ਆਸਟ੍ਰੇਲੀਆ ‘ਚ ‘ਖੰਡੀ ਚੱਕਰਵਾਤ ਅਲਫ੍ਰੇਡ’ ਦਾ ਬਣਿਆ ਸਹਿਮ

ਵੀਰਵਾਰ ਤੱਕ ਕੁਈਨਜ਼ਲੈਂਡ ਤੱਟ ਨਾਲ ਟਕਰਾਉਣ ਦੀ ਉਮੀਦ

(ਹਰਜੀਤ ਲਸਾੜਾ, ਬ੍ਰਿਸਬੇਨ 4 ਮਾਰਚ) ਆਸਟ੍ਰੇਲਿਆਈ ਮੌਸਮ ਵਿਗਿਆਨ ਬਿਊਰੋ ਅਨੁਸਾਰ ‘ਖੰਡੀ ਚੱਕਰਵਾਤ ਅਲਫ੍ਰੇਡ’ ਦਾ ਵੀਰਵਾਰ ਰਾਤ ਨੂੰ ਕੁਈਨਜ਼ਲੈਂਡ ਤੱਟ (ਬ੍ਰਿਸਬੇਨ ਦੇ ਉੱਤਰ ‘ਚ) ਨਾਲ ਟਕਰਾਉਣ ਦੀ ਸੰਭਾਵਨਾ ਹੈ। ਇਸਨੂੰ ਸ਼੍ਰੇਣੀ 1 ਤੋਂ ਸ਼੍ਰੇਣੀ 2 ਦੇ ਤੂਫਾਨ ਵਿੱਚ ਅਪਗ੍ਰੇਡ ਕੀਤਾ ਗਿਆ ਹੈ, ਜਿਸ ਵਿੱਚ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੰਨਣਾ ਹੈ ਕਿ ਜ਼ਿਆਦਾਤਰ ਭਾਰੀ ਬਾਰਿਸ਼ ਉਸ ਥਾਂ ਦੇ ਦੱਖਣ ਵਿੱਚ ਹੋਵੇਗੀ ਜਿੱਥੇ ਅਲਫ੍ਰੇਡ ਲੈਂਡਫਾਲ ਕਰੇਗਾ। ਸੂਬਾ ਨਿਊ ਸਾਊਥ ਵੇਲਜ਼ ਦੇ ਸ਼ਹਿਰ ਗ੍ਰਾਫਟਨ ਤੋਂ ਲੈ ਕੇ ਕੁਈਨਜ਼ਲੈਂਡ ਦੇ ਕੇ’ਗਰੀ ਤੱਕ ਚਾਰ ਮਿਲੀਅਨ ਤੋਂ ਵੱਧ ਲੋਕਾਂ ਨੂੰ ਬਿਊਰੋ ਦੁਆਰਾ ਇੱਕ ਰਸਮੀ ‘ਚੇਤਾਵਨੀ’ ਜਾਰੀ ਕਰ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਮੰਗਲਵਾਰ ਸਵੇਰੇ ਤੜਕੇ ਤੋਂ ਐਲਫ੍ਰੇਡ ਬ੍ਰਿਸਬੇਨ ਤੋਂ 560 ਕਿਲੋਮੀਟਰ ਪੂਰਬ ਅਤੇ ਦੱਖਣ-ਪੂਰਬ ਵੱਲ ਲਗਭਗ 6 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵਧ ਰਿਹਾ ਹੈ। ਜਿਸਦੇ ਚੱਲਦਿਆਂ ਸਨਸ਼ਾਈਨ ਕੋਸਟ ਤੋਂ ਗੋਲਡ ਕੋਸਟ ਤੱਕ ਗੰਭੀਰ ਲੈਂਡਫਾਲ ਹੋਣ ਦੀ ਸੰਭਾਵਨਾ ਹੈ। ਇਸ ਮੌਸਮੀ ਖਤਰੇ ਨੂੰ ਦੇਖਦੇ ਹੋਏ ਦੱਖਣ-ਪੂਰਬੀ ਕੁਈਨਜ਼ਲੈਂਡ ਦੇ ਉਪਨਗਰਾਂ ‘ਚ ਪ੍ਰਸ਼ਾਸਨ ਅਤੇ ਨਿਵਾਸੀਆਂ ਨੇ ਤਿਆਰੀ ਵਿੱਢ ਦਿੱਤੀ ਹੈ।ਏਜੰਸੀਆਂ ਦੁਆਰਾ ਸ਼ੁਰੂਆਤੀ ਚੇਤਾਵਨੀਆਂ ਅਤੇ ਪ੍ਰਭਾਵਿਤ ਖੇਤਰਾਂ ‘ਤੇ ਉਨ੍ਹਾਂ ਦੇ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨ ਲਈ ਇਨ੍ਹਾਂ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਖਤਰੇ ਵਾਲੇ ਸਥਾਨਾਂ ਤੋਂ ਹਟਣ ਅਤੇ ਕੁੱਝ ਦਿਨਾਂ ਲਈ ਰਾਸ਼ਨ ਪਾਣੀ ਦੇ ਪ੍ਰਬੰਧ ਲਈ ਸੁਝਾਅ ਦਿੱਤੇ ਜਾ ਰਹੇ ਹਨ। ਇਸ ਸਮੇਂ ਸ਼ਾਪਿੰਗ ਮਾਲਾਂ ‘ਚ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਹੋਇਆ ਹੈ। ਬ੍ਰਿਸਬੇਨ ਸ਼ਹਿਰ ਪਿਛਲੇ 15 ਸਾਲਾਂ ਵਿੱਚ ਆਪਣੇ ਤੀਜੇ ਵੱਡੇ ਹੜ੍ਹਾਂ ਦੀ ਲਪੇਟ ਵਿੱਚ ਹੈ।