
ਸਮਾਜ ’ਚ ਹੁੰਦਾ ਉਥਲ ਪੁਥਲ, ਵਾਪਰਦਾ ਅਸਹਿਜ ਵਰਤਾਰਾ, ਜਦ ਸ਼ਾਇਰ ਕਵੀ ਦੇ ਕੋਮਲ ਮਨ ਨੂੰ ਝੰਜੋੜਦਾ ਹੈ ਤਾਂ ਉਹ ਕਲਪਦਾ ਹੈ ਅਤੇ ਦਿਮਾਗ ਤੇ ਬੋਝ ਪਾਉਂਦਾ ਹੈ। ਇਸ ਕਲਪਦੇ ਮਨ ਚੋਂ ਉੱਠੀ ਸੰਵੇਦਨਾ ਸਾਹਿਤ ਦਾ ਅੰਗ ਬਣ ਜਾਂਦੀ ਹੈ। ਇਸ ਪੁਸਤਕ ਦਾ ਲੇਖਕ ਕਵੀ ਕੁਲਵੰਤ ਸਿੰਘ ਕਿਰਤੀ ਹੈ, ਜਥੇਬੰਦਕ ਆਗੂ ਹੈ, ਵਿਗਿਆਨਕ ਸੋਚ ਦਾ ਧਾਰਨੀ ਹੈ, ਤਰਕਸ਼ੀਲ ਹੈ, ਇਸੇ ਕਰਕੇ ਉਹ ਸਮਾਜ, ਸਿਆਸਤ, ਸਿਸਟਮ ਅਤੇ ਕੁਰੀਤੀਆਂ ਤੋਂ ਪੂਰੀ ਤਰਾਂ ਜਾਣੂ ਹੈ। ਸਮਾਜ ’ਚ ਵਾਪਰਦੀਆਂ ਘਟਨਾਵਾਂ ਤੇ ਉਹ ਕਲਪਦਾ ਹੈ, ਜਿਸ ਚੋਂ ਪੁੰਗਰਦੀਆਂ ਉਸ ਦੀਆਂ ਕਵਿਤਾਵਾਂ ਪਾਠਕ ਨੂੰ ਸੁਚੇਤ ਕਰਨ ਵਾਲੀਆਂ ਅਤੇ ਕੁਰੀਤੀਆਂ ਜਿਵੇਂ ਵਹਿਮਾਂ ਭਰਮਾਂ, ਲਾਈ ਲੱਗਤਾ, ਪਾਖੰਡਵਾਦ, ਭਿ੍ਰਸ਼ਟਾਚਾਰ, ਅਣਪੜਤਾ ਆਦਿ ਬਾਰੇ ਝੰਜੋੜਾ ਦੇਣ ਵਾਲੀਆਂ ਹਨ।
ਪੜੇ ਲਿਖੇ ਲੋਕਾਂ ਨੂੰ ਵਹਿਮਾਂ ਭਰਮਾਂ ਸਦਕਾ ਧਾਗੇ ਤਵੀਤਾਂ ਵਿੱਚ ਫਸੇ ਵੇਖ ਕੇ ਉਹ ਦੁਖੀ ਹੁੰਦਾ ਸੁਚੇਤ ਕਰਦਾ ਲਿਖਦਾ ਹੈ :
ਲਾਹੋ ਅੰਧ ਵਿਸਵਾਸ਼ਾਂ ਵਾਲੇ ਜਾਲੇ,
ਚੇਤਨਾ ਦਾ ਦੀਵਾ ਬਾਲ ਕੇ।
ਪੜੇ ਲਿਖਿਆਂ ਨੂੰ ਅਣਪੜ ਵੇਚ ਗਏ,
ਕਾਲੇ ਧਾਗੇ ਗੰਢਾਂ ਮਾਰ ਕੇ।
ਗਰੀਬੀ ਤੇ ਕਰਜ਼ੇ ਦੀ ਮਾਰ ਹੇਠ ਆਏ ਲੋਕਾਂ ਨੂੰ ਅੰਧ ਵਿਸਵਾਸ਼ਾਂ ਚੋਂ ਨਿਕਲ ਕੇ ਜਿੰਦਗੀ ਜਿਉਣ ਦਾ ਰਾਹ ਵਿਖਾਉਣ ਦਾ ਯਤਨ ਕਰਦਾ ਕਹਿੰਦਾ ਹੈ:
ਹੁਣ ਕੁੱਝ ਤਾਂ ਵਿਚਾਰੋ ਕਿਵੇਂ ਜੀਵਣਾ,
ਕਰਜ਼ੇ ਦੇ ਬਾਝ ਸਾਰ ਕੇ।
ਸੁੱਖ ਘਰ ਦੀ ਪ੍ਰੀਤੋ ਫਿਰੇ ਮੰਗਦੀ,
ਕੌਲਿਆਂ ਤੇ ਪਾਣੀ ਵਾਰ ਕੇ।
ਮਨੁੱਖਾਂ ਜੀਵਾਂ ਲਈ ਵਾਤਾਵਰਣ ਦੇ ਮਹੱਤਵ ਬਾਰੇ ਚਿੰਤਾ ਜ਼ਾਹਰ ਕਰਦਾ ਹੋਇਆ ਕਵੀ ਪਾਠਕਾਂ ਨੂੰ ਜਾਗਰੂਕ ਕਰਦਾ ਹੋਇਆ ਲਿਖਦਾ ਹੈ :
ਹਿੱਕ ਧਰਤੀ ਦੀ ਬਾਲੀ,
ਸੜੇ ਖੇਤ ਤੇ ਪਰਾਲੀ
ਨਾਲੇ ਜੀਵ ਪੌਦੇ ਰੱਖ ਦਿੱਤੇ ਬਾਲ ਕੇ,
ਸੰਭਲੋ ਪੰਜਾਬ ਵਾਸੀਓ।
ਸਾਨੂੰ ਚੱਲਣਾ ਪਊ ਲੰਮੀ ਝਾਤ ਮਾਰ ਕੇ,
ਸੰਭਲੋ ਪੰਜਾਬ ਵਾਸੀਓ।
ਪਤੀ ਪਤਨੀ ਦੇ ਨਿੱਤ ਦਿਨ ਵਧ ਰਹੇ ਝਗੜਿਆਂ ਬਾਰੇ ਵਿਚਾਰ ਪ੍ਰਗਟ ਕਰਦਾ ਕਵੀ ਕਹਿੰਦਾ ਹੈ ਕਿ ਜਿਹੜੀ ਔਰਤ ਮਨਮਾਨੀਆਂ ਕਰਦੀ ਹੈ ਅਤੇ ਜਿਸਨੂੰ ਪੇਕਿਆਂ ਵਾਲੇ ਰੋਜਾਨਾਂ ਸਲਾਹ ਮਸਵਰਾ ਦਿੰਦੇ ਰਹਿੰਦੇ ਹਨ, ਉਸਦਾ ਘਰ ਵਸਣਾ ਔਖਾ ਹੋ ਜਾਂਦਾ ਹੈ। ਉਸਦੇ ਕਵਿ ਵਿਚਾਰ ਹਨ :
ਘੁੱਗ ਵਸੇ ਨਾ ਜਨਾਨੀ,
ਜਿਹੜੀ ਕਰੇ ਮਨਮਾਨੀ
ਜੀਹਦੀ ਪੇਕਿਆਂ ਤੋਂ ਜਾਣੀ,
ਰਹਿੰਦੀ ਲਗਦੀ ਕਲਾਸ ਹੈ।
ਅੱਜ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਤਬਾਹ ਕਰ ਦਿੱਤੀ ਹੈ, ਸਰਕਾਰਾਂ ਨਸ਼ਾਂ ਰੋਕਣ ਦੇ ਵਾਅਦੇ ਦਾਅਵੇ ਕਰਦੀਆਂ ਹਨ, ਪਰ ਫੇਲ ਵਿਖਾਈ ਦਿੰਦੀਆਂ ਹਨ। ਸਿਆਸੀ ਲੋਕਾਂ ਦੀ ਨਸ਼ੇ ਸੁਦਾਗਰਾਂ ਨੂੰ ਸ੍ਰਪਰਸਤੀ ਹੈ, ਇਸ ਲਈ ਲੋਕਾਂ ਨੂੰ ਹੀ ਨਸ਼ੇ ਰੋਕਣ ਲਈ ਸਖ਼ਤ ਫੈਸਲੇ ਲੈਣੇ ਪੈਣਗੇ। ਕਵੀ ਲਿਖਦਾ ਹੈ :
ਮੰਡੀ ਨਸ਼ੇ ਦੀ ਬੰਦੇ ਜੋ
ਪਾਈ ਬੈਠੇ ਛਾਉਣੀ ਐ,
ਅਸੀਂ ਨਸ਼ੇ ਦੇ ਸੌਦਾਗਰਾਂ ਨੂੰ
ਨੱਥ ਪਾਉਣੀ ਐ।
ਵਿਗਿਆਨ ਦੇ ਆਧਾਰ ਤੇ ਬੀਮਾਰੀਆਂ ਨੂੰ ਠੱਲ ਪਾਉਣ ਲਈ ਖੋਜ਼ ਕਾਰਜਾਂ ਲਈ ਸਰੀਰ ਦਾਨ ਦੇ ਮਹੱਤਵ ਦੀ ਗੱਲ ਕਰਦਿਆਂ ਕਵਿਤਾ ਵਿੱਚ ਬਜੁਰਗ ਔਰਤ ਦੇ ਬੋਲ ਇੰਜ ਦਰਸਾਏ ਗਏ ਹਨ :
ਬਹੁਤਾ ਮਾਣ ਨਹੀਂ ਮੈਨੂੰ ਕਈਆਂ ਆਪਣਿਆਂ ਤੇ,
ਗੱਲ ਕਹਿਣੀ ਹੈ ਪਈ ਅਖੀਰ ਮੀਆਂ।
ਖੋਜ ਕਾਰਜਾਂ ਲਈ ਇਹ ਲਾਸ਼ ਮੇਰੀ,
ਦਾਨ ਕਰ ਦਿਓ ਬਣ ਕੇ ਬੀਰ ਮੀਆਂ।
ਹੱਕਾਂ ਲਈ ਸੰਘਰਸ਼ ਕਰਨ ਜੂਝਣ ਨੂੰ ਮੁਸਕਿਲਾਂ ਦਾ ਹੱਲ ਬਿਆਨਦਿਆਂ ਕਵੀ ਲਿਖਦਾ ਹੈ :
ਜ਼ਾਲਮ ਅੱਗੇ ਸਿਰ ਨਾ ਝੁਕਾਉਂਦੇ ਸੂਰਮੇ
ਮੌਤ ਵਾਲੀ ਤੰਦ ਭਾਵੇਂ ਗਲੇ ਪੈਣੀ ਐ।
ਜਿੰਨਾ ਚਿਰ ਬੰਦੇ ਹੱਥੋਂ ਲੁੱਟ ਬੰਦੇ ਦੀ,
ਹੱਕਾਂ ਵਾਲੀ ਜੰਗ ਸਦਾ ਜਾਰੀ ਰਹਿਣੀ ਹੈ।
ਵਿਗਿਆਨਕ ਸੋਚ ਅਪਨਾ ਕੇ ਕੁਰੀਤੀਆਂ ਤੋਂ ਬਚਣ ਅਤੇ ਚੰਗਾ ਜੀਵਨ ਜਿਉਣ ਲਈ ਰਾਹ ਦਰਸਾਉਂਦੇ ਸਾਹਿਤ ਦੀ ਪ੍ਰਸੰਸਾ ਕਰਦਾ ਕਵੀ ਕਹਿੰਦਾ ਹੈ :
ਤੀਜੀ ਅੱਖ ਬਣ ਇਹ ਰਸਤਾ ਵਿਖਾਉਂਦੀਆਂ,
ਲੱਗੇ ਮਨਾਂ ਵਿੱਚੋਂ ਜਾਲੇ ਇਹ ਕਿਤਬਾਂ ਲਾਹੁੰਦੀਆਂ।
ਕੁੱਲ ਮਿਲਾ ਕੇ ਲੇਖਕ ਕੁਲਵੰਤ ਸਿੰਘ ਵੱਲੋਂ ਇਸ ਪੁਸਤਕ ਵਿੱਚ ਸ਼ਾਮਲ ਕੀਤੀ ਸ਼ਾਇਰੀ, ਕਵੀਸ਼ਰੀ, ਕਵਿਤਾਵਾਂ ਜਿੱਥੇ ਪਾਠਕਾਂ ਨੂੰ ਹਲੂਣਾ ਦਿੰਦੀਆਂ ਹਨ, ਉੱਥੇ ਸੱਚਾਈ ਪੇਸ਼ ਕਰਕੇ ਹੌਂਸਲਾ ਵੀ ਦਿੰਦੀਆਂ ਹਨ। ਇਸ ਪੁਸਤਕ ਦਾ ਹਰ ਸ਼ਬਦ ਕੋਈ ਨਾ ਕੋਈ ਸੁਨੇਹਾ ਦਿੰਦਾ ਹੈ। ਇਹ ਪੁਸਤਕ ਸਫ਼ਲ ਰਾਹ ਤੁਰਨ ਦਾ ਰਸਤਾ ਵਿਖਾਉਣ ਵਾਲੀ ਹੈ, ਪੜਣਯੋਗ ਹੈ। ਲੇਖਕ ਵਧਾਈ ਦਾ ਪਾਤਰ ਹੈ।
ਮੋਬਾ: 098882 75913