
(ਹਰਜੀਤ ਲਸਾੜਾ, ਬ੍ਰਿਸਬੇਨ 7 ਜੁਲਾਈ) ਆਸਟ੍ਰੇਲੀਆ ਪੰਜਾਬੀ ਲੇਖਕ ਸਭਾ ਵੱਲੋਂ ਬ੍ਰਿਸਬੇਨ ਵਿਖੇ ਇਕ ਸ਼ਾਨਦਾਰ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਨੇ ਵਿਸ਼ੇਸ਼ ਸ਼ਿਰਕਤ ਕਰਕੇ ਸਮਾਂ ਰੋਸ਼ਨ ਕੀਤਾ। ਸਮਾਗਮ ਦੀ ਸ਼ੁਰੂਆਤ ਸਭਾ ਦੀ ਪ੍ਰਧਾਨ ਰਿੱਤੂ ਅਹੀਰ ਨੇ ਸਰੋਤਿਆਂ ਦਾ ਸਵਾਗਤ ਕਰਦਿਆਂ ਕੀਤੀ। ਗ਼ਜ਼ਲਗੋ ਜਸਵੰਤ ਵਾਗਲਾ ਨੇ ਆਪਣੀਆਂ ਮਨਮੋਹਕ ਗ਼ਜ਼ਲਾਂ ਨਾਲ ਸਮਾਗਮ ਨੂੰ ਰੰਗੀਨ ਬਣਾਇਆ। ਗੁਰਦਿਆਲ ਰੌਸ਼ਨ ਨੇ ਆਪਣੇ ਜੀਵਨ ਦੇ ਅਨੁਭਵ ਸਾਂਝੇ ਕਰਦਿਆਂ ਗ਼ਜ਼ਲ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅਨੁਸਾਰ ਗ਼ਜ਼ਲ ਪੰਜਾਬੀ ਸਾਹਿਤ ਦੀ ਇੱਕ ਪ੍ਰਮੁਖ ਕਾਵਿ-ਰੂਪ ਹੈ, ਜੋ ਮੁੱਢਲੇ ਤੌਰ ’ਤੇ ਅਰਬੀ ਅਤੇ ਫ਼ਾਰਸੀ ਸਾਹਿਤ ਤੋਂ ਉਤਪੰਨ ਹੋਈ ਅਤੇ ਪੰਜਾਬੀ ਭਾਸ਼ਾ ‘ਚ ਇਸ ਨੇ ਆਪਣੀ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਨੇ ਆਪਣੀਆਂ ਚੋਣਵੀਆਂ ਗ਼ਜ਼ਲਾਂ ਸੁਣਾ ਕੇ ਸਰੋਤਿਆਂ ਨੂੰ ਮੰਤਰਮੁਗਧ ਕੀਤਾ।
ਸਭਾ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਵੱਲੋਂ ਸੰਪਾਦਿਤ ਪੁਸਤਕ ‘ਸਰਹੱਦੋਂ ਪਾਰ’ ਨੂੰ ਵੀ ਇਸ ਮੌਕੇ ‘ਤੇ ਲੋਕ ਅਰਪਣ ਕੀਤਾ ਗਿਆ, ਜੋ ਕਿ ਪਾਕਿਸਤਾਨ ਦੇ ਅਣਗੌਲੇ ਕਵੀਆਂ ਦੀ ਸੰਯੁਕਤ ਝਲਕ ਹੈ। ਸਮਾਗਮ ਵਿੱਚ ਪਰਮਿੰਦਰ ਸਿੰਘ, ਗੁਰਮੁਖ ਸਿੰਘ, ਜਸਕਰਨ ਸਿੰਘ, ਰਿੰਚਲ, ਵਰਿੰਦਰ ਅਲੀਸ਼ੇਰ, ਤਾਜ ਰੱਤੂ ਅਤੇ ਮਨਜੀਤ ਬੋਪਾਰਾਏ ਨੇ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਭਰੀ। ਗੁਰੂ ਰਵਿਦਾਸ ਸਭਾ ਬ੍ਰਿਸਬੇਨ ਤੋਂ ਬਲਵਿੰਦਰ ਮੋਰੋਂ, ਦਲਜੀਤ ਸਿੰਘ, ਹਰਦੀਪ ਵਾਗਲਾ ਅਤੇ ਸਤਵਿੰਦਰ ਟੀਨੂੰ ਨੇ ਗੁਰਦਿਆਲ ਰੌਸ਼ਨ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ ਗੁਰਮੁਖ ਭੰਡੋਲ, ਜਸਵਿੰਦਰ ਵਾਗਲਾ, ਮੋਨਾ, ਰਿੱਤੂ ਵਾਗਲਾ, ਅਸ਼ੋਕ ਕੁਮਾਰ, ਇੰਦਰਜੀਤ ਸਿੰਘ, ਮਨਦੀਪ ਸਿੰਘ ਅਤੇ ਪੱਤਰਕਾਰ ਮੁਹਿੰਦਰਪਾਲ ਸਿੰਘ ਕਾਹਲੋਂ ਸਮੇਤ ਕਈ ਹੋਰ ਸਾਹਿਤ ਪ੍ਰੇਮੀਆਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ। ਦਿਨੇਸ਼ ਸ਼ੇਖੂਪੁਰੀਆ ਵੱਲੋਂ ਸਮਾਗਮ ਨੂੰ ਬਹੁਤ ਹੀ ਸਜੀਵ ਤੇ ਸਰਲ ਢੰਗ ਨਾਲ ਸੰਚਾਲਿਤ ਕੀਤਾ ਗਿਆ ਅਤੇ ਮੰਚ ਦੀ ਲਗਾਤਾਰ ਚਮਕ ਕਾਇਮ ਰੱਖੀ।
ਇਹ ਸਮਾਗਮ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸੀ। ਦੱਸਣਯੋਗ ਹੈ ਕਿ ਗੁਰਦਿਆਲ ਰੌਸ਼ਨ ਦਾ ਜਨਮ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਲੜੋਆ ਵਿਖੇ ਪਿਤਾ ਸਰਦਾਰ ਗੁਰਦੇਵ ਸਿੰਘ ਅਤੇ ਮਾਤਾ ਸ੍ਰੀਮਤੀ ਚੰਨਣ ਕੌਰ ਦੇ ਘਰ 1 ਸਤੰਬਰ 1955 ਨੂੰ ਹੋਇਆ।