ਮਾਂ ਬੋਲੀ ਦਿਵਸ ਸਮਾਗਮ ਮੌਕੇ ‘ਗੜ੍ਹੀ ਸ਼ਰਾਕਤ’ ਨਾਵਲ ਦਾ ਲੋਕ ਅਰਪਣ : ਬ੍ਰਿਸਬੇਨ

(ਹਰਜੀਤ ਲਸਾੜਾ ਬ੍ਰਿਸਬੇਨ, 20 ਫ਼ਰਵਰੀ) ਪੰਜਾਬੀ ਭਾਸ਼ਾ ਅਤੇ ਇਸਦੇ ਪਸਾਰ ਲਈ ਕਾਰਜਸ਼ੀਲ ਸੰਸਥਾ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਗਲੋਬਲ ਇੰਸਟੀਟਿਊਟ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਵਿੱਚ ਪ੍ਰਸਿੱਧ ਲੇਖਕ ਅਮਨਪ੍ਰੀਤ ਸਿੰਘ ਮਾਨ ਵੱਲੋਂ ਰਚਿਤ ਨਾਵਲ ‘ਗੜ੍ਹੀ ਸ਼ਰਾਕਤ’ ਦਾ ਸ਼ਾਨਦਾਰ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਹਿਰ ਦੇ ਵਿਭਿੰਨ ਹਿੱਸਿਆਂ ਤੋਂ ਪੰਜਾਬੀ ਸਾਹਿਤਕ ਸਨੇਹੀਆਂ ਅਤੇ ਕਵੀਆਂ ਨੇ ਹਿੱਸਾ ਲਿਆ। ਕਵੀ ਦਰਬਾਰ ਦੌਰਾਨ, ਕਵੀਆਂ ਨੇ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਅਤੇ ਆਧੁਨਿਕ ਸਮਾਜਕ ਵਿਸ਼ਿਆਂ ‘ਤੇ ਰਚਨਾਵਾਂ ਪੇਸ਼ ਕੀਤੀਆਂ।

ਨਾਵਲ ‘ਗੜ੍ਹੀ ਸ਼ਰਾਕਤ’ ਬਾਰੇ ਗੱਲ ਕਰਦਿਆਂ ਹਰਮਨਦੀਪ ਗਿੱਲ ਨੇ ਦੱਸਿਆ ਕਿ ਇਹ ਨਾਵਲ ਦੱਸਦਾ ਹੈ ਕਿ ਕਿਵੇਂ ਪਿੰਡਾਂ ਦੀਆਂ ਸਹਿਕਾਰੀ ਸੁਸਾਇਟੀਆਂ ਰਿਸ਼ਵਤਖੋਰੀ ਦਾ ਅੱਡਾ ਬਣਕੇ ਕਿਸਾਨਾਂ ਨੂੰ ਹੀ ਤਬਾਹ ਕਰ ਰਹੀਆਂ ਹਨ। ਲੇਖਕ ਇਸ ਸਮਾਜਿਕ ਨਿਘਾਰ ਨੂੰ ਨਾਵਲ ‘ਚ ਰੂਪਮਾਨ ਕਰਨ ‘ਚ ਸਫ਼ਲ ਰਿਹਾ ਹੈ। ਇਸ ਮੌਕੇ ਦਲਜੀਤ ਸਿੰਘ ਵੱਲੋਂ ਪੰਜਾਬੀ ਮਾਂ ਬੋਲੀ ਦਿਵਸ ‘ਤੇ ਪਰਚਾ ਪੜ੍ਹਿਆ ਗਿਆ। ਉਹਨਾਂ ਪੰਜਾਬ ‘ਚ ਸਹਿਕਾਰੀ ਸੋਸਾਇਟੀਆਂ ਦੇ ਨਿੱਤ ਨਵੇਂ ਕਾਂਡਾਂ ਨੂੰ ਮੰਦਭਾਗਾ ਦੱਸਿਆ। ਪੱਤਰਕਾਰ ਯਸ਼ਪਾਲ ਗੁਲਾਟੀ ਦੀ ਮਿੰਨੀ ਕਹਾਣੀ ਨੇ ਸਮਾਜਿਕ ਕੁਰੀਤੀਆਂ ਨੂੰ ਵੰਗਾਰਿਆ। ਸਭਾ ਪ੍ਰਧਾਨ ਰੀਤੂ ਅਹੀਰ, ਵਰਿੰਦਰ ਅਲੀਸ਼ੇਰ ਅਤੇ ਪੰਜਾਬੀ ਹਿਤੈਸ਼ੀ ਦੀਪ ਕੰਗ ਨੇ ਪੰਜਾਬੀ ਬੋਲੀ ਦਾ ਚਿੰਤਨ ਕੀਤਾ। ਗ਼ਜ਼ਲਗੋ ਜਸਵੰਤ ਵਾਗਲਾ ਵੀ ਆਪਣੀ ਸ਼ਾਇਰੀ ਨਾਲ ਚੰਗਾ ਸੁਨੇਹਾ ਲਾ ਗਏ।

ਜਸਕਰਨ ਨੇ ਵਿਦੇਸ਼ਾਂ ‘ਚ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਸਮੇਂ ਦੀ ਮੰਗ ਦੱਸਿਆ। ਸਮੂਹ ਲੇਖਕ ਸਭਾ ਦੇ ਅਹੁਦੇਦਾਰਾਂ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੀਆਂ ਸੰਭਾਵਨਾਵਾਂ ਅਤੇ ਭਵਿੱਖ ‘ਤੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਆਸਟ੍ਰੇਲੀਆ ਵਿੱਚ ਪੰਜਾਬੀ ਭਾਸ਼ਾ ਨੂੰ ਹੋਰ ਵਧਾਉਣ ਲਈ ਨਵੇਂ ਉਪਰਾਲਿਆਂ ਦੀ ਲੋੜ ਉਤੇ ਵੀ ਜ਼ੋਰ ਦਿੱਤਾ। ਉਨ੍ਹਾਂ ਅਨੁਸਾਰ ਪੰਜਾਬੀ ਭਾਸ਼ਾ ਨੂੰ ਵਿਸ਼ਵ ਪੱਧਰ ‘ਤੇ ਮਾਣ ਦਿਵਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਸਮਾਗਮ ਦੇ ਅੰਤ ‘ਤੇ ਸਾਰਿਆਂ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਆਪਣਾ ਸਹਿਯੋਗ ਦੇਣ ਦਾ ਵਾਅਦਾ ਕੀਤਾ।