ਪੰਜਾਬ ਨੂੰ ਨਿਸ਼ਾਨਾ ਸਮਝਣਾ ਵੱਡਾ ਭੁਲੇਖਾ

ਬਲਵਿੰਦਰ ਸਿੰਘ ਭੁੱਲਰ
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਇੱਕ ਵੱਡੇ ਭੁਲੇਖੇ ਨਾਲ ਪੰਜਾਬ ਨੂੰ ਨਿਸ਼ਾਨਾ ਬਣਾ ਕੇ ਹੌਂਸਲੇ ਵਿੱਚ ਵਿਖਾਈ ਦੇ ਰਹੀ ਹੈ, ਪਰ ਇਹ ਸੱਚਾਈ ਤੋਂ ਕੋਹਾਂ ਦੂਰ ਵਾਲੀ ਗੱਲ ਹੈ। ਉਸਨੂੰ ਸਮਝ ਲੈਣਾ ਚਾਹੀਦਾ ਹੈ ਕਿ ਦਿੱਲੀ ਵਿੱਚ ਭਾਜਪਾ ਨਹੀਂ ਜਿੱਤੀ, ਬਲਕਿ ਆਮ ਆਦਮੀ ਪਾਰਟੀ ਹਾਰੀ ਹੈ। ਸੱਚਾਈ ਇਹ ਹੈ ਕਿ ਦਿੱਲੀ ਵਿੱਚ ਕਾਂਗਰਸ ਏਨੀ ਮਾੜੀ ਸਥਿਤੀ ਵਿੱਚ ਸੀ ਕਿ ਉੱਥੋਂ ਦੇ ਵੋਟਰ ਸਮਝ ਰਹੇ ਸਨ ਕਿ ਉਸਨੂੰ ਵੋਟ ਪਾਉਣੀ ਤਾਂ ਖੂਹ ਵਿੱਚ ਸੁੱਟਣ ਵਰਗੀ ਹੋਵੇਗੀ, ਕਿਉਂਕਿ ਉਹ ਜਿੱਤ ਦੇ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਹੈ। ਅਜਿਹੀ ਸਥਿਤੀ ਵਿੱਚ ਦਿੱਲੀ ਦੇ ਵੋਟਰਾਂ ਕੋਲ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਭਾਜਪਾ ਨੂੰ ਵੋਟ ਪਾਉਣ ਤੋਂ ਬਗੈਰ ਹੋਰ ਕੋਈ ਰਸਤਾ ਹੀ ਨਹੀਂ ਸੀ।
ਭਿ੍ਰਸ਼ਟਾਚਾਰ ਵਿਰੋਧੀ ਸੰਘਰਸ਼ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ ਉੱਤੇ ਕੇਵਲ ਦਿੱਲੀ ਹੀ ਨਹੀਂ ਸਮੁੱਚੇ ਭਾਰਤ ਨੂੰ ਹੀ ਬਹੁਤ ਵੱਡੀਆਂ ਆਸਾਂ ਉਮੀਦਾਂ ਸਨ। ਇਸ ਪਾਰਟੀ ਨੇ ਆਪਣੀ ਸੁਰੁਆਤ ਦਿੱਲੀ ਤੋਂ ਕੀਤੀ ਤਾਂ ਦਿੱਲੀ ਦੇ ਵੋਟਰਾਂ ਨੇ ਰਿਕਾਰਡਤੋੜ ਵੋਟਾਂ ਪਾ ਕੇ ਇਸਦੀ ਸਰਕਾਰ ਕਾਇਮ ਕਰ ਦਿੱਤੀ ਅਤੇ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣ ਗਏ। ਸਰਕਾਰ ਬਣਨ ਤੇ ਸ੍ਰੀ ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ਵਿੱਚ ਮਾਡਲ ਪੇਸ਼ ਕਰਕੇ ਕੁੱਝ ਕੰਮ ਵੀ ਕੀਤੇ ਅਤੇ ਪ੍ਰਚਾਰ ਵੀ ਕੀਤਾ, ਜਿਸਨੂੰ ਲੋਕਾਂ ਨੇ ਰਾਹਤ ਵਜੋਂ ਮਹਿਸੂਸ ਕੀਤਾ। ਲੋਕਾਂ ਨੇ ਇਸ ਪਾਰਟੀ ਨੂੰ ਮੁੜ ਸਹਿਯੋਗ ਦਿੱਤਾ ਅਤੇ ਦੁਬਾਰਾ ਫਿਰ ਸਰਕਾਰ ਹੋਂਦ ਵਿੱਚ ਆ ਗਈ।
ਪਾਰਟੀ ਸੁਪਰੀਮੋ ਨੇ ਦਿੱਲੀ ਤੋਂ ਬਾਅਦ ਪੰਜਾਬ ਵੱਲ ਰੁਖ਼ ਕੀਤਾ। ਪੰਜਾਬ ਦੇ ਲੋਕ ਵੀ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰਾਂ ਤੋਂ ਪੂਰੀ ਤਰਾਂ ਅੱਕ ਚੁੱਕੇ ਸਨ ਅਤੇ ਤੀਜਾ ਬਦਲ ਲੱਭ ਰਹੇ ਸਨ। ਉਹਨਾਂ ਨੂੰ ਆਮ ਆਦਮੀ ਪਾਰਟੀ ਤੀਜਾ ਬਦਲ ਲੱਗੀ ਅਤੇ ਦਿੱਲੀ ਵਿੱਚ ਕੀਤੇ ਕੰਮਾਂ ਦੇ ਪ੍ਰਚਾਰ ਤੋਂ ਗੁੰਮਰਾਹ ਹੋ ਕੇ ਉਹਨਾਂ ਭਾਰੀ ਬਹੁਮੱਤ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਥਾਪਤ ਕਰ ਦਿੱਤੀ ਅਤੇ ਸ੍ਰੀ ਭਗਵੰਤ ਮਾਨ ਮੁੱਖ ਮੰਤਰੀ ਬਣ ਗਏ। ਇਸ ਉਪਰੰਤ ਸ੍ਰੀ ਕੇਜਰੀਵਾਲ ਨੇ ਹੋਰ ਸੂਬਿਆਂ ਵੱਲ ਧਿਆਨ ਵਧਾਇਆ ਅਤੇ ਚੋਣਾਂ ਲੜੀਆਂ, ਜਿਸ ਸਦਕਾ ਉਹ ਭਾਵੇਂ ਹੋਰ ਕਿਤੇ ਵੀ ਸਰਕਾਰ ਤਾਂ ਬਣਾ ਸਕੇ ਪਰ ਪਾਰਟੀ ਨੂੰ ਨੈਸ਼ਨਲ ਪਾਰਟੀ ਬਣਾਉਣ ਵਿੱਚ ਕਾਮਯਾਬ ਜਰੂਰ ਹੋ ਗਏ।
ਦਿੱਲੀ ਵਿੱਚ ਸੱਤਾ ਤੇ ਕਾਬਜ ਹੋਇਆ ਕਰੀਬ ਦਸ ਸਾਲ ਦਾ ਸਮਾਂ ਹੋ ਗਿਆ ਤਾਂ ਦੂਜੀਆਂ ਪਾਰਟੀਆਂ ਨੂੰ ਭਿ੍ਰਸ਼ਟਾਚਾਰੀ ਕਹਿਣ ਵਾਲੀ ਆਮ ਆਦਮੀ ਪਾਰਟੀ ਤੇ ਵੀ ਦੋਸ਼ ਲੱਗਣ ਲੱਗੇ। ਇਸਦੇ ਕਈ ਆਗੂਆਂ ਦੇ ਕਥਿਤ ਘਪਲੇ ਸਾਹਮਣੇ ਆਏ, ਸ਼ਰਾਬ ਘਪਲੇ ਨੇ ਤਾਂ ਸਮੁੱਚੇ ਭਾਰਤ ਦਾ ਧਿਆਨ ਇਸ ਪਾਰਟੀ ਦੀ ਕਾਰਗੁਜਾਰੀ ਵੱਲ ਖਿੱਚਿਆ। ਇਸ ਮਾਮਲੇ ਵਿੱਚ ਪਾਰਟੀ ਸੁਪਰੀਮੋ ਸਮੇਤ ਉੱਚ ਦਰਜੇ ਦੇ ਆਗੂ ਜੇਲਾਂ ਵਿੱਚ ਪਹੁੰਚ ਗਏ। ਸ੍ਰੀ ਕੇਜਰੀਵਾਲ ਜਮਾਨਤ ਤੇ ਜੇਲ ਤੋਂ ਬਾਹਰ ਆਏ ਤਾਂ ਉਸ ਉੱਪਰ ਲਗਾਈਆਂ ਅਦਾਲਤੀ ਪਾਬੰਦੀਆਂ ਨੇ ਉਸ ਦੀਆਂ ਮੁੱਖ ਮੰਤਰੀ ਵਾਲੀਆਂ ਸ਼ਕਤੀਆਂ ਖੋਹ ਲਈਆਂ, ਆਖ਼ਰ ਉਸਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਸ੍ਰੀਮਤੀ ਆਤਿਸ਼ੀ ਨੂੰ ਬਿਠਾਉਣਾ ਪਿਆ। ਪਾਰਟੀ ਦੇ ਕੰਮਾਂ ਬਾਰੇ ਕੀਤੇ ਜਾ ਰਹੇ ਪ੍ਰਚਾਰ ਦਾ ਝੂਠ ਵੀ ਸਾਹਮਣੇ ਆਉਣ ਲੱਗਾ। ਸ੍ਰੀ ਕੇਜਰੀਵਾਲ ਅਜੇ ਵੀ ਆਪਣੇ ਆਪ ਨੂੰ ਸ਼ਕਤੀਸ਼ਾਲੀ ਸਮਝ ਕੇ ਭਾਜਪਾ ਵਿਰੋਧੀ ਸਿਆਸੀ ਪਾਰਟੀ ਦੇ ਗੱਠਜੋੜ ‘ਇੰਡੀਆ’ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਵੀ ਕਾਂਗਰਸ ਨੂੰ ਅੱਖਾਂ ਵਿਖਾਉਂਦਾ ਰਿਹਾ ਅਤੇ ਉਸਦੇ ਵਿਰੁੱਧ ਚੋਣ ਲੜਣ ਦਾ ਐਲਾਨ ਕਰ ਦਿੱਤਾ।
ਇਸ ਸਮੇਂ ਤੱਕ ਸ੍ਰੀ ਕੇਜਰੀਵਾਲ ਵੱਲੋਂ ਝੂਠੇ ਲਾਰਿਆਂ ਦੇ ਸਹਾਰੇ ਸੱਤਾ ਭੋਗਣ ਦਾ ਪਰਦਾਫਾਸ਼ ਹੋ ਗਿਆ। ਉਸਦੇ ਝੂਠਾਂ ਨੂੰ ਨੰਗਾ ਕਰਨ ਲਈ ਭਾਜਪਾ ਤੇ ਕਾਂਗਰਸ ਸਮੇਤ ਸਮੁੱਚੀਆਂ ਪਾਰਟੀਆਂ ਨੇ ਪ੍ਰਚਾਰ ਕਰਕੇ ਲੋਕਾਂ ਨੂੰ ਸੁਚੇਤ ਕਰ ਦਿੱਤਾ। ਲੰਬਾ ਸਮਾਂ ਕੇਂਦਰ ਅਤੇ ਦਿੱਲੀ ਵਿੱਚ ਰਹੀਆਂ ਕਾਂਗਰਸ ਸਰਕਾਰਾਂ ਤੋਂ ਅੱਕੇ ਹੋਏ ਲੋਕ ਹੀ ਇਸ ਨਵੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ, ਪਰ ਹੁਣ ਜਦ ਉਹ ਅਸਲੀਅਤ ਨੂੰ ਸਮਝ ਗਏ ਤਾਂ ਉਹ ਉਸ ਪਾਰਟੀ ਤੋਂ ਬਾਹਰ ਹੋ ਗਏ। ਉਹਨਾਂ ਭਾਵੇਂ ਆਮ ਆਦਮੀ ਪਾਰਟੀ ਤੋਂ ਤਾਂ ਵਾਪਸੀ ਕਰ ਲਈ, ਪਰ ਕਾਂਗਰਸ ਦੀ ਹਾਲਤ ਏਨੀ ਪਤਲੀ ਹੋ ਚੁੱਕੀ ਸੀ ਕਿ ਉਸ ਨੂੰ ਵੋਟ ਪਾ ਕੇ ਵੀ ਉਹ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਸਮਰੱਥ ਨਹੀਂ ਸਨ। ਅਜਿਹੀ ਹਾਲਤ ਵਿੱਚ ਉਹਨਾਂ ਭਾਜਪਾ ਦੇ ਹੱਕ ਵਿੱਚ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਕੰਮ ਕਰ ਵਿਖਾਇਆ। ਇਸਦਾ ਪਰਤੱਖ ਸਬੂਤ ਇਸਤੋਂ ਵੱਧ ਕੀ ਹੋਵੇਗਾ ਕਿ ਦਿੱਲੀ ਦੀਆਂ ਸਿੱਖ ਵੋਟਾਂ ਵੀ ਭਾਜਪਾ ਦੇ ਹੱਕ ਵਿੱਚ ਭੁਗਤੀਆਂ ਅਤੇ ਭਾਜਪਾ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਮੁਸਲਮਾਨ ਭਾਈਚਾਰੇ ਦੀਆਂ ਵੋਟਾਂ ਵੀ ਭਾਜਪਾ ਨੂੰ ਪਈਆਂ। ਇਸਨੂੰ ਦਿੱਲੀ ਦੇ ਵੋਟਰਾਂ ਦਾ ਗੁੱਸਾ ਹੀ ਮੰਨਿਆਂ ਜਾ ਸਕਦਾ ਹੈ ਕਿ ਉਹਨਾਂ ਪਾਰਟੀ ਸੁਪਰੀਮੋ ਸ੍ਰੀ ਕੇਜਰੀਵਾਲ ਅਤੇ ਮਨੀਸ ਸਸੋਦੀਆ ਵਰਗੇ ਦਿੱਗਜ ਆਗੂਆਂ ਨੂੰ ਹਰਾ ਦਿੱਤਾ।
ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਭਾਵੇਂ ਭਾਜਪਾ ਇਸ ਖੁਸ਼ੀ ਵਿੱਚ ਭੰਗੜੇ ਪਾ ਰਹੀ ਹੈ ਕਿ ਉਸਦੀ ਦਿੱਲੀ ਵਿੱਚ ਜਿੱਤ ਹੋਈ ਹੈ, ਪਰ ਇਹ ਸੱਚਾਈ ਨਹੀਂ ਅਸਲ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਹਰਾਇਆ ਹੈ। ਮਜਬੂਰੀ ਵੱਸ ਉਹਨਾਂ ਨੂੰ ਭਾਜਪਾ ਦੇ ਹੱਕ ਵਿੱਚ ਭੁਗਤਣਾ ਪਿਆ। ਇਹ ਗੱਲ ਨਤੀਜੇ ਵਾਲੇ ਦਿਨ ਵੀ ਨਜਰ ਆਉਂਦੀ ਸੀ ਕਿ ਭਾਜਪਾ ਦੇ ਦਫ਼ਤਰ ਮੂਹਰੇ ਜਿੱਤ ਦੀ ਖੁਸ਼ੀ ਵਿੱਚ ਭੰਗੜੇ ਪੈ ਰਹੇ ਸਨ, ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਪਰ ਦਿੱਲੀ ਦੇ ਵਿਧਾਨ ਸਭਾ ਹਲਕਿਆਂ ਵਿੱਚ ਅਜਿਹਾ ਬਹੁਤੀ ਖੁਸ਼ੀ ਵਾਲਾ ਮਾਹੌਲ ਨਹੀਂ ਸੀ ਵਿਖਾਈ ਦਿੰਦਾ। ਦਿੱਲੀ ਵਿੱਚ ਹੋਈ ਹਾਰ ਤੋਂ ਬਾਅਦ ਵੀ ਸ੍ਰੀ ਕੇਜਰੀਵਾਲ ਦੀ ਸੱਤਾ ਦੀ ਲਾਲਸਾ ਮੱਠੀ ਨਹੀਂ ਪਈ, ਉਸਨੇ ਪੰਜਾਬ ਦੇ ਮੰਤਰੀਆਂ ਵਿਧਾਇਕਾਂ ਨੂੰ ਦਿੱਲੀ ਬੁਲਾਉਣਾ ਸੁਰੂ ਕਰ ਲਿਆ ਹੈ। ਮੁਗ਼ਲ ਰਾਜ ਵੇਲੇ ਦੀ ਇਤਿਹਾਸਕ ਗੱਲ ਬੜੀ ਚਰਚਾ ਵਿੱਚ ਰਹਿੰਦੀ ਹੈ ਕਿ ਜਦੋਂ ਮੁਗ਼ਲ ਬਾਦਸ਼ਾਹ ਔਰੰਗਜੇਬ ਨੇ ਆਪਣੇ ਪਿਤਾ ਸ਼ਾਹ ਜਹਾਨ ਨੂੰ ਜੇਲ ਵਿੱਚ ਬੰਦ ਕਰ ਦਿੱਤਾ ਸੀ, ਤਾਂ ਇੱਕ ਦਿਨ ਸ਼ਾਹ ਜਹਾਨ ਉਸਨੂੰ ਕਹਿਣ ਲੱਗਾ, ‘‘ਔਰੰਗਜੇਬ ਤੂੰ ਬਾਦਸ਼ਾਹ ਤਾਂ ਬਣ ਗਿਆ ਹੈਂ, ਮੈਂ ਤਾਂ ਹੁਣ ਜੇਲ ਵਿੱਚ ਹੀ ਰਹਿਣਾ ਹੈ। ਜੇ ਤੂੰ ਆਪਣੇ ਬੱਚਿਆਂ ਨੂੰ ਮੇਰੇ ਕੋਲ ਭੇਜ ਦਿਆ ਕਰੇਂ ਤਾਂ ਮੈਂ ਉਹਨਾਂ ਨੂੰ ਪੜਾ ਦਿਆ ਕਰਾਂਗਾ ਤੇ ਤਾਲੀਮ ਦੇ ਦੇਵਾਂਗਾ।’’ ਔਰੰਗਜੇਬ ਹੱਸ ਕੇ ਕਹਿਣ ਲੱਗਾ, ‘‘ਅੱਛਾ! ਜੇਲ ’ਚ ਪਹੁੰਚ ਕੇ ਵੀ ਅਜੇ ਤੇਰੀ ਰਾਜ ਕਰਨ ਦੀ ਅਤੇ ਹੁਕਮ ਚਲਾਉਣ ਦੀ ਇੱਛਾ ਖਤਮ ਨਹੀਂ ਹੋਈ।’’ ਬਿਲਕੁਲ ਇਹੋ ਸਥਿਤੀ ਸ੍ਰੀ ਕੇਜਰੀਵਾਲ ਦੀ ਹੈ, ਦਿੱਲੀ ਵਿੱਚ ਹਾਰਨ ਤੋਂ ਬਾਅਦ ਵੀ ਉਸਦੀ ਸੱਤਾ ਭੋਗਣ ਦੀ ਇੱਛਾ ਖਤਮ ਨਹੀਂ ਹੋਈ।
ਪਹਿਲਾਂ ਹੀ ਉਸਨੇ ਆਪਣੇ ਨਜਦੀਕੀਆਂ ਨੂੰ ਨਿਯੁਕਤ ਕਰਕੇ ਪੰਜਾਬ ਦੇ ਖਜ਼ਾਨੇ ਤੇ ਬੋਝ ਪਾਇਆ ਹੋਇਆ ਹੈ, ਜਿਸ ਬਾਰੇ ਪੰਜਾਬ ਦੇ ਲੋਕ ਜਾਣਦੇ ਹਨ। ਜੇ ਸ੍ਰੀ ਕੇਜਰੀਵਾਲ ਪੰਜਾਬ ਵਿੱਚ ਆਪਣੀ ਪਾਰਟੀ ਦੀ ਸਰਕਾਰ ਦੀ ਸਲਾਮਤੀ ਚਾਹੁੰਦੇ ਹਨ ਤਾਂ ਉਹਨਾਂ ਨੂੰ ਪੰਜਾਬ ਵਿੱਚ ਕੀਤੀ ਜਾਂਦੀ ਬੇਲੋੜੀ ਦਖ਼ਲਅੰਦਾਜ਼ੀ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਪੰਜਾਬ ਤੋਂ ਬਾਹਰ ਦੇ ਉਹਨਾਂ ਅਧਿਕਾਰੀਆਂ ਨੂੰ ਵਾਪਸ ਬੁਲਾਉਣਾ ਚਾਹੀਦਾ ਹੈ ਜਿਹਨਾਂ ਨੂੰ ਬਗੈਰ ਜਰੂਰਤ ਤੋਂ ਨਿੱਜੀ ਲਾਭ ਪਹੁੰਚਾਉਣ ਲਈ ਪੰਜਾਬ ਵਿੱਚ ਨਿਯੁਕਤ ਕੀਤਾ ਹੋਇਆ ਹੈ। ਜੇਕਰ ਆਮ ਆਦਮੀ ਪਾਰਟੀ ਅਤੇ ਖਾਸ ਕਰਕੇ ਇਸਦੇ ਸੁਪਰੀਮੋ ਸ੍ਰੀ ਅਰਵਿੰਦਰ ਕੇਜਰੀਵਾਲ ਨੇ ਦਿੱਲੀ ਦੇ ਨਤੀਜਿਆਂ ਤੋਂ ਅਜੇ ਵੀ ਸਬਕ ਨਾ ਲਿਆ ਤਾਂ ਇਸ ਪਾਰਟੀ ਦਾ ਅਗਲੀਆਂ ਚੋਣਾਂ ਸਮੇਂ ਪੰਜਾਬ ਵਿੱਚ ਵੀ ਅਜਿਹਾ ਹੀ ਹੋਵੇਗਾ। ਦੂਜੇ ਪਾਸੇ ਭਾਜਪਾ ਨੂੰ ਸਮਝਣਾ ਚਾਹੀਦਾ ਹੈ ਦਿੱਲੀ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਨੂੰ ਨਿਸ਼ਾਨਾ ਬਣਾਉਣ ਦੇ ਦਮਗਜੇ ਮਾਰਨਾ ਛੱਡ ਦੇਣ, ਪੰਜਾਬ ਦੇ ਲੋਕ ਭਾਜਪਾ ਦੀਆਂ ਆਰ ਐੱਸ ਐੱਸ ਵਾਲੀਆਂ ਨੀਤੀਆਂ ਤੋਂ ਭਲੀਭਾਂਤ ਜਾਣੂ ਹਨ। ਸਿਆਸੀ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੀਆਂ, ਇਸ ਲਈ ਉਹਨਾਂ ਨੂੰ ਪੰਜਾਬ ਦੇ ਹਿਤਾਂ ਦੀ ਰਾਖੀ ਕਰਨ, ਸਹੂਲਤਾਂ ਦੇਣ ਅਤੇ ਉਹਨਾਂ ਦੇ ਹੱਕ ਵਿੱਚ ਖੜਣ ਲਈ ਯਤਨ ਕਰਨੇ ਚਾਹੀਦੇ ਹਨ, ਗੰੁਮਰਾਹ ਕਰਕੇ ਵੋਟਾਂ ਹਾਸਲ ਕਰਨ ਦਾ ਖਿਆਲ ਛੱਡ ਦੇਣਾ ਚਾਹੀਦਾ ਹੈ।
ਮੋਬਾ: 098882 75913