ਅਣਗੌਲਿਆ ਇਤਿਹਾਸਕਾਰ ਭਾਈ ਪੰਜਾਬ ਸਿੰਘ ਬਹਿਲੋ ਕਾ

ਅਣਗੌਲਿਆ ਇਤਿਹਾਸਕਾਰ ਭਾਈ ਪੰਜਾਬ ਸਿੰਘ ਬਹਿਲੋ ਕਾ

ਅਸਲ ਇਤਿਹਾਸ ਹੀ ਲੋਕ ਇਤਿਹਾਸ ਹੁੰਦਾ ਹੈ, ਜੋ ਸਮਾਜ ਦੇ ਨੈਣ ਨਕਸ਼ਾਂ ਦਾ, ਭਾਈਚਾਰਕ ਸੱਭਿਆਚਾਰਕ ਰਹਿਣ ਸਹਿਣ ਅਤੇ ਰਹਿਤਲ ਵਿੱਚ ਵਾਪਰਦੀਆਂ ਤਬਦੀਲੀਆਂ ਦਾ ਦਰਪਣ ਹੁੰਦਾ ਹੈ। ਅਜਿਹੇ ਇਤਿਹਾਸ ਤੋਂ ਮਨੁੱਖੀ ਵਿਕਾਸ ਦਾ ਪਤਾ ਲਗਦਾ ਹੈ ਅਤੇ ਸੱਚਾਈ ਪ੍ਰਗਟ ਹੁੰਦੀ ਹੈ। ਕੌਮਾਂ ਨੂੰ ਜਿਉਂਦਾ ਰੱਖਣ ਲਈ ਇਤਿਹਾਸ ਲਿਖਣਾ ਬਹੁਤ ਮਹੱਤਪੂਰਨ ਕਾਰਜ ਹੈ ਅਤੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਕੌਮਾਂ, ਅਸਥਾਨਾਂ, ਯੁੱਧਾਂ, ਧਰਮਾਂ ਆਦਿ ਦਾ ਇਤਿਹਾਸ ਕਲਮਬੱਧ ਕੀਤਾ ਹੈ। ਦੂਰ ਦੁਰਾਡੇ ਅਤੀਤ ਤੋਂ ਅੱਜ ਤੱਕ ਦੇ ਸਫ਼ਰ ਉੱਤੇ ਕਦਮ ਕਦਮ ਕਰਕੇ ਝਾਤ ਪਵਾਉਣੀ ਨਾ ਆਮ ਲੇਖਕਾਂ ਦਾ ਕੰਮ ਹੈ ਅਤੇ ਨਾ ਉਹ ਇਸਦੇ ਸਮਰੱਥ ਹੁੰਦੇ ਹਨ। ਇਹ ਕੰਮ ਪ੍ਰਮਾਣਿਕ ਇਤਿਹਾਸਕਾਰਾਂ ਦੇ ਕਰਨ ਦਾ ਹੁੰਦਾ ਹੈ, ਜੋ ਸਮੇਂ ਦੇ ਨਾਲ ਨਾਲ ਯਥਾਰਥ ਨੂੰ ਕਲਮਬੱਧ ਕਰਦੇ ਰਹਿੰਦੇ ਹਨ। ਅਜਿਹੇ ਬਹੁਤ ਸਾਰੇ ਇਤਿਹਾਸਕਾਰ ਹੋਏ ਹਨ ਜਿਹਨਾਂ ਨੇ ਤਨਦੇਹੀ ਨਾਲ ਇਹ ਕੰਮ ਕੀਤਾ, ਪਰ ਉਹ ਆਮ ਲੋਕਾਂ ਤੋਂ ਅਣਗੌਲੇ ਰਹੇ ਜਾਂ ਵਿਸਾਰ ਦਿੱਤੇ ਗਏ। ਅਜਿਹਾ ਅਣਗੌਲਿਆ ਇਤਿਹਾਸਕਾਰ ਹੈ ‘ਭਾਈ ਪੰਜਾਬ ਸਿੰਘ।’

ਇਸ ਇਤਿਹਾਸਕਾਰ ਦੇ ਕਾਰਜ ਦੀ ਕਦਰ ਕਰਦੇ ਹੋਏ ਉਸਨੂੰ ਯਾਦ ਕਰਾਉਂਦਿਆਂ ਅੱਜ ਦੇ ਇਤਿਹਾਸਕਾਰ ਮਾ: ਹਰਭਜਨ ਸਿੰਘ ਸੇਲਬਰਾਹ ਨੇ ਪੁਸਤਕ ‘‘ਉਨੀਵੀਂ ਸਦੀ ਦਾ ਅਣਗੌਲਿਆ ਇਤਿਹਾਸਕਾਰ ਭਾਈ ਪੰਜਾਬ ਸਿੰਘ ਬਹਿਲੋ ਕਾ’’ ਰਾਹੀਂ ਪਾਠਕਾਂ ਦੇ ਰੂਬਰੂ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੇ ਅੰਤਿਲੇ ਸਮੇਂ ਹੋਏ ਪੰਜਾਬ ਸਿੰਘ ਬਹਿਲੋ ਕਾ ਨੇ ਕਾਵਿ ਰੂਪ ਵਿੱਚ ਇਤਿਹਾਸ ਲਿਖਿਆ, ਜੋ ਇੱਕ ਬਹੀ ਤੋਂ ਪ੍ਰਾਪਤ ਹੋਇਆ ਹੈ। ਉਹਨਾਂ ਦੀ ਇੱਕ ਹੱਥ ਲਿਖਤ ਬਹੀ 1839 ਵਿੱਚ ਲਿਖਣੀ ਸੁਰੂ ਕੀਤੀ ਅਤੇ 1850 ਵਿੱਚ ਸੰਪੂਰਨ ਕਰ ਦਿੱਤੀ। ਇਸ ਬਹੀ ਵਿੱਚ ਉਸਨੇ ਮਹਾਨ ਸਿੱਖ ਭਾਈ ਬਹਿਲੋ, ਉਸਦੇ ਵੰਸ ਅਤੇ ਸਿੱਧੂਆਂ ਦੇ ਬੰਸ ਬਾਰੇ ਖੁਲ ਕੇ ਲਿਖਿਆ। ਜਿਲਾ ਬਠਿੰਡਾ ਦੇ ਪਿੰਡ ਸੇਲਬਰਾਹ ਵਿੱਚ ਆਪਣਾ ਜੀਵਨ ਬਸਰ ਕਰਦਿਆਂ ਉਸਨੇ ਆਪਣੇ ਪਿਤਾ ਨਿਹਾਲ ਸਿੰਘ ਤੋਂ ਜਾਣਕਾਰੀ ਹਾਸਲ ਕਰਕੇ ਉਸਨੂੰ ਕਾਵਿ ਰੂਪ ਦਿੱਤਾ। ਇਸ ਬਹੀ ਲਿਖਤ ਰਾਹੀਂ ਉਸਨੇ ਬਹੁਤ ਸਾਰੀਆਂ ਅੰਧ ਵਿਸ਼ਵਾਸ਼ ਵਾਲੀਆਂ ਫੈਲਾਈਆਂ ਅਟਕਲਾਂ, ਝੂਠੀਆਂ ਕਹਾਣੀਆਂ, ਮਿੱਥਾਂ, ਕਪੋਲ ਕਲਪਨਾਵਾਂ, ਦੰਦ ਕਥਾਵਾਂ ਦਾ ਅੰਤ ਕਰਦਿਆਂ ਸੱਚ ਨੂੰ ਪ੍ਰਗਟ ਕੀਤਾ।

ਭਾਈ ਪੰਜਾਬ ਸਿੰਘ ਬਹਿਲੋ ਕਾ ਦੀ ਲਿਖਤ ਚੋਂ ਉਸਦੇ ਗਿਆਨ, ਸੋਝੀ, ਵਿਦਵਤਾ ਦੀ ਝਲਕ ਮਿਲਦੀ ਹੈ। ਉਹਨਾਂ ਬਾਰੇ ਲਿਖੀ ਪੁਸਤਕ ‘ਉਨੀਵੀਂ ਸਦੀ ਦਾ ਅਣਗੌਲਿਆ ਇਤਿਹਾਸਕਾਰ ਭਾਈ ਪੰਜਾਬ ਸਿੰਘ ਬਹਿਲੋ ਕਾ’ ਰਾਹੀਂ ਉਸ ਇਤਿਹਾਸਕਾਰ ਨੂੰ ਲੋਕਾਂ ਦੇ ਸਨਮੁੱਖ ਕੀਤਾ ਗਿਆ ਹੈ ਅਤੇ ਉਸ ਦੀ ਲਿਖਤ ਤੇ ਖੁਲ ਕੇ ਵਿਚਾਰ ਚਰਚਾ ਕੀਤੀ ਗਈ। ਇਹ ਪੁਸਤਕ ਵੀ ਇਤਿਹਾਸ ਦਾ ਹਿੱਸਾ ਬਣ ਗਈ ਹੈ। ਲੇਖਕ ਵਧਾਈ ਦਾ ਪਾਤਰ ਹੈ।

ਮੋਬਾ: 098882 75913