ਪਿੰਡ, ਪੰਜਾਬ ਦੀ ਚਿੱਠੀ (235)

ਮੇਰੇ ਆਪਣੇ ਸਾਰੇ ਪੰਜਾਬੀਓ, ਸਤ ਸ਼੍ਰੀ ਅਕਾਲ। ਅਸੀਂ ਠੀਕ ਹਾਂ। ਰੱਬ ਜੀ, ਤੁਹਾਨੂੰ ਵੀ ਰਾਜੀ-ਬਾਜੀ ਰੱਖੇ। ਅੱਗੇ ਸਮਾਚਾਰ ਇਹ ਹੈ ਕਿ ਜਦੋਂ ਸ਼ਿਹਾਰੀ ਸਕੂਟਰੀ ਉੱਤੇ ਲਕਾ-ਤੁਕਾ ਰੱਖ ਕੇ ਦੋ-ਤਿੰਨ ਗੇੜੇ ਲਾ ਗਿਆ ਤਾਂ ਬਾਬਾ ਰੂਪ ਆਂਹਦਾ, “ਐਨੂੰ ਪਤਾ ਨੀਂ ਕੀ ਭਮੰਤਰੀ ਲੱਗੀ ਆ ਅੱਜ, ਗੇੜੀਆਂ ਲਾਈ ਜਾਂਦਾ?” “ਏਹਨਾਂ ਦੇ ਮਿਸਤਰੀ ਲੱਗਿਆ, ਨਲਕਾ ਮੋਟਰ ਸੂਤ ਕਰਦਾ ਬਾਬਾ, ਮੈਂ ਉੱਥੋਂ ਈ ਆਇਐਂ, ਸਾਡੇ ਵੀ ਟੁੱਲੂ ਪੰਪ ਵਖਾਉਣਾ ਸੀ ਪਰ ਹੁਣ ਟਾਲ ਤੀ ਸਲਾਹ ਅਸੀਂ।” ਜਸਵੀਰ ਸਿੰਹੁ ਸਰਪੰਚ ਦੇ ਮੁੰਡੇ ਰਮਨੇ ਨੇ ਜਵਾਬ ਦਿੱਤਾ। “ਕਿਉਂ ਤੁਸੀਂ ਕਿਉਂ ਨੀਂ ਠੀਕ ਕਰਾਂਉਂਦੇ, ਗਰਮੀ ਆਈ ਜਾਂਦੀ ਐ, ਨਹਿਰ-ਬੰਦੀ ਤਾਂ ਹੋ ਗੀ ਫੇਰ ਕੀ ਕਰੋਂਗੇ, ਮਿਸਤਰੀ ਆਇਆ ਹੁਣ ਤਾਂ ਫੇਰ ਭਾਲੋਂਗੇ?” ਬਾਬੇ ਨੇ ਸਿੱਖ-ਮੱਤ ਦਿੱਤੀ। “ਵੇਖ ਲਿਆ ਮੈਂ ਏ ਮਿਸਤਰੇ ਨੂੰ, ਆਂਉਂਦਾ ਈ ਨੁਕਸ ਕੱਢਣ ਲੱਗ ਪਿਆ, ਏਹਦੀਆਂ ਫਲੈਂਚੀਆਂ ਠੀਕ ਨੀਂ, ਪੇਚ ਈ ਨਾਂ ਖੁੱਲਣ, ਖਵਜ-ਖੁਵਜ ਕੇ ਆਂਹਦਾ ਕਟਾ ਕੇ ਲਿਆਉ। ਕੋਈ ਪੁੱਛੇ, ਬਈ ਤੈਨੂੰ ਏਥੇ ਦਲੀਆ-ਦਲਾਉਣ ਨੂੰ ਲਿਆਂਦਾ। ਹੁਣ ਸ਼ਿਆਰੀ ਅੱਡੇ ਆਲੀ ਵਰਕਸ਼ਾਪ ਤੋਂ ਪੇਚ ਕਟਾ ਕੇ ਲਿਆਇਆ। ਘੀਰ-ਘੀਰ ਜੀ ਕਰੀ ਜਾਂਦੈ, ਕਦੇ ਆਂਹਦਾ, ਨਿੱਪਲ ਦੀ ਚੂੜੀ ਹੈਨੀ, ਕਦੇ ਦੂਜੇ ਮਿਸਤਰੀਆਂ ਦੇ ਨੁਕਸ ਕੱਢੀ ਜਾਂਦੈ, ਦੋ ਬਾਟੇ ਚਾਹ ਛੱਕ ਗਿਆ। ਮੈਂ ਸਾਬ੍ਹ ਲਾ ਲਿਆ ਬਹੀ ਏਹਦੀਆਂ ਆਂਵਦੀਆਂ ਫਲੈਂਚੀਆਂ ਈ ਢਿੱਲੀਐਂ।

ਹਾਨੀਸਾਰ ਮੈਂ ਉੱਠ ਕੇ ਆ ਗਿਆ। ਅਸੀਂ ਤਾਂ ਭੁੱਮਦੀ ਆਲੇ ਕੈਲੂ ਨੂੰ ਲਿਆਂਵਾਂਗੇ।" ਰਮਨੇ ਨੇ ਸਾਰੀ ਰਾਮ-ਕਹਾਣੀ ਸੁਣਾ ਕੇ ਗੁੱਭ-ਗਲ੍ਹਾਟ ਕੱਢ ਲਿਆ। “ਮਿਸਤਰੀ, ਹੁੰਦੇ ਸੀ ਆਪਣੇ ਕਰਤਾਰ ਸਿੰਹੁ ਦੇ ਮੁੰਡੇ ਸੁਖਦੇਵ ਤੇਜੈਬਾ। ਲੈ ਬਈ ਉਦੋਂ ਨਲਕੇ ਹੁੰਦੇ ਸੀ। ਡੂੰਘੇ ਬੋਰ। ਕੇਰਾਂ ਫਿੱਟ ਕਰ ਦਿੱਤੇ, ਚੇਨ-ਰੈਂਚਾਂ ਨਾਲ, ਮਾਰ ਸਫੈਦਾ-ਧਾਗਾ ਲਾ ਕੇ। ਪੈਸੇ ਵਾਜਬ। ਮਜਾਲ ਐ ਹਿੱਲ ਜੇ। ਫੇਰ ਵੀ ਨੁਕਸ ਪੈਂਦਾ ਤਾਂ ਮੁਫ਼ਤਚ ਕਰਕੇ ਦਿੰਦੇ ਠੀਕ। ਹਾਂ ਲਾਲ-ਰੱਤੀ ਚਾਹ ਦੇ ਸ਼ਕੀਲ ਜ਼ਰੂਰ ਸੀ। ਕੰਮ ਚ ਸੱਤਾ ਸੀ ਬਰਕਤ ਰਹਿੰਦੀ। ਹੁਣ ਤਾਂ ਟਰੱਪਲ ਜਾ ਕੰਮ ਕਰਕੇ ਟੱਪ ਜਾਂਦੇ ਐ ਮਗਰੋਂ ਅਗਲਾ ਰੋਵੇ ਭਾਂਵੇਂ ਹੱਸੇ।" ਮਾਸਟਰ ਜੱਗੇ ਨੇ ਆਪ-ਬੀਤੀ ਦੱਸੀ। ਅਜੇ ਹੋਰ ਗੱਲ ਹੋਣੀਂ ਸੀ ਕਿ ਸ਼ਿਗਰੀ ਫੇਰ ਸੰਦ-ਸੰਦੌੜਾ ਲੈ ਕੇ ਸਕੂਟਰੀ ਉੱਤੇ ਟੱਪ ਗਿਆ। ਸਾਰੇ ਵੇਖਣ ਲੱਗੇ। “ਏਹਦੇ ਕੁੱਤੇ ਤਾਂ ਫੇਲ੍ਹ ਕਰਕੇ ਈ ਹਟੂ ਮਿਸਤਰੀ, ਆਂਏਂ ਨੀਂ ਛੱਡਦਾ।" ਘਾਲੇ ਨੇ ਕਿਹਾ ਤਾਂ ਸਾਰੇ ਤਾੜੀ ਮਾਰ ਕੇ ਹੱਸ ਪਏ।

ਹੋਰ, ਪਿੰਡਚ ਇੱਕ ਹੋਰ ਟਾਵਰ ਲੱਗ ਗਿਐ ਹੈ। ਪਿੰਡ ਆਲੀ ਛੋਟੀ ਸੜਕ ਦੁਆਲੇ ਅਜੇ ਵੀ ਅੱਕ, ਬੇਰੀਆਂ ਅਤੇ ਹੋਰ ਝਾੜ-ਬੂਟ ਬਚੇ ਹਨ। ਸੁੱਕੀ ਨਹਿਰ ਦੇ ਤਲੇ ਉੱਤੇ, ਇੱਟਾਂ-ਰੋੜੇ, ਟਾਹਣੇ ਅਤੇ ਗੰਦ-ਫੂਸ ਦਿਸ ਰਹੇ ਹਨ। ਵੱਡੀਆਂ ਬੋਰਡ ਕਲਾਸਾਂ ਦੇ, ਪੱਕੇ ਪੇਪਰਾਂ ਦੇ ਪ੍ਰੈਕਟੀਕਲ ਸ਼ੁਰੂ ਹੋ ਰਹੇ ਹਨ। ਵੱਡੇ-ਵੱਡੇ ਪਿੰਡਾਂ ਦੇ ਨਿੱਕੇ-ਨਿੱਕੇ ਲੜਾਈ-ਝਗੜੇ ਹੁਣ ਵੀ ਜਾਰੀ ਹਨ। ਅਖ਼ਬਾਰਾਂ ਦਾ ਫੂਨ ਉੱਤੇ ਵਾਧਰਾ, ਵੱਧ ਰਿਹਾ ਹੈ। 30 ਸਾਲ ਤੱਕ ਨੌਜਵਾਨਾਂ ਦਾ ਵਿਆਹ ਨਾ ਕਰਾਉਣ ਦਾ ਰੁਝਾਨ ਵੱਧ ਰਿਹਾ ਹੈ। ਬਸੰਤ ਨਾਲ ਪਾਲਾ ਉਡੰਤ ਹੋ ਰਿਹਾ ਹੈ। ਬਹੁਤੇ ਸ਼ਹਿਰਾਂ ਤੋਂ ਰਾਤ ਨੂੰ, ਯੂ.ਪੀ. ਵੱਲ ਸਿੱਧੀਆਂ ਬੱਸਾਂ ਚੱਲ ਪਈਆਂ ਹਨ। ਚੰਗਾ, ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061