
ਮਰੀਜ਼ਾਂ ਦੀ ਘਟ ਰਹੀ ਕਤਾਰ, ਕਮਰੇ ਦੇ ਬਾਹਰ ਜ਼ਿੰਦਗੀ ਦਾ ਰੌਲਾ-ਗੌਲਾ, ਅੰਬਰ ਦੇ ਬਦਲਦੇ ਰੰਗ, ਇਹ ਸਭ ਕੁਝ ਡਾ. ਪਰਿਜਿਤ ਮਜੂਮਦਾਰ ਨੂੰ ਦੱਸਣ ਲਈ ਕਾਫੀ ਸੀ ਕਿ ਉਹ ਲਗਾਤਾਰ ਨਿਰਾਸਤਾ ਵਾਲੀ ਜ਼ਿੰਦਗੀ ਦਾ ਸ਼ਿਕਾਰ ਸੀ। ਜਿਉਣ ਦਾ ਇਕੋ ਜਿਹਾ ਨੀਰਸ ਢੰਗ, ਇਕੱਲੇ ਇਨਸਾਨ ਦੀ ਹੋਣੀ, ਉਸ ‘ਤੇ ਥੋਪੀ ਨਹੀਂ ਸੀ ਗਈ, ਇਹ ਤਾਂ ਉਸਦੀ ਆਪਣੀ ਮਰਜ਼ੀ ਸੀ। ਉਸਨੇ ਇਸ ਨੂੰ ਸਵੀਕਾਰ ਹੀ ਨਹੀਂ ਸੀ ਕੀਤਾ ਸਗੋਂ ਇਸਦਾ ਲੁਤਫ਼ ਵੀ ਲਿਆ ਸੀ। ਉਸਦਾ ਸਿਰਫ ਇਕ ਹੀ ਭਰਾ ਸੀ, ਜੋ ਬਹੁਤ ਸਾਲ ਪਹਿਲਾਂ ਕਲਕਤਾ ਨੂੰ ਅਲਵਿਦਾ ਕਹਿ ਕੇ ਆਪਣੀ ਕਿਸਮਤ ਅਜਮਾਉਣ ਆਬੂ ਧਾਬੀ ਚਲਾ ਗਿਆ ਸੀ। ਉਥੇ ਜਾ ਕੇ ਉਸਨੇ ਆਪਣੇ ਪਿਤਾ ਨੂੰ ਦੋ-ਚਾਰ ਚਿੱਠੀਆਂ ਲਿਖੀਆਂ, ਪਰ ਸਮਾਂ ਬੀਤਣ ਨਾਲ ਚਿੱਠੀਆਂ ਦਾ ਸਿਲਸਿਲਾ ਖਤਮ ਹੋ ਗਿਆ। ਪਰਿਜਿਤ ਦਾ ਪਿਤਾ ਉਸ ਨਾਲ ਹੀ ਰਿਹਾ ਜਦੋਂ ਤੱਕ ਉਸ ਨੂੰ ਉਸਦੇ ਪਿਆਰ ਦਾ ਨਿੱਘ, ਸਹਾਰਾ, ਉਸਦਾ ਸਾਥ ਚਾਹੀਦਾ ਸੀ। ਜਦੋਂ ਪਰਿਜਿਤ ਨੇ ਕਲਕੱਤਾ ਦੇ ਮੇਡੀਕਲ ਕਾਲਜ ਤੋਂ ਪਹਿਲਾਂ ਐਮ. ਬੀ. ਬੀ. ਐਸ. ਅਤੇ ਬਾਅਦ ਵਿਚ ਐਮ. ਐਸ. ਕੀਤੀ ਤਾਂ ਉਸਦਾ ਪਿਤਾ, ਜੋ ਕੈਂਸਰ ਦਾ ਮਰੀਜ਼ ਸੀ, ਨੇ ਸੁਖ ਦਾ ਸਾਹ ਲਿਆ ਅਤੇ ਕੁਝ ਦੇਰ ਬਾਅਦ ਹੀ ਰੱਬ ਨੂੰ ਪਿਆਰਾ ਹੋ ਗਿਆ। ਉਸਦੀ ਮਾਂ ਤਾਂ ਬਹੁਤ ਪਹਿਲਾਂ ਹੀ ਆਪਣਾ ਜੀਵਨ ਸਫਰ ਪੂਰਾ ਕਰ ਚੁੱਕੀ ਸੀ, ਜਦੋਂ ਕਲਕੱਤਾ ਦੀ ਆਬਾਦੀ ਐਨੀ ਨਹੀਂ ਸੀ ਹੁੰਦੀ ਅਤੇ ਨਾ ਹੀ ਗੰਦੀ ਹਵਾ ਨੇ ਹਰ ਪਾਸੇ ਕਹਿਰ ਢਾਹੁਣਾ ਸ਼ੁਰੂ ਕੀਤਾ ਸੀ।
ਡਾ. ਪਰਿਜਿਤ ਮਜੂਮਦਾਰ ਨੇ ਆਪਣੀਆਂ ਇਕ ਦੋ ਸਹਿਕਰਮੀ ਡਾਕਟਰਾਂ ਨਾਲ ਪਿਆਰ ਦੀਆਂ ਪੀਂਘਾ ਚੜ੍ਹਾਉਣ ਦੇ ਯਤਨ ਵੀ ਕੀਤੇ, ਪਰ ਇਸ ਕੰਮ ਵਿਚ ਜਦੋਂ ਸਫਲਤਾ ਨਾ ਮਿਲੀ ਤਾਂ ਉਸਨੇ ਆਪਣੇ ਦਿਮਾਗ ਵਿਚੋਂ ਇਹ ਖਿਆਲ ਹੀ ਕੱਢ ਦਿੱਤਾ। ਉਸਨੇ ਕਵਾਰਾ ਰਹਿਣ ਦਾ ਹੀ ਪੱਕਾ ਫੈਸਲਾ ਕਰ ਲਿਆ, ਪਰ 52 ਸਾਲ ਦੀ ਅੱਧ ਖੜ ਉਮਰ ਵਿਚ ਪਹੁੰਚ ਕੇ ਇਕਲਾਪਾ ਉਸ ਨੂੰ ਵੱਢ-ਵੱਢ ਖਾਣ ਲੱਗਿਆ। ਦੁਖ ਦੇ ਸਮੇਂ ਉਸ ਕੋਲ ਕੋਈ ਨਾ ਹੁੰਦਾ, ਕਿਸੇ ਨਾਲ ਦਿਲ ਦੀ ਗੱਲ ਨਾ ਕਰ ਸਕਦਾ, ਕੋਈ ਉਸਦਾ ਧਿਆਨ ਰੱਖਣ ਵਾਲਾ ਨਹੀਂ ਸੀ, ਉਸਦੀ ਇੱਕਲਤਾ ਦਾ ਕੋਈ ਸਾਥੀ ਨਹੀਂ ਸੀ।
ਸਵੇਰ ਦੇ ਸਮੇਂ ਉਹ ਅਖ਼ਬਾਰ ਪੜ੍ਹਦਾ, ਇਕ-ਇਕ ਖ਼ਬਰ, ਅਖ਼ਬਾਰ ਵਿਚ ਛਪੇ ਸਾਰੇ ਆਰਟੀਕਲ। ਇਕ ਦਿਨ ਇਕ ਛੋਟੀ ਜਿਹੀ ਖ਼ਬਰ ਨੇ ਉਸਦਾ ਧਿਆਨ ਖਿੱਚਿਆ, ‘ਇਕ ਸੋਮੈਟਿਕ ਸੈੱਲ ਹੀ ਭਰੂਣ ਨੂੰ ਜਨਮ ਦੇ ਸਕਦਾ ਹੈ’। ਮੈਡੀਕਲ ਲਾਈਨ ਦੀ ਉਸਦੀ ਜਾਣਕਾਰੀ ਨੂੰ ਇਕ ਝਟਕਾ ਜਿਹਾ ਲੱਗਿਆ। ਇਹ ਕੀ? ਇਹ ਕਿਸ ਤਰਾਂ ਹੋ ਸਕਦਾ ਹੈ? ਕਾਫੀ ਦਾ ਇਕ ਕੱਪ ਅਤੇ ਸਿਗਰਟ ਪੀਂਦੇ ਹੋਏ ਉਸਨੇ ਸਾਰੀ ਖ਼ਬਰ ਪੜ੍ਹ। ਉਸ ਦੀਆਂ ਨਜ਼ਰ ਦੀਆਂ ਐਨਕਾਂ ਉਸਦੇ ਨੱਕ ‘ਤੇ ਟਿਕੀਆਂ ਹੋਈਆਂ ਸੀ। ਇਹ ਖ਼ਬਰ ਸਾਰਾ ਦਿਨ ਉਸਦੇ ਦਿਮਾਗ ਵਿਚ ਚੱਕਰ ਕੱਟਦੀ ਰਹੀ। ਉਹ ਕਈ ਦਿਨ ਇਸ ਬਾਰੇ ਸੋਚਦਾ ਰਿਹਾ। ਉਸ ਨੇ ਪੈਰਿਸ ਜਾਣ ਦੀ ਯੋਜਨਾ ਬਣਾ ਲਈ, ਜਿਥੇ ਉਸਦਾ ਸੁਪਨਾ, ਹਕੀਕਤ ਵਿਚ ਬਦਲ ਸਕਦਾ ਸੀ। ਬਾਰ-ਬਾਰ ਇਹ ਖਿਆਲ ਉਸ ਦੇ ਦਿਮਾਗ ਵਿਚ ਖੋਰੂ ਪਾਉਂਦਾ ਰਿਹਾ, ਕਦੇ-ਕਦੇ ਉਹ ਕਿਸੇ ਫ਼ਿਕਰ ‘ਚ ਪੈ ਜਾਂਦਾ, ਪਰ ਅਗਲੇ ਹੀ ਪਲ ਬਹੁਤ ਉਤਸ਼ਾਹਿਤ ਹੋ ਜਾਂਦਾ।
ਅਗਲੇ ਹੀ ਦਿਨ ਉਹ ਇਸ ਮਾਮਲੇ ਸੰਬੰਧੀ ਆਪਣੇ ਇਕ ਪੁਰਾਣੇ ਮਿੱਤਰ ਡਾ. ਸੁਭਾਸ਼ ਸੈਨ ਨੂੰ ਮਿਲਣ ਗਿਆ।
“ਕਲੋਨਿੰਗ” ਉਸ ਨੇ ਕਿਹਾ। “ਤੇਰਾ ਮਤਲਬ ਸਾਇੰਸ ਦੀ ਅਜਿਹੀ ਨਵੀਂ ਕਾਢ ਜਿਸ ਨੂੰ ਅਜੇ ਤੱਕ ਬਹੁਤੀ ਮਾਨਤਾ ਨਹੀਂ ਮਿਲੀ?”
“ਪਰ ਮੈਨੂੰ ਪਤਾ ਲੱਗਿਆ ਹੈ ਕਿ ਫਰਾਂਸ ਦੇ ਇਕ ਵਿਗਿਆਨੀ ਨੇ ਇਸ ਸੰਬੰਧੀ ਬਹੁਤ ਜਾਣਕਾਰੀ ਦਿੱਤੀ ਹੈ”, ਪਰਿਜਿਤ ਨੇ ਬਹੁਤ ਜਗਿਆਸਾ ਨਾਲ ਕਿਹਾ।
“ਨਹੀ, ਨਹੀਂ, ਤੂੰ ਇਹਨਾਂ ਚੱਕਰਾਂ ਵਿਚ ਕਿਉਂ ਪੈਂਦਾ ਹੈਂ? ਕਿਸ ਲਈ? ਕਿਸੇ 30-32 ਸਾਲ ਦੀ ਕੁੜੀ ਨਾਲ ਵਿਆਹ ਕਰਾ ਅਤੇ ਬੱਚਾ ਪੈਦਾ ਕਰ। ਇਹ ਕੰਮ ਅਸਾਨ ਹੈ”, ਸੈਨ ਨੇ ਕਿਹਾ।
“ਦੇਖ ਸੁਭਾਸ਼, ਜੇ ਮੈਂ ਅਜਿਹੇ ਰਿਸ਼ਤੇ ਵਿਚ ਪੈਣਾ ਹੁੰਦਾ ਤਾਂ ਅੱਜ ਤੋਂ ਬਹੁਤ ਪਹਿਲਾਂ ਇਹ ਕੰਮ ਕਰ ਲੈਂਦਾ, ਘੱਟ ਤੋਂ ਘੱਟ 20 ਸਾਲ ਪਹਿਲਾਂ। ਹੁਣ ਮੈਨੂੰ ਤੇਰੇ ਕੋਲੋਂ ਅਜਿਹੀ ਮੂਰਖਤਾ ਵਾਲੀ ਸਲਾਹ ਨਹੀਂ ਚਾਹੀਦੀ। ਜੇ ਤੂੰ ਕਲੋਨਿੰਗ ਬਾਰੇ ਕੋਈ ਸਲਾਹ ਦੇ ਸਕਦਾ ਹੈਂ ਤਾਂ ਠੀਕ ਹੈ। ਨਹੀਂ ਤਾਂ—–ਡਾ. ਪਰਿਜਿਤ ਨੂੰ ਉਸ ਦੀ ਗੱਲ ਠੀਕ ਨਾ ਲੱਗੀ । ਉਸ ਨੂੰ ਗੁੱਸਾ ਆ ਗਿਆ ਅਤੇ ਉਹ ਦਰਵਾਜ਼ੇ ਵੱਲ ਵਧਿਆ, ਜੋਰ ਨਾਲ ਦਰਵਾਜ਼ਾ ਭੇੜਿਆ ਅਤੇ ਕਾਹਲੀ ਨਾਲ ਚਲਿਆ ਗਿਆ।
ਸ਼ਾਮ ਦੇ ਸਮੇਂ ਉਹ ਕੁਝ ਸਮਾਨ ਲੈਣ ਬਜ਼ਾਰ ਗਿਆ। ਉਥੇ ਉਸ ਨੂੰ ਆਪਣਾ ਪੁਰਾਣਾ ਜਮਾਤੀ ਡਾ. ਅਭਿਲਾਸ਼ ਗੁਹਾ ਮਿਲ ਗਿਆ। ਉਹ ਨੇੜੇ ਹੀ ਇਕ ਕਾਫੀ ਹਾਉਸ ਵਿਚ ਬੈਠ ਕੇ ਗੱਲਾਂ ਕਰਨ ਲੱਗੇ। ਗੱਲਾਂ-ਗੱਲਾਂ ਵਿਚ ਹੀ ਉਹ ਆਪਣੇ ਇਕ ਹੋਰ ਪੁਰਾਣੇ ਜਮਾਤੀ ਅਰੁਨਵ ਗੁਪਤਾ ਬਾਰੇ ਗੱਲਾਂ ਕਰਨ ਲੱਗੇ, ਜੋ ਐਮ. ਬੀ. ਬੀ. ਐਸ. ਤੋਂ ਬਾਅਦ ਪੈਰਿਸ ਚਲਿਆ ਗਿਆ ਸੀ। ਅਭਿਲਾਸ਼ ਅਤੇ ਅਰੁਨਵ ਅਜੇ ਤੱਕ ਵੀ ਇਕ ਦੂਜੇ ਦੇ ਸੰਪਰਕ ਵਿਚ ਸੀ। ਪਰਿਜਿਤ ਨੇ ਅਰੁਨਵ ਦੀ ਈ ਮੇਲ ਆਈ ਡੀ ਲਈ ਅਤੇ ਉਸਨੇ ਆਪਣੇ ਕਮਰੇ ਵਿਚ ਆ ਕੇ ਅਰੁਨਵ ਨੂੰ ਈ ਮੇਲ ਪਾਈ। ਬਿਨਾਂ ਕਿਸੇ ਲੁਕਾ-ਛੁਪਾ ਦੇ ਉਸਨੇ ਆਪਣੇ ਇਕੱਲੇ ਹੋਣ ਬਾਰੇ ਦੱਸਿਆ ਅਤੇ ‘ਕਲੋਨ’ ਸੰਬੰਧੀ ਜਾਣਕਾਰੀ ਮੰਗੀ ਅਤੇ ਬਿਨਾਂ ਕਿਸੇ ਝਿਜਕ ਦੇ ਆਪਣੀ ਤੀਬਰ ਇੱਛਾ ਜ਼ਾਹਰ ਕੀਤੀ ਕਿ ਕੀ ਉਹ ਇਸ ਨਵੀਂ ਕਾਢ ਦੀ ਸਹਾਇਤਾ ਨਾਲ ਆਪਣੇ ਸਰੀਰ ਦੇ “ਸੈਲ” ਰਾਹੀਂ ਬੱਚਾ ਪ੍ਰਾਪਤ ਕਰ ਸਕਦਾ ਹੈ? ਉਸਨੇ ਵਿਗਿਆਨ ਦੀ ਇਕ ਪਤਰਿਕਾ(ਸਾਇੰਸ ਰਿਪੋਰਟਰ ਜਨਵਰੀ 2002) ਦਾ ਹਵਾਲਾ ਵੀ ਦਿੱਤਾ ਜਿਸ ਨਾਲ ਉਹ ਆਪਣਾ ਪੱਖ ਹੋਰ ਮਜ਼ਬੂਤ ਕਰਨਾ ਚਾਹੁੰਦਾ ਸੀ, ਜਿਸ ਵਿਚ ਲਿਖਿਆ ਸੀ ਕਿ ‘ਕਲੋਨਿੰਗ’ ਦੀ ਤਕਨੀਕ ਨਾਲ ਬੱਚਾ ਪੈਦਾ ਕਰਨ ਲਈ ਮਰਦ-ਔਰਤ ਦੇ ਸੁਕਰਾਣੂਆਂ ਦੀ ਜ਼ਰੂਰਤ ਨਹੀਂ ਹੁੰਦੀ ਬਲਕਿ ਸਰੀਰ ਦੇ ਸੈਲ ਹੀ ਚਾਹੀਦੇ ਹਨ। ਜਿਹੜੇ ਇਨਸਾਨ ਕੁਦਰਤੀ ਢੰਗ ਨਾਲ ਬੱਚਾ ਪੈਦਾ ਕਰਨ ਦੇ ਯੋਗ ਨਹੀਂ ਹੁੰਦੇ, ਉਹ ਵੀ ਬੱਚਾ ਪ੍ਰਾਪਤ ਕਰ ਸਕਦੇ ਹਨ। ਕਲੋਨਿੰਗ ਤਕਨੀਕ ਨਾਲ ਵਿਗਿਆਨੀ ਖਾਸ ਕਿਸਮ ਦੇ ਸੈਲ ਲੈ ਕੇ ਇਕ ਨਵਾਂ ਜੀਵ ਪੈਦਾ ਕਰ ਸਕਦੇ ਹਨ। ਇਸ ਢੰਗ ਨਾਲ ਪੈਦਾ ਹੋਏ ਬੱਚੇ ਅਤੇ ਉਸ ਦੀਆਂ ਆਉਣ ਵਾਲੀਆਂ ਨਸਲਾਂ ਵਿਚ ਉਹੀ ਜੀਨ ਹੋਣਗੇ। ਅਰੁਨਵ ਨੂੰ ਈ ਮੇਲ ਕਰਨ ਤੋਂ ਬਾਅਦ ਉਸ ਨੂੰ ਇਕ ਰਾਹਤ ਜਿਹੀ ਮਿਲੀ। ਉਸ ਨੂੰ ਲੱਗਿਆ ਕਿ ਜਿਵੇਂ ਲੰਬੇ ਸਮੇਂ ਤੋਂ ਲਿਆ ਜਾ ਰਿਹਾ ਉਸਦਾ ਸੁਪਨਾ ਸੱਚਾ ਹੋਣ ਦੇ ਹੋਰ ਨੇੜੇ ਹੋ ਗਿਆ ਹੋਵੇ।
ਛੇ ਦਿਨਾਂ ਬਾਅਦ ਡਾ. ਅਰੁਨਵ ਨੇ ਉਸ ਦੀ ਹਰ ਗੱਲ ਦਾ ਬਹੁਤ ਹੀ ਹਮਦਰਦੀ ਅਤੇ ਸੂਝਮਈ ਢੰਗ ਨਾਲ ਜਵਾਬ ਦਿੱਤਾ ਅਤੇ ਕਲੋਨ ਖੇਤਰ ਦੇ ਵਿਸ਼ਵ ਪੱਧਰ ਦੇ ਮਾਹਰ ਡਾ. ਸੈਮਿਊਲ ਹਾਕਿਨਜ਼, ਜੋ ਹੋਸਟਨ ਰਹਿੰਦਾ ਸੀ, ਦਾ ਪਤਾ ਭੇਜਿਆ। ਡਾ. ਅਰੁਨਵ ਨੇ ਆਪਣੇ ਮਿੱਤਰ ਦੀ ਤਰਫ਼ੋਂ ਡਾ. ਹਾਕਿਨਜ਼ ਨਾਲ ਗੱਲ ਵੀ ਕਰ ਲਈ ਸੀ। ਉਸ ਨੇ ਡਾ. ਪਰਿਜਿਤ ਦੀ ਸਿਹਤ ਸੰਬੰਧੀ ਕੁਝ ਮੁਢਲੀ ਜਾਣਕਾਰੀ(ਉਸਦੇ ਬਲੱਡ ਪਰੈਸ਼ਰ, ਸ਼ੁਗਰ ਜਾਂ ਕਿਸੇ ਤਕਲੀਫ਼ ਸੰਬੰਧੀ) ਲੈ ਕੇ ਡਾਕਟਰ ਨੂੰ ਮਿਲਣ ਦੀ ਤਾਰੀਖ਼ ਪੱਕੀ ਕਰਨੀ ਸੀ। ਇਹ ਈ ਮੇਲ ਪੜ੍ਹ ਕੇ ਪਰਿਜਿਤ ਆਪਣੀ ਕੁਰਸੀ ਤੋਂ ਉੱਛਲ ਪਿਆ ਅਤੇ ਉਸ ਨੇ ਆਪਣੇ ਕੰਪਿਊਟਰ ਰਾਹੀਂ ਹੀ ਡਾ. ਹਾਕਿਨਜ਼ ਨਾਲ ਸੰਪਰਕ ਕਰ ਲਿਆ। ਡਾ. ਹਾਕਿਨਜ਼ ਨੇ ਅਗਲੇ ਦਿਨ ਹੀ ਗੱਲ ਕਰਨ ਦਾ ਸਮਾਂ ਦੇ ਦਿੱਤਾ। ਡਾ. ਨੇ ਪਰਿਜਿਤ ਤੋਂ ਉਸਦੀ ਸਿਹਤ ਸੰਬੰਧੀ ਹੋਰ ਕਈ ਗੱਲਾਂ ਪੁੱਛੀਆਂ, ਜਿੰਨਾਂ ਦੀ ਜਾਣਕਾਰੀ ਪਰਿਜਿਤ ਨੇ ਨਾਲ ਦੀ ਨਾਲ ਹੀ ਦੇ ਦਿੱਤੀ। ਡਾ. ਹਾਕਿਨਜ਼ ਵੱਲੋਂ ਹਾਂ ਮਿਲਦੇ ਹੀ ਪਰਿਜਿਤ ਨੇ ਵੀਜ਼ਾ ਲਿਆ ਅਤੇ ਹਵਾਈ ਜਹਾਜ਼ ਦੀ ਟਿੱਕਟ ਬੁੱਕ ਕਰਵਾ ਲਈ। ਉਸ ਨੇ ਆਪਣੇ ਸਹਾਇਕ ਡਾਕਟਰ ਨੂੰ ਕਿਹਾ ਕਿ ਉਸਦੇ ਮਰੀਜ਼ਾਂ ਦੀ ਜਾਣਕਾਰੀ ਲਈ ਉਸਦੇ ਕਮਰੇ ਦੇ ਬਾਹਰ ਇਹ ਸੂਚਨਾ ਲਾ ਦੇਵੇ ਕਿ ਡਾ. ਪਰਿਜਿਤ ਕਿਸੇ ਕਾਨਫਰੰਸ ਵਿਚ ਹਿੱਸਾ ਲੈਣ ਲਈ ਅਮਰੀਕਾ ਜਾ ਰਹੇ ਹਨ। ਉਸਦਾ ਦਿਲ ਧੜਕ ਰਿਹਾ ਸੀ ਅਤੇ ਉਸਦੇ ਸਰੀਰ ਦੀਆਂ ਨਸਾਂ ਵਿਚ ਖ਼ੂਨ ਦਾ ਵਹਾ ਤੇਜ਼ ਹੀ ਗਿਆ ਸੀ, ਆਖਰਕਾਰ ਉਹ ਆਪਣੇ ਸਰੀਰ ਦੇ ਸੈਲਾਂ ਤੋਂ ਹੀ ਬੱਚਾ ਪੈਦਾ ਕਰਨ ਜਾਂ ਰਿਹਾ ਸੀ ।
ਜਦੋਂ ਜਹਾਜ਼ ਉਪਰਲੀਆਂ ਹਵਾਵਾਂ ਵਿਚ ਉੱਡ ਰਿਹਾ ਸੀ ਤਾਂ ਉਹ ਆਪਣੀਆਂ ਸੋਚਾਂ ਵਿਚ ਗਵਾਚਿਆ ਹੋਇਆ ਸੀ। ਆਪਣੇ ਟਿਕਾਣੇ ‘ਤੇ ਪਹੁੰਚ ਕੇ ਉਸਨੇ ਹੋਟਲ ਵਿਚ ਕਮਰਾ ਲਿਆ ਤਾਂ ਜੋ ਕੁਛ ਅਰਾਮ ਕਰ ਲਏ। ਉਸਨੇ ਡਾ. ਹਾਕਿਨਸ ਨੂੰ ਫੋਨ ਕੀਤਾ ਅਤੇ ਕੰਬਦੀ ਜਿਹੀ ਆਵਾਜ਼ ਵਿਚ ਗੱਲ ਕਰਨ ਲੱਗਿਆ। ਉਸ ਨੂੰ ਲੱਗਿਆ ਜਿਵੇਂ ਉਸਦੇ ਜਿਆਦਾ ਉਤਸ਼ਾਹ ਕਾਰਨ ਕਦੇ-ਕਦੇ ਉਸਦਾ ਦਿਲ ਧੜਕਣਾ ਭੁੱਲ ਜਾਂਦਾ ਸੀ। ਕੁਝ ਘੰਟੇ ਹੋਰ ਸਫਰ ਕਰਨ ਤੋਂ ਬਾਅਦ ਉਹ ਹੋਟਸਨ ਪਹੁੰਚ ਗਿਆ। ਡਾ. ਹਾਕਿਨਜ਼ ਅਤੇ ਉਸਦੇ ਸਾਥੀਆਂ ਵੱਲੋਂ ਡਾ. ਪਰਿਜਿਤ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਕਿਉਂ ਜੋ ਉਹ ਆਪ ਡਾਕਟਰ ਸੀ, ਇਸ ਲਈ ਡਾ. ਹਾਕਿਨਜ਼ ਨੇ ਉਸਦਾ ਇਲਾਜ ਆਪ ਹੀ ਕੀਤਾ। ਇਹ ਉਸ ਲਈ ਵੀ ਮਾਣ ਵਾਲੀ ਗੱਲ ਸੀ। ਡਾ. ਪਰਿਜਿਤ ਨੇ ਕੰਬਦੀਆਂ ਉਂਗਲਾਂ ਨਾਲ ਡਾਕਟਰੀ ਇਲਾਜ ਲਈ ਸਹਿਮਤੀ ਕਾਗਜਾਂ ‘ਤੇ ਦਸਖ਼ਤ ਕੀਤੇ। ਕੁਝ ਡਾਕਟਰੀ ਟੈਸਟ ਹੋਰ ਕਿਤੇ ਗਏ। ਉਸਦੇ ਕਮਰੇ ਦੀ ਹਰ ਚੀਜ਼ ਹਰੇ ਰੰਗ ਦੀ ਸੀ-ਬਿਸਤਰਾ, ਕਮਰੇ ਦੇ ਦਰਵਾਜ਼ਿਆਂ, ਖਿੜਕੀਆਂ ਦੇ ਪਰਦੇ ਆਦਿ। ਉਸ ਨੂੰ ਲੱਗਿਆਂ ਜਿਵੇਂ ਉਹ ਹਰੇ-ਭਰੇ ਘਾਹ ‘ਤੇ ਪਿੱਠ ਭਾਰ ਪਿਆ ਹੋਵੇ ਅਤੇ ਹਰੀ-ਹਰੀ ਜ਼ਿੰਦਗੀ ਦੇ ਸੁਪਨੇ ਲੈ ਰਿਹਾ ਹੋਵੇ।
ਡਾ. ਹਾਕਿਨਜ਼ ਸਮੇਂ ਅਨੁਸਾਰ ਪਹੁੰਚ ਗਿਆ। ਇਸ ਤਰਾਂ ਲੱਗ ਰਿਹਾ ਸੀ ਜਿਵੇਂ ਮਾਮੂਲੀ ਜਿਹਾ ਓਪਰੇਸ਼ਨ ਹੀ ਹੈ। ਡਾ. ਹਾਕਿਨਜ਼ ਨੇ ਦਿਲ ਖੁਸ਼ ਕਰਨ ਵਾਲੀ ਮੁਸਕਰਾਹਟ ਨਾਲ ਕਿਹਾ, “ਬੱਚਾ ਲੈਣ ਦੀ ਬਹੁਤ ਇੱਛਾ ਹੈ, ਮੇਰਾ ਮਤਲਬ ਬਿਲਕੁਲ ਤੁਹਾਡੇ ਵਰਗਾ ਹੂ ਬ ਹੂ ਬੱਚਾ?” ਕੁਛ ਟੈਸਟ ਹੋਰ ਕੀਤੇ ਗਏ। ਮੁਢਲੀ ਸਫਲਤਾਵਾਂ ਨੇ ਉਸ ਨੂੰ ਖੁਸ਼ ਕਰ ਦਿੱਤਾ। ਆਖੀਰ ਉਹ ਸਮਾਂ ਵੀ ਆ ਗਿਆ, ਜਿਸਦੀ ਬਹੁਤ ਇੰਤਜ਼ਾਰ ਸੀ। ਪਰਿਜਿਤ ਦੇ ਸਰੀਰ ਵਿਚੋਂ ਸੈਲ ਲਏ ਗਏ। ਇਨਕੂਬੇਟਰ ਤਿਆਰ ਸੀ। ਡਾ. ਹਾਕਿਨਜ਼ ਨੇ ਉਸ ਨੂੰ ਚਾਲੂ ਕੀਤਾ। ਮਸ਼ੀਨ ਦਾ ਸਮਾਂ ਅਤੇ ਤਾਪਮਾਨ ਜ਼ਰੂਰਤ ਅਨੁਸਾਰ ਸੈਟ ਕਰ ਦਿੱਤੇ। 28 ਘੰਟਿਆਂ ਦੀ ਬੇਸਬਰੀ ਨਾਲ ਕੀਤੀ ਇੰਤਜ਼ਾਰ ਤੋਂ ਬਾਅਦ ‘ਹਾਂ-ਪੱਖੀ’ ਸੁਨੇਹਾ ਮਿਲਿਆ। ਲੱਗਦਾ ਸੀ ਜਿਵੇਂ ਇਕ ਨਵੀਂ ਜ਼ਿੰਦਗੀ ਧੜਕਨ ਲੱਗੀ ਹੋਵੇ। ਡਾ. ਹਾਕਿਨਜ਼ ਨੂੰ ਆਪਣੀਆਂ ਅੱਖਾਂ ‘ਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ। ਉਹ ਇਕ ਨਿੱਕੀ ਜਿਹੀ ਜ਼ਿੰਦਗੀ ਨੂੰ ਦੇਖ ਰਿਹਾ ਸੀ, ਇਸ ਅਪਰੇਸ਼ਨ ਲਈ ਡਾ. ਪਰਿਕਿਨਸ ਵੀ ਉਸਦੇ ਨਾਲ ਸੀ। ਉਹਨਾਂ ਦੋਹਾਂ ਦੀਆਂ ਅੱਖਾਂ ਖੁਸ਼ੀ ਵਿਚ ਇਹ ਸਭ ਕੁਝ ਨਿਹਾਰ ਰਹੀਆਂ ਸੀ। ਪਰ ਸ਼ਾਇਦ ਕੁਝ ਗੜਬੜ ਸੀ। ਉਹਨਾਂ ਦੀ ਮਿਹਨਤ ਵਿਅਰਥ ਜਾਣ ਵਾਲੀ ਸੀ। ਉਸ ਛੋਟੀ ਜਿਹੀ ਜਾਣ ਨੂੰ ਸ਼ਾਇਦ ਸਾਹ ਲੈਣ ਵਿਚ ਔਖ ਹੋ ਰਹੀ ਸੀ ਅਤੇ ਬੇਜਾਨ ਜਿਹਾ ਸੀ। ਉਹ ਬਾਰ-ਬਾਰ ਕੋਸ਼ਿਸ਼ ਕਰ ਰਹੇ ਸੀ, ਪਰ ਉਹਨਾਂ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਸੀ ਹੋ ਰਹੀਆਂ। ਅਗਲੇ 26 ਘੰਟੇ ਉਹ ਯਤਨ ਕਰਦੇ ਰਹੇ । ਪਰਿਜਿਤ ਤਾਂ ਦੁਨੀਆਂ ਤੋਂ ਬੇਖ਼ਬਰ ਸੀ। ਅਖੀਰ ਉਹਨਾਂ ਦੀ ਮਿਹਨਤ ਰੰਗ ਲਿਆਈ। ਭਾਵੇਂ ਇਸ ਲਈ ਬਹੁਤ ਇੰਤਜ਼ਾਰ ਕਰਨੀ ਪਈ।
——–
ਪਿਆਰੇ ਜਿਹੇ ਬੱਚੇ ਨੂੰ ਪਰਿਜਿਤ ਦੀ ਝੋਲੀ ਪਾਇਆ ਗਿਆ। ਉਹ ਜਿਵੇਂ ਅਸਮਾਨ ਵਿਚ ਉੱਡ ਰਿਹਾ ਸੀ। ਇਹ ਜ਼ਿੰਦਗੀ ਨਾਲ ਧੜਕਦੀ ਇਕ ਖਿੱਦੋ ਜਿਹੀ ਸੀ, ਜਿਸ ਦਾ ਭਾਰ 5 ਪੌਂਡ ਅਤੇ ਲੰਬਾਈ ਤਕਰੀਬਨ 10 ਕੁ ਇੰਚ। ਉਹ ਜਿਵੇਂ ਸੱਤਵੇਂ ਅਸਮਾਨ ‘ਤੇ ਉੱਡ ਰਿਹਾ ਸੀ; ਉਹ ਮਿੱਠੀ ਆਵਾਜ਼ ਵਿਚ ਗੀਤ ਗਾ ਰਿਹਾ ਸੀ, ਉਹ ਮਸਤੀ ਵਿਚ ਸਿਟੀਆਂ ਮਾਰ ਰਿਹਾ ਸੀ। ਆਖਿਰ ਉਹ ਇਕ ਬੱਚੇ ਦਾ ਬਾਪ ਬਣ ਗਿਆ ਸੀ ਅਤੇ ਇਸ ਲਈ ਉਸ ਨੂੰ ਮਾਂ ਦੀ ਲੋੜ ਨਹੀਂ ਸੀ ਪਈ। ਉਸਦੇ ਆਪਣੇ ਸਰੀਰ ਦੇ ਸੈਲਾਂ ਨਾਲ ਇਸਦਾ ਜਨਮ ਹੋਇਆ ਸੀ। ਉਸਦਾ ਗੁਲਾਬੀ ਜਿਹਾ ਨੱਕ, ਉਸਦੀ ਤਰਾਂ ਹੀ ਨੱਕ ‘ਤੇ ਧਾਰੀਆਂ ਜਿਹੀਆਂ, ਉਸ ਵਾਂਗ ਹੀ ਬੁੱਲਾਂ ਦੀ ਬਨਾਵਟ, ਬਿਲਕੁਲ ਪਰਿਜਿਤ ਦੀ ਤਰਾਂ। ਡਾ ਹਾਕਿਨਜ਼ ਨੇ ਅਖ਼ਬਾਰਾਂ ਵਾਲਿਆਂ ਨਾਲ ਗੱਲ ਕੀਤੀ। ਅਗਲੇ ਦਿਨ ਕਈ ਮੁੱਖ ਅਖ਼ਬਾਰਾਂ ਵਿਚ ਪਰਿਜਿਤ ਦੇ ਬੱਚੇ ਨੂੰ ਗੋਦੀ ਚੁੱਕੇ ਦੀਆਂ ਫ਼ੋਟੋਆਂ ਛਪੀਆਂ। ਆਮ ਲੋਕਾਂ ਅਤੇ ਵਿਗਿਆਨ ਦੇ ਖੇਤਰ ਵਿਚ ਖੋਜਾਂ ਕਰਨ ਵਾਲਿਆਂ ਸਾਰਿਆਂ ਲਈ ਹੀ ਇਹ ਵੱਡੀ ਖ਼ਬਰ ਸੀ।
ਸਵੇਰ ਤੋਂ ਹੀ ਪਰਿਜਿਤ ਨੂੰ ਲੱਗ ਰਿਹਾ ਸੀ ਕਿ ਜਿਵੇਂ ਬੱਚੇ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਹੋਵੇ। ਉਸਨੇ ਡਾ. ਹਾਰਨਿਕਜ਼ ਨਾਲ ਗੱਲ ਕੀਤੀ। ਬੱਚੇ ਦੀਆਂ ਪਲਕਾਂ ਬੰਦ ਹੁੰਦੀਆਂ ਜਾ ਰਹੀਆਂ ਸੀ। ਉਸ ਦੇ ਲਾਲ ਬੁੱਲ੍ਹ ਵੀ ਸੁੱਕ ਰਹੇ ਸੀ। ਇਹ ਲੱਗ ਰਿਹਾ ਸੀ ਜਿਵੇਂ ਜੋ ਜ਼ਿੰਦਗੀ ਦੀ ਸੁਗ਼ਾਤ ਉਸ ਨੂੰ ਮਿਲੀ ਸੀ, ਉਹ ਖ਼ਤਮ ਹੁੰਦੀ ਜਾਂ ਰਹੀ ਹੋਵੇ। ਨਹੀਂ, ਨਹੀਂ। ਇਸ ਤਰਾਂ ਨਹੀਂ ਹੋ ਸਕਦਾ। ਬੱਚੇ ਨੂੰ ਜਿਉਂਦਾ ਰਹਿਣਾ ਹੀ ਪਏਗਾ, ਪਰਿਜੀਤ ਤੋਂ ਵੀ ਜ਼ਿਆਦਾ। ਬੱਚਾ ਜੋ ਬਿਲਕੁਲ ਉਸ ਵਰਗਾ ਹੀ ਸੀ, ਉਸਦਾ ਦੋਸਤ, ਜਿਸਨੇ ਦੁੱਖ ਵੇਲੇ ਉਸ ਦਾ ਸਾਥ ਦੇਣਾ ਸੀ, ਦਰਦ ਅਤੇ ਮੁਸੀਬਤ ਸਮੇਂ ਉਸ ਦਾ ਸਾਥੀ, ਜ਼ਿੰਦਗੀ ਦੇ ਹਨੇਰੇ ਵਿਚ ਰੋਸ਼ਨੀ ਦੀ ਕਿਰਨ, ਉਸ ਨੂੰ ਤਾਜ਼ਗੀ ਦੇਣ ਵਾਲਾ ਹਵਾ ਦਾ ਬੁੱਲਾਂ, ਜਿਹੜਾ ਉਸ ਨੂੰ ਖੁਸ਼ ਰੱਖ ਸਕੇ —
Ravindersodhi51@gmail. com