
ਸਤ ਸ਼੍ਰੀ ਅਕਾਲ, ਸਾਰਿਆਂ ਨੂੰ ਜੀ। ਅਸੀਂ ਤਾਂ ਭਾਈ ਏਥੇ ਬੇਹੇ ਕੜਾਹ ਵਰਗੇ ਹਾਂ। ਤੁਹਾਡੀ ਰਾਜ਼ੀ-ਖੁਸ਼ੀ, ਪੀਲੇ ਚੌਲਾਂ ਵਰਗੀ ਭਾਲਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਆਪਣਾ ਮਾਸਟਰ ਪਰਮਜੋਤ ਸਿੰਘ ਪਪਰੋਲਾ ਈ ਨੀਂ ਲੋਟ ਆਂਉਂਦਾ। ਬਾਹਲਾ ਪਤੰਦਰ ਐ, ਮਜਾਲ ਐ ਕਿਸੇ ਗੱਲ ਨੂੰ ਭੁੰਜੇ ਡਿੱਗਣ ਦੇਵੇ, ਰਾਹ ਚੋਂ ਈ ਬੋਚ ਲੈਂਦਾ। ਅੱਜ ਜਦੋਂ ਉਹ ਨਾਹ-ਧੋ ਕੇ ਘਰੋਂ ਪੈਲਾਂ ਪਾਂਉਂਦਾ ਬਾਹਰ ਆਇਆ ਤਾਂ ਛਿੰਦੇ-ਸ਼ੌਂਕੀ ਨੇ ਛੇੜਿਆ, “ਕਿਵੇਂ ਐਂ ਮਾਸ਼ਟਰਾ, ਅੱਜ ਟੈਮ ਨਾਲ ਈ ਪਹਿਨਿਆ-ਪੱਚਰਿਆ ਫਿਰਦੈਂ?" “ਹੋਰ ਮੈਂ ਥੋਡੇ ਅਰਗਾ ਰਿੱਗਲ ਆਂ, ਮੈਨੂੰ ਤਾਂ ਸਮਝ ਨੀਂ ਆਂਉਂਦੀ ਬਈ ਤੁਸੀਂ ਦੋ-ਦੋ, ਤਿੰਨ-ਤਿੰਨ ਦਿਨ ਪਤਾ ਨੀਂ ਕਿਵੇਂ, ਬਿਨ੍ਹਾਂ ਨਹਾਂਇਆਂ ਕੱਢ ਲੈਨੇਂ ਓਂ, ਆਪਾਂ ਤਾਂ ਝੱਬਦੇ ਈ ਐਤਵਾਰ ਦੇ ਐਤਵਾਰ ਨਹਾ ਸਿੱਟੀਦਾ।" ਪਰਮ ਨੇ ਨਹਿਲੇ ਉੱਤੇ ਦਹਿਲਾ ਮਾਰਿਆ ਤਾਂ
ਕੇਰਾਂ ਤਾਂ ਸ਼ੌਂਕੀ ਘੇਰੀ ਖਾ ਗਿਆ, ਉਹਨੂੰ ਸਮਝ ਈ ਨਾਂਹ ਆਈ। ਅਜੇ ਉਹ ਉਲਝਿਆ ਹੀ ਸੀ ਕਿ ਭੋਲਾ ਚਾਚਾ ਫ਼ਰਨੈਲ ਦੀ ਚਿੱਟੀ ਬੋਤਲ ਫੜੀ ਆਵੇ ਹੱਟੀ ਤੋਂ। ਛਿੰਦਾ ਮਾਸ਼ਟਰ ਨੂੰ ਛੱਡ ਉਹਨੂੰ ਪੈ ਗਿਆ। “ਕਿਵੇਂ ਐ ਚਾਚਾ, ਮਾਸ਼ਟਰ ਤਾਂ ਟਾਈਮ ਨਾਲ ਕੰਮ ਨਬੇੜ ਆਇਐ ਤੂੰ ਅਜੇ ਫਰਨੈਲ ਚੱਕੀ ਫਿਰਦੈਂ?” ਭੋਲਾ ਸੋਚਣ ਲੱਗਾ ‘ਕਿਵੇਂ ਖਹਿੜਾ ਛੁਡਾਵਾਂ?ਪਰਮਜੋਤ ਨੇ ਚੁਟਕੀ ਲਈ, “ਭੋਲੇ ਕਾ ਵੇਹੜਾ ਵੱਡਾ ਬਾਈ, ਬਹੁਕਰ ਫੇਰਦਾ ਥੱਕ ਗਿਆ ਹੋਣੈਂ, ਇਹ ਤਾਂ ਫਰਨੈਲ ਦਾ ਬਹਾਨਾ ਲਾ ਦਮ ਮਾਰਨ ਲਈ ਟੱਪ ਆਇਐ।" “ਹਟ ਜਾ ਮਾਸ਼ਟਰਾ ਤੈਨੂੰ ਆਂਉਂਦੀਆਂ ਗੱਲਾਂ, ਪਿਲਸਨ ਆ ਜਾਂਦੀ ਐ, ਤੈਂ ਕਿਹੜਾ ਹਲ ਵਾਹੁਣੈਂ?" ਭੋਲੇ ਤੋਂ ਐਨਾਂ ਈ ਮੋੜਵਾਂ ਜਵਾਬ ਮਸਾਂ ਈ ਨਿਕਲਿਆ ਤਾਂ ਮਾਸਟਰ ਨੇ ਫੇਰ ਗੱਲ ਬੋਚੀ। “ਹਲ ਤਾਂ ਹੁਣ ਤੁਸੀਂ ਵੀ ਨਹੀਂ ਵਾਂਹੁੰਦੇ, ਮੈਨੂੰ ਪਤਾ ਕਿਹੜੀ ਕੰਪੈਨ ਤੋਂ ਤੂੰ ਡੂਢ ਕਿੱਲਾ ਵਢਾਉਣੈਂ, ਅਸੀਂ ਬਚਪਨ
ਚ ਪਸੂ-ਡੰਗਰ ਵੀ ਚਾਰੇ ਐ, ਮਾਸਟਰ ਰੌਣਕੀ ਰਾਮ ਤੋਂ ਕੁੱਟ ਵੀ ਖਾਧੀ ਐ, ਫਲ੍ਹੇ ਵੀ ਵੇਖੇ ਐ ਅਤੇ ਬਲਦ ਚੌਅ ਨਾਲ ਡੰਗਦੇ ਵੀ, ਥੋਨੂੰ ਕੀ ਪਤਾ ਦੋ-ਪੋਰਿਆਂ ਨਾਲ ਕਿਵੇਂ ਬੀਜ ਕੇਰੀਦੇ ਐ? ਦੱਸ ਖਾਂ ਕਣਕ ਦੀ ਪਾਂਤ ਕਿੰਨੇ ਓੜਿਆਂ ਦੀ ਹੁੰਦੀ ਐ, ਤੁਸੀਂ ਤਾਂ ਪਾਲੀਥੀਨ ਚ ਬੇਹੇ ਕੱਦੂ ਪਾ ਮੋਟਰਸਾਈਕਲ ਦੇ ਹੈਂਡਲ ਉੱਤੇ ਟੰਗ ਕੇ ਲਿਆਉਣ ਜੋਗੇ ਰਹਿਗੇ। ਅਸੀਂ ਚੰਗੀ ਤਰ੍ਹਾਂ ਚੰਮ ਲੁਹਾਇਐ, ਚੰਮ ਦੀਆਂ ਜੁੱਤੀਆਂ ਪਾਈਆਂ ਤਾਂਈਂ ਹੁਣ ਚੰਮ ਦੀਆਂ ਚਲਾਉਣੇਂ ਆਂ। ਚੱਲ ਤੂੰ ਭਾਈ, ਫਰਨੈਲ ਲੈ ਕੇ ਅੱਪੜ ਘਰੇ, ਨਹੀਂ ਤੇਰੀ ਕਲਾਸ ਲੱਗ ਜਾਣੀਂ ਐਂ!" ਮਾਸਟਰ ਨੇ ਆਖਿਆ ਤਾਂ ਸਾਰੇ ਤਾੜੀ ਮਾਰ ਕੇ ਹੱਸ ਪੇ। ਛਿੰਦਾ ਸਿਰ ਸੁੱਟ ਟੱਪ ਗਿਆ ਤਾਂ ਸੋਥਾ ਆਂਹਦਾ, “ਮਾਸ਼ਟਰਾ ਤੈਨੂੰ ਗੱਲਾਂ ਕਿੱਥੋਂ ਫੁਰਦੀਆਂ ਜਾਰ ਐਨੀਆਂ?" “ਇਹ ਤਾਂ ਕੁਦਰਤੀ ਸੁਭਾਅ ਹੁੰਦਾ, ਬਾਕੀ ਰੱਬ ਕਿਰਪਾ ਕਰੇ ਤਾਂ ਚਾਰ ਪੈਸੇ ਜੁੜਨ ਤਾਂਹੀ ਗੱਲ ਆਂਉਂਦੀ ਐ, ਹੁਣ ਵਾਹੀਵਾਨ ਕੀ ਹੱਸੇ, ਸਰਕਾਰ ਧਰਨੇ ਉੱਤੇ ਬੈਠਿਆਂ ਨੂੰ ਕੁੱਟ-ਭਜਾ ਦਿੰਦੀ ਐ। ਹੋਰ, ਪੰਜਾਬ ਦੇ ਪਹਿਰੂਏ, ਪਾਣੀ, ਪੁੱਤ ਪੈਸਾ ਅਤੇ ਪਰਿਵਾਰ ਦੀ ਪੱਤ ਬਚਾਉਣ ਲਈ, ਫਿਕਰੂ ਹਨ। ਪਿੰਟੂ, ਪੈਂਚਰਾਂ-ਵਾਲੇ ਦਾ ਕੰਮ ਮੰਦਾ ਹੈ। ਨਹਿਰਾਂ
ਚ ਪਾਣੀ ਗੰਦਾ ਹੈ। ਤੋਸ਼ੇ ਨਿਰੇ ਗਡਾਣਾ ਹੈ। ਜੁੱਤੀ ਦਾ ਰਿਵਾਜ ਵਧਾਣਾ ਹੈ। ਮੁਨਸ਼ੀ ਰਾਮ ਅਤੇ ਮੋਤੀ ਰਾਮ ਝੋਰੇ `ਚ ਹਨ। ਪੇਂਡੂ ਬਾਹਲੇ ਕਰਜਾਊ ਆ, ਸਣੇ ਕੋਠਾ-ਮੋਟਰ ਵਿਕਾਊ ਆ। ਹੁਣ, ਕੰਧ ਤੋਂ ਨੀਂ ਲੱਗਦਾ ਜੰਪ ਆ, ਕਿਉਂ? ਅੱਗੇ ਖੜਾ ਟਰੰਪ ਆ। ਟਰੂਡੋ-ਸੁਨਕ ਸਭ ਹਟਗੇ ਨੇ, ਭਾਈਬੰਦ, ਹੁਣ ਫਟਗੇ ਨੇ। ਸੱਚ, ਤੁਸੀਂ ਤੁੜਕਦੇ ਰਹਿਓ, ਸਭ ਠੀਕ ਹੋਜੂ। ਅਸੀਂ ਹੈਂਗੇ ਆਂ ਨਾਂ। ਚੰਗਾ, ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061