
ਬਠਿੰਡਾ, 8 ਜੁਲਾਈ, ਬਲਵਿੰਦਰ ਸਿੰਘ ਭੁੱਲਰ
ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੀ ਮੀਟਿੰਗ ਇੱਕ ਨਵੀਂ ਤਕਨੀਕ ‘ਆਰਟੀਫਿਸਲ ਇੰਟੈਲੀਜੈਂਸ’ ਤੇ ਚਰਚਾ ਕਰਨ ਲਈ ਸੈਮੀਨਾਰ ਦਾ ਰੂਪ ਧਾਰ ਗਈ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਮੈਗਜੀਨ ਤਰਕਸ਼ੀਲ ਦੇ ਸੰਪਾਦਕ ਸ੍ਰੀ ਰਾਜਪਾਲ, ਪੰਜਾਬੀ ਸਾਹਿਤ ਸਭਾ ਦੇ ਸ੍ਰਪਰਸਤ ਸ੍ਰੀ ਗੁਰਦੇਵ ਖੋਖਰ, ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਅਤੇ ਤਰਕਸ਼ੀਲ ਆਗੂ ਭੂਰਾ ਸਿੰਘ ਮਹਿਮਾ ਸਰਜਾ ਸ਼ਾਮਲ ਸਨ।
ਸੁਰੂਆਤ ’ਚ ਸਭਾ ਦੇ ਮੀਤ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਭੁੱਲਰ ਨੇ ਸਭਨਾਂ ਨੂੰ ਜੀ ਆਇਆਂ ਕਿਹਾ। ਇਸ ਉਪਰੰਤ ਵਿਸ਼ੇ ਨਾਲ ਸਬੰਧਤ ਇੱਕ ਕਵਿਤਾ ਸ੍ਰੀ ਰਣਜੀਤ ਗੌਰਵ ਨੇ ਪੜੀ ਅਤੇ ਦੋ ਕਹਾਣੀਆਂ ਸ੍ਰੀ ਮਾਨਖੇੜਾ ਨੇ ਪੇਸ਼ ਕੀਤੀਆਂ, ਜਿਹਨਾਂ ਚੋਂ ਇੱਕ ‘ਲਾਜਵੰਤੀ ਦਾ ਬੂਟਾ’ ਉਹਨਾਂ ਖ਼ੁਦ ਲਿਖੀ ਸੀ ਅਤੇ ਉਸੇ ਵਿਸ਼ੇ ਤੇ ਇੱਕ ਕਹਾਣੀ ‘ਤੁਲਸੀ ਦਾ ਬੂਟਾ’ ਇੰਟਰਨੈੱਟ ਦੀ ਐਪ ਗਰੋਕ ਦੁਆਰਾ ਲਿਖੀ ਗਈ ਸੀ। ਕਹਾਣੀਆਂ ਦੇ ਆਧਾਰ ਤੇ ਚਰਚਾ ਸੁਰੂ ਕਰਦਿਆਂ ਸ੍ਰੀ ਰਾਜਪਾਲ ਨੇ ਕਿਹਾ ਕਿ ਮਨੁੱਖ ਦੇ ਦਿਮਾਗ ਵਿੱਚ ਹਰ ਸਮੇਂ ਪੈਣ ਵਾਲੇ ਪ੍ਰਭਾਵ ਕਾਰਨ ਕੁੱਝ ਨਾ ਕੁੱਝ ਜਮਾਂ ਹੁੰਦਾ ਰਹਿੰਦਾ ਹੈ ਅਤੇ ਲੋੜ ਪੈਣ ਤੇ ਉਸਨੂੰ ਵਰਤਿਆ ਜਾ ਸਕਦਾ ਹੈ। ਨੈੱਟ ਭਾਵੇ ਉਸ ਵਿੱਚ ਜਮਾਂ ਗਿਆਨ ਚੋਂ ਪੁੱਛੇ ਸੁਆਲ ਦਾ ਤੱਤ ਕੱਢ ਕੇ ਜਵਾਬ ਦੇ ਦਿੰਦਾ ਹੈ, ਪਰੰਤੂ ਉਹ ਮਨੁੱਖ ਵੱਲੋਂ ਜਮਾਂ ਕੀਤੇ ਗਿਆਨ ਚੋਂ ਹੀ ਪੇਸ਼ ਕਰਦਾ ਹੈ। ਭਾਵ ਜੋ ਉਸ ਕੋਲ ਪਿਆ ਹੈ, ਉਸ ਵਿੱਚੋਂ ਹੀ ਕੁੱਝ ਲੱਭਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਸਾਹਿਤਕ ਪੱਖੋਂ ਵੇਖਿਆ ਜਾਵੇ ਨੈੱਟ ਵਿਸ਼ਲੇਸਣ ਤਾਂ ਕਰ ਦਿੰਦਾ ਹੈ, ਪਰੰਤੂ ਉਸਦੀ ਰਚਨਾ ਵਿੱਚ ਸਿਰਜਨਾਤਮਤਾ ਨਹੀਂ ਹੁੰਦੀ। ਉਹਨਾਂ ਕਿਹਾ ਕਿ ਆਰਟੀਫਿਸਲ ਇੰਟੈਲੀਜੈਂਸ ਦੇ ਭਾਵੇਂ ਕੁੱਝ ਨੁਕਸਾਨ ਵੀ ਹੋ ਸਕਦੇ ਹਨ, ਪਰ ਵਿਗਿਆਨ ਤੇ ਸਾਹਿਤ ਲਈ ਇਸ ਵਿੱਚ ਸ਼ਾਮਲ ਹੋਣਾ ਹੀ ਪਵੇਗਾ।
ਚਰਚਾ ’ਚ ਭਾਗ ਲੈਂਦਿਆਂ ਡਾ: ਪਰਮਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਇਹ ਵੀ ਮਹੱਤਵਪੂਰਨ ਹੈ ਕਿ ਤਕਨੀਕ ਕੌਣ ਬਣਾਉਂਦਾ ਹੈ ਤੇ ਉਸਤੇ ਕਿਸ ਦਾ ਕੰਟਰੌਲ ਹੈ। ਸਮਾਜਿਕ ਜੁਮੇਵਾਰੀ ਲਈ ਸਾਹਿਤਕਾਰਾਂ ਨੂੰ ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ। ਸ੍ਰੀ ਰਣਧੀਰ ਗਿੱਲਪੱਤੀ ਨੇ ਕਿਹਾ ਕਿ ਆਉਣ ਵਾਲੀਆਂ ਜੰਗਾਂ ਵੀ ਏ ਆਈ ਤਹਿਤ ਹੋਣਗੀਆਂ, ਫੌਜਾਂ ਵੱਲੋਂ ਅੱਗੇ ਵਧਣ ਜਾਂ ਪਿੱਛੇ ਹਟਣ ਬਾਰੇ ਸੋਚਣ ਦੀ ਵੀ ਲੋੜ ਨਹੀਂ ਰਹਿਣੀ। ਸ੍ਰੀ ਬਲਰਾਜ ਮੌੜ ਨੇ ਕਿਹਾ ਕਿ ਏ ਆਰ ਸਦਕਾ ਮਸ਼ੀਨਾਂ ਕੰਮ ਕਰ ਰਹੀਆਂ ਹਨ, ਜਿਸ ਸਦਕਾ ਲੱਖਾਂ ਕਾਮੇ ਬੇਕਾਰ ਹੋ ਗਏ ਹਨ। ਉਹਨਾਂ ਕਿਹਾ ਕਿ ਇਸ ਵਿਧੀ ਨਾਲ ਸਿੱਖਿਆ ਤੇ ਹਮਲਾ ਹੋਣ ਦਾ ਖ਼ਦਸ਼ਾ ਵੀ ਪ੍ਰਗਟ ਹੋ ਗਿਆ ਹੈ।
ਸਭਾ ਦੇ ਸ੍ਰਪਰਸਤ ਸ੍ਰੀ ਗੁਰਦੇਵ ਖੋਖਰ ਨੇ ਕਿਹਾ ਕਿ ਇਸ ਮੁੱਲਵਾਨ ਮੁੱਦੇ ਤੇ ਚਰਚਾ ਕਰਨੀ ਸਮੇਂ ਦੀ ਲੋੜ ਹੈ। ਇਸ ਤਕਨੀਕ ਨੂੰ ਚੰਦ ਕੁ ਬੰਦੇ ਹੀ ਵਰਤ ਰਹੇ ਹਨ ਅਤੇ ਇਸਦਾ ਲਾਹਾ ਲੈ ਰਹੇ ਹਨ। ਚਰਚਾ ਵਿੱਚ ਸ੍ਰੀ ਪਿ੍ਰਤਪਾਲ ਸਿੰਘ ਤੇ ਰਮੇਸ ਕੁਮਾਰ ਗਰਗ ਨੇ ਵੀ ਭਾਗ ਲਿਆ। ਸ੍ਰੀ ਰਾਜਪਾਲ ਨੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਗੋਸਟੀਆਂ ਦਾ ਕੰਮ ਸੁਚੇਤ ਕਰਨਾ ਹੈ ਕਿ ਗਲਤ ਰਸਤੇ ਤੋਂ ਕਿਵੇਂ ਬਚਣਾ ਹੈ। ਇਹ ਵੀ ਮਹੱਤਵਪੂਰਨ ਹੈ ਤਕਨੀਕ ਲੋਕ ਪੱਖੀ ਹੱਥਾਂ ਵਿੱਚ ਹੈ ਜਾਂ ਮੁਨਾਫ਼ੇਖੋਰਾਂ ਦੇ ਹੱਥਾਂ ਵਿੱਚ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ੍ਰੀ ਭੂਰਾ ਸਿੰਘ ਮਹਿਮਾ ਸਰਜਾ ਨੇ ਕਿਹਾ ਕਿ ਹਰ ਨਵੀਂ ਤਕਨੀਕ ਦਾ ਵਿਰੋਧ ਵੀ ਹੁੰਦਾ ਹੀ ਹੈ। ਇਸ ਨਵੀਂ ਤੇ ਅਹਿਮ ਤਕਨੀਕ ਬਾਰੇ ਜੁੜ ਬੈਠ ਕੇ ਚਰਚਾ ਕਰਨੀ ਚਾਹੀਦੀ ਹੈ। ਇਸਦੀ ਸੁਰੂਆਤ ਪੰਜਾਬੀ ਸਾਹਿਤ ਸਭਾ ਬਠਿੰਡਾ ਨੇ ਕੀਤੀ ਹੈ, ਜੋ ਸਲਾਘਾਯੋਗ ਕਦਮ ਹੈ। ਅੰਤ ਵਿੱਚ ਧੰਨਵਾਦ ਕਰਦਿਆਂ ਸ੍ਰੀ ਦਮਜੀਤ ਦਰਸਨ ਨੇ ਕਿਹਾ ਕਿ ਇਸ ਤਕਨੀਕ ਤੋਂ ਭੈਭੀਤ ਹੋਣ ਦੀ ਲੋੜ ਨਹੀਂ, ਸਗੋਂ ਮੁਕਾਬਲਾ ਕਰਨਾ ਚਾਹੀਦਾ ਹੈ। ਇਸ ਨਾਲ ਬਹੁਤ ਸਮੱਸਿਆਵਾਂ ਪੈਦਾ ਵੀ ਹੋ ਸਕਦੀਆਂ ਹਨ ਅਤੇ ਬਹੁਤ ਸਾਰੀਆਂ ਹੱਲ ਵੀ ਹੋਣਗੀਆਂ। ਸਭਾ ਦੇ ਜਨਰਲ ਸਕੱਤਰ ਸ੍ਰੀ ਰਣਜੀਤ ਗੌਰਵ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।