ਨਸ਼ੇ ਰੋਕੂ ਮੁਹਿੰਮ ਦਾ ਪਿੰਡ ਭਾਈ ਬਖਤੌਰ ਨੇ ਅਸਲ ਸੱਚ ਸਾਹਮਣੇ ਲਿਆਂਦਾ- ਕਾ: ਸੇਖੋਂ

ਬਠਿੰਡਾ, 6 ਜੂਨ, ਬੀ ਐੱਸ ਭੁੱਲਰ
ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਤੇ ਦਾਅਵਾ ਕਰਨ ਵਾਲੀ ਮੁੱਖ ਮੰਤਰੀ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦਾ ਅਸਲ ਸੱਚ ਜਿਲਾ ਬਠਿੰਡਾ ਦੇ ਪਿੰਡ ਭਾਈ ਬਖਤੌਰ ਨੇ ਸਾਹਮਣੇ ਲਿਆਂਦਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਰਕਾਰ ਤੇ ਪੁਲਿਸ ਇਸ ਸੱਚ ਨੂੰ ਦਬਾਉਣ ਲਈ ਹਰ ਸੰਭਵ ਯਤਨ ਕਰ ਰਹੀਆਂ ਹਨ, ਜਿਸ ਸਦਕਾ ਪੰਜਾਬ ਦੇ ਲੋਕਾਂ ਵਿੱਚ ਨਿਰਾਸ਼ਤਾ ਫੈਲ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਪੰਜਾਬ ਸਰਕਾਰ ਵੱਲੋਂ ਨਸ਼ੇ ਰੋਕਣ ਦੇ ਨਾਂ ਹੇਠ ਇੱਕ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਚਲਾਈ ਗਈ ਸੀ, ਜਿਸ ਦਾ ਪਹਿਲਾ ਪੜਾਅ 31 ਮਈ ਨੂੰ ਖਤਮ ਹੋ ਗਿਆ ਹੈ। ਮੁੱਖ ਮੰਤਰੀ ਇਹ ਐਲਾਨ ਦੇ ਦਾਅਵੇ ਕਰਦੇ ਰਹੇ ਹਨ ਕਿ ਇਹ ਮੁਹਿੰਮ ਬਹੁਤ ਸਫ਼ਲ ਸਿੱਧ ਹੋ ਰਹੀ ਹੈ ਅਤੇ ਨਸ਼ਿਆਂ ਤੇ ਕਾਬੂ ਪਾਇਆ ਜਾ ਰਿਹਾ ਹੈ। ਮੁੱਖ ਮੰਤਰੀ ਦੇ ਇਹਨਾਂ ਦਾਅਵਿਆਂ ਦੀ ਪਿੰਡ ਭਾਈ ਬਖਤੌਰ ਨੇ ਫੂਕ ਕੱਢ ਕੇ ਅਸਲ ਸੱਚ ਨੂੰ ਸਾਹਮਣੇ ਲਿਆਂਦਾ ਹੈ।
ਇਸ ਪਿੰਡ ਦੇ ਕੁੱਝ ਸਮਾਜ ਸੇਵਕਾਂ ਵੱਲੋਂ ਨਸ਼ੇ ਰੋਕਣ ਲਈ ਪਿੰਡ ਵਿੱਚ ਯਤਨ ਅਰੰਭੇ ਗਏ, ਪਰ ਸਬੰਧਤ ਥਾਨਾ ਕੋਟਫੱਤਾ ਦੇ ਮੁਖੀ ਵੱਲੋਂ ਇਹਨਾਂ ਸਮਾਜ ਸੇਵਕਾਂ ਨੂੰ ਡਰਾਵੇ ਤੇ ਧਮਕੀਆਂ ਦੇਣੀਆਂ ਸੁਰੂ ਕਰ ਦਿੱਤੀਆਂ ਗਈਆਂ। ਪਿੰਡ ਦੇ ਇੱਕ ਸਾਬਕਾ ਫੌਜੀ ਰਣਬੀਰ ਸਿੰਘ ਦੀਆਂ ਨਸ਼ਾ ਵੇਚਣ ਵਾਲਿਆਂ ਨੇ ਲੱਤਾਂ ਤੋੜ ਦਿੱਤੀਆਂ, ਉਹ ਹਸਪਤਾਲ ਵਿੱਚ ਇਲਾਜ ਅਧੀਨ ਹੈ। ਪੁਲਿਸ ਨਸ਼ਾ ਤਸ਼ਕਰਾਂ ਦਾ ਪੱਖ ਪੂਰ ਰਹੀ ਸੀ। ਆਖ਼ਰ ਪਿੰਡ ਦੇ ਇੱਕ ਨੌਜਵਾਨ ਨੇ ਇਸ ਦੁੱਖ ਚੋਂ ਨਿਕਲਣ ਲਈ ਰੋਸ਼ ਪ੍ਰਗਟ ਕਰਦਿਆਂ ਪਿੰਡ ਵਿੱਚ ‘‘ਸਾਡਾ ਪਿੰਡ ਵਿਕਾਊ ਹੈ’’ ਦੇ ਪੋਸਟਰ ਲਾ ਦਿੱਤੇ। ਸਬੰਧਤ ਪੁਲਿਸ ਨੇ ਨਸ਼ਾ ਵੇਚਣ ਵਾਲਿਆਂ ਨੂੰ ਤਾਂ ਹੱਥ ਨਾ ਪਾਇਆ, ਬਲਕਿ ਪੋਸਟਰ ਲਾਉਣ ਵਾਲੇ ਨੌਜਵਾਨ ਲਖਵੀਰ ਸਿੰਘ ਉਰਫ ਲੱਖਾ ਨੂੰ ਧਮਕੀਆਂ ਦੇਣੀਆਂ ਸੁਰੂ ਕਰ ਦਿੱਤੀਆਂ ਕਿ ਤੇਰੇ ਖਿਲਾਫ ਅਫ਼ਵਾਹਾਂ ਫੈਲਾਉਣ ਦਾ ਪਰਚਾ ਦਰਜ ਕਰਾਂਗੇ।
ਇਸਤੋਂ ਬਾਅਦ ਸਮੁੱਚਾ ਪਿੰਡ ਇਕੱਠਾ ਹੋ ਗਿਆ। ਪਿੰਡ ਨੇ ਦੋਸ਼ ਲਾਇਆ ਕਿ ਥਾਨਾ ਮੁਖੀ ਲੋਕਾਂ ਤੇ ਇਹ ਦਬਾਅ ਪਾ ਰਿਹਾ ਸੀ ਕਿ ਤੁਸੀਂ ਇਹ ਬਿਆਨ ਦਿਓ ਕਿ ‘‘ਸਾਡੇ ਪਿੰਡ ਵਿੱਚ ਤਾਂ ਨਸ਼ਾ ਵਿਕਦਾ ਹੀ ਨਹੀਂ।’’ ਪਿੰਡ ਦੇ ਬਜੁਰਗਾਂ, ਔਰਤਾਂ, ਨੌਜਵਾਨਾਂ ਨੇ ਡਟ ਕੇ ਕੈਮਰੇ ਮੂਹਰੇ ਬਿਆਨ ਦਰਜ ਕਰਵਾਏ ਕਿ ਪਿੰਡ ਵਿੱਚ ਬਹੁਤ ਜਿਆਦਾ ਨਸ਼ਾ ਵਿਕਦਾ ਹੈ, ਧੀਆਂ ਭੈਣਾਂ ਸੁਰੱਖਿਅਤ ਨਹੀਂ ਹਨ, ਪੁਲਿਸ ਦੀ ਮਿਲੀਭੁਗਤ ਨਾਲ ਹੀ ਨਸ਼ਾ ਵਿਕ ਰਿਹਾ ਹੈ। ਆਖ਼ਰ ਲੋਕਾਂ ਦੀ ਲਾਮਬੰਦੀ ਵੇਖਦਿਆਂ ਜਿਲਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਕੁੱਟਮਾਰ ਦਾ ਸ਼ਿਕਾਰ ਹੋਏ ਰਣਬੀਰ ਸਿੰਘ ਦਾ ਪਤਾ ਲੈਣ ਲਈ ਹਸਪਤਾਲ ਪਹੁੰਚੇ ਅਤੇ ਥਾਨਾ ਕੋਟਫੱਤਾ ਦੇ ਮੁਖੀ ਮੁਨੀਸ ਕੁਮਾਰ ਨੂੰ ਲਾਈਨ ਹਾਜਰ ਕਰ ਦਿੱਤਾ।
ਕਾ: ਸੇਖੋਂ ਨੇ ਕਿਹਾ ਕਿ ਪੁਲਿਸ ਦੀ ਇਹ ਕਾਰਵਾਈ ਮਗਰਮੱਛ ਦੇ ਹੰਝੂ ਪੂਝਣ ਵਾਲੀ ਹੈ। ਲਾਈਨ ਹਾਜਰ ਕਰਨਾ ਕੋਈ ਸਜਾ ਨਹੀਂ। ਜਿਹੜਾ ਅਧਿਕਾਰੀ ਨਸ਼ਾ ਤਸਕਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਨਸ਼ੇ ਰੋਕਣ ਵਾਲਿਆਂ ਨੂੰ ਧਮਕੀਆਂ ਦਿੰਦਾ ਹੈ, ਉਸ ਵਿਰੁੱਧ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਇੱਥੇ ਹੀ ਬੱਸ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਵੀ ਮੀਡੀਆ ’ਚ ਬਿਆਨ ਦੇ ਰਹੇ ਹਨ ਕਿ ਜੇ ਪਿੰਡ ਵਿਕਾਊ ਦਾ ਪੋਸਟਰ ਲੱਗ ਗਿਆ ਤਾਂ ਕੀ ਹੋ ਗਿਆ, ਅਸੀਂ ਤਾਂ ਨਹੀਂ ਵਿਕਾਉਂਦੇ। ਸੂਬਾ ਸਕੱਤਰ ਨੇ ਕਿਹਾ ਕਿ ਕੀ ਇਹ ਬਿਆਨ ਨਸ਼ਾ ਰੋਕਣ ਵਾਲਿਆਂ ਦੇ ਹੱਕ ਵਿੱਚ ਹੈ ਜਾਂ ਨਸ਼ਾ ਤਸਕਰਾਂ ਦੀ ਪੁਸਤ ਪਨਾਹੀ ਕਰਦਾ ਹੈ? ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਸੂਬੇ ’ਚ ਵਾਪਰਨ ਵਾਲੀ ਹਰ ਘਟਨਾ ਪ੍ਰਤੀ ਜੁਮੇਵਾਰੀ ਹੁੰਦੀ ਹੈ।
ਕਾ: ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਸਫ਼ਲ ਵਿਖਾਉਣ ਲਈ ਪੁਲਿਸ ਲੋਕਾਂ ਤੋਂ ਨਸ਼ੇ ਨਾ ਵਿਕਣ ਦੇ ਬਿਆਨ ਦਿਵਾ ਰਹੀ ਹੈ, ਮੀਡੀਆ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰ ਅਸਲ ਸੱਚ ਕੀ ਹੈ? ਇਹ ਭਾਈ ਬਖਤੌਰ ਦੇ ਲੋਕਾਂ ਨੇ ਪਰਤੱਖ ਕਰ ਦਿੱਤਾ ਹੈ। ਸੂਬਾ ਸਕੱਤਰ ਨੇ ਕਿਹਾ ਕਿ ਸਰਕਾਰ ਪ੍ਰਚਾਰ ਪ੍ਰਸ਼ਾਰ ਕਰਨ ਦੀ ਬਜਾਏ ਅਮਲ ਵਿੱਚ ਕੰਮ ਕਰੇ। ਪੁਲਿਸ ਤੇ ਨਸ਼ਾ ਤਸਕਰਾਂ ਦਾ ਗੱਠਜੋੜ ਤੋੜਿਆ ਜਾਵੇ, ਲੋਕਾਂ ਦੀ ਆਵਾਜ਼ ਸੁਣ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਨਸ਼ਾ ਤਸਕਰਾਂ ਦੇ ਸਹਿਯੋਗੀ ਪੁਲਿਸ ਅਧਿਕਾਰੀਆਂ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।