
ਦੁਨੀਆ ਮੁੱਠੀ ਭਰ ਲੋਕਾਂ ਦੇ ਹੱਥਾਂ ‘ਚ ਸਿਮਟਦੀ ਜਾ ਰਹੀ ਹੈ। ਇਹੀ ਮੁੱਠੀ ਭਰ ਲੋਕ ਮਨੁੱਖ ਦੇ ਅਧਿਕਾਰਾਂ ਦਾ ਹਨਨ ਕਰਕੇ ਉਹਨਾਂ ਨੂੰ ਇੱਕ ਬਿੰਦੂ ਬਨਾਉਣ ਦੀ ਚਾਲ ਚਲ ਰਹੇ ਹਨ। ਪਿਛਲੇ ਕੁਝ ਸਾਲਾਂ ‘ਚ ਜਿਵੇਂ ਦੁਨੀਆ ਦੇ ਸਭ ਤੋਂ ਵੱਡੇ ਸੌਦਾਗਰਾਂ ਨੇ ਸੌਦੇਬਾਜੀ ਕੀਤੀ, ਆਪਣੇ ਹਿੱਤਾਂ ਦੀ ਪੂਰਤੀ ਲਈ ਘਿਨਾਉਣੇ ਯਤਨ ਕੀਤੇ, ਹਰ ਹੀਲਾ-ਵਸੀਲਾ ਵਰਤਿਆ, ਇਹ ਦੁਨੀਆ ‘ਤੇ ਕਾਲੇ ਸ਼ਾਹ ਬੱਦਲਾਂ ਦੀ ਦਸਤਕ ਹੈ। ਸਵਾਲ ਉੱਠਦਾ ਹੈ ਕਿ ਇਹੋ ਜਿਹੇ ਹਾਲਾਤਾਂ ‘ਚ ਦੁਨੀਆ ਕਿਥੇ ਜਾਏਗੀ?
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਹਥੌੜਾ ਨਿਰਵਿਘਨ ਚੱਲ ਰਿਹਾ ਹੈ। ਉਹ ਦੁਨੀਆ ਨੂੰ ਇੱਕ ਸਵਾਰਥੀ ਢਾਂਚੇ ‘ਚ ਢਾਲਣ ਦੀ ਧੌਂਸ ਦੇ ਰਹੇ ਹਨ। ਆਪਣੇ ਅੱਠ ਹਫ਼ਤਿਆਂ ਦੇ ਕਾਰਜਕਾਲ ਵਿੱਚ ਉਸਨੇ ਡਬਲਯੂ.ਐੱਚ.ਓ. ਨੂੰ ਤਿਆਗ ਦਿੱਤਾ ਅਤੇ ਮਨੁੱਖੀ ਅਧਿਕਾਰਾਂ ਦੀ ਸੰਸਥਾ (ਯੂ.ਐਨ.ਐਚ.ਆਰ.ਸੀ) ਸੰਯੁਕਤ ਰਾਸ਼ਟਰ ਰਾਹਤ ਏਜੰਸੀ (ਯੂ.ਐਨ.ਐਚ.ਆਰ.ਡਬਲਯੂ.ਏ) ਨੂੰ ਵਿੱਤੀ ਸਹਾਇਤਾ ਦੇਣ ਤੋਂ ਨਾਂਹ ਕਰ ਦਿੱਤੀ। ਯੂ.ਐਸ.ਏਡ ਨੂੰ ਬੰਦ ਕਰ ਦਿੱਤਾ ਗਿਆ ਅਤੇ ਦੁਨੀਆ ਭਰ ‘ਚ ਚਲ ਰਹੇ ਅਮਰੀਕਾ ਦੇ ਦਰਜਨਾਂ ਸਹਾਇਤਾ ਕੰਮਾਂ ਨੂੰ ਰੋਕ ਦਿੱਤਾ ਗਿਆ। ਸਥਿਤੀ ਜੇਕਰ ਇਵੇਂ ਹੀ ਰਹੀ ਤਾਂ ਉਹ ਨਾਟੋ ਅਤੇ ਯੂਰਪੀ ਸਹਿਯੋਗੀਆਂ ਨੂੰ ਵੀ ਛੱਡ ਸਕਦੇ ਹਨ। ਉਂਜ ਵੀ ਆਪਣੇ ਹਿੱਤਾਂ ਖ਼ਾਤਰ ਅਮਰੀਕਾ ਨੇ ਵਪਾਰਕ ਜੰਗ ਛੇੜ ਦਿੱਤੀ ਹੋਈ ਹੈ।
ਸੰਵਿਧਾਨਿਕ ਇਤਿਹਾਸ ਦੇ ਮਹਾਨ ਅਤੇ ਬਿਹਤਰੀਨ ਪਾਠ ਪੜ੍ਹਾਉਣ ਵਾਲਾ ਅਮਰੀਕਾ, ਮਨੁੱਖੀ ਅਧਿਕਾਰਾਂ ਦਾ ਕਦੇ ਰਾਖਾ ਵੀ ਕਹਿਲਾਉਂਦਾ ਰਿਹਾ ਹੈ। ਭਾਰਤ ਸਮੇਤ ਕਈ ਹੋਰ ਦੇਸ਼ਾਂ ਦਾ ਸੰਵਿਧਾਨ ਬਨਾਉਣ ਵਾਲਿਆਂ ਨੇ ਅਮਰੀਕਾ ਦੇ ਸੰਵਿਧਾਨ ਦੀ ਨਕਲ ਕੀਤੀ, ਕਿਉਂਕਿ ਅਮਰੀਕਾ ਆਜ਼ਾਦ ਅਤੇ ਲੋਕਤੰਤਰਿਕ ਨੀਤੀਆਂ ਵਾਲਾ ਦੇਸ਼ ਮੰਨਿਆ ਗਿਆ ਸੀ, ਜਿਹੜਾ ਗਰੀਬੀ ਅਤੇ ਬੀਮਾਰੀ ਨੂੰ ਖ਼ਤਮ ਕਰਨ ਦਾ ਸੰਕਲਪ ਲੈਂਦਾ ਸੀ। ਇਸ ਸੰਕਲਪ ਨੂੰ ਪੂਰਿਆਂ ਕਰਨ ਲਈ ਅਮਰੀਕਾ ਨੇ ਗੰਭੀਰ ਯਤਨ ਵੀ ਕੀਤੇ। ਇਥੋਂ ਦੇ ਚੁਣੇ ਰਾਸ਼ਟਰਪਤੀਆਂ ਨੇ ਆਪਣੇ ਸੰਵਿਧਾਨ ਦੀ ਰਾਖੀ ਕਰਦਿਆਂ ਅਮਰੀਕਾ ਨੂੰ ਇਕ ਅਮੀਰ ਮੁਲਕ ਬਨਾਉਣ ਲਈ ਦਹਾਕਿਆਂ ਤੱਕ ਯਤਨ ਕੀਤੇ। ਕਈ ਰਾਸ਼ਟਰਪਤੀਆਂ ਨੇ ਆਪਣੇ ਅਦੁੱਤੀ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਮਰੀਕੀ ਖੇਤਰ ‘ਚ ਜਾਇਜ਼, ਨਜਾਇਜ਼ ਵਾਧਾ ਕੀਤਾ ਅਤੇ ਗੁਆਮ, ਫਿਲੀਪਨਜ਼ ਅਤੇ ਹਵਾਈ ਉਤੇ ਕਬਜ਼ਾ ਕੀਤਾ। ਕਈ ਦੇਸ਼ਾਂ ਸਾਲ ਸਿੱਧੇ-ਅਸਿੱਧੇ ਯੁੱਧ ਲੜੇ ਪਰ ਦੇਸ਼ ਦੇ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰ੍ਹਾਂ ਕਿਸੇ ਵੀ ਹੋਰ ਰਾਸ਼ਟਰਪਤੀ ਨੇ ਆਪਣੇ ਅਧਿਕਾਰਾਂ ਦਾ ਬਿਨ੍ਹਾਂ ਵਜਹ ਇਸਤੇਮਾਲ ਨਹੀਂ ਕੀਤਾ।
ਮੌਜੂਦਾ ਰਾਸ਼ਟਰਪਤੀ ਆਪਣੇ ਅਧਿਕਾਰਾਂ ਦੀਆਂ ਹੱਦਾਂ ਤੋੜ ਬਿਨ੍ਹਾਂ ਜਾਂਚ-ਪਰਖ ਦੇ ਆਪਣੀਆਂ ਸ਼ਕਤੀਆਂ ਦਾ ਹਥੌੜਾ ਚਲਾ ਰਹੇ ਹਨ ਅਤੇ ਸਮੁੱਚੀ ਦੁਨੀਆ ਸਾਹਵੇਂ ਇੱਕ ਵੱਖਰਾ ਬਿਰਤਾਂਤ ਸਿਰਜ ਰਹੇ ਹਨ। ਉਹਨਾ ਦਾ ਇਹ ਕਥਨ ਮੌਜੂਦਾ ਦੌਰ ‘ਚ ਵੇਖਣ, ਪਰਖਣ, ਵਿਚਰਨ ਯੋਗ ਹੈ, “ਮੈਂ ਆਪਣੀ ਸਾਰੀ ਜ਼ਿੰਦਗੀ ਸੌਦੇਬਾਜੀ ਕੀਤੀ ਹੈ”।
ਅਮਰੀਕਾ ਦੀ ਵਿਸਥਾਰ ਵਾਦੀ ਨੀਤੀ ਦਾ ਤਰਜਮਾਨ ਬਣਦਿਆਂ ਉਹ ਕੈਨੇਡਾ ਨੂੰ ਅਮਰੀਕਾ ‘ਚ ਸ਼ਾਮਲ ਕਰਨ ਦੀ ਗੱਲ ਕਰਦੇ ਹਨ। ਉਹਨਾ ਨੇ ਗਰੀਨਲੈਂਡ ਨੂੰ ਆਪਣੇ ‘ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤੇ ਹੈ ਅਤੇ ਕਿਹਾ ਹੈ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਗਰੀਨਲੈਂਡ ਹਾਸਲ ਕਰ ਲਵਾਂਗੇ। ਸੌਦਾਗਰੀ, ਵਿਸਥਾਰਵਾਦੀ, ਧੌਂਸ ਭਰੀਆਂ ਨੀਤੀਆਂ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਦੀ ਸ਼ਾਸ਼ਨ ਦੀ ਭੁੱਖ ਅਤੇ ਆਪਣੇ ਆਪ ਨੂੰ ਸਰਬ ਸ਼੍ਰੇਸ਼ਟ ਬਨਾਉਣ ਦੀ ਥਾਣੇਦਾਰੀ ਸੋਚ ਦਾ ਪ੍ਰਤੀਕ ਹੈ।
ਇਹ ਮੰਨਿਆ ਜਾਂਦਾ ਹੈ ਕਿ ਮਨੁੱਖੀ ਅਧਿਕਾਰਾਂ ਦਾ ਪਹਿਲਾਂ ਚਾਰਟਰ “ਮੈਗਨਾ ਕਾਰਟਾ” ਸੰਨ 1215 ‘ਚ ਇੰਗਲੈਂਡ ਦੇ ਬਾਦਸ਼ਾਹ ਨੇ ਪ੍ਰਵਾਨ ਕੀਤਾ। ਇਹ ਵੀ ਮੰਨਿਆ ਜਾਂਦਾ ਹੈ ਕਿ ਦੁਨੀਆ ਦੀ ਪਹਿਲੀ ਸੰਸਦ ਆਈਲੈਂਡ ਵਿੱਚ 1262 ‘ਚ ਸਥਾਪਿਤ ਹੋਈ, ਜਿਸਨੂੰ ਅਲਥਿੰਗ ਕਿਹਾ ਗਿਆ। ਦੁਨੀਆ ਦਾ ਪਹਿਲਾ ਲਿਖਤੀ ਸੰਵਿਧਾਨ 1600 ‘ਚ ਸੈਨ ਮੈਰੀਨੋ ਗਣਰਾਜ ‘ਚ ਤਿਆਰ ਕੀਤਾ ਗਿਆ ਸੀ। ਫਰਾਂਸੀਸੀ ਦਾਰਸ਼ਨਿਕ ਮਾਟੈਂਸਕਿਊ ਵੱਲੋਂ 1748 ‘ਚ ਪ੍ਰਕਾਸ਼ਿਤ “ਕਾਨੂੰਨ ਦੀ ਭਾਵਨਾ” ਨੂੰ ਮਨੁੱਖੀ ਸ਼ਕਤੀਆਂ ਦਾ ਸਿਧਾਂਤਕਾਰ ਮੰਨਿਆ ਜਾਂਦਾ ਹੈ। ਪਰ ਅਮਰੀਕਾ ਹੀ ਦੁਨੀਆ ਵਿੱਚ ਇੱਕ ਇਹੋ ਜਿਹਾ ਦੇਸ਼ ਹੈ ਜੋ ਨਿਆਇਕ ਸ਼ਕਤੀ ਨੂੰ 24 ਸਤੰਬਰ 1789 ਨੂੰ ਲਾਗੂ ਕਰਨ ਵਾਲਾ ਮੰਨਿਆ ਗਿਆ ਤੇ ਇਥੇ ਹੀ ਸਰਬ ਉੱਚ ਅਦਾਲਤ ਸਥਾਪਿਤ ਹੋਈ।
ਅੱਜ ਇਹੀ ਅਮਰੀਕਾ ਘਰੇਲੂ ਪੱਧਰ ‘ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੇ ਢਾਹੇ ਚੜ੍ਹਕੇ ਅਮਰੀਕੀ ਸਰਕਾਰ ਦੇ ਢਾਂਚੇ ਨੂੰ ਖ਼ਤਮ ਕਰਨ ਦੇ ਰਾਹ ਤੁਰ ਰਿਹਾ ਹੈ। ਉਹ ਹਜ਼ਾਰਾਂ ਲੋਕਾਂ ਨੂੰ ਨੌਕਰੀ ਤੋਂ ਕੱਢ ਰਿਹਾ ਹੈ ਅਤੇ ਖਦਸ਼ਾ ਹੈ ਕਿ ਅਮਰੀਕੀ ਸਿੱਖਿਆ ਵਿਭਾਗ ਨੂੰ ਹੀ ਬੰਦ ਕਰ ਦੇਵੇਗਾ। ਰਾਸ਼ਟਰਪਤੀ ਟਰੰਪ ਦੀਆਂ ਆਰਥਿਕ ਨੀਤੀਆਂ ਅਮਰੀਕੀ ਅਰਥ ਵਿਵਸਥਾ ਨੂੰ ਗਲਤ ਪਾਸੇ ਲੈ ਜਾ ਸਕਦੀਆਂ ਹਨ, “ਅਮਰੀਕਾ ਫਸਟ ਨੀਤੀ”, ਭਾਰਤ ਦੀ ਹਿੰਦੀ, ਹਿੰਦੂ, ਹਿੰਦੋਸਤਾਨ ਵਰਗੀ ਨੀਤੀ ਹੈ, ਜੋ ਲੋਕਤੰਤਰ ਅਮਰੀਕਾ ਦੇ ਸੀਨੇ ‘ਤੇ ਵੱਡੀਆਂ ਚੋਭਾਂ ਲਾਏਗੀ। ਟਰੰਪ ਨੇ ਆਪਣੇ ਪਿਛਲੇ 50 ਦਿਨਾਂ ਦੇ ਫੈਸਲਿਆਂ ਨੇ ਦੁਨੀਆ ਭਰ ਦੇ ਲੋਕਾਂ ਨੂੰ ਚੌਂਕਾ ਦਿੱਤਾ ਹੈ। ਉਸਦੇ ਫੈਸਲੇ ਸਮਾਜਿਕ ਸੁਰੱਖਿਆ ‘ਚ ਕਟੌਤੀ ਵਾਲੇ ਹਨ, ਜੋ ਅਮਰੀਕੀ ਉਪਭੋਗਤਾਵਾਂ ਉਤੇ ਹੀ ਨਹੀਂ, ਦੁਨੀਆ ਭਰ ਦੇ ਉਪਭੋਗਤਾਵਾਂ ਦਾ ਹਿਸਾਬ-ਕਿਤਾਬ ਖ਼ਰਾਬ ਕਰਨ ਵਾਲੇ ਹਨ।
ਇਸ ਨਾਲ ਮਹਿੰਗਾਈ ‘ਚ ਵਾਧਾ ਤਾਂ ਹੋਏਗਾ ਹੀ, ਸਗੋਂ ਅਸਥਿਰਤਾ ਵੀ ਪੈਦਾ ਕਰੇਗਾ। ਅਮਰੀਕਾ ਦੇ ਟੈਰਿਫ ਦੁਨੀਆ ਨੂੰ ਮੰਦੀ ਵੱਲ ਧੱਕ ਸਕਦੇ ਹਨ। ਇਹ ਆਪਣੇ-ਆਪ ਵਿੱਚ ਇੱਕ ਖ਼ਤਰਨਾਕ ਖੇਡ ਹੈ।
ਰਾਸ਼ਟਰਪਤੀ ਟਰੰਪ ਨੇ ਸ਼ਾਸ਼ਨ ਸੰਭਾਲਦਿਆਂ ਹੀ ਗ਼ੈਰ-ਕਾਨੂੰਨੀ ਵਿਦੇਸ਼ੀਆਂ ਨੂੰ ਬਾਹਰ ਕੱਢਣ ਦਾ ਆਪਣਾ ਚੋਣ ਵਾਅਦਾ ਪੂਰਾ ਕਰਦਿਆਂ ਪ੍ਰਵਾਸੀਆਂ ਵਿੱਚ ਇੱਕ ਵੱਡਾ ਡਰ ਪੈਦਾ ਕੀਤਾ। ਹਜ਼ਾਰਾਂ ਲੋਕਾਂ ਨੂੰ ਫੌਜੀ ਜਹਾਜ਼ਾਂ ‘ਚ ਬੇੜੀਆਂ, ਹੱਥ ਕੜੀਆਂ ਨਾਲ ਜਕੜਕੇ ਦੇਸ਼ ਤੋਂ ਕੱਢ ਦਿੱਤਾ। ਹੁਣ ਦੁਨੀਆ ਭਰ ਦੇ 41 ਦੇਸ਼ਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ, ਜਿਹਨਾ ਨੂੰ ਅਮਰੀਕੀ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾਏਗਾ।
ਅਸਲ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀਆਂ ਇਹ ਸਮੁੱਚੀਆਂ ਕਾਰਵਾਈਆਂ ਧੱਕਾ ਧੌਂਸ ਭਰੀਆਂ ਹਨ ਅਤੇ ਮਾਨਵਤਾ ਦੇ ਮੱਥੇ ਤੇ ਕਲੰਕ ਹਨ। ਦੁਨੀਆ ਭਰ ਦੇ ਮਾਨਵਵਾਦੀ ਵਿਚਾਰਾਂ ਵਾਲੇ ਲੋਕਾਂ ਦੀ ਪਹੁੰਚ ਤਾਂ ਹੁਣ ਵਿਸ਼ਵ ਨਾਗਰਿਕਤਾ ਵਾਲੀ ਹੈ, ਪਰ ਅਮਰੀਕੀ ਹਾਕਮ ਦੀ ਸੌੜੀ ਸੋਚ ਆਪਣੇ-ਆਪ ਨੂੰ “ਸ੍ਰੇਸ਼ਟ” ਅਤੇ ਦੂਜਿਆਂ ਨੂੰ ਘਟੀਆ ਸਮਝਣ ਵਾਲੀ ਹੈ।
ਇਸੇ ਯਤਨ ਤਹਿਤ ਰਾਸ਼ਟਰਪਤੀ ਟਰੰਪ ਨੇ ਦੋਸਤ, ਦੁਸ਼ਮਣ ਦਾ ਫ਼ਰਕ ਮਿਟਾਕੇ ਸਿਰਫ਼ ਸੌਦਿਆਂ ਨੂੰ ਤਰਜੀਹ ਦਿੱਤੀ। ਟੈਰਿਫ ਲਗਾਉਣ ਲੱਗਿਆਂ ਭਾਰਤ ਵਰਗੇ ਮਿੱਤਰ ਦੇਸ਼ ਨੂੰ ਵੀ ਨਹੀਂ ਬਖ਼ਸ਼ਿਆ। ਜੈਲੇਂਸਕੀ ਦੀ ਬਾਂਹ ਮਰੋੜਦਿਆਂ, ਆਪਣੇ ਵਲੋਂ ਦਿੱਤੇ ਹਥਿਆਰਾਂ ਬਦਲੇ ਉੱਥੋਂ ਦੇ ਖਣਿਜ ਪਦਾਰਥ ਖੋਹਣ ਲਈ ਜ਼ਬਰਦਸਤੀ ਕਬਜ਼ਾ-ਸਮਝੌਤਾ ਕਰਨ ਦੀ ਨੀਤੀ ਅਪਣਾਈ। ਆਪਣੇ ਵੱਡੇ ਦੁਸ਼ਮਣ ਚੀਨ ਨਾਲ ਥੋਹੜਾ ਨਿੱਘਾ ਹੱਥ ਮਿਲਾਉਣ ਦੀ ਨੀਤੀ ਅਪਣਾਈ। ਟਰੰਪ ਸ਼ਾਸ਼ਨ ਦਾ ਸਿੱਧਾ ਅਤੇ ਸਪਸ਼ਟ ਧਿਆਨ ਅਮਰੀਕਾ ਨੂੰ ਸਰਵ ਸ਼੍ਰੇਸ਼ਟ ਬਨਾਉਣ ਦਾ ਹੈ, ਇਸ ਵਾਸਤੇ ਉਹ ਹਰ ਕਿਸਮ ਦੀ ਸੌਦੇਬਾਜੀ-ਧੱਕੇਸ਼ਾਹੀ ਕਰਨ ਲਈ ਤਿਆਰ ਹੈ। ਟੈਰਿਫ ਯੁੱਧ ਜੋ ਅਮਰੀਕਾ ਨੇ ਛੇੜਿਆ ਹੈ, ਭਾਰਤ ਇਸ ਦੀ ਲਪੇਟ ਵਿੱਚ ਬੁਰੀ ਤਰ੍ਹਾਂ ਆ ਸਕਦਾ ਹੈ। ਆਪਣੀਆਂ ਫੌਜੀ ਲੋੜਾਂ ਪੂਰੀਆਂ ਕਰਨ ਲਈ ਸਮਾਨ ਖਰੀਦਣ ਵਾਸਤੇ ਉਸਨੂੰ ਭਾਰੀ ਭਰਕਮ ਟੈਰਿਫ ਦੇਣਾ ਪਵੇਗਾ। ਜਿਸਦਾ ਭੈੜਾ ਅਸਰ ਭਾਰਤੀ ਅਰਥ ਵਿਵਸਥਾ ‘ਤੇ ਪਵੇਗਾ। ਉਸਦਾ ਵਿਸ਼ਵ ਗੁਰੂ ਬਨਣ ਦਾ ਸੁਪਨੇ ਢਹਿ-ਢੇਰੀ ਹੋ ਜਾਵੇਗਾ।
ਅੱਜ ਦੁਨੀਆ ਦੀਆਂ ਨਜ਼ਰਾਂ ਅਮਰੀਕਾ ਦੇ ਸਾਸ਼ਕ ਟਰੰਪ ‘ਤੇ ਲੱਗੀਆਂ ਹੋਈਆਂ ਹਨ। ਉਹ ਇੱਕ ਪਾਸੇ ਕੁਸ਼ਲ ਵਪਾਰੀ ਵਾਂਗਰ ਵਿਚਰ ਰਿਹਾ ਹੈ, ਦੂਜੇ ਪਾਸੇ ਥਾਣੇਦਾਰ ਬਣਕੇ ਉਹ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਤੋਂ ਵੀ ਪਿੱਛੇ ਨਹੀਂ ਹੱਟ ਰਿਹਾ। ਇਵੇਂ ਲੱਗਦਾ ਹੈ ਕਿ ਉਹਦੀ ਮਨਸ਼ਾ “ਇੱਕ ਡਿਕਟੇਟਰ ਵਾਂਗਰ ਦੁਨੀਆ ‘ਤੇ ਰਾਜ ਕਰਨ ਦੀ ਹੈ।
ਅਮਰੀਕਾ ਦੇ ਵੱਡੇ ਦੁਸ਼ਮਣ ਰੂਸ ਵੱਲੋਂ ਯੂਕਰੇਨ ਨਾਲ ਛੇੜੀ ਜੰਗ ‘ਚ ਉੱਥੋਂ ਦੇ ਡਿਕਟੇਟਰ ਰਾਸ਼ਟਰਪਤੀ ਪੁਤਿਨ ਨਾਲ ਡੋਨਲਡ ਟਰੰਪ ਦੀ ਮੌਜੂਦਾ ਸਾਂਝ ਭਿਆਲੀ, ਸਿਰਫ ਜੰਗ ਖ਼ਤਮ ਕਰਨ ਤੱਕ ਸੀਮਤ ਨਹੀਂ, ਇਹ ਸਾਂਝ ਭਿਆਲੀ ਦੁਨੀਆ ਦੀਆਂ ਮਹਾਂ ਸ਼ਕਤੀਆਂ ਅਮਰੀਕਾ ਤੇ ਰੂਸ ਦੀਆਂ ਆਪਸੀ ਵਿਵਸਥਾਰਵਾਦੀ ਨੀਤੀਆਂ ਨੂੰ ਅੱਗੇ ਕਰਨ ਦਾ ਇੱਕ ਸਮਝੌਤਾ ਹਨ। ਇਵੇਂ ਦੀ ਹੀ ਸਾਂਝ ਭਿਆਲੀ ਦੁਨੀਆ ਦੀ ਤੀਜੀ ਤਾਕਤ ਚੀਨ ਨਾਲ ਅਮਰੀਕਾ ਦੀ ਬਣਦੀ ਦਿਸਦੀ ਹੈ। ਅਮਰੀਕਾ ਨੇ ਆਪਣੇ ਸਭ ਤੋਂ ਵੱਡੇ ਦੁਸ਼ਮਣ ਚੀਨ ਉਤੇ ਟੈਰਿਫ ਦਰ ਵਾਧਾ ਸੀਮਤ ਰੱਖਿਆ। ਵੈਰੀ ਗਿਣੇ ਜਾਂਦੇ ਚੀਨ ਲਈ ਟਰੰਪ ਨੇ ਨਰਮ ਰੁਖ਼ ਅਪਣਾਇਆ ਹੈ। ਇਹ ਵੀ ਅਸਲ ‘ਚ ਉਸਦੀ ਵਪਾਰਕ ਸੋਚ ਅਤੇ ਅਧਿਕਾਰਾਂ ਦਾ ਤਿੰਨ ਕੇਂਦਰਾਂ ਰੂਸ, ਅਮਰੀਕਾ ਅਤ ਚੀਨ ਤੱਕ ਕੇਂਦਰੀਕਰਨ ਹੈ। ਜਿਵੇਂ ਵਪਾਰੀ ਆਪਣੇ ਹਿੱਤਾਂ ਦੀ ਖ਼ਾਤਰ, ਲੋਕਾਂ ਦੀ ਲੁੱਟ ਦੀ ਖ਼ਾਤਰ, ਆਪਸੀ ਸਮਝੌਤੇ ਕਰਦੇ ਹਨ, ਇਵੇਂ ਦੇ ਸਮਝੌਤੇ ਕਰਨ ਲਈ ਰਾਸ਼ਟਰਪਤੀ ਟਰੰਪ ਅੱਗੇ ਵੱਧ ਰਿਹਾ ਹੈ।
ਇਸ ਵੇਲੇ ਦੁਨੀਆ ਨੂੰ ਕਾਬੂ ਕਰਨ ਲਈ ਸੱਤਾਧਾਰੀ ਸਾਸ਼ਕ ਟਰੰਪ(ਅਮਰੀਕਾ) ਪੁਤਿਨ(ਰੂਸ) ਅਤੇ ਸ਼ੀ ਜਿਨਪਿੰਗ(ਚੀਨ) ਦੁਨੀਆ ‘ਚ ਇੱਕ ਕਲੱਬ ਬਨਾਉਣ ਲਈ ਯਤਨਸ਼ੀਲ ਹਨ। ਉਹ ਆਪਣੇ ਮਨਚਾਹੇ ਇਲਾਕਿਆਂ ਨੂੰ ਹੜੱਪ ਲੈਣ ਦੀ ਤਾਕ ‘ਚ ਹਨ। ਅਮਰੀਕਾ ਦੀ ਨਜ਼ਰ ਪਨਾਮਾ ਨਹਿਰ ‘ਤੇ ਹੈ, ਕੈਨੇਡਾ, ਗ੍ਰੀਨਲੈਂਡ ਅਤੇ ਗਾਜਾਪੱਟੀ ਹਥਿਆਉਣਾ ਉਸਦਾ ਨਿਸ਼ਾਨਾ ਹੈ। ਰੂਸ ਪਹਿਲਾਂ ਹੀ ਕਰੀਮੀਆਂ, ਅਬਖਾਜਿਆ ਅਤੇ ਦੱਖਣੀ ਔਸ਼ੇਸ਼ਿਆ ਉਤੇ ਕਬਜ਼ਾ ਕਰ ਚੁੱਕਾ ਹੈ ਅਤੇ ਸ਼ਾਇਦ ਜਾਰਜੀਆ ਤੇ ਕਬਜ਼ਾ ਚਾਹੁੰਦਾ ਹੈ। ਚੀਨ, ਤਿੱਬਤ, ਹਾਂਗਕਾਂਗ ਨੂੰ ਆਪਣੇ ‘ਚ ਜਬਰਦਸਤੀ ਮਿਲਾਉਣ ਉਪਰੰਤ, ਤਾਇਵਾਨ ਅਤੇ ਭਾਰਤ ਦੇ ਕੁੱਝ ਮਹੱਤਵਪੂਰਨ ਹਿੱਸਿਆਂ ਨੂੰ ਆਪਣੇ ਕਬਜੇ ‘ਚ ਲਿਆਉਣ ਦੀ ਇਛਾ ਕਰ ਰਿਹਾ ਹੈ। ਇਹ ਤਿੰਨੇ ਸ਼ਕਤੀਆਂ ਆਪਣੀ ਪ੍ਰਭਾਵ ਦੇ ਖੇਤਰਾਂ ਵਿੱਚ ਕਬਜ਼ਾ ਕਰਕੇ ਉੱਥੋਂ ਦੇ ਕੁਦਰਤੀ ਸਾਧਨਾਂ ਨੂੰ ਹਥਿਆਉਣ ਦੇ ਚੱਕਰ ‘ਚ ਆਪਸੀ ਸੌਦਾਗਿਰੀ ਕਰ ਸਕਦੇ ਹਨ ਅਤੇ ਆਪਣੇ ਵਪਾਰਕ ਹਿੱਤਾਂ ਨੂੰ ਸੁਰੱਖਿਅਤ ਕਰਨਗੇ।
ਟਰੰਪ ਦੀ ਨੀਤੀ ਸਪਸ਼ਟ ਹੈ। ਵਪਾਰਕ ਹੈ। ਸਵਾਰਥੀ ਹੈ। ਉਸਦਾ ਸੁਭਾਅ ਹੰਕਾਰੀ ਹੈ। ਉਹ ਆਪਣੇ ਹਿੱਤਾਂ ਦੀ ਪੂਰਤੀ ਲਈ ਕਿਸੇ ਦੀ ਪ੍ਰਵਾਹ ਨਾ ਹੁਣ ਕਰ ਰਿਹਾ ਹੈ ਅਤੇ ਨਾ ਕਰੇਗਾ। ਉਹ ਨੂੰ ਇਸ ਗੱਲ ਦੀ ਵੀ ਪਰਵਾਹ ਨਹੀਂ ਕਿ ਉਸਦੀਆਂ ਨੀਤੀਆਂ ਦੁਨੀਆ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਦੇਣਗੀਆਂ।
ਦੁਨੀਆ ‘ਤੇ ਕਾਲੇ ਸ਼ਾਹ ਬੱਦਲ ਛਾਏ ਹੋਏ ਹਨ। ਵੱਡੀਆਂ ਸ਼ਕਤੀਆਂ ਦਾ ਬੋਲ-ਬਾਲਾ ਵੱਧ ਰਿਹਾ ਹੈ। ਲੋਕਤੰਤਰੀ ਕਦਰਾਂ-ਕੀਮਤਾਂ ਤਹਿਸ਼-ਨਹਿਸ਼ ਕੀਤੀਆਂ ਜਾ ਰਹੀਆਂ ਹਨ।
ਲੋਕ-ਸ਼ਕਤੀ ਹੀ ਇਸ ਹਨ੍ਹੇਰੀ, ਗੁਬਾਰ ਨੂੰ ਠੱਲ੍ਹ ਪਾ ਸਕੇਗੀ।
ਪਰ ਸਵਾਲ ਪੈਦਾ ਹੁੰਦਾ ਹੈ ਕਿ ਲੋਕ ਕਿੰਨਾ ਕੁ ਚਿਰ ਲਾਉਣਗੇ ਆਪਣੇ ਘੁਰਨਿਆ ‘ਚੋਂ ਬਾਹਰ ਆਉਣ ਲਈ, ਇਹੋ ਜਿਹੀ ਹੁੰਮਸ ਤੋਂ ਨਿਜ਼ਾਤ ਪਾਉਣ ਲਈ।
-ਗੁਰਮੀਤ ਸਿੰਘ ਪਲਾਹੀ
-9815802070