ਚੇਅਰਮੈਨ ਜਸਦੀਪ ਸਿੰਘ ਜੱਸੀ ਵਿਦੇਸ਼ ਯਾਤਰਾ ’ਤੇ ਹੋਣ ਕਾਰਨ ਨਹੀਂ ਹੋ ਸਕੇ ਸ਼ਾਮਿਲ, ਸੰਦੇਸ਼ ਭੇਜਿਆ

ਵਾਸ਼ਿੰਗਟਨ, 8 ਜੂਨ (ਰਾਜ ਗੋਗਨਾ )- ਸਥਿੱਤ ਭਾਰਤੀ ਅੰਬੈਸੀ ਵਲੋਂ ਅਯੋਜਿਤ ਇਕ ਸਮਾਗਮ ’ਚ ਡਾ. ਸ਼ਸ਼ੀ ਥਰੂਰ ਭਾਰਤੀ ਸੰਸਦ ਮੈਂਬਰ ਦੀ ਅਗਵਾਈ ਵਾਲੇ ਸਰਬ ਪਾਰਟੀ ਵਫ਼ਦ ਨੇ ਅਮਰੀਕਾ ’ਚ ਪ੍ਰਮੁੱਖ ਭਾਰਤੀ ਪ੍ਰਵਾਸੀ ਆਗੂਆਂ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਅੱਤਵਾਦ ਵਿਰੁੱਧ ਭਾਰਤ ਦੇ ਦ੍ਰਿੜ ਇਕਜੁੱਟਤਾ ਦੇ ਸਟੈਂਡ ਅਤੇ ਆਪ੍ਰੇਸ਼ਨ ਸਿੰਦੂਰ ਰਾਹੀਂ ਭਾਰਤ ਦੁਆਰਾ ਬਣਾਏ ਗਏ ਨਵੇਂ ਰੁਝਾਨ ਬਾਰੇ ਗੱਲਬਾਤ ਕੀਤੀ। ਭਾਰਤੀ ਪ੍ਰਵਾਸੀ ਮੈਂਬਰਾਂ ਨੇ ਅੱਤਵਾਦ ਦੇ ਪੀੜਤਾਂ ਨਾਲ ਹਮਦਰਦੀ ਅਤੇ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਲਈ ਸਮਰਥਨ ਦਾ ਆਪਣਾ ਸੰਦੇਸ ਸਾਂਝਾ ਕੀਤਾ। ਇਸ ਸਮਾਗਮ ’ਚ ਸਿੱਖ ਆਫ ਅਮੈਰਿਕਾ ਦੀ ਟੀਮ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਈ।
ਚੇਅਰਮੈਨ ਜਸਦੀਪ ਸਿੰਘ ਜੱਸੀ ਵਿਦੇਸ਼ ਯਾਤਰਾ ’ਤੇ ਗਏ ਹੋਣ ਕਾਰਨ ਸ਼ਾਮਿਲ ਨਹੀਂ ਹੋ ਸਕੇ ਪਰ ਉਹਨਾਂ ਦਿਆਂ ਦਿਸ਼ਾ ਨਿਰਦੇਸ਼ਾਂ ’ਤੇ ਸ਼ਾਮਿਲ ਹੋਏ। ਸਿੱਖਸ ਆਫ ਅਮੈਰਿਕਾ ਦੇ ਨੁਮਾਇੰਦਿਆਂ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਮੁਹਿੰਮ ਵਿਚ ਸਾਥ ਦੇਣ ਦੀ ਪੇਸ਼ਕਸ਼ ਕੀਤੀ ਪਰ ਨਾਲ ਹੀ ਦੋਵਾਂ ਦੇਸ਼ਾਂ (ਭਾਰਤ ਅਤੇ ਪਾਕਿਸਤਾਨ) ਵਿੱਚ ਗੱਲਬਾਤ ਨਾਲ ਮਸਲਿਆਂ ਦੇ ਹੱਲ ਲੱਭਣ ਦੀ ਤਵੱਕੋਂ ਵੀ ਕੀਤੀ। ਨੁਮਾਇੰਦਿਆਂ ਨੇ ਚੇਅਰਮੈਨ ਜਸਦੀਪ ਸਿੰਘ ਜੱਸੀ ਦਾ ਭੇਜਿਆ ਹੋਇਆ ਸੰਦੇਸ਼ ਪੜ ਕੇ ਸੁਣਾਉਂਦਿਆਂ ਹੋਇਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਮਸਲੇ ਦਾ ਹੱਲ ਜੰਗ ਨਹੀਂ ਹੈ, ਹਮੇਸ਼ਾ ਹੀ ਜਦੋਂ ਵੀ ਮਸਲੇ ਦਾ ਹੱਲ ਹੋਣਾ ਹੁੰਦਾ ਹੈ ਤਾਂ ਗੱਲਬਾਤ ਨਾਲ ਹੀ ਹੁੰਦਾ ਹੈ। ਸੋ ਅਜਿਹਾ ਮਹੌਲ ਤਿਆਰ ਕੀਤਾ ਜਾਵੇ ਕਿ ਬਿਨਾਂ ਕਿਸੇ ਹਥਿਆਰਬੰਦ ਜੰਗ ਦੇ ਹੀ ਸਾਰੇ ਮਸਲੇ ਹੱਲ ਹੋ ਜਾਣ। ਉਹਨਾਂ ਭਾਰਤੀ ਆਲ ਪਾਰਟੀ ਡੈਲੀਗੇਸ਼ਨ ਦਾ ਨਿੱਘਾ ਸਵਾਗਤ ਵੀ ਕੀਤਾ।