ਪਿੰਡ, ਪੰਜਾਬ ਦੀ ਚਿੱਠੀ (258)

ਪਿੰਡ, ਪੰਜਾਬ ਦੀ ਚਿੱਠੀ (258)

ਸਾਉਣ ਦੀ, ਸਤ ਸ਼੍ਰੀ ਅਕਾਲ ਜੀ, ਅਸੀਂ ਖੁਸ਼ ਹਾਂ ਇੱਥੇ, ਤੁਹਾਡੀ ਰਾਜ਼ੀ-ਖੁਸ਼ੀ, ਪ੍ਰਮਾਤਮਾ ਪਾਸੋਂ ਸਦਾ ਨੇਕ ਚਾਹੁੰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਭਰਵੀਂ ਬਾਰਸ਼ ਮਗਰੋਂ, ਬਿੰਡਿਆਂ ਦੀ ਚਿਕ-ਚਿਕ ਵਿੱਚ, ਸੀਰੇ ਕੇ, ਸਫੈਦਿਆਂ ਵਾਲੀ ਸਾਈਡ ਵੱਲ, ਗਿੱਲ-ਸੁੱਕੇ ਬੈਂਚ ਉੱਤੇ, ਰਾਂਦੀਆਂ ਦਾ ਹੰਸੂ, ਜੱਗੀ ਅਤੇ ਮੂਲਾ ਰਾਮ, ਮੀਂਹ ਦੀ ਵਾਰਤਾ `ਚ ਰੁੱਝੇ ਸਨ। ਨਿਆਂਈਂ ਆਲੇ ਪਾਸਿਓਂ, ਸ਼ੇਰੂ ਹੁੱਬ ਕੇ ਗਾਂਉਂਦਾ ਆਇਆ, “ਏਥੋਂ ਕੁੱਲ ਪਰਿੰਦੇ ਉੱਡ ਗਏ….. ਕਰਨ ਅੱਜ ਕੱਲ ਜਾਣ ਦੇ, ਰੁੱਖ-ਬਿਰਖ ਵੀ ਮਸ਼ਵਰੇ…..” ਚੁੱਪ ਹੋਇਆ ਤਾਂ ਹੰਸੂ ਨੇ ਪੁੱਛਿਆ, “ਕਿਹੜੇ ਪਰਿੰਦੇ ਉਡਾਈ ਜਾਨੈਂ ਮੀਂਹ `ਚ ਸ਼ੇਰੂ ਤੜਕੇ-ਤੜਕੇ?” “ਮੀਂਹ ਤਾਂ ਚੰਗਾ ਪੈ ਗਿਐ ਤੇ ਉੱਡਣ ਦੀ ਗੱਲ ਦਾ ਥੋਨੂੰ ਵੀ ਪਤੈ!” “ਓਹ ਕਿਹੜੀ?” ਜੱਗੀ ਨੂੰ ਉੱਚੜਪੈੜੀ ਲੱਗੀ। “ਮੇਰੇ ਇੱਕ ਮੋਗੇ ਆਲੇ ਬੇਲੀ ਦਾ ਫੋਨ ਆਇਆ ਬਾਹਰੋਂ ਐਨਾਂ ਲੰਮਾਂ-ਮੁੱਕਦੀ ਗੱਲ, ਉਹਨੇ ਆਪਣੇ ਵੱਡੇ ਟੱਬਰ ਅਤੇ ਸਹੁਰਿਆਂ ਦੀ ਲੰਮੀ ਲਿਸਟ ਸੁਣਾਤੀ- ਕੁੜੀ ਕੈਨਬਰਾ ਆ, ਮੁੰਡਾ ਸਰੀ, ਭਤੀਜੇ ਬਰਮਿੰਘਮ ਆ, ਸਾਲਾ ਨਿਊ ਜਰਸੀ, ਸਾਢੂ ਟੋਰਾਂਟੋ ਅਤੇ ਭੂਆ ਕੇ ਆਕਲੈਂਡ।” ਸ਼ੇਰੂ ਨੇ ਬਾਂਹ ਲੰਮੀ ਕਰਕੇ, ਸਾਰੀ ਦੁਨੀਆਂ ਘੁਮਾਤੀ। “ਹੁਣ ਤਾਂ ਏਹ ਵੇਖੋ, ਐਥੇ ਕਿਹੜਾ ਰਹਿ ਗਿਆ? ਆਪਣੀ ਗਲੀ `ਚ ਨਿਗਾਹ ਮਾਰ ਲੈ, ਚਮਕੌਰ ਕਨੇਡੇ ਆ, ਪਰਲਾ ਅਜਮੇਰ ਮੈਲਬੌਰਨ, ਪਾਲ ਅਮਰੀਕਾ ਅਤੇ ਮੰਦਰ ਕੇ ਤਸਮਾਨੀਆ, ਆਹ ਜੱਗੀ ਨੇ ਵੀ ਅਗਲੇ ਮਹੀਨੇ ਲੰਡਨ, ਹੀਥਰੋ `ਤੇ ਜਾ ਉੱਤਰਨੈਂ”, ਮੂਲਾ ਰਾਮ ਪਟਵਾਰੀ ਨੇ ਮਰਦਮਸ਼ੁਮਾਰੀ ਕਰਤੀ। “ਗੱਲ ਤਾਂ ਯਾਰ ਅਜੀਬ ਜੀ ਐ, ਫਿਕਰ ਆਲੀ ਵੀ, ਤਾਂਹੀਉਂ ਕੱਲ੍ਹ ਮਿਲਖੀ ਆੜ੍ਹਤੀਆ ਦੱਸਦਾ ਸੀ ਬਈ ਹੁਣ ਸ਼ਹਿਰਾਂ ਤੋਂ ਵੀ ਆੜ੍ਹਤੀਆਂ, ਟਰਾਂਸਪੋਟਰਾਂ, ਵਪਾਰੀਆਂ ਅਤੇ ਦੁਕਾਨਦਾਰਾਂ ਦੇ ਬੱਚੇ ਧੜਾ-ਧੜ ਜਾ ਰਹੇ ਹਨ ਬਾਹਰ। ਕੈਨੇਡਾ ਸਖ਼ਤ ਹੋਣ ਕਰਕੇ ਹੁਣ ਪੁਰਤਗਾਲ, ਸਪੇਨ, ਸ਼ਨੇਗਨ, ਦੁ੍ਬਈ ਅਤੇ ਚਿੱਲੀ ਵੱਲ ਚੱਲ ਪਏ ਹਨ। ਰੱਬ ਹੀ ਰਾਖਾ ਪੰਜਾਬ ਦਾ।” ਬੜੇ ਫ਼ਿਕਰ `ਚ ਗੱਲ ਦੱਸਦਿਆਂ ਕੋਲ ਆ ਕੇ ਖੜ੍ਹੇ, ਕੈਪਟਨ ਮੀਤੇ ਨੇ ਗੱਲ ਪੂਰੀ ਕੀਤੀ। “ਦੇਖੋ ਭਾਈ, ਅਸੀਂ ਸਾਰੇ ਆਵਦੇ ਨਿੱਕੇ-ਨਿੱਕੇ ਲਾਲਚਾਂ ਕਰਕੇ, ਫੈਸਲੇ ਲੈਂਦੇ ਹਾਂ। ਪੰਜਾਬ ਦੀ ਗੱਲ ਬਾਅਦ `ਚ ਸੋਚਦੇ ਹਾਂ, ਮੈਨੂੰ ਆਂਏਂ ਦੱਸ ਕੈਪਟਨ, ਬਈ ਤੁਸੀਂ ਪੜ੍ਹ ਕੇ ਸ਼ਹਿਰ ਨਹੀ਼ ਗਏ? ਥੋਡੇ ਜਵਾਕ ਬਾਹਰ। ਸਾਰਿਆਂ ਨੇ ਘਰ, ਲੋਕਲ ਬੰਦਿਆਂ ਦੀ ਥਾਂ ਪ੍ਰਵਾਸੀਆਂ ਨੂੰ ਦੇ-ਤੇ ਮੁਫਤੋ-ਮੁਫਤੀ। ਜ਼ਮੀਨ ਉੱਤੇ ਵੀ ਬਾਹਰਲੇ। ਪਿੰਡ-ਸ਼ਹਿਰ ਖਾਲੀ। ਹੁਣ ਤਾਂ ਮੇਰੇ ਅਰਗੇ ਕੱਲੇ ਦੇ ਮਰਨ ਦੀ ਖ਼ਬਰ ਵੀ ਅਖਬਾਰ ਵੰਡਣ ਵਾਲਾ ਹੀ ਦੇਊਗਾ।” ਏਨੀਂ ਡੂੰਘੀ ਗੱਲ ਆਖ ਸ਼ੇਰੂ ਗਾਂਉਂਦਾ ਤੁਰ ਗਿਆ….. “ਬਿਰਖ ਜਾਣ ਦੇ ਮਸ਼ਵਰੇ।” ਸਾਰਿਆਂ ਨੇ ਨੀਵੀਂ ਪਾ ਕੇ ਅੱਖਾਂ ਮੀਚੀਆਂ ਤਾਂ- ਭਵਿੱਖ `ਚ ਪੰਜਾਬ ਦਾ ਬਦਲਿਆ ਨਕਸ਼ਾ ਵੇਖ, `ਕੇਰਾਂ ਤਾਂ ਭੁਆਂਟਣੀ ਖਾ ਗਏ।

ਹੋਰ, ਅਫਸਰ ਬਣੇ ਪੈਰਿਸਦੀਪ ਸਿੰਘ ਦਾ ਪੰਚੈਤ ਨੇ ਸਨਮਾਨ ਕਰ ਦਿੱਤਾ ਹੈ। ਲੈਂਡ-ਪੂਲਿੰਗ ਅਤੇ ਲੈਗ ਪੁਲਿੰਗ ਦੇ ਚਰਚੇ ਹਨ। ਲੱਖਾ, ਗੋਰਾ, ਰਾਜੂ, ਕਾਕਾ, ਬੱਬੀ ਠੀਕ ਹਨ। ਕਿਸਾਨੀ ਦਾ ਕੰਮ ਔਖਾ ਅਤੇ ਟੇਢਾ ਹੈ। ਫ਼ੋਨ, ਅੱਖਾਂ ਅਤੇ ਡਾਕਟਰ ਤੇਜ ਹਨ। ਕਾਰ, ਕਰਜਾ, ਕਿਣ-ਮਿਣ, ਕਿਚ-ਕਿਚ, ਵਧੇ ਹਨ। ਪੇਂਡੂ ਸ਼ਬਦ- ਸਲਾਹੁਤ, ਬੀਂਬੜ, ਖੁਰਚਨੀ-ਜੀ, ਸੀਂਢਲ, ਸੰਗਾਲੂ, ਡੂੰਘਾਣ, ਕਾਚੂ, ਵਾਕਾ, ਪਲਮਣਾ, ਕਸੋਭਲਾ, ਲਟਰਮ-ਪਟਰਮ, ਲੱਲੋ-ਪੱਤੋ, ਲੱਲੀ-ਛੱਲੀ, ਸਾਵਤਾ, ਟੀਂ-ਬੋਲਣੀ, ਪੀਪਣੀ ਵੱਜ ਗਈ।
ਚੰਗਾ, ਹੌਂਸਲਾ ਰੱਖੋ, ਮਿਲਾਂਗੇ, ਅਗਲੇ ਐਤਵਾਰ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061