
ਦਿੱਲੀ ਰੇਲਵੇ ਸਟੇਸ਼ਨ ਤੇ ਪਹੁੰਚਦੇ ਹੀ ਮੈਂ ਦੇਖਿਆ ਕਿ ਰੇਲ ਗੱਡੀ ਤਾਂ ਪਲੇਟਫ਼ਾਰਮ ਤੇ ਪਹੁੰਚ ਚੁਕੀ ਸੀ। ਜੂਨ ਦੇ ਮਹੀਨੇ ਵਿਚ ਦਿੱਲੀ ਦੀ ਚੁੱਭਵੀਂ ਗਰਮੀ ਵਿਚ ਪਲੇਟਫ਼ਾਰਮ ਤੇ ਬੈਠ ਕੇ ਗੱਡੀ ਦੀ ਉਡੀਕ ਕਰਨ ਨਾਲੋਂ ਏ.ਸੀ. ਡੱਬੇ ਵਿਚ ਬੈਠਣ ਦੇ ਖਿਆਲ ਨੇ ਹੀ ਦਿਲ ਵਿਚ ਠੰਡਕ ਪੈਦਾ ਕਰ ਦਿੱਤੀ। ਆਪਣੇ ਡੱਬੇ ਵਿਚ ਚੜ੍ਹਨ ਤੋਂ ਬਾਅਦ ਮੈਂ ਇਕ ਬਾਰ ਆਪਣਾ ਸਮਾਨ ਦੇਖ ਕੇ ਥਾਂ ਸਿਰ ਟਿਕਾਇਆ, ਕੁਲੀ ਨੂੰ ਪੈਸੇ ਦੇ, ਆਪਣੀ ਸੀਟ ‘ਤੇ ਬੈਠ ਕੇ ਸੁਖ ਦਾ ਸਾਹ ਲਿਆ।
ਮੇਰੇ ਨਾਲ ਹੀ ਇਕ 60-65 ਸਾਲ ਦਾ ਅੱਧਖੜ ਉਮਰ ਦਾ ਕੋਈ ਬੰਦਾ ਬੈਠਾ ਸੀ। ਉਸਨੇ ਆਪਣੇ ਬੈਗ ਉਪਰਲੀ ਸੀਟ ‘ਤੇ ਰੱਖੇ ਹੋਏ ਸੀ। ਉਹ ਮੇਰੇ ਬੇਟੇ ਵੱਲ ਦੇਖ, ਜੋ ਮੈਨੂੰ ਛੱਡਣ ਆਇਆ ਸੀ, ਕੁਝ ਬੁੜਬੁੜਾਇਆ। ਮੈਂ ਕੁਝ ਹੈਰਾਨ ਹੋ ਕੇ ਉਸ ਵੱਲ ਦੇਖ ਕੇ ਪੁੱਛਿਆ ਕਿ ਉਸ ਨੇ ਮੈਨੂੰ ਕੁਝ ਕਿਹਾ ਹੈ? ਉਸ ਨੇ ਘਬਰਾ ਕੇ ਕਿਹਾ, “ਨਹੀਂ, ਨਹੀਂ, ਮੈਂ ਤਾਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਸੀ ਅਤੇ ਹੈਰਾਨ ਹੋ ਰਿਹਾ ਸੀ ਕਿ ਅੱਜ ਦੇ ਜ਼ਮਾਨੇ ਵਿਚ ਰਿਸ਼ਤੇ ਵੀ ਕਿੰਨੇ ਮਤਲਬੀ ਹੋ ਗਏ ਨੇ। ਤੁਸੀਂ ਭਾਗਾਂ ਵਾਲੇ ਹੋ ਕਿ ਤੁਹਾਡਾ ਬੱਚਾ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ।”
ਮੈਨੂੰ ਉਸਦਾ ਇਹ ਕਹਿਣਾ ਕੁਝ ਅਜੀਬ ਅਤੇ ਮੌਕੇ ਮੁਤਾਬਿਕ ਨਾ ਲੱਗਿਆ, ਪਰ ਮੈਂ ਚੁੱਪ ਹੀ ਰਹੀ। ਇਹ ਜ਼ਰੂਰ ਹੈ ਕਿ ਮੇਰੇ ਅੰਦਰਲੇ ਲੇਖਕ ਨੇ ਮੈਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਇਕ ਚੰਗਾ ਭਲਾ ਇਨਸਾਨ ਜ਼ਿੰਦਗੀ ਅਤੇ ਰਿਸ਼ਤਿਆਂ ਪ੍ਰਤੀ ਐਨਾ ਨਿਰਾਸ਼ ਕਿਉਂ ਸੀ? ਗੱਡੀ ਚਲਣ ਤੋਂ ਕੁਝ ਦੇਰ ਬਾਅਦ ਹੀ ਅਸੀਂ ਆਮ ਜਿਹੀਆਂ ਗੱਲਾਂ ਕਰਨ ਲੱਗ ਪਏ। ਆਨੰਦ ਸਾਹਿਬ ਗੱਲਾਂ ਕਰੇ ਬਿਨਾਂ ਰਹਿ ਨਹੀਂ ਸੀ ਸਕਦੇ। ਉਹ ਆਪਣੇ ਦੁਖਾਂ ਤੋਂ ਐਨੇ ਭਰੇ-ਪੀਤੇ ਬੈਠੇ ਸੀ ਕਿ ਮੌਕਾ ਮਿਲਦੇ ਹੀ ਉਹਨਾਂ ਦੀ ਬੇਚੈਨੀ ਅਤੇ ਗੁੱਸਾ ਫੁਟ ਪਿਆ।
ਆਨੰਦ ਸਾਹਿਬ ਕੁਝ ਦਿਨ ਪਹਿਲਾਂ ਆਪਣੇ ਛੋਟੇ ਭਰਾ ਨੂੰ ਮਿਲਣ ਗੁੜਗਾਂਓ ਆਏ ਸੀ, ਪਰ ਉਥੇ ਆਉਣ ਦੇ ਆਪਣੇ ਭੈੜੇ ਤਜ਼ਰਬੇ ਨੂੰ ਯਾਦ ਕਰਕੇ ਉਹਨਾਂ ਦੀਆਂ ਅੱਖਾਂ ਸਿਲੀਆਂ ਹੋ ਗਈਆਂ। ਉਸ ਘਟਨਾ ਤੋਂ ਬਾਅਦ ਉਹ ਉਥੇ ਰਹਿ ਨਾ ਸਕੇ ਅਤੇ ਉਹਨਾਂ ਨੇ ਜਲਦੀ-ਜਲਦੀ ਆਪਣਾ ਸਮਾਨ ਬੰਨ ਕੇ ਅਤੇ ਉਥੋਂ ਆ ਗਏ। ਉਹ ਸਵੇਰੇ 11 ਵਜੇ ਰੇਲਵੇ ਸਟੇਸ਼ਨ ਪਹੁੰਚ ਗਏ ਸੀ ਅਤੇ ਐਨੀ ਤੇਜ ਗਰਮੀ ਵਿਚ ਉਹ ਸਾਮ ਦੇ 4 ਵਜੇ ਤੱਕ ਗੱਡੀ ਦਾ ਇੰਤਜ਼ਾਰ ਕਰਦੇ ਰਹੇ।
ਲੱਗਦਾ ਸੀ ਜਿਵੇਂ ਉਹ ਆਪਣੀਆਂ ਪੁਰਾਣੀਆਂ ਯਾਦਾਂ ਵਿਚ ਗੁਆਚ ਗਏ ਹੋਣ। ਉਹਨਾਂ ਨੇ ਦੱਸਿਆ ਕਿ ਜਦੋਂ ਉਹ ਬੀ. ਏ. ਕਰ ਰਹੇ ਸੀ ਤਾਂ ਉਹਨਾਂ ਦੇ ਪਿਤਾ ਜੀ ਸਵਰਗਵਾਸ ਹੋ ਗਏ। ਇਸ ਅਚਾਨਕ ਵਾਪਰੇ ਦੁਖ ਕਰਕੇ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਉਹਨਾਂ ‘ਤੇ ਆ ਪਈ। ਉਹਨਾਂ ਨੂੰ ਆਪਣੀ ਪੜ੍ਹਾਈ ਵਿੱਚੇ ਛੱਡ ਕੇ ਮਾਮੂਲੀ ਤਨਖਾਹ ‘ਤੇ ਛੋਟੀ ਜਿਹੀ ਨੌਕਰੀ ਕਰਨੀ ਪਈ। ਉਹ ਆਪਣੀ ਮਾਂ ਦਾ ਬਹੁਤ ਸਤਿਕਾਰ ਕਰਦੇ ਸੀ ਅਤੇ ਉਹਨਾਂ ਨੇ ਆਪਣੀ ਮਾਂ ਦੀਆਂ ਇੱਛਾਵਾਂ ਅਨੁਸਾਰ ਹੀ ਸਭ ਕੁਝ ਕੀਤਾ। ਉਹਨਾਂ ਦੀ ਇਕ ਛੋਟੀ ਭੈਣ ਅਤੇ ਇਕ ਭਰਾ ਸੀ, ਜੋ ਉਸ ਸਮੇਂ ਸਕੂਲ ਵਿਚ ਹੀ ਪੜ੍ਹਦੇ ਸੀ। ਆਨੰਦ ਸਾਹਿਬ ਨੇ ਕਿਹਾ, “ਮੈਂ ਦਿਲ ਵਿਚ ਪੱਕਾ ਫੈਸਲਾ ਕਰ ਲਿਆ ਸੀ ਕਿ ਕੁਝ ਵੀ ਹੋ ਜਾਵੇ ਉਹ ਆਪਣੇ ਛੋਟੇ ਭੈਣ-ਭਰਾ ਦੀ ਜ਼ਿੰਦਗੀ ਵਿਚ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦੇਣਗੇ, ਨਾ ਹੀ ਉਹਨਾਂ ਨੂੰ ਪਿਤਾ ਦੀ ਘਾਟ ਮਹਿਸੂਸ ਹੋਣ ਦੇਣਗੇ। ਆਖਿਰ ਵੱਡਾ ਭਰਾ ਵੀ ਤਾਂ ਪਿਉ ਤੋਂ ਘੱਟ ਨਹੀਂ ਹੁੰਦਾ।”
ਸਮਾਂ ਬੀਤਦਾ ਗਿਆ। ਉਹਨਾਂ ਦੀ ਭੈਣ ਰੀਨਾ ਅਤੇ ਭਰਾ ਰਾਜੇਸ਼ ਨੇ ਪੜ੍ਹਾਈ ਪੂਰੀ ਕਰ ਲਈ। ਅਨੰਦ ਸਾਹਿਬ ਅਤੇ ਉਹਨਾਂ ਦੀ ਮਾਤਾ ਨੇ ਰੀਨਾ ਲਈ ਲੜਕਾ ਲੱਭ ਕੇ ਉਸਦਾ ਵਿਆਹ ਕਰ ਦਿੱਤਾ। ਉਹ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਵਿਚ ਬਹੁਤ ਖੁਸ਼ ਸੀ। ਉਸ ਨੂੰ ਖੁਸ਼ ਦੇਖਣਾ ਸਾਡੇ ਲਈ ਤਸੱਲੀ ਵਾਲੀ ਗੱਲ ਸੀ।
ਰਾਜੇਸ਼ ਇੰਜੀਨੀਅਰ ਬਣ ਗਿਆ ਅਤੇ ਹੁਣ ਉਹ ਗੁੜਗਾਂਓ ਵਿਚ ਇਕ ਬਹੁ-ਰਾਸ਼ਟਰੀ ਕੰਪਨੀ ਵਿਚ ਵਧੀਆ ਨੌਕਰੀ ਤੇ ਲੱਗ ਗਿਆ। ਇਕ ਦਿਨ ਮੇਰੀ ਮਾਂ ਮੈਨੂੰ ਕਹਿਣ ਲੱਗੀ, “ਪੁੱਤਰ, ਤੂੰ ਇਸ ਪਰਿਵਾਰ ਲਈ ਬਹੁਤ ਕੁਝ ਕੀਤਾ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਰੱਬ ਨੇ ਮੈਨੂੰ ਅੱਜ ਦੇ ਸਮੇਂ ਵਿਚ ਵੀ ਸਰਵਨ ਕੁਮਾਰ ਵਰਗਾ ਪੁੱਤ ਦਿੱਤਾ ਹੈ। ਤੂੰ ਆਪਣੇ ਪਿਤਾ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਦਿੱਤੀਆਂ ਹਨ, ਹੁਣ ਸਮਾਂ ਆ ਗਿਆ ਹੈ ਕਿ ਤੂੰ ਆਪਣੇ ਬਾਰੇ ਵੀ ਕੁਝ ਸੋਚ। ਮੇਰੀ ਇਹ ਦਿਲੀ ਇੱਛਾ ਹੈ ਕਿ ਤੂੰ ਵੀ ਆਪਣਾ ਘਰ ਵਸਾ ਲੈ।”
ਜਲਦੀ ਹੀ ਮੇਰੀ ਜ਼ਿੰਦਗੀ ਵਿਚ ਵੀ ਖੁਸ਼ੀਆਂ ਵਾਲਾ ਦਿਨ ਆ ਗਿਆ ਜਦੋਂ ਮੇਰਾ ਵਿਆਹ ਇਕ ਸੁਹਣੀ ਕੁੜੀ ਸ਼ੁਸ਼ਮਾ ਨਾਲ ਹੋ ਗਿਆ। ਉਸ ਨੂੰ ਦੇਖਦੇ ਹੀ ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ। ਮੈਨੂੰ ਲੱਗਿਆ ਕਿ ਹੁਣ ਮੇਰੀ ਜ਼ਿੰਦਗੀ ਵੀ ਖੁਸ਼ੀਆਂ ਭਰਪੂਰ ਹੋਵੇਗੀ। ਇਸ ਤਰਾਂ ਲੱਗਦਾ ਸੀ ਜਿਵੇਂ ਸਮੇਂ ਨੂੰ ਖੰਭ ਲੱਗ ਗਏ ਹੋਣ। ਇਕ ਸਾਲ ਲੰਘ ਗਿਆ ਅਤੇ ਸਾਡੇ ਘਰ ਇਕ ਬੇਟੇ ਦਾ ਜਨਮ ਹੋਇਆ। ਇਸੇ ਸਮੇਂ ਦੌਰਾਨ ਮੇਰੇ ਭਰਾ ਨੂੰ ਅਮਰੀਕਾ ਦੀ ਇਕ ਬਹੁ-ਰਾਸ਼ਟਰੀ ਕੰਪਨੀ ਵਿਚ ਨੌਕਰੀ ਮਿਲ ਗਈ ਅਤੇ ਉਹ ਅਮਰੀਕਾ ਚਲਿਆ ਗਿਆ।
ਸਮੇਂ ਦੇ ਬੀਤਣ ਨਾਲ ਮੇਰੀ ਮਾਂ ਦੀ ਤਬੀਅਤ ਖਰਾਬ ਰਹਿਣ ਲੱਗੀ ਅਤੇ ਉਹ ਮੰਜੇ ਜੋਗੀ ਹੀ ਰਹਿ ਗਈ। ਮੈਂ ਮਾਂ ਦੀ ਦੇਖ-ਭਾਲ ਵਿਚ ਕੋਈ ਕਸਰ ਨਾ ਛੱਡੀ ਕਿਉਂ ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲਾ ਨਹੀਂ ਸੀ। ਮੇਰੀ ਪਤਨੀ ਇਸ ਗੱਲੋਂ ਖੁਸ਼ ਨਹੀਂ ਸੀ ਕਿ ਮੈਂ ਆਪਣੀ ਮਾਂ ਦੀ ਦੇਖ-ਭਾਲ ਲਈ ਐਨਾ ਧਿਆਨ ਦਿਆਂ। ਸ਼ੁਰੂ ਤੋਂ ਹੀ ਉਸ ਨੇ ਮੇਰੀਆਂ ਜ਼ਿੰਮੇਵਾਰੀਆਂ ਵਿਚ ਸਹਾਇਤਾ ਨਹੀਂ ਸੀ ਕੀਤੀ। ਹੁਣ ਉਹ ਮੇਰੇ ਨਾਲ ਅਕਸਰ ਹੀ ਨਰਾਜ਼ ਰਹਿੰਦੀ ਅਤੇ ਕਲੇਸ਼ ਪਾਈ ਰੱਖਦੀ। ਮੈਂ ਉਸ ਤੋਂ ਇਹ ਆਸ ਨਹੀਂ ਸੀ ਰੱਖਦਾ ਕਿ ਉਹ ਮੇਰੀ ਮਾਂ ਦੀ ਸੇਵਾ ਕਰੇ। ਮੈਂ ਤਾਂ ਇਹ ਹੀ ਚਾਹੁੰਦਾ ਸੀ ਕਿ ਉਹ ਮੈਨੂੰ ਮੇਰੀ ਮਾਂ ਦੀ ਦੇਖ-ਭਾਲ ਕਰਨ ਦੇਵੇ। ਹੌਲੀ-ਹੌਲੀ ਹਾਲਾਤ ਬਦ ਤੋਂ ਬੱਤਰ ਹੁੰਦੇ ਗਏ। ਸਾਡਾ ਲੜਾਈ ਝਗੜਾ ਹਰ ਰੋਜ਼ ਹੀ ਹੋਣ ਲੱਗਿਆ। ਉਹ ਮੈਨੂੰ ਮਜਬੂਰ ਕਰ ਰਹੀ ਸੀ ਕਿ ਜਾਂ ਤਾਂ ਮੈਂ ਮਾਂ ਨੂੰ ਕਿਸੇ ਬੁਢਾਪਾ ਘਰ ਵਿਚ ਛੱਡ ਆਵਾਂ, ਨਹੀਂ ਤਾਂ ਉਹ ਘਰ ਛੱਡ ਕੇ ਚਲੀ ਜਾਵੇਗੀ। ਮੈਂ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਇਸ ਮੁਸ਼ਕਿਲ ਦੇ ਸਮੇਂ ਉਹ ਮੇਰੀ ਸਹਾਇਤਾ ਕਰੇ ਨਾ ਕਿ ਮੈਨੂੰ ਨਵੀਂ ਮੁਸੀਬਤ ਵਿਚ ਪਾਏ। ਇਹ ਖਿਚੋਤਾਣ ਕੁਝ ਸਮਾਂ ਇਸ ਤਰਾਂ ਹੀ ਚਲਦੀ ਰਹੀ। ਮੈਨੂੰ ਲੱਗਿਆ ਕਿ ਮੇਰੀ ਜ਼ਿੰਦਗੀ ਨਰਕ ਬਣਦੀ ਜਾ ਰਹੀ ਹੈ। ਮੈਂ ਆਪਣੀ ਮਾਂ ਨੂੰ ਇਸ ਹਾਲਤ ਵਿਚ ਛੱਡਣ ਨੂੰ ਬਿਲਕੁਲ ਤਿਆਰ ਨਹੀਂ ਸੀ। ਅਖੀਰ ਵਿਚ ਜੋ ਲੱਗ ਰਿਹਾ ਸੀ, ਉਹ ਇਕ ਦਿਨ ਵਾਪਰ ਹੀ ਗਿਆ। ਮੇਰੀ ਪਤਨੀ ਮੈਨੂੰ ਛੱਡ ਕੇ ਆਪਣੇ ਪੇਕਿਆਂ ਦੇ ਘਰ ਚਲੀ ਗਈ। ਉਹ ਸਾਡੇ ਚਾਰ ਸਾਲ ਦੇ ਪੁੱਤਰ ਨੂੰ ਵੀ ਨਾਲ ਹੀ ਲੈ ਗਈ।
ਸਮਾਂ ਦਾ ਗੇੜ ਕਦੇ ਕਿਸੇ ਲਈ ਨਹੀਂ ਰੁਕਦਾ। ਮੇਰੀ ਪਤਨੀ ਦੇ ਘਰ ਛੱਡਣ ਤੋਂ ਢਾਈ ਸਾਲ ਬਾਅਦ ਮੇਰੀ ਮਾਂ ਵੀ ਆਪਣੀ ਜ਼ਿੰਦਗੀ ਦਾ ਸਫ਼ਰ ਪੂਰਾ ਕਰਕੇ ਤੁਰ ਗਈ। ਮੈਂ ਇਸ ਦੁਨੀਆਂ ਵਿਚ ਇਕੱਲਾ ਹੀ ਰਹਿ ਗਿਆ, ਪਰ ਮੇਰੀ ਪਤਨੀ ਨੇ ਮੈਨੂੰ ਮਿਲਣ ਦੀ ਕੋਸ਼ਿਸ਼ ਨਾ ਕੀਤੀ। ਮੈਂ ਵੀ ਉਸ ਦੇ ਮਤਲਬੀ ਵਿਵਹਾਰ ਅਤੇ ਉਸ ਦੇ ਘਰ ਛੱਡਣ ਦੇ ਸਖ਼ਤ ਫੈਸਲੇ ਤੋਂ ਦੁਖੀ ਹੋ ਕੇ ਉਸ ਨੂੰ ਮਿਲਣ ਦਾ ਕੋਈ ਯਤਨ ਨਾ ਕੀਤਾ।
ਇਸ ਸਮੇਂ ਦੌਰਾਨ ਰਾਜੇਸ਼ ਵੀ ਅਮਰੀਕਾ ਤੋਂ ਵਾਪਿਸ ਆ ਗਿਆ ਅਤੇ ਗੁੜਗਾਂਓ ਵਿਚ ਹੀ ਨੌਕਰੀ ਕਰਨ ਲੱਗਿਆ। ਉਸ ਨੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਵੀ ਕਰਵਾ ਲਿਆ। ਹੁਣ ਉਥੇ ਹੀ ਆਪਣਾ ਘਰ ਬਣਵਾ ਰਿਹਾ ਹੈ। ਉਹ ਕਿਉਂ ਕਿ ਆਪਣੀ ਨੌਕਰੀ ਵਿਚ ਬਹੁਤ ਮਸਰੂਫ ਰਹਿੰਦਾ ਹੈ, ਇਸ ਲਈ ਘਰ ਬਣਾਉਣ ਵੱਲ ਬਹੁਤਾ ਧਿਆਨ ਨਹੀਂ ਸੀ ਦੇ ਸਕਦਾ। ਮੈਂ ਕਿਉਂ ਕਿ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋ ਜਾਣ ਬਾਅਦ ਵਿਹਲਾ ਸੀ, ਇਸ ਲਈ ਰਾਜੇਸ਼ ਨੇ ਮੈਨੂੰ ਬੇਨਤੀ ਕੀਤੀ ਕਿ ਮੈਂ ਉਸ ਕੋਲ ਆ ਕੇ ਰਹਾਂ ਅਤੇ ਘਰ ਦੀ ਉਸਾਰੀ ਦੀ ਦੇਖ-ਭਾਲ ਵੀ ਕਰਾਂ।
ਅੱਜ ਜਦੋਂ ਮੈਂ ਬਣ ਰਹੇ ਘਰ ਦਾ ਚੱਕਰ ਲਾ ਕੇ ਘਰ ਆਇਆ ਤਾਂ ਮੇਰੇ ਕੰਨਾ ਵਿਚ ਰਾਜੇਸ਼ ਦੀ ਪਤਨੀ ਅਲਕਾ ਦੀ ਅਵਾਜ਼ ਪਈ, “ਮੈਂ ਤੁਹਾਡੇ ਭਰਾ ਦੀ ਮੁਫ਼ਤ ਦੀ ਨੌਕਰਾਨੀ ਨਹੀਂ ਕਿ ਉਸ ਦੀਆਂ ਰੋਟੀਆਂ ਬਣਾਵਾਂ, ਉਸਦੇ ਕੱਪੜੇ ਧੋਵਾਂ ਅਤੇ ਉਸਦੀ ਦੇਖ-ਭਾਲ ਵੀ ਕਰਾਂ। ਮੈਂ ਇਹ ਸਭ ਕੁਝ ਹੋਰ ਨਹੀਂ ਕਰ ਸਕਦੀ। ਇਹ ਗੱਲ ਕੰਨ ਖੋਹਲ ਕੇ ਸੁਣ ਲਓ। ਹਾਂ, ਇਕ ਗੱਲ ਹੋਰ, ਤੁਸੀਂ ਕਿਤੇ ਇਹ ਸਲਾਹ ਤਾਂ ਨਹੀਂ ਕਰ ਰਹੇ ਕਿ ਹੁਣ ਉਹ ਨੌਕਰੀ ਤੋਂ ਵਿਹਲਾ ਹੈ, ਇਸ ਲਈ ਉਹ ਹਮੇਸ਼ਾ ਇਥੇ ਹੀ ਰਹੇਗਾ। ਮੈਂ ਤੁਹਾਨੂੰ ਹੁਣ ਕਹਿ ਰਹੀ ਹਾਂ ਕਿ ਅਜਿਹੀ ਗੱਲ ਸੋਚੀਉ ਵੀ ਨਾ।” ਮੈਨੂੰ ਇਹ ਦੇਖ ਕੇ ਹੋਰ ਵੀ ਝਟਕਾ ਲੱਗਿਆ ਕਿ ਰਾਜੇਸ਼ ਚੁੱਪ-ਚਾਪ ਖੜਾ ਰਿਹਾ। ਉਸਦੇ ਮੂੰਹ ਵਿਚੋਂ ਇਕ ਸ਼ਬਦ ਵੀ ਨਾ ਨਿਕਲਿਆ। ਉਸ ਤੋਂ ਇਹ ਵੀ ਨਾ ਕਿਹਾ ਗਿਆ ਕਿ ਉਸਦੇ ਕਹੇ ‘ਤੇ ਮੈਂ ਉਹਨਾਂ ਕੋਲ ਆਇਆ ਸੀ, ਨਹੀਂ ਮੈਨੂੰ ਕੋਈ ਲੋੜ ਨਹੀਂ ਸੀ।
ਉਸਦੇ ਬੋਲ ਮੇਰੇ ਕੰਨਾਂ ਵਿਚ ਪਿਘਲੇ ਲਾਵੇ ਦੀ ਤਰਾਂ ਪਏ। ਰਾਜੇਸ਼ ਦੀ ਚੁੱਪੀ ਨੇ ਮੇਰਾ ਦਿਲ ਤੋੜ ਦਿੱਤਾ। ਇਹ ਮੇਰੇ ਸਵੈਮਾਨ ‘ਤੇ ਬਹੁਤ ਵੱਡਾ ਹਮਲਾ ਸੀ। ਮੈਨੂੰ ਲੱਗਿਆ ਕਿ ਜਿਵੇਂ ਜ਼ਿੰਦਗੀ ਭਰ ਮੈਂ ਜੋ ਕੁਝ ਵੀ ਕੀਤਾ ਉਹ ਖੂਹ-ਖਾਤੇ ਹੀ ਪੈ ਗਿਆ। ਮੈਨੂੰ ਉਸ ਸਮੇਂ ਮਹਿਸੂਸ ਹੋ ਰਿਹਾ ਸੀ ਜਿਵੇਂ ਕਿਸਮਤ ਨੇ ਅਤੇ ਮੇਰੇ ਸੰਸਕਾਰਾਂ ਨੇ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੋਵੇ। ਮੈਂ ਆਪਣੇ ਆਪ ਨੂੰ ਇਕ ਅਜਿਹਾ ਰਾਹੀ ਸਮਝ ਰਿਹਾ ਸੀ ਜੋ ਰੇਗਿਸਤਾਨ ਵਿਚ ਨੰਗੇ ਪੈਰੀਂ ਹੀ ਘੁੰਮ ਰਿਹਾ ਸੀ, ਜਿਥੇ ਦੂਰ-ਦੂਰ ਵੀ ਕਿਸੇ ਰੁੱਖ ਦੀ ਛਾਂ ਨਾ ਹੋਵੇ। ਮੈਂ ਜ਼ਿੰਦਗੀ ਵਿਚ ਆਪਣੇ ਆਪ ਨੂੰ ਕਦੇ ਵੀ ਐਨਾ ਬੇਇੱਜ਼ਤ ਅਤੇ ਸ਼ਰਮਿੰਦਾ ਮਹਿਸੂਸ ਨਹੀਂ ਸੀ ਕੀਤਾ, ਜਿੰਨਾਂ ਉਸ ਸਮੇਂ।
ਮੈਂ ਅਜੀਬ ਜਿਹੀ ਦਿਮਾਗੀ ਹਾਲਤ ਵਿਚ ਬਿਨਾਂ ਦੇਰ ਕੀਤਿਆਂ ਆਪਣਾ ਸਮਾਨ ਬੰਨ੍ਹਣ ਲੱਗ ਪਿਆ। ਜਦੋਂ ਰਾਜੇਸ਼ ਨੂੰ ਪਤਾ ਲੱਗਿਆ ਕਿ ਮੈਂ ਅਲਕਾ ਦੀਆਂ ਗੱਲਾਂ ਸੁਣ ਲਈਆਂ ਹਨ ਤਾਂ ਉਸਦਾ ਦਾ ਮੂੰਹ ਇਕ ਦਮ ਸਫੇਦ ਹੋ ਗਿਆ। ਭਾਵੇਂ ਉਸਨੇ ਮੇਰਾ ਗੁੱਸਾ ਦੂਰ ਕਰਨ ਦੀ ਅਤੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਜੋ ਨੁਕਸਾਨ ਹੋ ਚੁੱਕਿਆ ਸੀ, ਉਹ ਠੀਕ ਨਹੀਂ ਸੀ ਹੋ ਸਕਦਾ। ਮੈਂ ਕਿਸੇ ਵੀ ਹਾਲਤ ਵਿਚ ਆਪਣੀ ਇਜ਼ਤ ਅਤੇ ਮਾਣ-ਮਰਿਆਦਾ ਨਾਲ ਸਮਝੌਤਾ ਨਹੀਂ ਸੀ ਕਰ ਸਕਦਾ।
ਮੈਂ ਫੈਸਲਾ ਕਰ ਲਿਆ ਕਿ ਜਿਵੇਂ ਮੈਂ ਹੁਣ ਤੱਕ ਜਿਉਂਦਾ ਰਿਹਾ ਹਾਂ, ਜਿੰਨਾਂ ਨੂੰ ਮੈਂ ਆਪਣਾ ਸਮਝਦਾ ਸੀ, ਮੇਰਾ ਅਖੌਤੀ ਪਰਿਵਾਰ, ਮੈਂ ਅੱਗੇ ਤੋਂ ਵੀ ਆਪਣੀ ਜ਼ਿੰਦਗੀ ਉਸੇ ਤਰਾਂ ਜਿਉਂਦਾ ਰਹਾਂਗਾ। ਫਰਕ ਇਹ ਹੋਵੇਗਾ ਕਿ ਪਰਿਵਾਰ ਸ਼ਬਦ ਬਾਰੇ ਮੁੜ ਸੋਚਣਾ ਪਏਗਾ। ਸੇਵਾ ਮੁਕਤੀ ਤੋਂ ਬਾਅਦ ਮੈਂ ਸਮਾਂ ਬਿਤਾਉਣ ਲਈ ਆਪਣੇ ਗਵਾਂਢ ਦੇ ਬੱਚਿਆਂ ਨੂੰ ਸ਼ਾਮ ਦੇ ਵਕਤ ਪੜ੍ਹਾਉਂਦਾ ਸੀ। ਮੈਂ ਆਪਣੇ ਘਰ ਦੇ ਕੋਲ ਬਣੇ ਪਾਰਕ ਵਿਚ ਕਸਰਤ ਕਰਨ ਚਲਿਆ ਜਾਂਦਾ, ਆਪਣੇ ਹਮ ਉਮਰਾਂ ਨਾਲ ਵਧੀਆ ਸਮਾਂ ਪਾਸ ਕਰ ਲੈਂਦਾ। ਇਸ ਤਰਾਂ ਮੈਂ ਆਪਣੀ ਸੇਵਾ ਮੁਕਤੀ ਤੋਂ ਬਾਅਦ ਦੀ ਜ਼ਿੰਦਗੀ ਨੂੰ ਅਰਾਮ ਨਾਲ ਬਿਤਾ ਰਿਹਾ ਸੀ। ਜਿੰਨਾਂ ਬੱਚਿਆਂ ਨੂੰ ਮੈਂ ਪੜਾਉਂਦਾ ਸੀ, ਉਹਨਾਂ ਨੂੰ ਮੇਰੇ ਨਾਲ ਲਗਾਉ ਹੋ ਗਿਆ ਸੀ ਅਤੇ ਜੇ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਤਾਂ ਉਹਨਾਂ ਦੇ ਮਾਤਾ-ਪਿਤਾ ਮੇਰਾ ਧਿਆਨ ਰੱਖਦੇ। ਮੈਨੂੰ ਲੱਗਦਾ ਜਿਵੇਂ ਉਹ ਮੇਰਾ ਪਰਿਵਾਰ ਹੀ ਸੀ।
ਮੈਨੂੰ ਮਹਿਸੂਸ ਹੋਇਆ ਕਿ ਜਿਵੇਂ ਆਪਣੀ ਕਹਾਣੀ ਸੁਣਾਉਣ ਤੋਂ ਬਾਅਦ ਆਨੰਦ ਸਾਹਿਬ ਦਾ ਦਿਲ ਕੁਝ ਹੌਲਾ ਹੋਇਆ ਹੋਵੇ। ਜਦੋਂ ਗੱਡੀ ਮੇਰੇ ਸਟੇਸ਼ਨ ‘ਤੇ ਪਹੁੰਚੀ, ਮੈਂ ਉਹਨਾਂ ਨੂੰ ਅਲਵਿਦਾ ਕਿਹਾ ਅਤੇ ਪਲੇਟਫ਼ਾਰਮ ‘ਤੇ ਉੱਤਰ ਗਈ। ਪਰ ਲੰਮਾ ਸਮਾਂ ਮੈਂ ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾਂ ‘ਤੇ ਹੈਰਾਨ ਹੁੰਦੀ ਰਹੀ। ਭਾਵੇਂ ਮੈਂ ਇਸ ਗੱਲ ਤੋਂ ਉਹਨਾਂ ਦੀ ਪ੍ਰਸੰਸਾ ਕਰਦੀ ਹਾਂ ਕਿ ਉਹਨਾਂ ਨੇ ਆਪਣੀ ਮਾਣ-ਮਰਿਆਦਾ ਨੂੰ ਕਾਇਮ ਰੱਖਿਆ, ਪਰ ਮੈਨੂੰ ਇਹ ਵੀ ਲੱਗਿਆ ਕਿ ਅੱਜ-ਕੱਲ ਦੇ ਸਮੇਂ ਵਿਚ ਸਾਨੂੰ ਕਿਸੇ ਤੋਂ ਕਿਸੇ ਵੀ ਤਰਾਂ ਦੀ ਆਸ ਨਹੀਂ ਰੱਖਣੀ ਚਾਹੀਦੀ, ਕਿਉਂ ਕਿ ਲੋਕਾਂ ਦਾ ਮਤਲਬੀ ਸੁਭਾਅ, ਰਿਸ਼ਤੇਦਾਰੀਆਂ ਅਤੇ ਆਪਸਦਾਰੀਆਂ ਤੋਂ ਉੱਪਰ ਹੋ ਗਿਆ ਹੈ। ਕਈ ਬਾਰ ਪਿਆਰ ਦੇ ਰਿਸ਼ਤੇ, ਖੂਨ ਦੇ ਰਿਸ਼ਤਿਆਂ ਤੋਂ ਵੀ ਜਿਆਦਾ ਵਧੀਆ ਹੁੰਦੇ ਹਨ। ਇਸ ਲਈ ਪਿਆਰ ਦੇ ਰਿਸ਼ਤਿਆਂ ਨੂੰ ਖੂਨ ਦੇ ਰਿਸ਼ਤਿਆਂ ਤੋਂ ਜਿਆਦਾ ਮਹੱਤਵਪੂਰਨ ਮੰਨ ਕੇ ਜ਼ਿੰਦਗੀ ਨੂੰ ਜਿਆਦਾ ਜਿਉਣ ਜੋਗੀ ਬਣਾਇਆ ਜਾ ਸਕਦਾ ਹੈ।
ravindersodhi@rediffmail.com
ਕੈਲਗਰੀ, ਕੈਨੇਡਾ