
ਪ੍ਰੋ. ਕੁਲਬੀਰ ਸਿੰਘ
ਡੀ ਡੀ ਪੰਜਾਬੀ ਚੈਨਲ ਦਾ ਉਦਘਾਟਨ 5 ਅਗਸਤ 2000 ਨੂੰ ਹੋਇਆ ਸੀ। ਪੀ ਏ ਪੀ ਗਰਾਊਂਡ ਜਲੰਧਰ ਵਿਚ ਖ਼ੂਬ ਰੌਣਕਾਂ ਲਗੀਆਂ ਸਨ। ਵਿਸ਼ਾਲ ਸੰਗੀਤਕ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਹੋਇਆ ਸੀ। ਉਸ ਸਮੇਂ ਗਾਇਕ ਕਲਾਕਾਰਾਂ ਦੁਆਰਾ ਪੇਸ਼ ਕੀਤੇ ਗਏ ਗੀਤ ਅੱਜ ਵੀ ਦਰਸ਼ਕਾਂ ਦੇ ਚੇਤਿਆਂ ਵਿਚ ਵੱਸੇ ਹਨ। ਗੁਰਦਾਸ ਮਾਨ ਦੁਆਰਾ ਗਾਇਆ ਗੀਤ ʼਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਨੀʼ ਇਸ ਉਦਘਾਟਨੀ ਸਮਾਰੋਹ ਦੀ ਸ਼ਾਨ ਤੇ ਪਛਾਣ ਬਣ ਗਿਆ ਸੀ।
ਮੌਕੇ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਅਰੁਨ ਜੇਤਲੀ ਨੇ ਕਿਹਾ ਸੀ, “ਇਸ ਚੈਨਲ ਦੀ ਸ਼ੁਰੂਆਤ ਪੰਜਾਬ ਤੇ ਪੰਜਾਬੀਅਤ ਲਈ ਸ਼ੁੱਭ ਸ਼ਗਨ ਹੈ।” ਮੌਕੇ ਦੇ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਸੀ, ” ਡੀ ਡੀ ਪੰਜਾਬੀ ਰਾਹੀਂ ਪੰਜਾਬੀ ਦਾ ਸੰਦੇਸ਼ ਦੂਰ-ਦੁਰਾਡੇ ਪਹੁੰਚੇਗਾ।” ਪੰਜਾਬ ਦੇ ਮੌਕੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਫ਼ੀ ਗੱਲਾਂ ਕੀਤੀਆਂ ਸਨ। ਉਨ੍ਹਾਂ ਕਿਹਾ ਸੀ,”ਸਾਡੀਆਂ ਚਿਰਾਂ ਦੀਆਂ ਉਡੀਕਾਂ ਅੱਜ ਮੁੱਕੀਆਂ ਹਨ। ਸਾਰੀ ਦੁਨੀਆਂ ਦੇ ਪੰਜਾਬੀਆਂ ਨੂੰ ਇਸਦੀ ਡਾਹਢੀ ਖ਼ੁਸ਼ੀ ਹੈ। ਪਰਵਾਸੀ ਪੰਜਾਬੀ ਜਿਹੜੇ ਆਪਣੀ ਮਾਂ ਬੋਲੀ ਅਤੇ ਵਿਰਾਸਤ ਤੋਂ ਹੌਲੀ ਹੌਲੀ ਦੂਰ ਹੁੰਦੇ ਜਾ ਰਹੇ ਹਨ – ਇਸ ਚੈਨਲ ਰਾਹੀਂ ਉਹ ਮੁੜ ਪੰਜਾਬ ਤੇ ਪੰਜਾਬੀ ਨਾਲ ਜੁੜ ਸਕਣਗੇ। ਦੂਸਰੇ ਪਾਸੇ ਪੰਜਾਬੀ ਜ਼ੁਬਾਨ ਅਤੇ ਕਲਚਰ ਦੀ ਸਾਂਝ ਪੂਰੇ ਸੰਸਾਰ ਨਾਲ ਪਵੇਗੀ।
ਕਲਾਕਾਰ ਅਤੇ ਸੰਸਦ ਮੈਂਬਰ ਵਿਨੋਦ ਖੰਨਾ ਦੇ ਸ਼ਬਦ ਸਨ, “1947 ਵਿਚ ਬੜਾ ਕੁਝ ਬਿਖਰ ਗਿਆ, ਟੁੱਟ ਗਿਆ, ਲੁੱਟ ਗਿਆ, ਖੋਹਿਆ ਗਿਆ, ਪਰੰਤੂ ਇਕ ਚੀਜ਼ ਸੀ ਜੋ ਸਾਡੇ ਤੋਂ ਕੋਈ ਨਹੀਂ ਖੋਹ ਸਕਿਆ, ਉਹ ਹੈ ਪੰਜਾਬੀ ਸ਼ਖ਼ਸੀਅਤ। ਉਸੇ ਪੰਜਾਬੀ ਸ਼ਖ਼ਸੀਅਤ ਨੂੰ ਇਹ ਚੈਨਲ ਪੂਰੀ ਦੁਨੀਆਂ ਤੱਕ ਪਹੁੰਚਾਏਗਾ।”
ਮੌਕੇ ਦੇ ਡਾਇਰੈਕਟਰ ਅਸ਼ੋਕ ਜੇਲਖਾਨੀ ਨੇ ਆਪਣੇ ਹਾਵ-ਭਾਵ ਪ੍ਰਗਟਾਉਂਦਿਆਂ ਆਖਿਆ ਸੀ, “ਅਸੀਂ ਇਕ ਪਰਿਵਾਰਕ ਚੈਨਲ ਆਰੰਭ ਕਰਨ ਜਾ ਰਹੇ ਹਾਂ ਜਿਸ ਰਾਹੀਂ ਸਾਫ਼-ਸੁਥਰਾ ਮਨੋਰੰਜਨ ਮੁਹੱਈਆ ਕੀਤਾ ਜਾਵੇਗਾ। ਪੰਜਾਬ ਦੀਆਂ ਸਮਾਜਕ ਸਭਿਆਚਾਰਕ ਕਦਰਾਂ-ਕੀਮਤਾਂ ਦੀ ਤਰਜਮਾਨੀ ਕਰਦੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਣਗੇ। ਇਸ ਰਾਹੀਂ ਸਮੁੱਚੇ ਪੰਜਾਬ ਦੀ ਸਹੀ ਤਸਵੀਰ ਪੇਸ਼ ਕੀਤੀ ਜਾਵੇਗੀ। ਡੀ ਡੀ ਪੰਜਾਬੀ ਹਰੇਕ ਉਮਰ, ਹਰੇਕ ਵਰਗ ਦੇ ਦਰਸ਼ਕਾਂ ਲਈ ਹੋਵੇਗਾ। ਸਾਹਿਤ, ਸੰਗੀਤ, ਸਿਆਸਤ, ਖੇਤੀਬਾੜੀ, ਖੇਡਾਂ, ਦਿਹਾਤੀ ਜਨ-ਜੀਵਨ, ਖ਼ਬਰਾਂ, ਚਲੰਤ ਮਾਮਲੇ, ਟਾਕ-ਸ਼ੋਅ ਨਾਲ ਸੰਬੰਧਤ ਪ੍ਰੋਗਰਾਮ ਨਵੀਂ ਰੂਪ-ਰੇਖਾ ਨਾਲ ਪੇਸ਼ ਕੀਤੇ ਜਾਣਗੇ।”
ਅਜਿਹੇ ਵੱਡੇ ਵੱਡੇ ਦਾਅਵਿਆਂ ਉਪਰੰਤ ਜਦ ਡੀ ਡੀ ਪੰਜਾਬੀ ਆਰੰਭ ਹੋਇਆ ਤਾਂ ਕੁਝ ਦੇਰ ਪੁਰਾਣੇ ਪ੍ਰੋਗਰਾਮ ਪ੍ਰਸਾਰਿਤ ਕਰਨ ਬਾਅਦ ਜਦ ਨਵੇਂ ਨਿਵੇਕਲੇ ਪ੍ਰੋਗਰਾਮ ਦੀ ਤਿਆਰੀ ਵਿਚ ਜੁੱਟੇ ਨਿਰਮਾਤਾਵਾਂ ਨੇ ਪਟਾਰੀ ਦਾ ਮੂੰਹ ਖੋਲ੍ਹਿਆ ਤਾਂ ਦਰਸ਼ਕਾਂ ਦੇ ਚਿਹਰਿਆਂ ʼਤੇ ਹੈਰਾਨੀ ਅਤੇ ਖ਼ੁਸ਼ੀ ਦੇ ਮਿਲੇ ਜੁਲੇ ਭਾਵ ਸਨ। ਰੋਜ਼ ਸਵੇਰੇ, ਗੱਲਾਂ ਤੇ ਗੀਤ, ਖ਼ਾਸ ਖ਼ਬਰ ਇਕ ਨਜ਼ਰ, ਜੇ ਜਾਣਾ ਪ੍ਰਦੇਸ, ਤੀਰ ਨਿਸ਼ਾਨੇ ʼਤੇ, ਪਿੰਡਾਂ ਦੀ ਬਦਲਦੀ ਨੁਹਾਰ ਅਤੇ ਬੜਾ ਕੁਝ ਹੋਰ। ਜਿਵੇਂ ਜਿਵੇਂ ਇਹ ਪ੍ਰੋਗਰਾਮ ਪਰਦੇ ʼਤੇ ਆਉਂਦੇ ਗਏ ਚੈਨਲ ਦੀ ਟੀ ਆਰ ਪੀ ਵੱਧਦੀ ਗਈ।
ਦਹਾਕਿਆਂ ਤੱਕ ਡੀ ਡੀ ਪੰਜਾਬੀ ਨੇ ਇਹ ਪ੍ਰਭਾਵ, ਇਹ ਆਕਰਸ਼ਨ ਬਣਾਈ ਰੱਖਿਆ ਅਤੇ ਸਮੇਂ ਸਮੇਂ ਕੀਤੀਆਂ ਗਈਆਂ ਤਬਦੀਲੀਆਂ ਨੂੰ ਦਰਸ਼ਕਾਂ ਨੇ ਪਸੰਦ ਕੀਤਾ। ਦੁਨੀਆਂ ਵਿਚ ਜਿੱਥੇ ਜਿੱਥੇ ਵੀ ਪੰਜਾਬੀਆਂ ਦੀ ਵਸੋਂ ਹੈ ਉਥੇ ਉਥੇ ਇਹ ਚੈਨਲ ਵੇਖਿਆ ਜਾਣ ਲੱਗਾ। ਭਾਰਤ ਦੇ ਪ੍ਰਮੁੱਖ ਸ਼ਹਿਰਾਂ ਦੇ ਪੰਜਾਬੀ ਵੀ ਇਸ ਨਾਲ ਜੁੜਦੇ ਗਏ। ਇਹ ਡੀ ਡੀ ਪੰਜਾਬੀ ਦਾ ਗੋਲਡਨ ਪੀਰੀਅਡ ਸੀ। ਸਵੇਰ ਤੋਂ ਸ਼ਾਮ ਤੱਕ ਦੂਰਦਰਸ਼ਨ ਕੇਂਦਰ ਵਿਖੇ ਚਹਿਲ ਪਹਿਲ ਰਹਿੰਦੀ ਸੀ। ਹਰ ਕੋਈ ʼਗੱਲਾਂ ਤੇ ਗੀਤʼ ਅਤੇ ʼਖ਼ਾਸ ਖ਼ਬਰ ਇਕ ਨਜ਼ਰʼ ਵਿਚ ਸ਼ਾਮਲ ਹੋਣਾ ਚਾਹੁੰਦਾ ਸੀ।
ਪੰਜਾਬੀ ਮਾਨਸਿਕਤਾ ਅਤੇ ਸਮਾਜਕ ਮਾਨਵੀ ਸਰੋਕਾਰਾਂ ਨਾਲ ਜੁੜੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਸਨ। ਮਨੁੱਖ ਤੇ ਸਮਾਜ ਨੂੰ ਬਿਹਤਰ ਬਨਾਉਣ ਦੀ ਦਿਸ਼ਾ ਵਿਚ ਡੀ ਡੀ ਪੰਜਾਬੀ ਯਤਨਸ਼ੀਲ ਸੀ। ਆਡੀਓ ਵੀਡੀਓ ਦੇ ਸ਼ਕਤੀਸ਼ਾਲੀ ਸੁਮੇਲ ਸਦਕਾ ਪੰਜਾਬੀ ਜੀਵਨ, ਪੰਜਾਬੀ ਸਮਾਜ, ਪੰਜਾਬੀ ਸੰਗੀਤ ਨੂੰ ਉਸਾਰੂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ।
ʼਖ਼ਾਸ ਖ਼ਬਰ ਇਕ ਨਜ਼ਰ, ਗੱਲਾਂ ਤੇ ਗੀਤ, ਅੱਜ ਦਾ ਮਸਲਾ, ਪੰਜ ਵਜੇ ਲਾਈਵ, ਦੂਰਦਰਸ਼ਨ ਸੱਥ, ਅੰਤਾਕਸ਼ਰੀ, ਖੇਤੀਬਾੜੀʼ ਸੈਮੀਨਾਰਾਂ ਨੇ ਸੂਝਵਾਨ ਦਰਸ਼ਕਾਂ ਦੀ ਸੋਚ ਨੂੰ ਟੁੰਬਿਆ।
ਫਿਰ ਇਕ ਸਮਾਂ ਆਇਆ ਜਦ ਇਹ ਸਾਰਾ ਕੁਝ ਬਿਖਰ ਗਿਆ। ਇਕ ਥੜ੍ਹਾ ਸੀ ਜੋ ਢਹਿ ਗਿਆ। ਦਰਸ਼ਕ ਹੌਲੀ ਹੌਲੀ ਦੂਰ ਹੁੰਦੇ ਗਏ। ਮਿਆਰੀ ਪ੍ਰੋਗਰਾਮ ਬੰਦ ਹੋਣ ਲੱਗੇ। ਰੂਪ-ਰੇਖਾ ਬਦਲਣ ਲੱਗੀ। ਦਰਸ਼ਕਾਂ ਦੀ ਦਿਲਚਸਪੀ ਘੱਟਦੀ ਗਈ। ਦਰਸ਼ਕ ਚੈਨਲ ਨਹੀਂ ਚੁਣਦੇ, ਦਰਸ਼ਕ ਪ੍ਰੋਗਰਾਮ ਚੁਣਦੇ ਹਨ। ਪ੍ਰੋਗਰਾਮਾਂ ਦੇ ਸਿਰ ʼਤੇ ਚੈਨਲ ਚੱਲਦਾ ਹੈ।
ਡਾ. ਓਮ ਗੌਰੀ ਦੱਤ ਸ਼ਰਮਾ ਤੱਕ ਚੈਨਲ ਨੇ, ਪ੍ਰੋਗਰਾਮਾਂ ਨੇ ਆਪਣੀ ਪਕੜ ਬਣਾਈ ਰੱਖੀ ਕਿਉਂ ਕਿ ਉਹ ਬਹੁਤ ਮਿਹਨਤ ਕਰਦੇ ਸਨ, ਬਹੁਤ ਦਿਲਚਸਪੀ ਲੈਂਦੇ ਸਨ।
ਹੁਣ ਇਕ ਵਾਰ ਫਿਰ ਡੀ ਡੀ ਪੰਜਾਬੀ ਨੂੰ ਲੀਹ ʼਤੇ ਲਿਆਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਸ੍ਰੀ ਕੇਵਲ ਕ੍ਰਿਸ਼ਨ ਪ੍ਰੋਗਰਾਮ ਮੁਖੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ। ਉਸੇ ਮਿਹਨਤ ਤੇ ਦਿਲਚਸਪੀ ਦਾ ਨਤੀਜਾ ਹੈ ਕਿ ਡੀ ਡੀ ਪੰਜਾਬੀ ਦੂਰਦਰਸ਼ਨ ਦੇ ਸਾਰੇ ਖੇਤਰੀ ਚੈਨਲਾਂ ਵਿਚੋਂ ਲਗਾਤਾਰ ਪਹਿਲੇ ਸਥਾਨ ʼਤੇ ਆ ਰਿਹਾ ਹੈ ਅਤੇ ਪੰਜਾਬੀ ਚੈਨਲਾਂ ਵਿਚੋਂ ਦਰਸ਼ਕ-ਗਿਣਤੀ ਪੱਖੋਂ ਦੂਸਰੇ ਜਾਂ ਤੀਸਰੇ ਸਥਾਨ ʼਤੇ ਰਹਿੰਦਾ ਹੈ।
ਡੀ ਡੀ ਪੰਜਾਬੀ ਦੀ ਸਿਲਵਰ ਜੁਬਲੀ ਮੌਕੇ ਸ੍ਰੀ ਕੇਵਲ ਕ੍ਰਿਸ਼ਨ, ਸ਼੍ਰੀ ਆਰ ਕੇ ਜਾਰੰਗਲ, ਸ਼੍ਰੀ ਸੁਖਵਿੰਦਰ ਕੁਮਾਰ ਸ੍ਰੀ ਦਿਲਬਾਗ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ʼਜਸ਼ਨ ਦੀ ਰਾਤʼ ਅਤੇ ʼਸਫ਼ਰ ਦੇ ਹਮਸਫ਼ਰʼ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤੇ ਗਏ। ਇਹ ਇਕ ਸ਼ਲਾਘਾਯੋਗ ਉਪਰਾਲਾ ਸੀ।
ਉਮੀਦ ਕਰਦੇ ਹਾਂ ਮੌਜੂਦਾ ਪ੍ਰੋਗਰਾਮ ਮੁਖੀ ਦੀ ਅਗਵਾਈ ਵਿਚ ਡੀ ਡੀ ਪੰਜਾਬੀ ਨੂੰ ਦਰਸ਼ਕਾਂ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ।