ਜਦੋਂ ਸ਼ੱਕੀ ਪਤਨੀ ਨੇ ਅੰਨ੍ਹਾਂ ਕੇਸ ਹੱਲ ਕਰਵਾਇਆ

ਕਈ ਔਰਤਾਂ ਨੂੰ ਆਪਣੇ ਪਤੀ ਨੂੰ ਹਮੇਸ਼ਾਂ ਸ਼ੱਕ ਦੀ ਨਜ਼ਰ ਨਾਲ ਵੇਖਣ ਦੀ ਆਦਤ ਹੁੰਦੀ ਹੈ ਚਾਹੇ ਉਹ 100 ਸਾਲ ਦਾ ਬੁੱਢਾ ਹੀ ਕਿਉਂ ਨਾ ਹੋਵੇ। ਮੇਰੀ ਨੌਕਰੀ ਦੌਰਾਨ ਹੋਈ ਸਭ ਤੋਂ ਵੱਡੀ ਚੋਰੀ ਅਜਿਹੀ ਹੀ ਇੱਕ ਸ਼ੱਕੀ ਔਰਤ ਦੇ ਕਾਰਨ ਹੱਲ ਹੋਈ ਸੀ। ਮੈਂ ਇੱਕ ਸਬ ਡਵੀਜ਼ਨ ਵਿਖੇ ਬਤੌਰ ਡੀ.ਐਸ.ਪੀ. ਤਾਇਨਾਤ ਸੀ ਕਿ ਇੱਕ ਦਿਨ ਸਵੇਰੇ 10 ਕੁ ਵਜੇ ਇੱਕ ਐਸ.ਐਚ.ਉ. ਦਾ ਫੋਨ ਆਇਆ ਜੋ ਕਾਫੀ ਘਬਰਾਇਆ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਦੇ ਇਲਾਕੇ ਦੇ ਇੱਕ ਬੈਂਕ ਵਿੱਚ ਚੋਰੀ ਹੋ ਗਈ ਹੈ। ਕੁਦਰਤੀ ਘਟਨਾ ਮੇਰੇ ਦਫਤਰ ਦੇ ਨਜ਼ਦੀਕ ਹੀ ਘਟੀ ਸੀ ਜਿਸ ਕਾਰਨ ਮੈਂ 10 15 ਮਿੰਟਾਂ ਵਿੱਚ ਹੀ ਮੌਕੇ ‘ਤੇ ਪਹੁੰਚ ਗਿਆ। ਜਿਸ ਬੈਂਕ ਦੀ ਸ਼ਾਖਾ ਵਿੱਚ ਡਾਕਾ ਪਿਆ ਸੀ, ਉਹ ਸੋਨਾ ਗਿਰਵੀ ਰੱਖ ਕੇ ਕਰਜ਼ਾ ਦੇਣ ਵਾਲੀ ਇੱਕ ਪ੍ਰਸਿੱਧ ਬੈਂਕ ਸੀ ਜਿਸ ਦੀਆਂ ਭਾਰਤ ਭਰ ਵਿੱਚ ਸ਼ਾਖਾਵਾਂ ਸਨ। ਜਦੋਂ ਮੈਨੇਜਰ ਤੋਂ ਪੁੱਛ ਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਬੈਂਕ ਦੀਆਂ ਚਾਬੀਆਂ ਉਸ ਕੋਲ ਹੁੰਦੀਆਂ ਹਨ। ਅੱਜ ਸਵੇਰੇ ਜਦੋਂ ਉਸ ਨੇ ਬੈਂਕ ਖੋਲ੍ਹਿਆ ਤਾਂ ਪਤਾ ਲੱਗਾ ਕਿ ਲਾਕਰ ਰੂਮ ਦਾ ਦਰਵਾਜ਼ਾ ਗੈਸ ਕਟਰ ਨਾਲ ਕੱਟ ਕੇ ਚੋਰਾਂ ਨੇ 18 ਕਿੱਲੋ ਸੋਨਾ ਚੋਰੀ ਕਰ ਲਿਆ ਹੈ।

ਉਸ ਬੈਂਕ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਰਹਿੰਦੀ ਸੀ ਇਸ ਕਾਰਨ ਲੱਗਦਾ ਸੀ ਕਿ ਚੋਰਾਂ ਨੇ ਸ਼ਨੀਵਾਰ ਨੂੰ ਬੈਂਕ ਵਿੱਚ ਘੁਸਪੈਠ ਕੀਤੀ ਸੀ ਤੇ ਅਰਾਮ ਨਾਲ ਦੋ ਦਿਨ ਲਾਕਰ ਦਾ ਦਰਵਾਜ਼ਾ ਕੱਟਦੇ ਰਹੇ ਸਨ। 18 ਕਿੱਲੋ ਸੋਨਾ ਅੱਜ ਦੇ ਹਿਸਾਬ ਨਾਲ 15 – 16 ਕਰੋੜ ਦੇ ਬਰਾਬਰ ਹੈ। ਵਾਰਦਾਤ ਵੱਡੀ ਹੋਣ ਕਾਰਨ ਜਿਲ੍ਹੇ ਦਾ ਐਸ.ਐਸ.ਪੀ. ਮੌਕੇ ‘ਤੇ ਪਹੁੰਚ ਗਿਆ ਤੇ ਹਰ ਹਾਲਤ ਵਿੱਚ ਕੇਸ ਟਰੇਸ ਕਰਨ ਦੀ ਹਦਾਇਤ ਕੀਤੀ। ਉਸ ਦੇ ਜਾਣ ਤੋਂ ਬਾਅਦ ਮੈਂ ਸਿਆਣੇ ਮੁਲਾਜ਼ਮਾਂ ਦੀ ਇੱਕ ਟੀਮ ਗਠਿਤ ਕੀਤੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਦੋ ਕੁ ਦਿਨਾਂ ਬਾਅਦ ਇੱਕ ਸਿਆਣੇ ਹੌਲਦਾਰ ਨੇ ਦੱਸਿਆ ਕਿ ਬਜ਼ਾਰ ਵਿੱਚ ਚਰਚਾ ਹੈ ਕਿ ਜਿਸ ਦਿਨ ਦਾ ਡਾਕਾ ਪਿਆ ਹੈ, ਬੈਂਕ ਦੇ ਸਾਹਮਣੇ ਵਾਲੀ ਦੁਕਾਨ ਬੰਦ ਹੈ। ਜਦੋਂ ਅਸੀਂ ਉਸ ਦੁਕਾਨ ‘ਤੇ ਪਹੁੰਚੇ ਤਾਂ ਉਥੇ ਜਿੰਦਰਾ ਵੱਜਾ ਹੋਇਆ ਸੀ। ਗੁਆਂਢੀ ਦੁਕਾਨਦਾਰਾਂ ਤੋਂ ਪਤਾ ਲੱਗਾ ਕਿ ਇਹ ਦੁਕਾਨ ਚੰਪਕ ਲਾਲ (ਕਾਲਪਨਿਕ ਨਾਮ) ਦੀ ਹੈ ਜੋ ਉਸ ਨੇ ਡੇਢ ਦੋ ਮਹੀਨੇ ਪਹਿਲਾਂ ਕੁਝ ਵਿਅਕਤੀਆਂ ਨੂੰ ਕਿਰਾਏ ‘ਤੇ ਦਿੱਤੀ ਸੀ। ਚੰਪਕ ਲਾਲ ਨੂੰ ਥਾਣੇ ਬੁਲਾਇਆ ਗਿਆ ਤਾਂ ਉਸ ਨੇ ਦੱਸਿਆ ਕਿ ਇਹ ਦੁਕਾਨ ਉਸ ਨੇ ਦਸ ਹਜ਼ਾਰ ਮਹੀਨਾ ਕਿਰਾਏ ‘ਤੇ ਗੇਜਾ ਸਿੰਘ (ਕਾਲਪਨਿਕ ਨਾਮ) ਨੂੰ ਦਿੱਤੀ ਸੀ। ਉਸ ਨੂੰ ਨਾਲ ਲਿਜਾ ਕੇ ਜਦੋਂ ਦੁਕਾਨ ਦਾ ਤਾਲਾ ਤੋੜਿਆ ਗਿਆ ਤਾਂ ਅੰਦਰ ਕੁਝ ਵੀ ਨਹੀਂ ਸੀ।

ਮਜ਼ੀਦ ਪੁੱਛ ਪੜਤਾਲ ਕਰਨ ‘ਤੇ ਚੰਪਕ ਲਾਲ ਨੇ ਦੱਸਿਆ ਕਿ ਉਸ ਨੇ ਦੁਕਾਨ ਕਿਰਾਏ ‘ਤੇ ਦੇਣ ਸਮੇਂ ਗੇਜਾ ਸਿੰਘ ਦੇ ਅਧਾਰ ਕਾਰਡ ਦੀ ਕਾਪੀ ਲਈ ਸੀ ਜੋ ਉਸ ਨੇ ਸਾਨੂੰ ਦੇ ਦਿੱਤੀ। ਜਿਵੇਂ ਕਿ ਉਮੀਦ ਸੀ, ਉਹ ਜਾਅਲੀ ਨਿਕਲੀ ਤੇ ਉਸ ‘ਤੇ ਲੱਗੀ ਫੋਟੋ ਬਹੁਤ ਹੀ ਖਰਾਬ ਹਾਲਤ ਵਿੱਚ ਸੀ। ਦੋ ਚਾਰ ਦਿਨਾਂ ਬਾਅਦ ਮੈਂ ਚੰਪਕ ਲਾਲ ਨੂੰ ਫਿਰ ਆਪਣੇ ਦਫਤਰ ਬੁਲਾਇਆ ਤੇ ਪੁੱਛਿਆ ਕਿ ਉਹ ਕੋਈ ਅਜਿਹੀ ਗੱਲ ਬਾਰੇ ਸੋਚੇ ਜੋ ਅਸੀਂ ਪੁੱਛਣਾ ਜਾਂ ਉਹ ਦੱਸਣਾ ਭੁੱਲ ਗਿਆ ਹੋਵੇ। ਉਹ ਦਸ ਪੰਦਰਾਂ ਮਿੰਟ ਸੋਚ ਕੇ ਬੋਲਿਆ ਕਿ ਗੇਜਾ ਸਿੰਘ ਨੇ ਸੰਪਰਕ ਕਰਨ ਉਸ ਨੂੰ ਆਪਣਾ ਇੱਕ ਮੋਬਾਇਲ ਨੰਬਰ ਵੀ ਦਿੱਤਾ ਸੀ। ਮੈਂ ਫੌਰਨ ਉਸ ਮੋਬਾਇਲ ‘ਤੇ ਕਾਲ ਕੀਤੀ ਤਾਂ ਉਹ ਅੱਗੋਂ ਬੰਦ ਮਿਲਿਆ। ਮੈਂ ਉਸੇ ਵੇਲੇ ਸਬੰਧਿਤ ਥਾਣੇ ਦੇ ਐਸ.ਐਚ.ਉ. ਨੂੰ ਬੁਲਾਇਆ ਤੇ ਉਸ ਨੰਬਰ ਦੀ ਕਾਲ ਡਿਟੇਲ ਕਢਵਾਉਣ ਲਈ ਕਿਹਾ। ਕੇਸ ਬਹੁਤ ਹਾਈ ਪ੍ਰੋਫਾਈਲ ਸੀ ਸੋ ਦੋ ਦਿਨ ਵਿੱਚ ਹੀ ਕਾਲ ਡਿਟੇਲ ਆ ਗਈ। ਉਸ ਨੰਬਰ ਤੋਂ ਸਿਰਫ ਤਿੰਨ ਬੰਦਿਆਂ ਨੂੰ, ਜੋ ਕਿ ਉਸ ਦੇ ਸਾਥੀ ਸਨ, ਫੋਨ ਹੁੰਦਾ ਸੀ। ਜਦੋਂ ਉਨ੍ਹਾਂ ਦੇ ਨੰਬਰਾਂ ‘ਤੇ ਕਾਲ ਕੀਤੀ ਗਈ ਤਾਂ ਉਹ ਵੀ ਬੰਦ ਮਿਲੇ। ਜਿਸ ਦੁਕਾਨਦਾਰ ਤੋਂ ਦੋ ਕੁ ਮਹੀਨੇ ਪਹਿਲਾਂ ਸਿਮ ਨੰਬਰ ਅਤੇ ਮੋਬਾਇਲ ਖਰੀਦੇ ਗਏ ਸਨ, ਉਸ ਦੀ ਪੁੱਛ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਥੇ ਵੀ ਚੰਪਕ ਲਾਲ ਵਾਲਾ ਹੀ ਅਧਾਰ ਕਾਰਡ ਦਿੱਤਾ ਗਿਆ ਸੀ।

ਤਫਤੀਸ਼ ਮੁੜ ਘਿੜ ਕੇ ਫਿਰ ਜ਼ੀਰੋ ‘ਤੇ ਪਹੁੰਚ ਗਈ। ਮੈਂ ਕਾਲ ਡਿਟੇਲ ਐਸ.ਐਚ.ਉ. ਤੋਂ ਲੈ ਕੇ ਦੁਬਾਰਾ ਘੋਖਣ ਲੱਗ ਗਿਆ ਤਾਂ ਵੇਖਿਆ ਕਿ ਡਾਕੇ ਤੋਂ ਹਫਤਾ ਕੁ ਪਹਿਲਾਂ ਗੇਜੇ ਦੇ ਨੰਬਰ ਤੋਂ ਕਿਸੇ ਨੰਬਰ ‘ਤੇ ਦੋ ਤਿੰਨ ਸਕਿੰਟ ਦੀ ਕਾਲ ਹੋਈ ਸੀ। ਮੈਂ ਉਸ ਨੰਬਰ ‘ਤੇ ਕਾਲ ਕੀਤੀ ਤਾਂ ਉਹ ਫੋਨ ਚੱਲ ਰਿਹਾ ਸੀ। ਅੱਗੋਂ ਇੱਕ ਔਰਤ ਦੀ ਅਵਾਜ਼ ਆਈ ਤਾਂ ਮੈਂ ਉਸ ਨੂੰ ਝੂਠ ਮਾਰ ਦਿੱਤਾ ਕਿ ਕੀ ਇਹ ਸੁੱਚਾ ਸਿੰਘ ਦਾ ਨੰਬਰ ਹੈ? ਉਸ ਨੇ ਕਿਹਾ ਨਹੀਂ ਜੀ, ਇਹ ਸੁੱਚਾ ਸਿੰਘ ਦਾ ਨੰਬਰ ਨਹੀਂ ਹੈ। ਮੈਂ ਇਹ ਕਹਿ ਕੇ ਸੌਰੀ ਰੌਂਗ ਨੰਬਰ ਲੱਗ ਗਿਆ ਹੈ, ਫੋਨ ਕੱਟ ਦਿੱਤਾ। ਜਦੋਂ ਉਸ ਨੰਬਰ ਦਾ ਐਡਰੈਸ ਅਤੇ ਕਾਲ ਡਿਟੇਲ ਕਢਵਾਈ ਗਈ ਤਾਂ ਪਤਾ ਲੱਗਾ ਕਿ ਉਹ ਪਿੰਡ ਸਮਾਣੇ ਤੋਂ 8 10 ਕਿ.ਮੀ. ਦੂਰ ਹਰਿਆਣੇ ਵਿੱਚ ਪੈਂਦਾ ਹੈ।

ਅਸੀਂ ਅਗਲੇ ਦਿਨ ਤੜ੍ਹਕੇ ਚਾਰ ਵਜੇ ਹੀ ਉਸ ਘਰ ‘ਤੇ ਰੇਡ ਕਰ ਦਿੱਤੀ ਤੇ ਗੇਜਾ ਸਿੰਘ ਕਾਬੂ ਆ ਗਿਆ। ਉਸ ਵਿਅਕਤੀ ਦਾ ਅਸਲ ਨਾਮ ਗੇਜਾ ਸਿੰਘ ਨਹੀਂ ਬਲਕਿ ਹਰੀ ਰਾਮ (ਕਾਲਪਨਿਕ ਨਾਮ) ਸੀ। ਥਾਣਾ ਸਮਾਣਾ ਲਿਆ ਕੇ ਜਦੋਂ ਉਸ ਦੀ ਟਹਿਲ ਸੇਵਾ ਕੀਤੀ ਗਈ ਤਾਂ ਉਹ ਤੋਤੇ ਵਾਂਗ ਬੋਲਣ ਲੱਗ ਪਿਆ। ਉਸ ਨੇ ਆਪਣੇ ਖੇਤਾਂ ਵਿੱਚ ਦਬਾ ਕੇ ਰੱਖਿਆ ਹੋਇਆ ਸਾਰਾ ਸੋਨਾ ਵੀ ਬਰਾਮਦ ਕਰਵਾ ਦਿੱਤਾ ਤੇ ਤਿੰਨੇ ਸਾਥੀ ਵੀ ਗ੍ਰਿਫਤਾਰ ਕਰਵਾ ਦਿੱਤੇ। ਹਰੀ ਰਾਮ ‘ਤੇ ਹਰਿਆਣੇ ਦੇ ਵੱਖ ਵੱਖ ਥਾਣਿਆਂ ਵਿੱਚ ਚੋਰੀ, ਖੋਹ ਆਦਿ ਦੇ ਦਰਜ਼ਨਾਂ ਮੁਕੱਦਮੇ ਦਰਜ਼ ਸਨ ਤੇ ਉਸ ਵੇਲੇ ਉਹ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਸੀ। ਹੁਣ ਗੱਲ ਕਰਦੇ ਹਾਂ ਉਸ ਦੋ ਸਕਿੰਟ ਦੀ ਮਿੱਸ ਕਾਲ ਦੀ ਜਿਸ ਨੇ ਸਾਰਾ ਮਾਮਲਾ ਹੱਲ ਕਰਵਾਇਆ ਸੀ। ਹਰੀ ਰਾਮ ਦੀ ਪਤਨੀ ਸੁਨੀਤਾ ਰਾਣੀ (ਕਾਲਪਨਿਕ ਨਾਮ) ਬਹੁਤ ਹੀ ਸ਼ੱਕੀ ਕਿਸਮ ਦੀ ਔਰਤ ਸੀ। ਇੱਕ ਦਿਨ ਉਸ ਨੇ ਵੇਖਿਆ ਕਿ ਹਰੀ ਰਾਮ ਦੇ ਸਿਰਹਾਣੇ ਥੱਲੇ ਇੱਕ ਹੋਰ ਮੋਬਾਇਲ ਫੋਨ ਪਿਆ ਹੈ। ਉਸ ਦਾ ਸ਼ੱਕ ਹੋਰ ਗਹਿਰਾ ਹੋ ਗਿਆ ਕਿ ਇਹ ਨਵਾਂ ਮੋਬਾਇਲ ਹਰੀ ਰਾਮ ਨੇ ਆਪਣੀਆਂ ਗਰਲ ਫਰੈਂਡਾਂ ਨਾਲ ਗੱਲਾਂ ਬਾਤਾਂ ਮਾਰਨ ਲਈ ਲਿਆ ਹੋਣਾ ਹੈ। ਉਸ ਵੇਲੇ ਹਰੀ ਰਾਮ ਨਹਾ ਰਿਹਾ ਸੀ ਸੋ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਉਸ ਨੇ ਮੋਬਾਇਲ ਨੂੰ ਔਨ ਕਰ ਕੇ ਆਪਣੇ ਫੋਨ ‘ਤੇ ਮਿੱਸ ਕਾਲ ਮਾਰ ਕੇ ਨੰਬਰ ਸੇਵ ਕਰ ਲਿਆ। ਜਦੋਂ ਹਰੀ ਰਾਮ ਨਹਾ ਕੇ ਬਾਹਰ ਨਿਕਲਿਆ ਤਾਂ ਉਸ ਨੇ ਉਸ ਨਾਲ ਨਵੇਂ ਮੋਬਾਇਲ ਕਾਰਨ ਰੱਜ ਕੇ ਲੜਾਈ ਝਗੜਾ ਕੀਤਾ। ਪਰ ਉਸ ਦੀ ਮਿੱਸ ਕਾਲ ਤੇ ਸ਼ੱਕੀ ਤਬੀਅਤ ਕਾਰਨ ਸਾਡਾ ਕੇਸ ਟਰੇਸ ਹੋ ਗਿਆ ਤੇ ਸਿਰਦਰਦੀ ਖਤਮ ਹੋਈ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062