ਬ੍ਰਿਸਬੇਨ ਵਿਖੇ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਪੱਤਰਕਾਰਾਂ ਨਾਲ ਰੂਬਰੂ

ਬ੍ਰਿਸਬੇਨ ਵਿਖੇ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਪੱਤਰਕਾਰਾਂ ਨਾਲ ਰੂਬਰੂ

ਪੰਜਾਬੀ ਪ੍ਰਵਾਸੀਆਂ ਨੂੰ ਸੂਬੇ ਦੇ ਵਿਕਾਸ ਲਈ ਅੱਗੇ ਆਉਣ ਦੀ ਅਪੀਲ

(ਹਰਜੀਤ ਲਸਾੜਾ, ਬ੍ਰਿਸਬੇਨ, 31 ਜੁਲਾਈ) ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਪ੍ਰਤਾਪ ਸਿੰਘ ਬਾਜਵਾ, ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਪੱਤਰਕਾਰ ਭਾਈਚਾਰੇ ਨਾਲ ਇੱਕ ਵਿਸ਼ੇਸ਼ ਸਮਾਗਮ ਦੌਰਾਨ ਰੂਬਰੂ ਹੋਏ ਅਤੇ ਖੁੱਲ੍ਹੀਆਂ ਵਿਚਾਰਾਂ ਕੀਤੀਆਂ। ਉਹਨਾਂ ਸੂਬੇ ਦੀ ਰਾਜਨੀਤੀ, ਨੌਜਵਾਨੀ ਦੇ ਭਵਿੱਖ, ਨਸ਼ਾ, ਬੇਰੁਜ਼ਗਾਰੀ, ਖੇਤੀ ਸੰਘਰਸ਼, ਕਾਨੂੰਨ-ਵਿਵਸਥਾ ਅਤੇ ਆਰਥਿਕ ਮੰਦਹਾਲੀ ਨੂੰ ਪੰਜਾਬ ਲਈ ਵੱਡੀਆਂ ਚੁਣੌਤੀਆਂ ਦੱਸਦਿਆਂ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਸਬੰਧੀ ਸਵਾਲਾਂ ਦੇ ਜਵਾਬ ਵੀ ਦਿੱਤੇ। ਉਹਨਾਂ ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ ’ਤੇ ਚਾਨਣਾ ਪਾਉਂਦਿਆਂ ਸੂਬਾ ਸਰਕਾਰ ਦੀਆਂ ਕੁਝ ਮਾਰੂ ਨੀਤੀਆਂ ’ਤੇ ਸਵਾਲ ਚੁੱਕੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਆਪਣੀ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਇਆ। ਉਹਨਾਂ ਨੇ ਕਿਹਾ, “ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਸੂਬੇ ਦੀ ਖੁਸ਼ਹਾਲੀ ਸਾਡੀ ਪਹਿਲ ਹੈ।

ਅਸੀਂ ਸਰਕਾਰ ਨੂੰ ਜਵਾਬਦੇਹ ਬਣਾਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਠਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਾਂ।” ਉਹਨਾਂ ਦੱਸਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਲੋਕਾਂ ਦੀਆਂ ਅਸਲ ਲੋੜਾਂ ਪੂਰੀਆਂ ਕਰਨ ‘ਚ ਅਸਫ਼ਲ ਰਹੀ ਹੈ। ਉਹਨਾਂ ਸਮੂਹ ਪ੍ਰਵਾਸੀ ਪੰਜਾਬੀਆਂ ਨੂੰ ਸੂਬੇ ਦੀ ਸਿਆਸਤ ਅਤੇ ਸਮਾਜਿਕ ਮਸਲਿਆਂ ਨਾਲ ਜੁੜੇ ਰਹਿਣ ਦੀ ਅਪੀਲ ਵੀ ਕੀਤੀ। ਇਹ ਸਮਾਗਮ ਪੰਜਾਬੀ ਭਾਈਚਾਰੇ ਅਤੇ ਸਥਾਨਕ ਪੱਤਰਕਾਰਾਂ ਵਿਚਕਾਰ ਸੰਵਾਦ ਦਾ ਇੱਕ ਅਹਿਮ ਮੌਕਾ ਸਾਬਤ ਹੋਇਆ, ਜਿਸ ਨੇ ਪੰਜਾਬ ਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ’ਤੇ ਸਾਰਥਕ ਚਰਚਾ ਨੂੰ ਉਤਸ਼ਾਹਿਤ ਕੀਤਾ।