ਅਮਰੀਕਾ ਦੀ ਸਰਹੱਦ ‘ ਤੇ 10,300 ਭਾਰਤੀ ਗੈਰ-ਕਾਨੂੰਨੀ ਤੋਰ ਤੇ ਅਮਰੀਕਾ ਪ੍ਰਵੇਸ਼ ਕਰਨ ਵਾਲੇ ਫੜੇ ਗਏ

ਅਮਰੀਕਾ ਦੀ ਸਰਹੱਦ ' ਤੇ 10,300 ਭਾਰਤੀ ਗੈਰ-ਕਾਨੂੰਨੀ ਤੋਰ ਤੇ ਅਮਰੀਕਾ ਪ੍ਰਵੇਸ਼ ਕਰਨ ਵਾਲੇ ਫੜੇ ਗਏ

ਵਾਸ਼ਿੰਗਟਨ, 4 ਜੁਲਾਈ ( ਰਾਜ ਗੋਗਨਾ )- ਜਨਵਰੀ ਤੋਂ ਮਈ ਦੇ ਵਿਚਕਾਰ, 10,300 ਭਾਰਤੀ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕੀ ਸਰਹੱਦ ‘ਤੇ ਫੜੇ ਗਏ। ਉਨ੍ਹਾਂ ਵਿੱਚੋਂ 30 ਨਾਬਾਲਗ ਸਨ ਅਤੇ ਉਨ੍ਹਾਂ ਦੇ ਨਾਲ ਕੋਈ ਬਾਲਗ ਨਹੀਂ ਸੀ। ਫੜੇ ਗਏ ਜ਼ਿਆਦਾਤਰ ਲੋਕ ਭਾਰਤ ਦੇ ਗੁਜਰਾਤ ਰਾਜ ਤੋਂ ਸਨ। ਇਹ ਜਾਣਕਾਰੀ ਅਮਰੀਕਾ ਦੇ ਕਸਟਮ ਅਤੇ ਸਰਹੱਦੀ ਸੁਰੱਖਿਆ ਵਿਭਾਗ ਦੁਆਰਾ ਪ੍ਰਗਟ ਕੀਤੀ ਗਈ ਹੈ। ਹਾਲਾਂਕਿ, ਇਹ ਅੰਕੜੇ ਪਿਛਲੇ ਸਾਲ ਨਾਲੋਂ 70% ਘੱਟ ਹਨ ਜਦੋਂ ਇਸੇ ਸਮੇਂ ਦੌਰਾਨ 34,535 ਭਾਰਤੀ ਫੜੇ ਗਏ ਸਨ। ਹੁਣ ਰੋਜ਼ਾਨਾ ਔਸਤਨ 67 ਪ੍ਰਤੀਸ਼ਤ ਭਾਰਤੀ ਫੜੇ ਜਾ ਰਹੇ ਹਨ। ਇਹ ਅਹਿਸਾਸ ਹੋਣ ਤੋਂ ਬਾਅਦ ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹਾਂ ਨੇ ਆਪਣੀਆਂ ਗਤੀਵਿਧੀਆਂ ਨੂੰ ਬਹੁਤ ਹੀ ਘਟਾ ਦਿੱਤਾ। ਇਸ ਤੋਂ ਇਲਾਵਾ, ਟਰੰਪ ਦੀ ਜਿੱਤ ਤੋਂ ਬਾਅਦ ਸਖ਼ਤ ਕਾਨੂੰਨਾਂ ਕਾਰਨ, ਗੈਰ-ਕਾਨੂੰਨੀ ਪ੍ਰਵੇਸ਼ ਕਰਨ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ।

ਅਪ੍ਰੈਲ 2024 ਤੱਕ, ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਐਲਾਨ ਕੀਤਾ ਸੀ ਕਿ ਅਮਰੀਕੀ ਧਰਤੀ ‘ਤੇ 2.2 ਲੱਖ ਭਾਰਤੀ ਬਿਨਾਂ ਕਾਗਜ਼ਾਤ ਦੇ ਰਹਿ ਰਹੇ ਸਨ। ਇਨ੍ਹਾਂ ਵਿੱਚੋਂ, ਜਨਵਰੀ, 2025 ਵਿੱਚ 332 ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ। ਭਾਰਤੀ ਖਤਰਨਾਕ ਰਸਤਿਆਂ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਭਾਰੀ ਸੁਰੱਖਿਆ ਅਤੇ ਸਰਹੱਦ ‘ਤੇ ਵਿਸ਼ਾਲ ਕੰਧ ਦੇ ਕਾਰਨ, ਉਹ ਸਮੁੰਦਰ ਰਾਹੀਂ ਵੀ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ। 9 ਮਈ ਨੂੰ, ਕੈਲੀਫੋਰਨੀਆ ਦੇ ਡੇਲ ਮਾਰ ਨੇੜੇ ਇੱਕ ਕਿਸ਼ਤੀ ਪਲਟ ਗਈ ਜਿਸ ਵਿੱਚ ਦੋ ਨਾਬਾਲਗਾਂ ਦੀ ਮੌਤ ਹੋ ਗਈ ਜੋ ਕਿ ਭਰਾ ਅਤੇ ਭੈਣ ਸਨ। ਆਮ ਤੌਰ ‘ਤੇ ਅਜਿਹੀਆਂ ਕਿਸ਼ਤੀਆਂ ਮੈਕਸੀਕੋ ਸਰਹੱਦ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਅਮਰੀਕੀ ਪਾਣੀਆਂ ਵਿੱਚ ਦਾਖਲ ਹੁੰਦੀਆਂ ਹਨ।