
ਪੜ੍ਹਨ ਵਾਲੇ ਸਾਰਿਆਂ ਨੂੰ, ਸਤ ਸ਼੍ਰੀ ਅਕਾਲ। ਅਸੀਂ ਇੱਥੇ ਰਾਜੀ-ਬਾਜੀ ਹਾਂ। ਆਪ ਜੀ ਦੀ ਰਾਜ਼ੀ-ਖੁਸ਼ੀ, ਰੱਬ ਤੋਂ ਨੇਕ ਚਾਹੁੰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਵੋਟਾਂ ਚ, ਸਾਲ ਕੁ ਰਹਿ ਗਿਆ ਹੈ। ਗੱਦੀ ਉੱਤੇ ਬੈਠੇ, ਕਬਜ਼ਾ ਪੱਕਾ ਕਰਨਾ ਚਾਹੁੰਦੇ ਹਨ। ਗੱਦੀ ਤੋਂ ਪਾਸੇ ਫਿਰਦੀਆਂ ਪਾਰਟੀਆਂ, ਇਸ ਨੂੰ ਹਥਿਆਉਣ ਲਈ, ਹੁਣੇ ਤੋਂ ਹੀ ਬਾਨਣੂੰ ਬੰਨ੍ਹ ਰਹੀਆਂ ਹਨ। ਪਿੰਡ, ਬੂਥ ਅਤੇ ਗਲੀ ਤੱਕ ਦੇ ਇੰਚਾਰਜ ਬਣਾਏ ਜਾ ਰਹੇ ਹਨ। ਇੱਕ ਗਰੁੱਪ ਨੇ ਤਾਂ ਪੰਜਾਬ ਪੱਧਰ ਉੱਤੇ ਸੱਠ, ਉਪ-ਪ੍ਰਧਾਨ ਦੇ ਕਾਰਡ ਵੰਡ ਦਿੱਤੇ ਹਨ। ਕੋਈ ਮੀਟਿੰਗਾਂ ਕਰ ਰਿਹੈ, ਕੋਈ ਫ਼ੋਨ ਰਾਹੀਂ ਗਰੁੱਪ ਉੱਤੇ ਹੌਸਲਾ ਬੰਨ੍ਹਾ ਰਿਹੈ। ਬਿਆਨ ਤਾਂ ਹੁਣ ਰਿਉੜੀਆਂ-ਪਕੌੜੀਆਂ ਹੀ ਬਣ ਗਏ ਹਨ। ਆਪਣੇ ਪਿੰਡ ਵੀ ਪੰਜੇ ਵਾਲਿਆਂ
ਕੱਠ ਕੀਤਾ ਤਾਂ ਮਗਰੋਂ, ਬੰਸੇ ਕੀ ਚੌਕੜੀ ਉੱਤੇ ਚਰਚਾ ਚੱਲ ਪਈ। ਕੋਈ ਕੁਸ ਬੋਲੇ, ਕੋਈ ਕੁਸ।
ਰਾਜੇ ਨੇ ਟੋਹਣ ਆਸਤੇ ਢਾਣੀ ਆਲੇ ਭੂਪੇ ਨੂੰ ਸਰਸਰੀ ਪੁੱਛਿਆ, “ਫਾਰਮ ਹਾਊਸ ਵਾਲੇ ਚਾਚਾ ਜੀ, ਥੋਡਾ ਕੀ ਰੁੱਖ ਐ ਐਤਕੀਂ?” “ਸਾਡਾ ਸ਼ੇਰਾ, ਢਾਣੀਆਂ ਆਲਿਆਂ ਦਾ ਕੌਣ ਐ? ਤੇਰੇ ਸਾਹਮਣੇ ਚਾਲੀ ਸਾਲ ਹੋ ਗੇ, ਸਾਡਾ ਤਾਂ ਰਾਹ ਅਜੇ ਵੀ ਕੱਚਾ ਈ ਐ, ਜਿਹੜਾ ਸੜਕ ਲਈ ਹਾਮੀ ਭਰੂ ਅਸੀਂ ਤਾਂ…..।” “ਸਾਹਮਣੇ ਪਿੰਡ ਆਲੇ ਐਮ.ਐਲ.ਏ., ਨੇ ਥਾਪੜੀ ਸੀ ਨਾ ਹਿੱਕ!” ਰਾਜੇ ਨੇ ਪਿਛਲੀਆਂ ਵੋਟਾਂ ਵੇਲੇ ਦੀ ਯਾਦ ਕਰਾਈ।” ਬੱਸ, ਗੱਲ ਉੱਥੇ ਈ ਰਹਿਗੀ, ਦੋ ਵਾਰ ਜਿੱਤ ਗਿਆ ਨਾਲੇ ਸਾਹਮਣੇ ਉਹਦਾ ਪਿੰਡ ਐ, ਅਸੀਂ ਤਾਂ ਉਵੇਂ ਈ ਠਿਵਕਦੇ ਫਿਰਦੇ ਆਂ!” ਭੂਪੇ ਨੇ ਨਿਰਾਸ਼ ਜਿਹੇ ਹੋ ਕੇ ਗੱਲ ਮੁਕਾਈ। “ਨਾ ਪਿੱਪਲ ਆਲੇ ਪਹੇ ਤੇ ਤਾਂ ਇੱਕੋ ਢਾਣੀ ਵਾਲੀ ਕਿਵੇਂ ਬਣਗੀ? ਥੋਡੇ ਤਾਂ ਢਾਣੀਆਂ ਵੀ ਕਈ ਆ ਤੇ ਟੋਟਾ ਵੀ ਘੱਟ ਐ?” ਕਿਰਸਨੇ ਮਾਸਟਰ ਨੇ ਹੈਰਾਨਗੀ ਜਤਾਈ। “ਮੈਂ ਦੱਸਦਾਂ, ਓਹ ਤਾਂ ਨੀਲੀ ਆਲੇ ਜੱਥੇਦਾਰ ਨੇ ਜੋਰ ਪਾ ਕੇ ਬਣਾਲੀ, ਓਹਦੀ ਚੱਲਦੀ ਸੀ, ਹੋਰ ਢਾਣੀ ਕਰਕੇ ਨੀਂ ਬਣੀਂ।” ਗੁਰਬਚਨ ਆੜ੍ਹਤੀਏ ਨੇ ਘੁੰਢੀ ਖੋਲ੍ਹੀ। “ਲੈ ਬਈ ਹੌਸਲਾ ਰੱਖੋ, ਐਤਕੀਂ ਸਾਡੀ ਪਾਰਟੀ ਦੀ ਹਵਾ ਐ, ਥੋਨੂੰ ਵੀ ਪਤੈ, ਆਪਣੇ ਪਿੰਡ ਦਾ ਈ ਬਲਾਕ ਪ੍ਰਧਾਨ ਐ ਅਤੇ ਮੈਂ ਜਿਲ੍ਹੇ ਦਾ ਡਿਪਟੀ ਲੀਡਰ, ਇੱਕ ਕੀ, ਸਾਰੀਆਂ ਕਸਰਾਂ ਕੱਢ ਦਿਆਂਗੇ।” ਮਿੰਨਤ ਜੀ ਕਰਦਿਆਂ, ਹੱਥ ਬੰਨ੍ਹਦਿਆਂ ਪੰਜੇ ਆਲੇ ਨੇ ਵਾਅਦਾ ਕੀਤਾ। “ਅਸੀਂ ਤਾਂ ਚੱਲ ਕੋਈ ਨੀਂ, ਤੇਰੇ ਨਾਲ ਐਂ, ਜਿਵੇਂ ਆਖੇਂ ਕਰਾਂਗੇ, ਊਂ ਮੇਰਾ ਤਜਰਬੈ ਬਈ, ਵਰਕਰਾਂ ਨੂੰ ਪਾਰਟੀ, ਘੋੜੇ ਵਾਂਗੂੰ ਵਰਤਦੀ ਐ, ਜਿੱਤਣ ਮਗਰੋਂ ਪਾਸੇ ਤੋਂ ਆਇਆ, ਐਮ.ਐਲ.ਏ. ਪੁੱਛਦਾ ਨੀਂ। ਆਹ ਝਾੜੂ ਆਲਿਆਂ ਦਾ ਈ ਵੇਖ ਲੈ, ਆਪਣਾ ਤੇਜ ਸੱਠ ਪਿੰਡਾਂ ਚ ਊਰੀ ਆਂਗੂੰ ਘੁਕਿਆ, ਉਹਦੀ ਘਰਵਾਲੀ ਨੂੰ, ਆਂਗਨਵਾੜੀ
ਚ ਵੀ ਨੀ ਲਵਾਇਆ, ਔਹ ਫਿਰਦੈ ਠੁੱਸ ਜਾ ਹੋਇਐ।” -ਨਿਰੰਜਨ ਸਿੰਹੁ ਨੇ ਹੱਡ ਬੀਤੀ ਸੁਣਾਈ। ਕੋਈ-ਕੋਈ ਕਣੀ ਡਿੱਗਣ ਲੱਗੀ ਤਾਂ ਸਾਰੇ ਪਾਣੀ ਵਾਂਗੂੰ ਖਿੱਲਰ ਗਏ।
ਚੰਗਾ, ਮਿਲਾਂਗੇ ਅਗਲੇ ਐਤਵਾਰ…..
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061