
ਨਿਊਯਾਰਕ, 8 ਜੁਲਾਈ ( ਰਾਜ ਗੋਗਨਾ )- ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਅਮਰੀਕਾ ਦੇ ਪ੍ਰਸਿੱਧ ਇਮੀਗ੍ਰੇਸ਼ਨ ਅਟਾਰਨੀ ਸ. ਜਸਪ੍ਰੀਤ ਸਿੰਘ ਨੂੰ ‘ਪ੍ਰੋਫੈਸਰ ਆਫ ਇਮੀਨੈਂਸ’ ਦੇ ਰੂਪ ਵਿੱਚ ਨਿਯੁਕਤ ਕਰਕੇ ਅਕਾਦਮਿਕ ਖੇਤਰ ਵਿੱਚ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਇਸ ਨਿਯੁਕਤੀ ਨਾਲ ਯੂਨੀਵਰਸਿਟੀ ਦੀ ਅੰਤਰਰਾਸ਼ਟਰੀ ਪਹੁੰਚ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੇ ਮਾਹਿਰਾਂ ਨਾਲ ਸਿੱਖਣ ਦਾ ਮੌਕਾ ਪ੍ਰਾਪਤ ਹੋਵੇਗਾ।ਸ. ਜਸਪ੍ਰੀਤ ਸਿੰਘ, ਜੋ ਅਮਰੀਕਾ ਵਿੱਚ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਕਾਨੂੰਨ ਦੇ ਮਾਹਿਰ ਹਨ, ਨੂੰ ਯੂਨੀਵਰਸਿਟੀ ਦੇ ਕਾਨੂੰਨੀ ਸਿੱਖਿਆ ਅਤੇ ਅੰਤਰਰਾਸ਼ਟਰੀ ਕਾਨੂੰਨ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਲਈ ਚੁਣਿਆ ਗਿਆ ਹੈ। ਉਹ ਨਿਊਯਾਰਕ, ਕੈਲੀਫੋਰਨੀਆ, ਨਿਊਜਰਸੀ ਅਤੇ ਮੈਰੀਲੈਂਡ ਵਿੱਚ ਆਪਣੀ ਕਾਨੂੰਨੀ ਫਰਮ ਸਫਲਤਾਪੂਰਵਕ ਚਲਾ ਰਹੇ ਹਨ ਅਤੇ ਪਿਛਲੇ ਦੋ ਦਹਾਕਿਆਂ ਵਿੱਚ 10,000 ਤੋਂ ਵੱਧ ਇਮੀਗ੍ਰੇਸ਼ਨ, ਅਸਾਈਲਮ ਅਤੇ ਡਿਪੋਰਟੇਸ਼ਨ ਮਾਮਲਿਆਂ ਨੂੰ ਸੰਭਾਲ ਚੁੱਕੇ ਹਨ। ਉਨ੍ਹਾਂ ਦੀ ਸਮਾਜਿਕ ਨਿਆਂ ਪ੍ਰਤੀ ਵਚਨਬੱਧਤਾ, ਖਾਸ ਤੌਰ ‘ਤੇ ਘੱਟ ਆਮਦਨੀ ਵਾਲੇ ਅਤੇ ਬਜ਼ੁਰਗ ਪ੍ਰਵਾਸੀਆਂ ਲਈ ਮੁਫਤ ਕਾਨੂੰਨੀ ਸਹਾਇਤਾ, ਨੇ ਉਨ੍ਹਾਂ ਨੂੰ ਅਮਰੀਕਾ ਦੇ ਸਿੱਖ ਭਾਈਚਾਰੇ ਵਿੱਚ ਵਿਸ਼ੇਸ਼ ਸਥਾਨ ਦਿਵਾਇਆ ਹੈ।
ਇਹ ਨਿਯੁਕਤੀ ਯੂਨੀਵਰਸਿਟੀ ਦੀ ਵਿਸ਼ੇਸ਼ ਕਾਨੂੰਨੀ ਮਾਹਿਰਾਂ ਦੀ ਕਮੇਟੀ ਦੀ ਸਿਫਾਰਸ਼ ‘ਤੇ ਕੀਤੀ ਗਈ, ਜਿਸ ਵਿੱਚ ਡਾ. ਭੀਮ ਰਾਓ ਅੰਬੇਡਕਰ ਰਾਸ਼ਟਰੀ ਕਾਨੂੰਨ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਦਵਿੰਦਰ ਸਿੰਘ, ਜੇ. ਸੀ. ਬੋਸ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਅਜੈ ਰੰਗਾ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਚੇਅਰਮੈਨ ਪ੍ਰੋ. ਰਤਨ ਸਿੰਘ ਸ਼ਾਮਲ ਸਨ। ਕਮੇਟੀ ਦੀ ਬੈਠਕ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸ. ਜਸਪ੍ਰੀਤ ਸਿੰਘ ਦੀ ਵਿਲੱਖਣ ਯੋਗਤਾ ਅਤੇ ਸਮਾਜ ਸੇਵਾ ਨੂੰ ਮੁੱਖ ਅਧਾਰ ਮੰਨਿਆ ਗਿਆ।ਸ. ਜਸਪ੍ਰੀਤ ਸਿੰਘ ਨੇ ਯੂਨੀਵਰਸਿਟੀ ਨਾਲ ਸਮਝੌਤੇ ਅਧੀਨ ” ਸਿੱਖ ਸਟਡੀਜ਼ ਚੇਅਰ” ਸਥਾਪਤ ਕਰਨ ਲਈ 3.5 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਹੈ। ਇਸ ਚੇਅਰ ਦਾ ਉਦੇਸ਼ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਸਮਾਨਤਾ ਅਤੇ ਮਨੁੱਖਤਾ ਦੀ ਏਕਤਾ ਨੂੰ ਅਕਾਦਮਿਕ ਖੋਜ ਰਾਹੀਂ ਵਿਸ਼ਵ ਭਰ ਵਿੱਚ ਪ੍ਰਸਾਰਿਤ ਕਰਨਾ ਹੈ।ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਕਿਹਾ, “ਸ. ਜਸਪ੍ਰੀਤ ਸਿੰਘ ਦੀ ਨਿਯੁਕਤੀ ਸਾਡੇ ਅਦਾਰੇ ਦੀ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗੀ। ਇਸ ਨਾਲ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਕਾਨੂੰਨੀ ਚੁਣੌਤੀਆਂ ਨੂੰ ਸਮਝਣ ਦਾ ਮੌਕਾ ਮਿਲੇਗਾ।