ਪਿੰਡ, ਪੰਜਾਬ ਦੀ ਚਿੱਠੀ (251)

ਪਿੰਡ, ਪੰਜਾਬ ਦੀ ਚਿੱਠੀ (251)

ਸਾਰੀਆਂ ਰੁੱਤਾਂ ਮਾਨਣ ਵਾਲੇ ਬਾਸ਼ਿੰਦਿਉ, ਸਤ ਸ਼੍ਰੀ ਅਕਾਲ।
ਅਸੀਂ ਇੱਥੇ ਝੁਲਸਦੀ ਗਰਮੀ ਵਿੱਚ ਵੀ ਮੌਨਸੂਨ ਵਰਗੇ ਹਾਂ। ਪ੍ਰਮਾਤਮਾ ਤੁਹਾਨੂੰ ਵੀ ਤੰਦਰੁਸਤੀ ਦੇਵੇ। ਅੱਗੇ ਸਮਾਚਾਰ ਇਹ ਹੈ ਕਿ ਆਪਣੇ ਪਿੰਡ ਇੱਕ, ‘ਰੁਲਿਆ-ਖੁਲਿਆ ਜਾਰੱਬ ਦਾ ਬੰਦਾ ਆ ਗਿਆ ਹੈ। ਡਿੱਗਦੀ ਜੀ ਪੈਂਟ ਪਾਈ, ਪਿੰਡਿਓਂ ਨੰਗਾ, ਸਿਰ ਉੱਤੇ ਖੁੱਥੜੇ ਵਾਲ। ਕੋਈ ਝੋਲਾ, ਬੈਗ, ਸਾਮਾਨ-ਸੱਪਾ ਨਹੀਂ। ਚੁੱਪ-ਚਾਪ ਤੁਰਦਾ-ਫਿਰਦਾ, ਕਦੇ-ਕਦੇ ਸੱਜੇ ਹੱਥ ਦੀ, ਵੱਡੀ ਉਂਗਲ ਅੱਗੇ ਕਰਕੇ ਬੋਲਦੈ, ਜਿਵੇਂ ਲੈਕਚਰ ਕਰਦਾ ਹੋਵੇ। ਸਮਝ ਘੱਟ ਹੀ ਲੱਗਦੀ ਹੈ। ਉਸਦੇ ਹੁਲੀਏ ਅਤੇ ਇੰਜ ਬੋਲਣ ਤੋਂ ਲੰਘਦੇ ਬੱਚੇ ਮਤੇ ਜਨਾਨੀਆਂ ਡਰ ਜਾਂਦੀਆ ਹਨ, ਅਤੇ ਕਿਤੇ ਮਗਰ ਪੈ ਜਾਵੇ। ਕਈ ਮਾਂਵਾਂ ਤਾਂ ਜਵਾਕਾਂ ਨੂੰ ਉਸ ਦਾ ਹਵਾਲਾ ਦੇ, ਭੈਅ-ਭੀਤ ਕਰ ਰਹੀਆਂ ਹਨ। ਉਸਦੇ ਖਾਣ-ਪੀਣ ਦੀ ਕੋਈ ਸਮਝ ਨਹੀਂ। ਚੱਕੀ ਆਲਾ ਬਾਬੂ ਦੱਸਦਾ ਸੀ, “ਬਈ ਰਾਤ ਨੂੰ ਮੰਦਰ ਆਲੀ ਕੰਧ ਨਾਲ ਸੁੱਤਾ ਪਿਆ ਸੀ।" “ਕੋਠੀ ਆਲੇ ਸੁਰਿੰਦਰਪਾਲ ਕੇ ਭੋਗ ਵੇਲੇ ਉਸ ਨੇ ਲੰਮਾ-ਪੈ ਕੇ ਦੂਰੋਂ ਮੱਥਾ ਵੀ ਟੇਕਿਆ ਅਤੇ ਬਾਹਰ ਬੈਠ ਕੇ ਹੀ ਲੰਗਰ ਛਕ ਲਿਆ।" “ਫੇਰ ਸੁੱਧ ਤਾਂ ਉਹਨੂੰ ਹੈਗੀ ਚੰਗੇ-ਮੰਦੇ ਦੀ?" ਮਨਦੀਪ ਨੇ ਲੱਖਣ ਲਾਇਆ। “ਇਹ ਬਾਈ, ਕੋਈ ਜਾਸੂਸੀ ਵਾਲਾ ਨਾ ਹੋਵੇ, ਅਜੇਹੇ ਬੰਦੇ ਲੜਾਈਆਂ ਵੇਲੇ ਵਾਇਰਲੈਸ ਕਰਦੇ ਫੜੇ ਗਏ ਸੀ?" ਨੱਤੇ ਕੇ ਸਾਬਕਾ ਫੌਜੀ ਕੁਲਤਾਰ ਸਿੰਹੁ ਨੇ ਵਾਈ ਦਿੱਤੀ। “ਮੈਨੂੰ ਤਾਂ ਹਿੱਲੇ-ਦਮਾਗ ਆਲਾ ਲੱਗਦੈ", ਮਿੰਟੂ ਹਸਨਪੁਰ ਵਾਲੇ ਦੀਆਂ ਵੀਡੀਓ ਦੇਖਦੇ ਪਾਲੇ ਨੇ ਕਿਹਾ। “ਸੱਚੇ ਪਾਸ਼ਾਅ... ਨੇ ਪਤਾ ਨੀ ਕੀ-ਕੀ ਲੇਖ ਲਿਖਤੇ ਐ, ਭਗਤ ਪੂਰਨ ਸਿੰਘ ਵਰਗੇ ਮਹਾਂ-ਪੁਰਸ਼ਾਂ ਨੇ ਸੈਂਕੜਿਆਂ ਨੂੰ ਪਾਲਿਐ।" ਛੁੱਟੀਆਂ ਮਾਣਦੇ ਹਰਪ੍ਰੀਤ ਮਾਸਟਰ ਨੇ ਪਿੰਗਲਵਾੜੇ ਦੀ ਸੇਵਾ ਜਤਾਈ। “ਯਾਰ ਮੈਨੂੰ ਤਾਂ ਵੇਖਦਿਆਂ ਸੂਗ ਈ ਬੜੀ ਆਂਉਂਦੀ ਐ, ਘਰ ਦੇ ਆਵਦੇ ਸਕੇ-ਸੋਤਰੇ ਨੂੰ ਵੀ ਸਾਂਭਣਾਂ ਔਖਾ ਹੁੰਦੈ, ਪਤਾ ਨੀਂ ਇਹ ਕਿਵੇਂ ਸੇਵਾ ਕਰ ਲੈਂਦੇ ਆ?" ਸਾਰਾ ਸੀਨ ਯਾਦ ਕਰਦੇ ਮਲਕੀਤ ਸਿੰਹੁ ਔਲਖ ਨੇ ਹਕੀਕਤ ਬਿਆਨੀ ਅਤੇ ਵਾਹਿਗੁਰੂ ਬੋਲਿਆ। “ਕਰੋੜਾਂਚੋਂ ਕੋਈ ਆਤਮਾ ਹੁੰਦੀ ਐ, ਰੱਬ ਦੀ ਘੱਲੀ ਜੋ ਧਰਮ, ਜਾਤ ਤੋਂ ਉੱਤੇ, ਕੇਵਲ ਇਨਸਾਨਾਂ ਨੂੰ ਵੇਖ, ਪਾਲਦੀ ਹੈ।

ਬਾਬਾ ਈਦੀ, ਟਰੇਸਾ ਮਾਂ ਅਤੇ ਹੋਰ ਕਈ ਸਾਧਕ ਚੰਗੀਆਂ ਪੈੜਾਂ ਪਾ ਗਏ ਹਨ। ਲੁਧਿਆਣੇ ਆਲਾ ਮਿੰਟੂ ਹਰਪ੍ਰੀਤ ਸਿੰਘ ਤਾਂ ਪਤਾ ਲੱਗਣ ਉੱਤੇ, ਆਪ ਜਾ ਕੇ ਚੱਕ ਕੇ ਲਿਆਂਉਂਦਾ ਬੀਮਾਰਾਂ ਨੂੰ। ਦੇਖ-ਭਾਲ ਕਰਨ ਮਗਰੋਂ ਸਚਮੁੱਚ ਹੀ ਬਦਲ ਜਾਂਦੇ ਹਨ।” ਲਛਮਣ ਪਾੜ੍ਹੇ ਨੇ ਸੇਵਾ-ਇਤਿਹਾਸ ਦੱਸਿਆ। “ਫੇਰ ਚਾਚਾ ਆਪਾਂ ਲੁਧਿਆਣੇਂ ਈ ਫੋਨ ਕਰ ਦੇਈਏ, ਕੀ ਪਤਾ ਇਹਦੀ ਭਗਤ ਦੀ ਜੂਨ ਈ ਸੁਧਰਜੇ?” ਚੰਗੀ ਆਸ ਨਲ ਸਿਕਦਾਰ ਸਿੰਹੁ ਦਲੀਲ ਰੱਖਦਾ ਖੜਾ ਹੋ ਗਿਆ।” “ਆਂਏਂ ਈਂ ਕਰਦੇ ਆ ਫੇਰ, ਮੈਂ ਸਰਪੰਚ ਫੂਲਾ ਸਿੰਹੁ ਨਾਲ ਮਸ਼ਵਰਾ ਕਰ ਅੱਜ ਈ ਕਰਦਾਂ ਬੰਨ-ਸੁੱਭ।” ਹਰ ਥਾਂ ਰਾਜਨੀਤੀ ਕਰਦਾ ਹੰਸਾ ਸਿੰਹੁ ਜੱਥੇਦਾਰ ਉਦੋਂ ਈ ਚੱਲ ਪਿਆ। ਸਾਰੇ ਉਸ ਨੂੰ ਜਾਂਦਿਆਂ ਵੇਖ, ਚੰਗੇ ਨਤੀਜਿਆਂ ਲਈ ਆਸਵੰਦ ਹੋ ਗਏ।
ਚੰਗਾ, ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061