2032 ਓਲੰਪਿਕ ਖੇਡਾਂ ਦੇ ਮੱਦੇਨਜ਼ਰ ਹੋਵੇਗੀ ਨਵੇਂ ਸਟੇਡੀਅਮ ਦੀ ਉਸਾਰੀ

(ਹਰਜੀਤ ਲਸਾੜਾ, ਬ੍ਰਿਸਬੇਨ 27 ਮਾਰਚ)
ਸੂਬਾ ਕੂਈਨਜ਼ਲੈਂਡ ਦੇ ਪ੍ਰੀਮੀਅਰ ਡੇਵਿਡ ਕ੍ਰਿਸਫੁੱਲੀ ਅਨੁਸਾਰ ‘2032 ਬ੍ਰਿਸਬੇਨ ਓਲੰਪਿਕ’ ਦੀ ਮੇਜ਼ਬਾਨੀ ਤੋਂ ਬਾਅਦ ਗਾਬਾ ਸਟੇਡੀਅਮ ਨੂੰ ਢਾਹਿਆ ਜਾਵੇਗਾ ਅਤੇ ਇਸ ਥਾਂ ਮਨੋਰੰਜਨ ਅਤੇ ਰਿਹਾਇਸ਼ੀ ਹੱਬ ਉਸਾਰੇ ਜਾਣਗੇ। ਪ੍ਰੀਮੀਅਰ ਵੱਲੋਂ ਪੇਸ਼ ਕੀਤੇ ਸੱਤ ਸਾਲਾਂ ਬਲੂਪ੍ਰਿੰਟ ਤਹਿਤ 3.8 ਬਿਲੀਅਨ ਆਸਟ੍ਰੇਲੀਅਨ ਡਾਲਰ ਨਾਲ 63,000 ਸੀਟਾਂ ਵਾਲੇ ਨਵੇਂ ਸਟੇਡੀਅਮ ਦੀ ਉਸਾਰੀ ਬ੍ਰਿਸਬੇਨ ਸੀਬੀਡੀ ਦੇ ਉੱਤਰ ‘ਚ ਵਿਕਟੋਰੀਆ ਪਾਰਕ ਵਿਖੇ ਕੀਤੀ ਜਾਵੇਗੀ, ਜੋ ਕਿ ਬ੍ਰਿਸਬੇਨ ਓਲੰਪਿਕ ਦੀ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਦੀ ਮੇਜ਼ਬਾਨੀ ਵੀ ਕਰੇਗਾ। ਦਿਲਚਸਪ ਹੈ ਕਿ ਗਾਬਾ ਸਟੇਡੀਅਮ 1895 ਵਿੱਚ ਸਥਾਪਿਤ ਕੀਤਾ ਗਿਆ ਸੀ, ਲੰਬੇ ਸਮੇਂ ਤੋਂ ਕ੍ਰਿਕਟ, ਆਸਟ੍ਰੇਲੀਅਨ ਫੁੱਟਬਾਲ ਅਤੇ ਕਈ ਵੱਡੇ ਖੇਡ ਸਮਾਗਮਾਂ ਦਾ ਗੜ੍ਹ ਰਿਹਾ ਹੈ। ਇੱਥੋਂ ਤੱਕ ਕਿ ਸਿਡਨੀ 2000 ਓਲੰਪਿਕ ਦੌਰਾਨ ਇੱਕ ਵਿਸ਼ੇਸ਼ ਸਥਾਨ ਵਜੋਂ ਵੀ ਕੰਮ ਕੀਤਾ।
ਸੂਬਾ ਸਰਕਾਰ ਵੱਲੋਂ ਇਹ ਫੈਸਲਾ 2032 ਓਲੰਪਿਕ ਖੇਡਾਂ ਦੀ ਤਿਆਰੀ ਦੇ ਹਿੱਸੇ ਵਜੋਂ ਲਿਆ ਹੈ, ਜਿਸ ਨਾਲ ਬ੍ਰਿਸਬੇਨ ਨੂੰ ਆਧੁਨਿਕ ਖੇਡ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਕਿਉਂਕਿ, ਗਾਬਾ ਸਟੇਡੀਅਮ ਦੀਆਂ ਢਾਂਚਾਗਤ ਸਮੱਸਿਆਵਾਂ ਭਵਿੱਖ ‘ਚ ਆਧੁਨਿਕ ਮੰਗਾਂ ਨੂੰ ਪੂਰਾ ਕਰਨ ਦੇ ਅਸਮਰੱਥ ਹਨ। ਸਥਾਨਕ ਲੋਕਾਂ ਅਤੇ ਖੇਡ ਹਸਤੀਆਂ ਦਾ ਕਹਿਣਾ ਹੈ ਕਿ ਇਸ ਨਾਲ ਆਸਟ੍ਰੇਲੀਆ ਦੇ ਸਭ ਤੋਂ ਪਿਆਰੇ ਸਥਾਨਾਂ ਵਿੱਚੋਂ ਇੱਕ ਲਈ ਇੱਕ ਯੁੱਗ ਦਾ ਅੰਤ ਹੋ ਜਾਵੇਗਾ। ਨਵਾਂ ਸਟੇਡੀਅਮ 2030 ਤੱਕ ਪੂਰਾ ਹੋਣ ਦੀ ਉਮੀਦ ਹੈ। ਪੁਰਾਣੇ ਗਾਬਾ ਦੀਆਂ ਯਾਦਾਂ ਨੂੰ ਸੰਭਾਲਣ ਲਈ ਕੁਝ ਇਤਿਹਾਸਕ ਨਿਸ਼ਾਨ ਨਵੇਂ ਡਿਜ਼ਾਇਨ ਵਿੱਚ ਸ਼ਾਮਲ ਕੀਤੇ ਜਾਣਗੇ। ਮੰਨਿਆ ਜਾ ਰਿਹਾ ਕਿ ਇਸ ਪ੍ਰੋਜੈਕਟ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਵਿੱਚ ਵੱਡਾ ਬਦਲਾਅ ਆਵੇਗਾ ਅਤੇ ਆਸਟ੍ਰੇਲੀਆ ਦੇ ਖੇਡ ਜਗਤ ਨੂੰ ਨਵੀਂ ਦਿਸ਼ਾ ਮਿਲੇਗੀ।