
ਸਤ ਸ਼੍ਰੀ ਅਕਾਲ ਜੀ, ਅਸੀਂ ਭਾਦੋਂ ਚ ਵੀ ਕਾਇਮ ਹਾਂ। ਤੁਹਾਡੀ ਸਲਾਮਤੀ ਦੀ ਅਰਦਾਸ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਖਾਓ-ਪੀਓ ਕਰਕੇ, ਗੇਲੇ ਕੇ ਮੋੜ ਉੱਤੇ, ਰੌਣਕੀ ਬੰਦੇ ਆ ਗਏ। ਖੁਰਦੀ ਕੰਧ ਦੇ ਅੜਤਲੇ
ਚ ਲੋਕ-ਸਭਾ ਮੈਂਬਰ ਵੱਲੋਂ ਭੇਜੇ ਬੈਂਚ ਦੇ, ਤਿੰਨ ਪਾਵਿਆਂ ਨੂੰ, ਸਮਝਾ ਕੇ ਮੋਟੂ ਜੈਲਾ, ਕਿਰਪਾਨ ਪਾਈ ਵਾਲਾ ਪੱਪੀ ਖਾਲਸਾ ਅਤੇ ਟਿੱਡੂ ਆ ਫਸੇ। ਬਿੜਕਾਂ ਲੈਂਦੀਆਂ ਨਜ਼ਰਾਂ ਘੁੰਮੀਆਂ ਤਾਂ ਜੰਟਾ ਵਾਕਰ ਦੇ ਸਹਾਰੇ, ਥਬੂਕੀਆਂ ਜਿਹੀਆਂ ਮਾਰਦਾ ਆਂਉਂਦਾ ਦਿਸਿਆ। ਨੇੜੇ ਪੁੱਜਾ ਤਾਂ ਦਮ ਮਾਰਕੇ ਝਾਕਿਆ। ਸਾਰਿਆਂ ਫਤਹਿ ਬੁਲਾ, ਹਾਲ-ਚਾਲ ਪੁੱਛਿਆ। ਪੱਪੀ ਖਾਲਸਾ ਨੇ ਖੜੇ ਹੁੰਦਿਆਂ, ਜੰਟੇ ਨੂੰ ਬੈਂਚ ਵੱਲ ਬੈਠਣ ਲਈ ਸੁਲਾਹ ਮਾਰੀ। “ਬੈਠਾ ਰਹਿ, ਥੋਨੂੰ ਈ ਸਮੰਢਣਾਂ ਰਹੇ ਇਹ ਤਿੰਨ ਟੰਗੀ, ਮੈਂ ਤਾਂ ਬੱਸ, ਖੜਾ ਹੀ ਠੀਕ ਹਾਂ, ਕੇਰਾਂ ਬੈਠ ਗਿਆ ਤਾਂ ਜਾਮ ਹੋਜੂੰਗਾ।" “ਇਹ ਬੈਂਚ ਤਾਂ ਚਾਚਾ, ਅਸੀਂ ਮਸਾਂ ਈ ਜੱਥੇਦਾਰ ਨੂੰ ਆਖ-ਵੇਖ ਲਿਆ ਸੀ ਐਮ.ਪੀ. ਕੋਟੇ
ਚੋਂ, ਚੱਲ ਤਿੰਨਾਂ ਨਾਲ ਈ ਸਾਰੀ ਜਾਂਦੈ ਆਪਣਾ ਡੰਗ।” ਪੱਪੀ ਖਾਲਸਾ ਨੇ ਪੀਲੇ ਬੈਂਚ ਦਾ ਇਤਿਹਾਸ ਅਤੇ ਆਪਣੀ ਮਿਹਨਤ ਦੱਸੀ।” ਐਤਕੀਂ, ਝਾੜੂ ਆਲਿਆਂ ਦਾ ਲਿਆ ਖਾਂ ਇੱਕ ਹੋਰ”, ਮੋਟੂ ਜੈਲੇ ਨੇ ਟਿੱਡੂ ਨੂੰ ਫਰਮੈਸ਼ ਕੀਤੀ। “ਕੇਰਾਂ ਤਾਂ ਪਾਣੀ ਆਲੇ ਟੈਂਕਰ ਦੇਈ ਜਾਂਦੇ ਐ ਪਿੰਡਾਂ ਚ, ਊਂ ਨਾ ਆਪਣੇ ਹਲਕੇ
ਚ ਆਪ ਦਾ ਐਮ.ਪੀ. ਨਾ ਪਿੰਡ ਦਾ ਸਰਪੰਚ, ਐਮ.ਐਲ.ਏ. ਹੈਗਾ ਓਹ ਕਰੀ ਜਾਂਦੈ ਬੰਨ੍ਹ-ਸੁੱਭ।” ਟਿੱਡੂ ਨੇ ਅਸਲੀਅਤ ਦੱਸਦਿਆਂ ਆਵਦੇ ਗਲੋਂ-ਗਲਾਂਵਾਂ ਲਾਹਤਾ।
“ਯਾਰ ਇਹ ਬੈਂਚ ਤੇ ਟੈਂਕਰ ਈ ਕਿਉਂ ਦਿੰਦੇ ਐ, ਨਕਦ ਪੈਸੇ ਦੇਣ, ਉੱਤੋਂ, ਬੈਂਚ, ਆਂਉਂਦਿਆਂ ਈ ਟੁੱਟ ਜਾਂਦੇ ਐ, ਟੈਂਕਰ ਲੀਕ ਕਰ ਜਾਂਦੇ ਆ?” ਜੰਟੇ ਨੇ ਵਾਕਰ ਉੱਤੇ ਭਾਰ ਬਦਲਦਿਆਂ ਗੱਲ ਪੁੱਛੀ। “ਮੈਂ ਦੱਸਦਾਂ”, ਕਾਮਰੇਡ ਮੱਖਣ ਸਿੰਹੁ ਨੇ ਮੁੱਛਾਂ ਸੰਵਾਰਦਿਆਂ ਕਿਹਾ। “ਨਕਦ ਚੈੱਕ ਨਾਲ ਇੱਕ ਥਾਂ ਗ੍ਰਾਂਟ ਖੜਕਦੀ ਘੱਟ ਆ, ਥੋੜਿਆਂ ਨੂੰ ਲਾਭ ਹੁੰਦਾ। ਇਹ ਸਮਾਨਾ ਦੂਰ-ਦੂਰ ਤੱਕ ਸੈਂਕੜੇ ਪਿੰਡਾਂ ਚ ਵੰਡਿਆ ਜਾਂਦੈ। ਇੱਕ ਤਾਂ ਪਾਰਟੀ ਦਾ ਪੀਲਾ, ਤਿੰਨ ਰੰਗਾ, ਪੇਂਟ ਕਰਕੇ ਪ੍ਰਚਾਰ ਹੁੰਦਾ, ਦੂਜਾ ਐਮ.ਪੀ., ਐਮ.ਐਲ.ਏ., ਸਰਪੰਚ ਅਤੇ ਐਮ.ਸੀ. ਦਾ ਨਾਂ ਲਿਖਿਆ ਜਾਂਦਾ। ਰੋਜ ਥਾਂ-ਥਾਂ ਫੋਟੋਆਂ ਕਰਕੇ ਵਿਕਾਸ ਦੀ ਹਨੇਰੀ, ਵਿਖਾਈ ਜਾਂਦੀ ਐ, ਤੀਜਾ ਕਈ ਥਾਂ ਗੁੜ-ਭੇਲੀ ਭੰਨਣ ਨਾਲ ਭੋਰਾ-ਭੋਰਾ ਹਿੱਸਾ ਆ ਜਾਂਦਾ। ਸਮਝੇ ਮੇਰੀ ਬਾਤ।" “ਫੇਰ ਤਾਂ ਆਪਾਂ ਐਵੇਂ, ਹਰ-ਹਰ ਕਰਦੇ ਫਿਰਦੇ ਆਂ, ਮਲਾਈ ਤਾਂ ਹੋਰ ਈ ਲਾਹੀ ਜਾਂਦੇ ਐ, ਸਾਡੇ ਲਈ ਤਾਂ ਫੇਰ ਲੱਸੀ ਹੀ ਬਚਦੀ ਹੈ।" ਜੰਟਾ ਬੋਲ ਕੇ ਮੁੜਿਆ ਤਾਂ ਸਾਰੇ ਬੱਕਲਕੱਤੇ ਹੋਏ ਉੱਠ ਖਲੋਤੇ। ਹੋਰ, ਮੋਬਾਈਲ ਚੋਰ, ਆਵਾਰਾ ਪਸ਼ੂ ਘੁੰਮ ਰਹੇ ਹਨ। ਹੜ੍ਹ, ਸੇਮ, ਸੇਵਾ, ਬਿਆਨ ਜਾਰੀ ਹਨ। ਢਢੋਗਲ, ਮਾਜਰੇ, ਪੱਲੀਝਿੱਕੀ, ਸੰਦੋਹੇ, ਬਾਲਦ, ਕੇਰੀਆਂ ਵਾਲੇ ਠੀਕ ਹਨ। ਪੁਰਾਣੀਆਂ ਯਾਦਗਾਰੀ ਫੋਟੋਆਂ, ਵੀਡੀਓ ਬਹੁਤ ਆ ਰਹੀਆਂ ਹਨ। 2027 ਲਈ ਪਾਰਟੀਆਂ, ਪਰ-ਤੋਲ ਰਹੀਆਂ ਹਨ। ਸੱਚ, ਕਦੇ-ਕਦੇ ਸਰਕਾਰੀ ਨੌਕਰੀਆਂ ਵੀ ਮਿਲ ਰਹੀਆਂ ਹਨ। ਰੂਹਾਨ, ਅਲਸੂੰ-ਪਲਸੂੰ, ਠਾਠ, ਫੰਡਾ, ਘਮ-ਚੱਕਰ, ਕਮੂਤ, ਚਾਂਭਲਿਆ, ਚੰਗੂ, ਮੁਗਧਰ ਜਾ, ਕਾਂਚੂ, ਕਸੂਤਾ। ਚੰਗਾ, ਬਾਕੀ ਅਗਲੇ ਐਤਵਾਰ.....
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061