ਬਲਵਿੰਦਰ ਭੁੱਲਰ ਦਾ ਕਹਾਣੀ ਸੰਗ੍ਰਹਿ ‘ਪੱਖੀ ਵਾਲੀ ਸ਼ਲਮਾ’ ਲੋਕ ਅਰਪਣ

ਬਠਿੰਡਾ, 6 ਫਰਵਰੀ, ਬੀ ਐੱਸ ਭੁੱਲਰ
ਸਥਾਨਕ ਟੀਚਰਜ ਹੋਮ ਵਿਖੇ ਹੋਏ ਸਾਹਿਤਕ ਸਮਾਗਮ ਦੌਰਾਨ ਸ੍ਰੀ ਬਲਵਿੰਦਰ ਸਿੰਘ ਭੁੱਲਰ ਦੀ ਪੁਸਤਕ ਕਹਾਣੀ ਸੰਗ੍ਰਹਿ ‘‘ਪੱਖੀ ਵਾਲੀ ਸ਼ਲਮਾ’’ ਨੂੰ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪਿ੍ਰੰ: ਬੱਗਾ ਸਿੰਘ, ਕਹਾਣੀਕਾਰ ਅਤਰਜੀਤ, ਗ਼ਜਲਗੋ ਸੁਰਿੰਦਰਪ੍ਰੀਤ ਘਣੀਆ ਤੇ ਟੀਚਰਜ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਸ਼ਾਮਲ ਸਨ। ਸ੍ਰੀ ਭੁੱਲਰ ਦਾ ਇਹ ਦੂਜਾ ਕਹਾਣੀ ਸੰਗ੍ਰਹਿ ਹੈ, ਜਿਸ ਵਿੱਚ ਵੱਖ ਵੱਖ ਵਿਸ਼ਿਆਂ ਦੀਆਂ ਕੁੱਲ ਤੇਰਾਂ ਕਹਾਣੀਆਂ ਹਨ।

ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਤਰਜੀਤ ਨੇ ਕਿਹਾ ਕਿ ਲੇਖਕ ਕੋਲ ਕਹਾਣੀ ਦਾ ਹੋਣਾ ਹੀ ਵੱਡੀ ਗੱਲ ਹੁੰਦੀ ਹੈ ਅਤੇ ਬਲਵਿੰਦਰ ਭੁੱਲਰ ਕੋਲ ਕਹਾਣੀ ਹੈ ਅਤੇ ਕਹਾਣੀਆਂ ਦੇ ਵਿਸ਼ੇ ਕਮਾਲ ਦੇ ਹਨ। ਕਹਾਣੀਆਂ ਵਿੱਚ ਦਰਦ, ਮੁਹੱਬਤ, ਤਰਕ ਤੇ ਮਨੋਰੰਜਨ ਹੈ, ਪਰ ਕਈ ਥਾਵੀਂ ਲੇਖਕ ਦਾ ਪੱਤਰਕਾਰ ਹੋਣਾ ਵੀ ਝਲਕਦਾ ਹੈ। ਸ੍ਰੀ ਲਛਮਣ ਮਲੂਕਾ ਨੇ ਕਿਹਾ ਕਿ ਕਹਾਣੀ ਦਾ ਮੂਲ ਆਧਾਰ ਆਦਰਸ਼ਵਾਦ, ਦੇਸ ਭਗਤੀ ਤੇ ਵਿਗਿਆਨ ਹੋਣਾ ਚਾਹੀਦਾ ਹੈ ਜੋ ਭੁੱਲਰ ਦੀਆਂ ਕਹਾਣੀਆਂ ਵਿੱਚ ਵੇਖਣ ਨੂੰ ਮਿਲਦਾ ਹੈ। ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਨੇ ਕਿਹਾ ਕਿ ਸ੍ਰੀ ਭੁੱਲਰ ਦੀਆਂ ਕਹਾਣੀਆਂ ਲੋਕ ਦਰਦਾਂ ਤੇ ਲੋਕ ਮੁੱਦਿਆਂ ਨਾਲ ਜੁੜੀਆਂ ਹੁੰਦੀਆਂ ਹਨ।

ਉੱਘੇ ਗ਼ਜ਼ਲਗੋ ਸ੍ਰੀ ਸੁਰਿੰਦਰਪ੍ਰੀਤ ਘਣੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਨੁਭਵ ਲੇਖਕ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਲੋਕ ਪੱਖੀ ਲੇਖਕ ਦੇ ਅਨੁਭਵ ਵੀ ਲੋਕ ਹਿਤਾਂ ਦੀ ਗੱਲ ਕਰਦੇ ਹਨ, ਭਾਵੇਂ ਉਹ ਕਿਸੇ ਵੀ ਵਿਧਾ ਵਿੱਚ ਰਚਨਾ ਕਰੇ। ਸ੍ਰੀ ਭੁੱਲਰ ਦੀਆਂ ਲਿਖਤਾਂ ਲੋਕ ਹਿਤਾਂ ਦੀ ਬਾਤ ਪਾਉਂਦੀਆਂ ਹਨ। ਪਿ੍ਰੰ: ਬੱਗਾ ਸਿੰਘ ਨੇ ਕਿਹਾ ਕਿ ਸ੍ਰੀ ਭੁੱਲਰ ਦੀ ਕਹਾਣੀ ਪੜ ਕੇ ਤਸੱਲੀ ਪ੍ਰਗਟ ਹੁੰਦੀ ਹੈ, ਕਿਉਂਕਿ ਉਹ ਲੋਕ ਪੱਖ ਤੇ ਤਰਕ ਦੇ ਆਧਾਰ ਤੇ ਹਨ। ਕਹਾਣੀਕਾਰ ਆਗਾਜ਼ਵੀਰ, ਰਣਜੀਤ ਗੌਰਵ, ਦਮਜੀਤ ਦਰਸ਼ਨ, ਅਮਰਜੀਤ ਜੀਤ, ਅਮਰਜੀਤ ਸਿੰਘ ਸਿੱਧੂ ਤੇ ਕਮਲ ਬਠਿੰਡਾ ਨੇ ਵੀ ਸ੍ਰੀ ਭੁੱਲਰ ਨੂੰ ਵਧਾਈ ਦਿੰਦਿਆਂ ਕਹਾਣੀਆਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਰਵ ਸ੍ਰੀ ਭੁਪਿੰਦਰ ਸਿੰਘ ਮਾਨ, ਹਰਭੁਪਿੰਦਰ ਸਿੰਘ, ਲਾਲ ਚੰਦ ਸਿੰਘ, ਅਮਰਜੀਤ ਜੀਤ, ਮਨਜੀਤ ਬਠਿੰਡਾ, ਜਸਵਿੰਦਰ ਜਸ, ਜਰਨੈਲ ਭਾਈਰੂਪਾ, ਅਮਰਜੀਤ ਸਿੰਘ ਮਾਨ, ਦਿਲਜੀਤ ਸਿੰਘ ਬੰਗੀ ਆਦਿ ਵੀ ਮੌਜੂਦ ਸਨ।