ਜਿਹੀਆਂ ਚਿੰਤਾਵਾਂ ਵੀ ਏ ਆਈ ਦੀ ਵੱਧਦੀ ਵਰਤੋਂ ਨਾਲ ਜੁੜੀਆਂ ਹੋਈਆਂ ਹਨ।

ਇਸ ਸਮੇਂ ਸੰਸਾਰ ਵਿਚ 78 ਤੋਂ ਵਧੇਰੇ ਕੰਪਨੀਆਂ ਏ ਆਈ ’ਤੇ ਕੰਮ ਕਰ ਰਹੀਆਂ ਹਨ ਤਾਂ ਜੋ ਵੱਖ ਵੱਖ ਉਦਯੋਗਾਂ ਦੀ ਕਾਰਜ-ਪ੍ਰਣਾਲੀ ਵਿਚ ਤਬਦੀਲੀਆਂ ਨੂੰ ਸੰਭਵ ਬਣਾਇਆ ਜਾ ਸਕੇ। ਇਨ੍ਹਾਂ ਵਿਚੋਂ ਗੂਗਲ, ਅਮੇਜਨ, ਐਪਲ, ਮਾਈਕਰੋਸਾਫ਼ਟ ਜਿਹੀਆਂ ਕੰਪਨੀਆਂ ਪ੍ਰਮੁੱਖ ਹਨ। ਵੱਖ ਵੱਖ ਮੁਲਕਾਂ ਦੀਆਂ ਇਹ ਕੰਪਨੀਆਂ ਅਤੇ ਵੱਖ ਵੱਖ ਮੁਲਕ ਇਕ ਦੂਸਰੇ ਤੋਂ ਅੱਗੇ ਲੰਘਣ ਲਈ ਯਤਨਸ਼ੀਲ ਹਨ।