ਆਸਟ੍ਰੇਲੀਆ ‘ਚ ਪ੍ਰਵਾਸੀਆਂ ਖ਼ਿਲਾਫ਼ ਮੁਜ਼ਾਹਰੇ 31 ਅਗਸਤ ਨੂੰ

ਆਸਟ੍ਰੇਲੀਆ ‘ਚ ਪ੍ਰਵਾਸੀਆਂ ਖ਼ਿਲਾਫ਼ ਮੁਜ਼ਾਹਰੇ 31 ਅਗਸਤ ਨੂੰ

ਜਨਤਕ ਮੂਲ ਸਮੂਹਾਂ ਵੱਲੋਂ ਵੱਡਾ ਵਿਰੋਧ ਪ੍ਰਦਰਸ਼ਨ, ਪੁਲਿਸ ਅਲਰਟ, ਪ੍ਰਵਾਸੀ ਚਿੰਤਤ

(ਹਰਜੀਤ ਲਸਾੜਾ, ਬ੍ਰਿਸਬੇਨ, 13 ਅਗਸਤ)
‘ਮਾਰਚ ਫਾਰ ਆਸਟ੍ਰੇਲੀਆ’ ਅਤੇ ‘ਰਾਈਜ਼ ਅੱਪ ਆਸਟ੍ਰੇਲੀਆ’ ਅਧੀਨ 31 ਅਗਸਤ 2025 ਨੂੰ ਮਾਸ ਇਮੀਗ੍ਰੇਸ਼ਨ (ਵੱਡੇ ਪੱਧਰ ’ਤੇ ਪ੍ਰਵਾਸ) ਖ਼ਿਲਾਫ਼ ਇਕ ਵੱਡੇ ਪੱਧਰ ’ਤੇ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਾਂ ਦੀ ਯੋਜਨਾ ਨੇ ਸਿਆਸੀ ਅਤੇ ਸਮਾਜਿਕ ਹਲਚਲ ਮਚਾ ਦਿੱਤੀ ਹੈ। ਇਹ ਪ੍ਰਦਰਸ਼ਨ ਸਿਡਨੀ, ਮੈਲਬਰਨ, ਬ੍ਰਿਸਬੇਨ, ਪਰਥ, ਐਡੀਲੇਡ ਅਤੇ ਕੈਨਬਰਾ ਵਿੱਚ ਹੋਣ ਵਾਲੇ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਫਲਾਇਰ ਅਤੇ ਵੀਡੀਓਜ਼ ਵਿੱਚ ਹਜ਼ਾਰਾਂ ਲੋਕਾਂ ਨੇ ਭਾਗ ਲੈਣ ਦੀ ਵਚਨਬੱਧਤਾ ਜਤਾਈ ਹੈ। ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ ਅਤੇ ਸ਼ਹਿਰਾਂ ਵਿੱਚ ਨਿਗਰਾਨੀ ਸਖ਼ਤ ਕਰ ਦਿੱਤੀ ਹੈ।

ਜਿੱਥੇ ਆਯੋਜਕ ਇਨ੍ਹਾਂ ਨੂੰ ‘ਆਸਟ੍ਰੇਲਿਆਈ ਸੱਭਿਆਚਾਰ’ ਨੂੰ ਸੁਰੱਖਿਅਤ ਕਰਨ ਅਤੇ ਸਰਕਾਰੀ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਦਾਅਵਾ ਕਰਦੇ ਹਨ, ਉੱਥੇ ਬਹੁਤੇ ਭਾਈਚਾਰਿਆਂ ਨੇ ਇਸਨੂੰ ਨਸਲਵਾਦੀ ਅਤੇ ਵਿਦੇਸ਼ੀ ਵਿਰੋਧੀ ਕਰਾਰ ਦਿੱਤਾ ਹੈ।

ਪ੍ਰਦਰਸ਼ਨਕਾਰੀਆਂ ਦਾ ਮੰਨਣਾ ਹੈ ਕਿ ਹਾਲੀਆ ਸਾਲਾਂ ਵਿੱਚ ਵਧੀ ਮਾਸ ਇਮੀਗ੍ਰੇਸ਼ਨ ਨੇ ਹਾਊਸਿੰਗ ਸੰਕਟ, ਜੀਵਨ ਖਰਚ ਵਿੱਚ ਵਾਧਾ ਅਤੇ ਬੇਘਰੇਪਣ ਨੂੰ ਵਧਾਇਆ ਹੈ। ਉਹ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ ਕਿ ਇਸ ਨੇ ਦੇਸ਼ ਦੀ ਪਛਾਣ ਅਤੇ ਸਮਾਜਿਕ ਏਕਤਾ ਨੂੰ ਨੁਕਸਾਨ ਪਹੁੰਚਾਇਆ ਹੈ। ਇਹਨਾਂ ਜਨਤਕ ਮੂਲ (ਗ੍ਰਾਸਰੂਟਸ) ਸਮੂਹਾਂ ਦੀਆਂ ਮੰਗਾਂ ‘ਚ ਇਮੀਗ੍ਰੇਸ਼ਨ ਨੂੰ ਤੁਰੰਤ ਘਟਾਉਣ, ਮਾਸ ਡਿਪੋਰਟੇਸ਼ਨ, ਆਸਟ੍ਰੇਲਿਆਈ ਸੱਭਿਆਚਾਰ ਤੇ ਵਿਰਾਸਤੀ ਸੁਰੱਖਿਆ, ਮਲਟੀਨੈਸ਼ਨਲ ਕੰਪਨੀਆਂ ’ਤੇ ਵਧੇਰੇ ਟੈਕਸ, ਸਥਾਨਕ ਨਾਗਰਿਕਾਂ ਲਈ ਰਿਹਾਇਸ਼ੀ ਅਤੇ ਆਰਥਿਕ ਸੁਵਿਧਾਵਾਂ ਵਧਾਉਣਾ ਹੈ। ਕੁਝ ਸਮੂਹ ਇਸ ਨੂੰ ਸੰਯੁਕਤ ਰਾਸ਼ਟਰ (UN) ਅਤੇ ਵਿਸ਼ਵ ਸਿਹਤ ਸੰਗਠਨ (WHO) ਵਰਗੇ ਅੰਤਰਰਾਸ਼ਟਰੀ ਅਦਾਰਿਆਂ ਦੀਆਂ ਨੀਤੀਆਂ ਨਾਲ ਜੋੜਦੇ ਹਨ, ਪਰ ਜ਼ਿਆਦਾਤਰ ਇਸ ਨੂੰ ਘਰੇਲੂ ਸਮੱਸਿਆਵਾਂ ਨਾਲ ਸਬੰਧਤ ਮੰਨਦੇ ਹਨ। ਵਿਰੋਧੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਵਿੱਚ ‘ਵ੍ਹਾਈਟ ਆਸਟ੍ਰੇਲੀਆ’ ਵਰਗੀਆਂ ਨਸਲਵਾਦੀ ਨੀਤੀਆਂ ਦੇ ਸੰਕੇਤ ਸ਼ਾਮਲ ਹਨ।

ਪ੍ਰਵਾਸੀ ਭਾਈਚਾਰਿਆਂ, ਖ਼ਾਸਕਰ ਭਾਰਤੀ ਅਤੇ ਹੋਰ ਏਸ਼ੀਆਈ ਸਮੂਹਾਂ ਵਿੱਚ ਇਸ ਖ਼ਬਰ ਨੇ ਡਰ ਅਤੇ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਕਿ 31 ਅਗਸਤ ਨੂੰ ਪ੍ਰਵਾਸੀਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਜਨਤਕ ਥਾਵਾਂ ’ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ। ਆਸਟ੍ਰੇਲੀਆਈ ਇਨਫਲੂਐਂਸਰ ਅਬੀ ਚੈਟਫੀਲਡ ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ ‘ਨਸਲਵਾਦੀ ਅਤੇ ਨਫ਼ਰਤ ਫੈਲਾਉਣ ਵਾਲੇ’ ਕਰਾਰ ਦਿੱਤਾ ਹੈ।ਕੁਝ ਪ੍ਰਵਾਸੀ ਇਸ ਨੂੰ ਫ੍ਰੀ ਸਪੀਚ ਦੀ ਬਹਿਸ ਨਾਲ ਜੋੜਦੇ ਹਨ, ਪਰ ਜ਼ਿਆਦਾਤਰ ਇਸ ਨੂੰ ਹਿੰਸਾ ਅਤੇ ਨਫ਼ਰਤ ਨੂੰ ਵਧਾਉਣ ਵਾਲਾ ਮੰਨਦੇ ਹਨ। ਆਸਟ੍ਰੇਲੀਆ ਦੀਆਂ ਮੁੱਖ ਸਿਆਸੀ ਪਾਰਟੀਆਂ ਨੇ ਇਨ੍ਹਾਂ ਪ੍ਰਦਰਸ਼ਨਾਂ ’ਤੇ ਸਿੱਧੇ ਬਿਆਨ ਤੋਂ ਪਰਹੇਜ਼ ਕੀਤਾ ਹੈ। ਆਸਟ੍ਰੇਲੀਆਨ ਲੇਬਰ ਪਾਰਟੀ (ਸੱਤਾਧਾਰੀ) ਮਾਸ ਇਮੀਗ੍ਰੇਸ਼ਨ ਨੂੰ ਆਰਥਿਕ ਵਿਕਾਸ ਨਾਲ ਜੋੜਦੀ ਹੈ ਅਤੇ ਨਸਲਵਾਦੀ ਰੈਲੀਆਂ ਦਾ ਵਿਰੋਧ ਕਰਦੀ ਹੈ। ਲਿਬਰਲ-ਨੈਸ਼ਨਲ ਕੋਲੀਸ਼ਨ (ਵਿਰੋਧੀ) ਇਮੀਗ੍ਰੇਸ਼ਨ ਘਟਾਉਣ ਦੀ ਹਮਾਇਤ ਕਰਦੀ ਹੈ ਅਤੇ 2025 ਚੋਣਾਂ ਵਿੱਚ ਇਸ ਨੂੰ ਮੁੱਖ ਮੁੱਦਾ ਬਣਾਇਆ ਹੈ, ਜੋ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਨਾਲ ਕੁਝ ਮੇਲ ਖਾਂਦੀ ਹੈ। ਗ੍ਰੀਨਜ਼ ਇਨ੍ਹਾਂ ਪ੍ਰਦਰਸ਼ਨਾਂ ਨੂੰ ਨਸਲਵਾਦੀ ਅਤੇ ਨਫ਼ਰਤ ਫੈਲਾਉਣ ਵਾਲੇ ਮੰਨਦੇ ਹਨ ਅਤੇ ਰੈਫਿਊਜੀ ਇੰਟੇਕ ਨੂੰ 50,000 ਤੱਕ ਵਧਾਉਣ ਦੀ ਮੰਗ ਕਰਦੇ ਹਨ। ਵਨ ਨੇਸ਼ਨ ਪਾਰਟੀ ਸਭ ਤੋਂ ਵੱਧ ਇਮੀਗ੍ਰੇਸ਼ਨ ਵਿਰੋਧੀ ਹੈ ਅਤੇ ਮਾਸ ਡਿਪੋਰਟੇਸ਼ਨ ਦੀ ਹਮਾਇਤ ਕਰਦੀ ਹੈ, ਜੋ ਪ੍ਰਦਰਸ਼ਨਾਂ ਦੇ ਮੰਤਵਾਂ ਨਾਲ ਸਿੱਧੇ ਮੇਲ ਖਾਂਦੀ ਹੈ।

ਇਹ ਵਿਰੋਧ ਪ੍ਰਦਰਸ਼ਨ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਬਾਰੇ ਬਹਿਸ ਨੂੰ ਹੋਰ ਤੇਜ਼ ਕਰ ਰਹੇ ਹਨ।