
ਪ੍ਰੋ. ਕੁਲਬੀਰ ਸਿੰਘ
ਫਰਾਂਸ ਦੇ ਸ਼ਹਿਰ ਕਾਨ ਵਿਚ 13 ਮਈ ਤੋਂ ਆਰੰਭ ਹੋਇਆ ਕਾਨ ਫ਼ਿਲਮ ਫੈਸਟੀਵਲ 24 ਮਈ ਨੂੰ ਸਮਾਪਤ ਹੋ ਗਿਆ। ਇਸ ਵਿਚ ਦੁਨੀਆਂ ਭਰ ਦੀਆਂ ਨਵੀਆਂ ਤੇ ਰਚਨਾਤਮਕ ਫ਼ਿਲਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਵਾਰ ਭਾਰਤ ਦੀ ਵੀ ਇਸ ਵਿਚ ਭਰਵੀਂ ਹਾਜ਼ਰੀ ਰਹੀ।
ਇਹ 78ਵਾਂ ਕਾਨ ਫ਼ਿਲਮ ਉਤਸਵ ਸੀ। ਇਸਦੀ ਸ਼ੁਰੂਆਤ 1946 ਵਿਚ ਹੋਈ ਸੀ। ਵਧੇਰੇ ਕਰਕੇ ਇਸਦਾ ਆਯੋਜਨ ਮਈ ਮਹੀਨੇ ਵਿਚ ਕੀਤਾ ਜਾਂਦਾ ਹੈ ਅਤੇ ਲਗਾਤਾਰ 10-12 ਦਿਨ ਚੱਲਦਾ ਹੈ। ਇਹ ਕੇਵਲ ਸਿਨੇਮਾ ਉਤਸਵ ਹੀ ਨਹੀਂ ਬਲ ਕਿ ਕਲਾ, ਸਭਿਆਚਾਰ ਅਤੇ ਸਿਰਜਣਾਤਮਿਕਤਾ ਦਾ ਅਨੂਠਾ ਸੰਗਮ ਹੈ।
ਇਹ ਅਜਿਹਾ ਮੰਚ ਹੈ ਜਿੱਥੇ ਵਿਸ਼ਵ ਦੀਆਂ ਬਿਹਤਰੀਨ ਫ਼ਿਲਮਾਂ ਵਿਖਾਈਆਂ ਜਾਂਦੀਆਂ ਹਨ। ਇਸਦਾ ਮਨੋਰਥ ਸਿਨੇਮਾ ਕਲਾ ਨੂੰ ਸਨਮਾਨ ਦੇਣਾ ਅਤੇ ਰਚਨਾਤਮਕਤਾ ਤੇ ਕਹਾਣੀ ਕਹਿਣ ਦੀ ਕਲਾ ਅਤੇ ਫ਼ਿਲਮ-ਤਕਨੀਕਾਂ ਨੂੰ ਉਤਸ਼ਾਹਿਤ ਕਰਨਾ ਹੈ।
ਫ਼ਿਲਮ ਜਗਤ ਨਾਲ ਸੰਬੰਧਤ ਦੁਨੀਆਂ ਭਰ ਦੀ ਕਰੀਮ ਉੱਥੇ ਜੁੜਦੀ ਹੈ। ਨਿਰਮਾਤਾ, ਨਿਰਦੇਸ਼ਕ ਮਿਲਦੇ ਹਨ। ਨਵੇਂ ਸੌਦੇ, ਨਵੇਂ ਸਹਿਯੋਗ, ਨਵੇਂ ਤਾਲਮੇਲ ਤੈਅ ਹੁੰਦੇ ਹਨ। ਚਮਕ ਦਮਕ ਵੀ ਇਸ ਫ਼ਿਲਮ ਫੈਸਟੀਵਲ ਦਾ ਹਿੱਸਾ ਹੁੰਦੀ ਹੈ ਪਰੰਤੂ ਕੇਂਦਰ ਵਿਚ ਫ਼ਿਲਮਾਂ ਅਤੇ ਫ਼ਿਲਮ ਕਲਾ ਹੀ ਰਹਿੰਦੀ ਹੈ।
ਇਸ ਫ਼ਿਲਮ ਮੇਲੇ ਵਿਚ ਕਈ ਵਾਰ ਭਾਰਤੀ ਫ਼ਿਲਮਾਂ ਨੰ ਸਰਾਹਿਆ ਗਿਆ ਹੈ। ਇਸ ਵਾਰ ਡਾਇਰੈਕਟਰ ਨੀਰਜ ਘੇਵਾਨ ਅਤੇ ਪ੍ਰੋਡਿਊਸਰ ਕਰਨ ਜੌਹਰ ਦੀ ਫ਼ਿਲਮ ’ਹੋਮਬਾਊਂਡ’ ਦੀ ਬਹੁਤ ਸਰਾਹਨਾ ਹੋਈ ਹੈ। ਇਸ ਵਿਚ ਅਦਾਕਾਰ ਵਜੋਂ ਜਾਹਨਵੀ ਅਤੇ ਈਸ਼ਾਨ ਨੇ ਮੁਖ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਵੇਖ ਕੇ ਹਟੇ ਦਰਸ਼ਕ ਕਈ ਮਿੰਟਾਂ ਤੱਕ ਖੜੇ ਹੋ ਕੇ ਤਾੜੀਆਂ ਵਜਾਉਂਦੇ ਰਹੇ ਅਤੇ ਕਲਾਕਾਰਾਂ ਨੰ ਗਲੇ ਮਿਲ ਕੇ ਵਧਾਈਆਂ ਦਿੰਦੇ ਰਹੇ। ਨਿਰਮਾਤਾ ਨਿਰਦੇਸ਼ਕ ਅਤੇ ਕਲਾਕਾਰਾਂ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਅੱਥਰੂ ਤੈਰਦੇ ਸਾਫ਼ ਵੇਖੇ ਜਾ ਸਕਦੇ ਸਨ।
ਦੂਸਰੀ ਫ਼ਿਲਮ ਅਨੂਪਮ ਖੇਰ ਦੀ ’ਤਨਵੀ ਦਾ ਗਰੇਟ’ ਸੀ ਜਿਸਨੂੰ ਵਿਸ਼ਵ ਭਰ ਤੋਂ ਆਏ ਦਰਸ਼ਕਾਂ, ਫ਼ਿਲਮਕਾਰਾਂ ਤੇ ਮਾਹਿਰਾਂ ਨੇ ਬੇਹੱਦ ਪਸੰਦ ਕੀਤਾ। ਅਨੂਪਮ ਖੇਰ ਨੇ ਪ੍ਰਤੀਕਰਮ ਵਿਅਕਤ ਕਰਦਿਆਂ ਕਿਹਾ ਕਿ ਮੈਂ ਖੁਸ਼ ਹਾਂ, ਪ੍ਰਭਾਵਤ ਹਾਂ, ਪ੍ਰੇਰਿਤ ਹਾਂ। ਇਸ ਫ਼ਿਲਮ ਵਿਚ ਅਨੂਪਮ ਖੇਰ, ਸ਼ੁਭਾਂਗੀ ਦੱਤ ਬੋਮਨ ਇਰਾਨੀ, ਜੈਕੀ ਸ਼ਰਾਫ ਜਿਹੇ ਅਦਾਕਾਰਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਹਨ। ਫ਼ਿਲਮ ਦੀ ਕਹਾਣੀ ਤਨਵੀ ਰੈਨਾ ਦੁਆਲੇ ਘੁੰਮਦੀ ਹੈ ਜਿਹੜੀ ਔਟਿਜ਼ਮ ਬਿਮਾਰੀ ਦੇ ਬਾਵਜੂਦ ਆਪਣੇ ਸਵਰਗਵਾਸੀ ਫੌਜੀ ਅਫ਼ਸਰ ਪਿਤਾ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਲਈ ਪੂਰੀ ਵਾਹ ਲਾਉਂਦੀ ਹੈ।
ਇਸੇ ਤਰ੍ਹਾਂ ’ਦਾ ਗਰੇਟ ਚਰਕ’ ਵੀ ਕਾਨ ਫ਼ਿਲਮ ਮੇਲੇ ਦੌਰਾਨ ਵਿਖਾਈ ਗਈ।
ਕਾਨ ਫ਼ਿਲਮ ਫੈਸਟੀਵਲ ਦੌਰਾਨ ਰੈੱਡ ਕਾਰਪੇਟ ਦਾ ਵਿਸ਼ੇਸ਼ ਮਹੱਤਵ, ਵਿਸ਼ੇਸ਼ ਜ਼ਿਕਰ ਰਹਿੰਦਾ ਹੈ। ਇਸ ਮੇਲੇ ਦਾ ਸੱਭ ਤੋਂ ਵੱਡਾ ਪੁਰਸਕਾਰ ਪਾਮ ਡੀ’ ਓਰ ਹੈ ਜਿਹੜਾ 18 ਕੈਰੇਟ ਸੋਨੇ ਅਤੇ ਐਮਗਲਡ ਕਟ ਡਾਇਮੰਡ ਨਾਲ ਬਣਿਆ ਹੁੰਦਾ ਹੈ।
ਇਸ ਮੇਲੇ ਵਿਚ ਸ਼ਮੂਲੀਅਤ ਲਈ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਪਹਿਰਾਵੇ ਸੰਬੰਧੀ ਨਿਯਮ ਹਨ। ਬੂਟਾਂ ਅਤੇ ਸੈਂਡਲਾਂ ਸੰਬੰਧੀ ਕੋਡ ਹਨ।
ਰੈੱਡ ਕਾਰਪੇਟ ਫ਼ਿਲਮੀ ਇਤਿਹਾਸ, ਫੈਸ਼ਨ ਅਤੇ ਪੁਰਾਤਨ ਪਰੰਪਰਾਵਾਂ ਦਾ ਪ੍ਰਤੀਕ ਬਣ ਚੁੱਕਾ ਹੈ। ਪਹਿਲਾਂ ਰੈੱਡ ਕਾਰਪੇਟ ਨੂੰ ਹਰੇਕ ਫ਼ਿਲਮ ਦੀ ਸਕਰੀਨਿੰਗ ਤੋਂ ਪਹਿਲਾਂ ਬਦਲਿਆ ਜਾਂਦਾ ਸੀ ਅਤੇ ਇਹ ਤਿੰਨ ਵਾਰ ਕਰਨਾ ਪੈਂਦਾ ਸੀ। ਹੁਣ ਅਜਿਹਾ ਦਿਨ ਵਿਚ ਕੇਵਲ ਇਕ ਵਾਰ ਕੀਤਾ ਜਾਂਦਾ ਹੈ। ਬਦਲਣ ਦਾ ਮਕਸਦ ਇਹ ਹੈ ਕਿ ਇਹ ਹਰ ਵੇਲੇ ਨਵਾਂ, ਸੁੰਦਰ ਤੇ ਚਮਕਦਾਰ ਨਜ਼ਰ ਆਵੇ। ਇਸ ਦਾ ਆਕਾਰ ਅਤੇ ਡਜ਼ਾਈਨ ਵੀ ਬਹੁਤ ਵਿਸ਼ੇਸ਼ ਹੁੰਦਾ ਹੈ। ਇਸਦੀ ਲੰਬਾਈ 90 ਫੁੱਟ ਦੇ ਕਰੀਬ ਹੁੰਦੀ ਹੈ ਜਿਸ ਨਾਲ ਸਾਰੇ 24 ਸਟੈੱਪ ਢੱਕੇ ਜਾਂਦੇ ਹਨ। ਇਸੇ ਕਾਰਪੇਟ ’ਤੇ ਦੁਨੀਆਂ ਭਰ ਦੇ ਪ੍ਰਸਿੱਧ ਅਦਾਕਾਰ ਚੱਲਦੇ ਹਨ ਅਤੇ ਦੁਨੀਆਂ ਦੇਖਦੀ ਹੈ।
1946 ਵਿਚ ਪਹਿਲੀ ਵਾਰ ਨੀਲੇ ਰੰਗ ਦਾ ਕਾਰਪੇਟ ਵਿਛਾਇਆ ਗਿਆ ਸੀ। ਸਾਲ 2020 ਵਿਚ ਫ਼ਰਾਂਸ ਦੇ ਸ਼ਹਿਰ ਨੀਸ ਵਿਚ ਹੋਏ ਅਤਿਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਨੰ ਸ਼ਰਧਾਜਲੀ ਦੇਣ ਲਈ ਇਕ ਦਿਨ ਵਾਸਤੇ ਕਾਲੇ ਰੰਗ ਦਾ ਕਾਰਪੇਟ ਵਿਛਾਇਆ ਗਿਆ ਸੀ।
ਹਰੇਕ ਫ਼ਿਲਮ ਅਦਾਕਾਰ ਜਿਸ ਕਾਨ ਫੈਸਟੀਵਲ ਦਾ ਹਿੱਸਾ ਬਣਨਾ ਚਾਹੁੰਦਾ ਹੈ ਉਹ ਹਿਟਲਰ ਦੀ ਮਨਮਾਨੀ ਵਿਰੁੱਧ ਸ਼ੁਰ ਕੀਤਾ ਗਿਆ ਸੀ। ਹਿਟਲਰ ਨੇ 1938 ਵਿਚ ਵੀਨਸ ਫ਼ਿਲਮ ਫੈਸਟੀਵਲ ਆਰੰਭ ਕੀਤਾ ਸੀ ਅਤੇ ਆਪਣੇ ਚਹੇਤਿਆਂ ਨੂੰ ਐਵਾਰਡ ਦੇਣ ਲੱਗਾ ਸੀ। ਇੰਝ ਕਈ ਜਿਊਰੀ ਮੈਂਬਰਾਂ ਨੇ ਅਸਤੀਫ਼ੇ ਦੇ ਦਿੱਤੇ ਅਤੇ ਕਾਲ ਵਿਚ ਨਵਾਂ ਫ਼ਿਲਮ ਮੇਲਾ ਆਰੰਭ ਕੀਤਾ ਜਿਹੜਾ ਅੱਜ ਕਾਨ ਫ਼ਿਲਮ ਫੈਸਟੀਵਲ ਦੇ ਨਾਂ ਨਾਲ ਪ੍ਰਸਿੱਧ ਹੈ।
ਇਸ ਫ਼ਿਲਮ ਮੇਲੇ ਵਿਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੇ ਖਾਣੇ ’ਤੇ ਕਰੋੜਾਂ ਰੁਪਏ ਖਰਚੇ ਜਾਂਦੇ ਹਨ। ਇਕ ਹੋਟਲ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਸਮੇਂ ਰਾਤ ਦੇ ਖਾਣੇ ਦਾ ਸਮੁੱਚਾ ਪ੍ਰਬੰਧ ਕਰਦਾ ਹੈ ਜਿਸ ਤੇ 2.8 ਕਰੋੜ ਰੁਪਏ ਖਰਚ ਆਉਂਦਾ ਹੈ।
ਅਨੋਖੇ ਵਿਸ਼ਿਆਂ ਅਤੇ ਸੰਵੇਦਨਸ਼ੀਲ ਕਹਾਣੀਆਂ ਕਾਰਨ ਇਸ ਮੇਲੇ ਵਿਚ ਵਿਖਾਈਆਂ ਜਾਣ ਵਾਲੀਆਂ ਸਾਰੀਆਂ ਫ਼ਿਲਮਾਂ ਚਰਚਾ ਵਿਚ ਰਹਿੰਦੀਆਂ ਹਨ।
ਹੈਰਾਨੀ ਦੀ ਗੱਲ ਹੈ ਕਿ ਸਤਿਆਜੀਤ ਰੇਅ ਦੁਆਰਾ 1970 ਵਿਚ ਬਣਾਈ ਗਈ ਕਲਾਸਿਕ ਬੰਗਾਲੀ ਫ਼ਿਲਮ ’ਅਰਨਏਰ ਦਿਨ ਰਾਤਰੀ’ ਵੀ ਇਸ ਵਾਰ ਕਾਨ ਫ਼ਿਲਮ ਫੈਸਟੀਵਲ ਵਿਚ ਵਿਖਾਈ ਗਈ। ਇਸ ਵਿਚ ਨਾਇਕਾ ਦੀ ਭੂਮਿਕਾ ਨਿਭਾਉਣ ਵਾਲੀ ਸ਼ਰੀਮੀਲ ਟੈਗੋਰ ਵੀ ਉਥੇ ਪਹੁੰਚੀ ਹੋਈ ਸੀ।