
ਬਠਿੰਡਾ, 03 ਅਪ੍ਰੈਲ, ਬੀ ਐੱਸ ਭੁੱਲਰ
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ ਅਤੇ ਸੋਸ਼ਲ ਸਾਇੰਸਜ਼ ਵਿਭਾਗ ਵੱਲੋਂ ਪੰਜਾਬੀ ਸਾਹਿਤ ਸਭਾ ਮੌੜ ਦੇ ਸਹਿਯੋਗ ਨਾਲ ਪੰਜਾਬੀ ਕਹਾਣੀਕਾਰ ਸ੍ਰੀ ਅਖਫਾਜ਼ ਦੇ ਕਹਾਣੀ ਸੰਗ੍ਰਹਿ ‘ਛਲਾਵਿਆਂ ਦੀ ਰੁੱਤ’ ਤੇ ਸੰਵਾਦ ਅਤੇ ਰੂਬਰੂ ਕੀਤਾ ਗਿਆ। ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ: ਬਲਦੇਵ ਸਿੰਘ ਸੇਰਗਿੱਲ, ਜਸਪਾਲ ਮਾਨਖੇੜਾ ਅਤੇ ਅਮਰਜੀਤ ਸਿੰਘ ਸ਼ਾਮਲ ਸਨ। ਮੁੱਖ ਮਹਿਮਾਨ ਵਜੋਂ ਕੈਂਪਸ ਦੇ ਡਾਇਰੈਕਟਰ ਪ੍ਰੋਫੈਸਰ ਕਮਲਜੀਤ ਸਿੰਘ ਨੇ ਸਿਰਕਤ ਕੀਤੀ।
ਡਾ: ਸੇਰਗਿੱਲ ਨੇ ਮਹਿਮਾਨਾਂ ਤੇ ਸਰੋਤਿਆਂ ਨੂੰ ਜੀ ਆਇਆਂ ਆਖ ਕੇ ਪ੍ਰੋਗਰਾਮ ਦੀ ਸੁਰੂਆਤ ਕੀਤੀ। ਇਸ ਉਪਰੰਤ ਸ੍ਰੀ ਹਰਵਿੰਦਰ ਸਿੰਘ ਗਰੇਵਾਲ ਅਤੇ ਸ੍ਰੀ ਗੁਰਪ੍ਰੀਤ ਸਿੰਘ ਨੇ ਪੁਸਤਕ ਬਾਰੇ ਖੋਜ਼ ਪੱਤਰ ਪੜਦਿਆਂ ਕਹਾਣੀਆਂ ਦੇ ਵਿਸ਼ਾ ਵਸਤੂ ਅਤੇ ਤਕਨੀਕ ਬਾਰੇ ਚਾਨਣਾ ਪਾਇਆ। ਇਸਤੋਂ ਬਾਅਦ ਰੂਬਰੂ ਸੈਸ਼ਨ ਦੌਰਾਨ ਸਰੋਤਿਆਂ ਅਤੇ ਵਿਦਿਆਰਥੀਆਂ ਦੇ ਸੁਆਲਾਂ ਦੇ ਜਵਾਬ ਦਿੰਦਿਆਂ ਸ੍ਰੀ ਅਲਫਾਜ਼ ਨੇ ਕਹਾਣੀ ਦੀ ਸਿਰਜਣ ਪ੍ਰਕਿਰਿਆ ਬਾਰੇ ਖੁੱਲੀ ਗੱਲਬਾਤ ਕੀਤੀ। ਸ੍ਰੀ ਅਮਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕੁੱਝ ਯਾਦਾਂ ਤਾਜੀਆਂ ਕੀਤੀਆਂ ਅਤੇ ਪ੍ਰੋ: ਕਮਲਜੀਤ ਸਿੰਘ ਨੇ ਕਹਾਣੀਕਾਰ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ। ਸ੍ਰੀ ਜਸਪਾਲ ਮਾਨਖੇੜਾ ਨੇ ਪ੍ਰਧਾਨਗੀ ਭਾਸ਼ਣ ਕਰਦਿਆਂ ਜਿੱਥੇ ਅਲਫਾਜ਼ ਤੋਂ ਭਵਿੱਖ ਵਿੱਚ ਚੰਗੀਆਂ ਕਹਾਣੀਆਂ ਦੀ ਆਸ ਪ੍ਰਗਟ ਕੀਤੀ ਉੱਥੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਲੇਖਕਾਂ ਵੱਲੋਂ ਯਤਨ ਤੇਜ ਕਰਨ ਦੀ ਲੋੜ ਤੇ ਜੋਰ ਦਿੱਤਾ। ਇਸ ਪ੍ਰੋਗਰਾਮ ਦੀ ਕੋਆਰਡੀਨੇਟਰ ਅਤੇ ਮੁਖੀ ਭਾਸ਼ਾਵਾਂ ਵਿਭਾਗ ਡਾ: ਸੰਦੀਪ ਰਾਣਾ ਨੇ ਸਭਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਡਾ: ਮਨਮਿੰਦਰ ਕੌਰ ਨੇ ਬਾਖੂਬੀ ਨਿਭਾਈ।