
ਅੱਜ ਕਲ੍ਹ ਘਰੇਲੂ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਗਾਹਕਾਂ ਨੂੰ ਲੁੱਟਣ ਲਈ ਕੁਝ ਅਜਿਹੇ ਨਵੇਕਲੇ ਢੰਗ ਵਰਤੇ ਜਾ ਰਹੇ ਹਨ ਕਿ ਖਰੀਦਾਰ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਸ ਦੀ ਜ਼ੇਬ ਕੱਟੀ ਜਾ ਚੁੱਕੀ ਹੈ। ਆਨਲਾਈਨ ਸ਼ਾਪਿੰਗ ਐਪਾਂ ਨੇ ਤਾਂ ਇਸ ਧੰਦੇ ਨੂੰ ਸਿਰੇ ਲਗਾ ਦਿੱਤਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਐਂਡਰਾਇਡ ਮੋਬਾਇਲ ਫੋਨ (ਸੈਮਸੰਗ ਆਦਿ) ਤੋਂ ਕਿਸੇ ਸਮਾਨ ਦਾ ਮੁੱਲ ਚੈੱਕ ਕੀਤਾ ਜਾਵੇ ਤਾਂ ਉਹ ਆਈ.ਉ.ਐਸ. ਸਾਫਟੇਵਅਰ ਵਰਤਣ ਵਾਲੇ ਫੋਨ (ਐਪਲ) ਤੋਂ ਕਿਤੇ ਘੱਟ ਹੁੰਦਾ ਹੈ। ਸ਼ਾਇਦ ਇਹ ਕੰਪਨੀਆਂ ਸੋਚਦੀਆਂ ਹਨ ਕਿ ਸਸਤੇ ਚੀਨੀ ਫੋਨ ਵਾਲੇ ਐਪਲ ਫੋਨ ਵਾਲਿਆਂ ਤੋਂ ਗਰੀਬ ਹੁੰਦੇ ਹਨ। ਜਨਵਰੀ 2025 ਵਿੱਚ ਆਨਲਾਈਨ ਸ਼ਾਪਿੰਗ ਕੰਪਨੀ ਜ਼ੈਪਟੋ ‘ਤੇ ਐਂਡਰਾਇਡ ਵਾਲਿਆਂ ਵਾਸਤੇ ਪਿਆਜ਼ ਦਾ ਰੇਟ 43 ਰੁਪਏ ਕਿੱਲੋ ਸੀ ਤੇ ਐਪਲ ਵਾਲਿਆਂ ਵਾਸਤੇ 57 ਰੁਪਏ ਕਿੱਲੋ, ਐਪਲ ਵਾਲਿਆਂ ਵਾਸਤੇ 500 ਗ੍ਰਾਮ ਅੰਗੂਰ 146 ਰੁਪਏ ਦੇ ਤੇ ਐਂਡਰਾਇਡ ਵਾਸਤੇ ਸਿਰਫ 65 ਰੁਪਏ ਸੀ।
ਦੂਸਰਾ ਧੋਖਾ ਇਹ ਦਿੱਤਾ ਜਾ ਰਿਹਾ ਹੈ ਕਿ ਸਮਾਨ ਦਾ ਰੇਟ ਨਹੀਂ ਵਧਾਇਆ ਜਾ ਰਿਹਾ ਬਲਕਿ ਮਿਕਦਾਰ ਘੱਟ ਕੀਤੀ ਜਾ ਰਹੀ ਹੈ। ਮੈਗੀ ਨੂਡਲਜ਼ ਦੇ ਪੈਕਟ ਦਾ ਵਜ਼ਨ 80 ਗ੍ਰਾਮ ਤੋਂ ਘਟ ਕੇ 55 ਗ੍ਰਾਮ ਹੋ ਗਿਆ ਹੈ ਪਰ ਰੇਟ ਪੁਰਾਣਾ ਹੀ ਹੈ। ਲੇਜ਼ ਦੇ ਪੈਕਟ ਵਿੱਚ ਚਿੱਪਸ ਗਿਣਤੀ ਦੇ ਹੀ ਹੁੰਦੇ ਹਨ ਬਾਕੀ ਸਿਰਫ ਹਵਾ ਵੇਚੀ ਜਾ ਰਹੀ ਹੈ। ਇਸੇ ਤਰਾਂ ਭਾਡੇ ਧੋਣ ਵਾਲੀ ਵਿੰਮ ਬਾਰ, ਹਲਦੀ ਰਾਮ, ਮੈਡੋਨਾਲਡ, ਕੇ ਐਫ ਸੀ ਅਤੇ ਵਾਲਮਾਰਟ ਆਦਿ ਵੀ ਕਰ ਰਹੇ ਹਨ। 20 ਰੁਪਏ ਵਿੱਚ ਮਿਲਣ ਵਾਲੀ ਬੋਤਲ ਵਿੱਚ ਕੋਕ ਦੀ ਮਾਤਰਾ 250 ਮਿ.ਲੀ. ਤੋਂ ਘਟਾ ਕੇ 200 ਮਿ.ਲੀ. ਕਰ ਦਿੱਤੀ ਗਈ ਹੈ। ਇਥੋਂ ਤੱਕ ਕਿ ਟਾਇਲਟ ਪੇਪਰ ਦੀ ਲੰਬਾਈ ਵੀ ਚੁੱਪ ਚੁਪੀਤੇ 25% ਦੇ ਕਰੀਬ ਘਟਾ ਦਿੱਤੀ ਗਈ ਹੈ। ਕੁਝ ਸਾਲ ਪਹਿਲਾਂ ਪਾਰਲੇ ਜੀ ਦੇ 10 ਰੁਪਏ ਵਾਲੇ ਪੈਕਟ ਦਾ ਵਜ਼ਨ 140 ਗ੍ਰਾਮ ਸੀ ਜੋ ਹੁਣ ਘਟ ਕੇ 110 ਗ੍ਰਾਮ ਰਹਿ ਗਿਆ ਹੈ। ਇਸ ਤੋਂ ਇਲਾਵਾ ਕੰਪਨੀਆਂ ਜਾਣ ਬੁੱਝ ਕੇ ਅਜਿਹੇ ਪ੍ਰੋਡਕਟ ਤਿਆਰ ਕਰਦੀਆਂ ਹਨ ਜੋ ਜਲਦੀ ਖਰਾਬ ਹੋ ਜਾਣ ਤਾਂ ਜੋ ਗਾਹਕ ਦੁਬਾਰਾ ਨੂੰ ਦੁਬਾਰਾ ਪੈਸਾ ਖਰਚਣਾ ਪਵੇ, ਹਾਲਾਂਕਿ ਉਨ੍ਹਾਂ ਕੋਲ ਵਧੀਆ ਸਮਾਨ ਤਿਆਰ ਕਰਨ ਦੀਆਂ ਅੱਤ ਆਧੁਨਿਕ ਤਕਨੀਕਾਂ ਮੌਜੂਦ ਹਨ। ਐਪਲ ਅਤੇ ਸੈਮਸੰਗ ਆਦਿ ਵਰਗੀਆਂ ਮੋਬਾਇਲ ਕੰਪਨੀਆਂ ਦੋ ਚਾਰ ਸਾਲਾਂ ਬਾਅਦ ਜਾਣ ਬੁੱਝ ਕੇ ਗਾਹਕਾਂ ਦੇ ਫੋਨਾਂ ਨੂੰ ਧੀਮਾ ਕਰ ਦਿੰਦੀਆਂ ਹਨ। ਇਹ ਗਾਹਕ ਨੂੰ ਦੱਸੇ ਬਗੈਰ ਅਜਿਹੇ ਸਾਫਟਵੇਅਰ ਅੱਪਡੇਟ ਭੇਜ ਦਿੰਦੀਆਂ ਹਨ ਜਿਨ੍ਹਾਂ ਨੂੰ ਡਾਊਨਲੋਡ ਕਰਨ ਉਪਰੰਤ ਫੋਨ ਧੀਮਾ ਹੋ ਜਾਂਦਾ ਹੈ। ਆਮ ਲੋਕਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੈ ਕਿ ਆਈਕੂ, ਰੀਅਲਮੀ, ਉਪੋ, ਵੀਵੋ ਅਤੇ ਵੰਨ ਪਲੱਸ ਬਰਾਂਡ ਦੇ ਮੋਬਾਇਲ ਫੋਨਾਂ ਦਾ ਨਿਰਮਾਣ ਚੀਨ ਦੀ ਇੱਕ ਹੀ ਕੰਪਨੀ ਬੀ.ਬੀ.ਕੇ ਇਲੈੱਕਟਰੋਨਿਕਸ ਦੁਆਰਾ ਕੀਤਾ ਜਾਂਦਾ ਹੈ। ਉਹ ਵੀ ਧੜੱਲੇ ਨਾਲ ਇਹ ਕੰਮ ਕਰ ਰਹੀ ਹੈ।
ਵਿਸ਼ਵ ਭਰ ਤੋਂ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਜੇ ਦੇਰ ਰਾਤ ਕਿਸੇ ਸੁੰਨਸਾਨ ਜਗ੍ਹਾ ਤੋਂ ਊਬਰ ਦੀ ਟੈਕਸੀ ਲੈਣ ਵਾਸਤੇ ਅਜਿਹੇ ਫੋਨ ਤੋਂ ਕਾਲ ਕੀਤੀ ਜਾਵੇ ਜਿਸ ਦੀ ਸਿਰਫ ਬੈਟਰੀ ਖਤਮ ਹੋਣ ਵਾਲੀ ਹੋਵੇ ਤਾਂ ਉਸ ਕੋਲੋਂ ਦੂਣੇ ਤੋਂ ਵੱਧ ਕਿਰਾਇਆ ਵਸੂਲਿਆ ਜਾਂਦਾ ਹੈ। ਕੰਪਨੀ ਦੇ ਸਰਵਰਾਂ ਵਿੱਚ ਅਜਿਹੀ ਤਕਨੀਕ ਲੋਡ ਕੀਤੀ ਗਈ ਹੈ ਜੋ ਉਸ ਵਿਅਕਤੀ ਦੀ ਮਜ਼ਬੂਰੀ ਸਮਝ ਜਾਂਦੇ ਹਨ ਕਿ ਇਸ ਕੋਲ ਜਲਦੀ ਟੈਕਸੀ ਲੈਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਊਬਰ ਦੀ ਇਸ ਠੱਗੀ ਦਾ ਪਰਦਾਫਾਸ਼ ਅਮਰੀਕਾ ਦੇ ਪ੍ਰਸਿੱਧ ਖੋਜੀ ਪੱਤਰਕਾਰ ਜੈਕ ਸ਼ੁਮੇਕਰ ਨੇ ਦਸੰਬਰ 2015 ਵਿੱਚ ਦਰਜ਼ਨਾਂ ਪੱਤਰਕਾਰਾਂ ਦੀ ਮੌਜੂਦਗੀ ਵਿੱਚ ਨਿਊਯਾਰਕ ਵਿਖੇ ਕੀਤਾ ਸੀ। ਰਾਤ ਦੇ 12.30 ਵਜੇ ਪਹਿਲਾਂ ਉਸ ਨੇ ਅਜਿਹੇ ਫੋਨ ਤੋਂ ਕਾਲ ਕੀਤੀ ਜਿਸ ਵਿੱਚ ਸਿਰਫ 3% ਬੈਟਰੀ ਬਚੀ ਸੀ ਤਾਂ ਕਿਰਾਇਆ ਦੱਸਿਆ ਗਿਆ 100 ਡਾਲਰ। ਫਿਰ ਉਸ ਨੇ 100% ਬੈਟਰੀ ਵਾਲੇ ਫੋਨ ਤੋਂ ਕਾਲ ਕੀਤੀ ਤਾਂ ਕਿਰਾਇਆ ਦੱਸਿਆ ਗਿਆ 50 ਡਾਲਰ। ਇਸ ਤੋਂ ਇਲਾਵਾ ਜਦੋਂ ਉਸ ਨੇ ਐਂਡਰਾਇਡ ਅਤੇ ਐਪਲ ਤੋਂ ਕਾਲ ਕੀਤੀ ਤਾਂ ਐਂਡਰਾਇਡ ਫੋਨ ‘ਤੇ ਕਿਰਾਇਆ ਘੱਟ ਆਇਆ। ਇਸ ਕਾਰਨ ਦੁਨੀਆਂ ਭਰ ਵਿੱਚ ਊਬਰ ਦੀ ਬਦਨਾਮੀ ਹੋਈ ਸੀ ਤੇ ਉਸ ਨੂੰ ਕਈ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਿਆ ਸੀ।
ਫਰਵਰੀ 2025 ਵਿੱਚ ਊਬਰ ਦੇ ਸਾਬਕਾ ਇਕਨਾਮਿਕ ਰਿਸਰਚ ਚੀਫ ਕੀਥ ਚੇਨ ਨੇ ਬੈਲਜ਼ੀਅਮ ਦੀ ਪ੍ਰਸਿੱਧ ਵੈੱਬ ਨਿਊਜ਼ ਪੋਰਟਲ ਐਨ.ਪੀ.ਆਰ. ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਊਬਰ ਦਾ ਭਾਂਡਾ ਭੰਨਿਆਂ ਸੀ ਕਿ ਉਸ ਦਾ ਸਾਫਟਵੇਅਰ ਘੱਟ ਬੈਟਰੀ ਵਾਲੇ ਫੋਨਾਂ ਤੋਂ ਕਾਲ ਕਰਨ ‘ਤੇ ਵੱਧ ਕਿਰਾਇਆ ਵਸੂਲਦਾ ਹੈ। ਇਸ ਤੋਂ ਇਲਾਵਾ ਊਬਰ ਐਪਲ ਤੋਂ ਫੋਨ ਕਰਨ ‘ਤੇ ਵੀ ਵੱਧ ਕਿਰਾਇਆ ਵਸੂਲਦਾ ਹੈ। ਇਹ ਕੰਮ ਇਕੱਲਾ ਊਬਰ ਹੀ ਨਹੀਂ, ਬਲਕਿ ਦੁਨੀਆਂ ਭਰ ਵਿੱਚ ਸੈਂਕੜੇ ਕੰਪਨੀਆਂ ਕਰ ਰਹੀਆਂ ਹਨ। ਜੇ ਸਭ ਦੀ ਜਰੂਰਤ ਬਣ ਚੁੱਕੇ ਮੋਬਾਇਲ ਫੋਨ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਵੀ ਮੋਬਾਇਲ ਦੀ ਬੈਟਰੀ 4 5 ਸਾਲ ਤੋਂ ਵੱਧ ਸਮਾਂ ਨਹੀਂ ਚੱਲਦੀ ਤੇ ਐਨੀ ਬੇਕਾਰ ਹੋ ਜਾਂਦੀ ਹੈ ਕਿ ਗਾਹਕ ਨੂੰ ਨਵਾਂ ਫੋਨ ਖਰੀਦਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਸਭ ਨੂੰ ਪਤਾ ਹੈ ਕਿ ਜਦੋਂ ਮੋਬਾਇਲ ਨਵੇਂ ਨਵੇਂ ਆਏ ਸਨ ਤਾਂ ਬੈਟਰੀ ਬਹੁਤ ਅਰਾਮ ਨਾਲ ਬਾਹਰ ਕੱਢੀ ਜਾ ਸਕਦੀ ਸੀ। ਪਰ ਹੁਣ ਬੈਟਰੀਆਂ ਨੂੰ ਇਸ ਢੰਗ ਨਾਲ ਪੈਕ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਬਾਹਰ ਕੱਢਣਾ ਲੱਗਭਗ ਨਾਮੁਮਕਿਨ ਹੈ। ਅੱਜ ਦੇ ਮੋਬਾਇਲ ਫੋਨ ਤਕਰੀਬਨ ਵੰਨ ਪੀਸ ਹੀ ਹੁੰਦੇ ਹਨ।
ਮੋਬਾਇਲ ਫੋਨਾਂ ਦੇ ਧੀਮਾ ਹੋਣ ਦੀਆਂ ਦੁਨੀਆਂ ਭਰ ਵਿੱਚੋਂ ਸ਼ਿਕਾਇਤਾਂ ਆ ਰਹੀਆਂ ਹਨ ਪਰ ਕੁਝ ਹੀ ਇਮਾਨਦਾਰ ਦੇਸ਼ਾਂ ਨੂੰ ਛੱਡ ਕੇ ਕਿਸੇ ਨੇ ਵੀ ਇਸ ਵੱਲ ਧਿਆਨ ਦੇਣ ਦੀ ਖੇਚਲ ਨਹੀਂ ਕੀਤੀ। 2018 ਵਿੱਚ ਇਟਲੀ ਦੀ ਸਰਕਾਰ ਨੇ ਇਸ ਸਬੰਧੀ ਤਫਤੀਸ਼ ਕਰਨ ਲਈ ਇੱਕ ਹਾਈ ਪਾਵਰ ਕਮੇਟੀ ਨਿਯੁੱਕਤ ਕੀਤੀ ਸੀ ਜਿਸ ਦੀ ਰਿਪੋਰਟ ਵਿੱਚ ਗਾਹਕਾਂ ਦੀਆਂ ਸ਼ਿਕਾਇਤਾਂ ਸਹੀ ਪਾਈਆਂ ਗਈਆਂ ਸਨ। ਇਸ ਤੋਂ ਬਾਅਦ ਇਟਲੀ ਨੇ ਐਪਲ ‘ਤੇ ਇੱਕ ਕਰੋੜ ਯੂਰੋ (ਤਕਰੀਬਨ 100 ਕਰੋੜ ਰੁਪਏ) ਅਤੇ ਸੈਮਸੰਗ ‘ਤੇ 50 ਲੱਖ ਯੂਰੋ (ਤਕਰੀਬਨ 50 ਕਰੋੜ ਰੁਪਏ) ਦਾ ਜ਼ੁਰਮਾਨਾ ਕੀਤਾ ਗਿਆ। 2020 ਵਿੱਚ ਫਰਾਂਸ ਨੇ ਵੀ ਇਸੇ ਕਾਰਨ ਐਪਲ ‘ਤੇ ਢਾਈ ਕਰੋੜ ਯੂਰੋ (ਤਕਰੀਬਨ ਢਾਈ ਅਰਬ ਰੁਪਏ) ਦਾ ਜ਼ੁਰਮਾਨਾ ਲਗਾਇਆ ਸੀ ਤੇ 2024 ਦੌਰਾਨ ਐਪਲ ਨੂੰ ਅਮਰੀਕਾ ਵਿੱਚ ਵੀ ਗਾਹਕਾਂ ਨੂੰ ਇਸੇ ਕਾਰਨ 50 ਕਰੋੜ ਡਾਲਰ (ਤਕਰੀਬਨ 40 ਅਰਬ ਰੁਪਏ) ਦੇਣੇ ਪਏ ਸਨ। ਪਰ ਇਹ ਤਰੀਕਾ ਕੋਈ ਨਵਾਂ ਨਹੀਂ ਹੈ। ਕਰੀਬ 100 ਸਾਲ ਪਹਿਲਾਂ ਬਿਜਲੀ ਦੇ ਬਲਬ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਇਹ ਢੰਗ ਅਪਣਾਇਆ ਸੀ। ਪਹਿਲਾਂ ਉਹ ਅਜਿਹੇ ਬਲਬ ਬਣਾਉਂਦੇ ਸਨ ਜੋ ਲੰਬਾ ਸਮਾਂ ਚੱਲਦੇ ਸਨ ਜਿਸ ਕਾਰਨ ਉਨ੍ਹਾਂ ਦਾ ਮੁਨਾਫਾ ਬਹੁਤ ਘਟ ਗਿਆ ਸੀ। ਫਿਰ ਉਨ੍ਹਾਂ ਨੇ ਇੱਕ ਗੁਪਤ ਸਮਝੌਤਾ ਕੀਤਾ ਤੇ ਅਜਿਹੇ ਬਲਬ ਬਣਾਉਣੇ ਸ਼ੁਰੂ ਕਰ ਦਿੱਤੇ ਜੋ ਤਿੰਨ ਚਾਰ ਮਹੀਨੇ ਤੋਂ ਵੱਧ ਨਹੀਂ ਸੀ ਚੱਲਦੇ। ਹੁਣ ਫਰਿੱਜ਼, ਮਾਈਕਰੋਵੇਵ ਅਤੇ ਵਾਸ਼ਿੰਗ ਮਸ਼ੀਨਾਂ ਆਦਿ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਇਹ ਨੀਤੀ ਅਪਣਾ ਲਈ ਹੈ। ਇਨ੍ਹਾਂ ਵਿੱਚੋਂ ਜਿਆਦਾਤਰ 6 7 ਸਾਲ ਤੋਂ ਬਾਅਦ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਹਨ। ਜੇ ਆਪਣੇ ਮਾਪਿਆਂ ਨੂੰ ਪੁੱਛਿਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਉਨ੍ਹਾਂ ਦੇ ਜ਼ਮਾਨੇ ਵਿੱਚ ਫਰਿੱਜ਼ ਅਤੇ ਵਾਸ਼ਿੰਗ ਮਸ਼ੀਨਾਂ ਆਦਿ ਸਾਲ ਦਰ ਸਾਲ ਚੱਲਦੇ ਸਨ। ਮੇਰੇ ਜਨਮ (1965) ਵੇਲੇ ਖਰੀਦਿਆ ਗਿਆ ਊਸ਼ਾ ਕੰਪਨੀ ਦਾ ਛੱਤ ਵਾਲਾ ਪੱਖਾ ਹੁਣ ਤੱਕ ਵੀ ਠੀਕ ਠਾਕ ਚੱਲ ਰਿਹਾ ਹੈ।
ਕੰਪਨੀਆਂ ਦੀਆਂ ਇਨ੍ਹਾਂ ਮਨ ਮਾਨੀਆਂ ਨੂੰ ਸਿਰਫ ਸਰਕਾਰਾਂ ਹੀ ਨੱਥ ਪਾ ਸਕਦੀਆਂ ਹਨ। ਮਿਸਾਲ ਦੇ ਤੌਰ ‘ਤੇ 2021 ਵਿੱਚ ਯੂਰਪੀਨ ਯੂਨੀਅਨ ਨੇ ਰਾਈਟ ਟੂ ਰਿਪੇਅਰ ਕਾਨੂੰਨ ਪਾਸ ਕੀਤਾ ਸੀ ਜਿਸ ਅਨੁਸਾਰ ਕੰਪਨੀਆਂ ਨੂੰ ਪਾਬੰਦ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਕਿਸੇ ਵੀ ਵਸਤੂ ਨੂੰ ਬਣਾਉਣ ਤੋਂ ਲੈ ਕੇ ਦਸ ਸਾਲ ਤੱਕ ਉਸ ਦੇ ਸਪੇਅਰ ਪਾਰਟ ਮੁਹੱਈਆ ਕਰਵਾਉਣੇ ਪੈਣਗੇ। ਕਿਸੇ ਵੀ ਵਸਤੂ ਨੂੰ ਘਰ ਵਿੱਚ ਹੀ ਰਿਪੇਅਰ ਕਰਨਾ ਅਸਾਨ ਹੋਣਾ ਚਾਹੀਦਾ ਹੈ। ਜੋ ਵੀ ਨਟ ਬੋਲਟ ਅਤੇ ਕਿੱਲ ਕਾਂਟੇ ਆਦਿ ਵਰਤੇ ਜਾਣ, ਉਹ ਅਸਾਨੀ ਨਾਲ ਸੰਸਾਰ ਦੇ ਹਰ ਦੇਸ਼ ਵਿੱਚ ਮਿਲਦੇ ਹੋਣੇ ਚਾਹੀਦੇ ਹਨ। ਜੇ ਗਾਹਕ ਉਸ ਵਸਤੂ ਦੀ ਰਿਪੇਅਰ ਖੁਦ ਕਰੇ ਜਾਂ ਆਪਣੀ ਮਰਜ਼ੀ ਦੇ ਮੈਕੇਨਿਕ ਤੋਂ ਕਰਵਾਏ, ਵਾਰੰਟੀ ਖਤਮ ਨਹੀਂ ਕੀਤੀ ਜਾ ਸਕਦੀ। ਇਸ ਕਾਨੂੰਨ ਅਧੀਨ ਐਪਲ ਨੂੰ ਵੀ ਆਪਣੇ ਫੋਨ ਚਾਰਜ਼ ਕਰਨ ਲਈ ਯੂਨੀਵਰਸਲ ਚਾਰਜ਼ਰ ਵਰਤਣਾ ਸ਼ੁਰੂ ਕਰਨਾ ਪਿਆ ਹੈ ਜੋ ਸੈਮਸੰਗ ਆਦਿ ਦੁਨੀਆਂ ਦੀਆਂ ਬਾਕੀ ਕੰਪਨੀਆਂ ਵਰਤ ਰਹੀਆਂ ਹਨ। ਪੱਛਮੀ ਦੇਸ਼ਾਂ ਵਿੱਚ ਗਾਹਕ ਬਹੁਤ ਜਾਗਰੂਕ ਹਨ, ਉਹ ਕੰਪਨੀਆਂ ਦੀ ਥੋੜ੍ਹੀ ਜਿਹੀ ਬੇਈਮਾਨੀ ਕਰਨ ‘ਤੇ ਹੀ ਕੇਸ ਕਰ ਦਿੰਦੇ ਹਨ। ਪਰ ਭਾਰਤ ਵਰਗੇ ਦੇਸ਼ਾਂ ਵਿੱਚ ਅਨਪੜ੍ਹਤਾ ਅਤੇ ਆਪਣੇ ਹੱਕਾਂ ਦੀ ਜਾਣਕਾਰੀ ਨਾ ਹੋਣ ਕਾਰਨ ਲੋਕ ਚੁੱਪ ਚਾਪ ਇਨ੍ਹਾਂ ਕੰਪਨੀਆਂ ਦੇ ਜ਼ੁਲਮ ਸਹਿ ਰਹੇ ਹਨ। ਇਹ ਹੁਣ ਕੇਂਦਰ ਅਤੇ ਸੂਬਾਈ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਸਬੰਧੀ ਸਖਤ ਕਾਨੂੰਨ ਬਣਾਉਣ ਤੇ ਆਮ ਜਨਤਾ ਦੇ ਹੱਕਾਂ ਦੀ ਰਾਖੀ ਕਰਨ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062