ਲੋਕਾਂ ਦਾ ਵਿਸਵਾਸ਼ ਜਿੱਤਣਾ ਸਫ਼ਲਤਾ ਹੁੰਦੀ ਹੈ, ਇਕੱਠ ਕਰਨਾ ਪੈਮਾਨਾ ਨਹੀਂ
ਸ੍ਰੋਮਣੀ ਅਕਾਲੀ ਦਲ ਦੀ ਉਮਰ ਸੌ ਸਾਲ ਤੇ ਪਹੁੰਚ ਚੁੱਕੀ ਹੈ। ਇਸ ਪਾਰਟੀ ਨੇ ਦੇਸ਼, ਪੰਜਾਬ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਹਮੇਸ਼ਾਂ ਯਤਨ ਕੀਤੇ, ਇਸੇ ਕਰਕੇ ਇਹ ਪਾਰਟੀ ਵੀ ਮਜਬੂਤ ਹੁੰਦੀ ਗਈ। ਇਸ ਦਾ ਵੱਡਾ ਕਾਰਨ ਇਹ ਵੀ ਸੀ ਕਿ ਇਸ ਦੇ ਆਗੂ ਧਰਮ ਦੇ ਅਸੂਲਾਂ ਦਾ ਡਰ ਭੈਅ ਸਮਝ ਕੇ ਪੰਥਕ ਰਿਵਾਇਤਾਂ ਅਨੁਸਾਰ ਤਿਆਗ ਦੀ ਭਾਵਨਾ ਨਾਲ ਸੇਵਾ ਕਰਦੇ ਰਹੇ ਹਨ। ਉਹ ਆਪਣੇ ਨਿੱਜ ਨਾਲੋਂ ਪੰਥ ਤੇ ਅਕਾਲੀ ਦਲ ਨੂੰ ਮੂਹਰੇ ਰਖਦੇ ਰਹੇ ਅਤੇ ਭਾਈ ਭਤੀਜਾਵਾਦ ਤੋਂ ਵੀ ਦੂਰ ਰਹੇ ਸਨ। ਇਹੀ ਕਾਰਨ ਸੀ ਕਿ ਪਾਰਟੀ ਦੇ ਆਗੂ ਦਾ ਇਸ਼ਾਰਾ ਕਰਨ ਲੋੜ ਹੁੰਦੀ ਸੀ, ਲੱਖਾਂ ਵਰਕਰ ਜੇਲ੍ਹਾਂ ਭਰਨ ਲਈ ਤੁਰ ਪੈਂਦੇ ਸਨ। ਕੇਂਦਰ ਸਰਕਾਰਾਂ ਵੀ ਅਕਾਲੀ ਦਲ ਤੋਂ ਭੈਅ ਖਾਂਦੀਆਂ ਸਨ। ਦੇਸ਼ ਵਿੱਚ ਲੱਗੀ ਐਮਰਜੈਂਸੀ ਵੇਲੇ ਅਕਾਲੀ ਦਲ ਵੱਲੋਂ ਸੁਰੂ ਕੀਤੇ ਧਰਮ ਮੋਰਚੇ ਸਮੇਂ ਜੇਲ੍ਹਾਂ ਵਿੱਚ ਬੰਦੀਆਂ ਲਈ ਥਾਂ ਨਹੀਂ ਸੀ ਬਚੀ, ਆਰਜੀ ਜੇਲ੍ਹਾਂ ਬਣਾ ਬਣਾ ਕੇ ਮੋਰਚੇ ‘ਚ ਸ਼ਾਮਲ ਹੋਣ ਵਾਲਿਆਂ ਨੂੰ ਰੱਖਣ ਦੇ ਯਤਨ ਵੀ ਫੇਲ੍ਹ ਹੋ ਗਏ ਸਨ।
ਪਿਛਲੇ ਕੁੱਝ ਦਹਾਕਿਆਂ ਤੋਂ ਸ੍ਰੋਮਣੀ ਅਕਾਲੀ ਦਲ ਕਮਜੋਰ ਹੋਣਾ ਸੁਰੂ ਹੋ ਗਿਆ ਸੀ, ਅਜਿਹਾ ਉਦੋਂ ਸੁਰੂ ਹੋਇਆ ਜਦੋਂ ਇਸ ਦੇ ਆਗੂ ਆਪਣੇ ਪਰਿਵਾਰਕ ਮੈਂਬਰਾਂ ਜਾਂ ਰਿਸ਼ਤੇਦਾਰਾਂ ਨੂੰ ਆਹੁਦੇ ਵੰਡਣ ਲੱਗੇ ਅਤੇ ਪਾਰਟੀ ਆਗੂਆਂ ਦੀਆਂ ਜਾਇਦਾਦਾਂ ਅਰਬਾਂ ਖਰਬਾਂ ਦੀਆਂ ਹੋਣ ਲੱਗੀਆਂ। ਅੱਜ ਅਕਾਲੀ ਦਲ ਢਹਿੰਦੀ ਕਲਾ ਵਿੱਚ ਚਲਾ ਗਿਆ ਹੈ, ਪਾਰਟੀ ਨਗਰ ਕੌਂਸਲਰਾਂ ਜਾਂ ਪੰਚਾਇਤੀ ਚੋਣਾਂ ਜਿੱਤਣ ਦੀ ਸਥਿਤੀ ਵਿੱਚ ਵੀ ਵਿਖਾਈ ਨਹੀਂ ਦਿੰਦੀ। ਲੋਕ ਸਭਾ ਜਾਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਵੱਲੋਂ ਨਕਾਰੇ ਜਾਣ ਸਦਕਾ ਜੋ ਦਲ ਦੀ ਹਾਲਤ ਹੋਈ, ਅਜਿਹੀ ਪਹਿਲਾਂ ਕਦੇ ਨਹੀਂ ਸੀ ਹੋਈ। ਸ੍ਰੋਮਣੀ ਅਕਾਲੀ ਦੇ ਅਜਿਹਾ ਹਸ਼ਰ ਹੋਣ ਤੇ ਪੰਜਾਬ ਦਾ ਹਰ ਬੁੱਧੀਜੀਵੀ ਤੇ ਜਾਗਰੂਕ ਵਿਅਕਤੀ ਫਿਕਰਮੰਦ ਤੇ ਨਿਰਾਸ਼ ਹੈ, ਕਿਉਂਕਿ ਖੇਤਰੀ ਪਾਰਟੀ ਹਮੇਸ਼ਾਂ ਆਪਣੇ ਸੂਬੇ ਦੀ ਬਿਹਤਰੀ ਲਈ ਕੰਮ ਕਰਦੀ ਹੁੰਦੀ ਹੈ। ਅਕਾਲੀ ਦਲ ਵੀ ਸੂਬੇ ਦੀ ਖੇਤਰੀ ਪਾਰਟੀ ਹੈ ਜੋ ਰਾਜ ਦੀ ਬਿਹਤਰੀ ਲਈ ਬਹੁਤ ਯਤਨ ਕਰਦਾ ਰਿਹਾ ਹੈ ਅਤੇ ਕਰ ਸਕਦਾ ਹੈ।
ਸ੍ਰੋਮਣੀ ਅਕਾਲੀ ਦਲ ਦੀ ਇਸ ਹਾਲਤ ਨੂੰ ਸੁਧਾਰਨ ਵੱਲ ਜਦ ਸਮੇਂ ਦੇ ਆਗੂਆਂ ਨੇ ਯਤਨ ਨਾ ਕੀਤੇ ਸਗੋਂ ਨਿੱਜੀ ਮੁਫ਼ਾਦਾਂ ਵਿੱਚ ਉਲਝੇ ਰਹੇ ਤਾਂ ਸੁਹਿਰਦ ਲੋਕਾਂ ਨੂੰ ਸਿੱਖ ਧਰਮ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕਰਨੀ ਪਈ। ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਸੱਦਣ ਤੇ ਦਲ ਦੇ ਆਗੂ ਹਾਜ਼ਰ ਹੋਏ ਅਤੇ ਸਾਰੀਆਂ ਗਲਤੀਆਂ ਨੂੰ ਇੱਕ ਇੱਕ ਕਰਕੇ ਮੰਨਿਆਂ ਅਤੇ ਸਜ਼ਾ ਵੀ ਕਬੂਲ ਕੀਤੀ। ਇਸਤੋਂ ਬਾਅਦ ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਸਨ ਕਿ ਅਕਾਲੀ ਦਲ ਮੁੜ ਤਾਕਤ ਵਿੱਚ ਆਵੇਗਾ। ਜਦ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਈ ਸਜ਼ਾ ਨੂੰ ਇੰਨ ਬਿੰਨ ਸਵੀਕਾਰ ਕਰਨ ਤੋਂ ਪਾਸਾ ਵੱਟ ਲਿਆ ਅਤੇ ਇਹ ਕਹਿਣਾ ਸੁਰੂ ਕਰ ਦਿੱਤਾ ਕਿ ਗਲਤੀ ਤਾਂ ਕੋਈ ਨਹੀਂ ਸੀ ਇਹ ਤਾਂ ਮਾਮਲਾ ਨਿਬੇੜਣ ਲਈ ਹੀ ਝੋਲੀ ਵਿੱਚ ਪੁਆ ਲਈਆਂ, ਤਾਂ ਲੋਕਾਂ ਦਾ ਫਿਰ ਵਿਸਵਾਸ ਟੁੱਟ ਗਿਆ।
ਇੱਥੇ ਹੀ ਬੱਸ ਨਹੀਂ ਸ੍ਰੋਮਣੀ ਅਕਾਲੀ ਦਲ ਨੇ ਲੋਕਾਂ ਵਿੱਚ ਇਹ ਭਰੋਸਾ ਪੈਦਾ ਕਰਨ ਲਈ ਕਿ ਉਹ ਕਿਸੇ ਦੀ ਕੋਈ ਪਰਵਾਹ ਨਹੀਂ ਕਰਦੇ, ਉਸਨੇ ਮਾਘੀ ਮੇਲੇ ਮੌਕੇ ਸ੍ਰੀ ਮੁਕਤਸ਼ਰ ਵਿਖੇ ਸ਼ਕਤੀ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕ ਲਿਆ। ਇੱਕ ਵੱਡੀ ਕਾਨਫਰੰਸ ਕੀਤੀ ਤੇ ਇਹ ਪ੍ਰਭਾਵ ਬਣਾਉਣ ਦਾ ਯਤਨ ਕੀਤਾ ਕਿ ਲੋਕ ਉਸਦੇ ਨਾਲ ਹਨ। ਦੂਜੇ ਪਾਸੇ ਗਰਮ ਸੁਰ ਵਾਲੇ ਤੇ ਪੰਥਕ ਆਧਾਰ ਤੇ ਪਹਿਰਾ ਦੇਣ ਦਾ ਵਾਅਦਾ ਕਰਨ ਵਾਲਿਆਂ ਨੇ ਵੱਖਰੀ ਪਾਰਟੀ ਬਣਾਉਣ ਦਾ ਐਲਾਨ ਕਰਨ ਲਈ ਇਸ ਮੇਲੇ ਮੌਕੇ ਵੱਡੀ ਕਾਨਫਰੰਸ ਕਰਨ ਦਾ ਪ੍ਰੋਗਰਾਮ ਬਣਾ ਲਿਆ। ਉਹ ਵੀ ਕਾਨਫਰੰਸ ਵਿੱਚ ਭਾਰੀ ਇਕੱਠ ਕਰਨ ਵਿੱਚ ਸਫ਼ਲ ਹੋ ਗਏ ਅਤੇ ਨਵੀਂ ਪਾਰਟੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਐਲਾਨ ਕਰ ਦਿੱਤਾ। ਇਹਨਾਂ ਤੋਂ ਇਲਾਵਾ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਕਾਨਫਰੰਸ ਕੀਤੀ।
ਹੁਣ ਸੁਆਲ ਉੱਠਦਾ ਹੈ ਕਿ ਕੀ ਇਹ ਕਾਨਫਰੰਸਾਂ ਆਪਣੇ ਆਪਣੇ ਕਾਰਜ ਵਿੱਚ ਸਫ਼ਲ ਹਨ? ਅਕਾਲੀ ਕਾਨਫਰੰਸ ਬਾਰੇ ਲੋਕਾਂ ਵਿੱਚ ਇਹ ਚਰਚਾ ਵੀ ਵੱਡੀ ਪੱਧਰ ਤੇ ਹੋ ਰਹੀ ਹੈ ਕਿ ਕਾਨਫਰੰਸ ਵਿੱਚ ਇਕੱਠ ਕਰਕੇ ਦੋਸ਼ ਮੁਕਤ ਨਹੀਂ ਹੋਇਆ ਜਾ ਸਕਦਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਇਕੱਠ ਸ੍ਰੀ ਅਕਾਲ ਤਖ਼ਤ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਗਿਆ ਹੈ। ਅਕਾਲੀ ਆਗੂ ਰੁਸੇ ਹੋ ਕੇ ਪਾਸੇ ਬੈਠੇ ਆਗੂਆਂ ਨੂੰ ਵੀ ਕਾਨਫਰੰਸ ਵਿੱਚ ਸ਼ਾਮਲ ਕਰਨ ‘ਚ ਕਾਮਯਾਬ ਨਹੀਂ ਹੋ ਸਕੇ। ਸੋ ਇਕੱਠ ਤਾਂ ਬਹੁਤ ਹੋ ਗਿਆ, ਪਰ ਆਪਣੇ ਕਾਜ਼ ਵਿੱਚ ਸਫ਼ਲ ਹੋਣਾ ਨਹੀਂ ਮੰਨਿਆ ਜਾ ਰਿਹਾ।
ਨਵੇਂ ਅਕਾਲੀ ਦਲ ਨੇ ਵੀ ਭਾਵੇਂ ਸਫ਼ਲ ਇਕੱਠ ਕੀਤਾ, ਪਰ ਉਸਦੇ ਪੰਡਾਲ ਵਿੱਚ ਲੱਗੇ ਬੈਨਰਾਂ ਅਤੇ ਉਹਨਾਂ ਦੇ ਭਾਸ਼ਣਾਂ ਦੀ ਸੁਰ ਤੋਂ ਲੋਕ ਖੁਸ਼ ਨਹੀਂ ਹੋਏ। ਉਹਨਾਂ ਪਾਰਟੀ ਦੇ ਜਥੇਬੰਦਕ ਢਾਂਚੇ ਬਾਰੇ ਚੰਗੀ ਜਾਣਕਾਰੀ ਵੀ ਦਿੱਤੀ, ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ ਵਾਅਦਾ ਵੀ ਕੀਤਾ, ਪਰ ਪੰਜਾਬ ਦੇ ਲੋਕ ਅਜੇ ਉਹਨਾਂ ਤੇ ਭਰੋਸਾ ਨਹੀਂ ਕਰ ਰਹੇ। ਇਹ ਵਿਸਵਾਸ ਬਣਾਉਣ ‘ਚ ਉਹ ਕਿੰਨੇ ਕੁ ਸਫ਼ਲ ਹੁੰਦੇ ਹਨ, ਇਹ ਆਉਣ ਵਾਲਾ ਸਮਾਂ ਦੱਸੇਗਾ। ਲੋਕ ਇਹ ਵੀ ਕਹਿ ਰਹੇ ਹਨ ਕਿ ਸ੍ਰੋਮਣੀ ਅਕਾਲੀ ਦਲ ਕੋਲ ਤਾਂ ਇੱਕ ਹੀ ਸੰਸਦ ਮੈਂਬਰ ਹੈ ਜਦੋਂ ਕਿ ਨਵੇਂ ਬਣੇ ਅਕਾਲੀ ਦਲ ਕੋਲ ਦੋ ਸੰਸਦ ਮੈਂਬਰ ਹਨ। ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤਾਂ ਹਮੇਸ਼ਾਂ ਦੀ ਤਰ੍ਹਾਂ ਆਪਣੀ ਗੱਲ ਕਰਨ ਤੱਕ ਹੀ ਸੀਮਤ ਰਿਹਾ।
ਅਕਾਲੀ ਦਲਾਂ ਨੂੰ ਸਮਝ ਲੈਣਾ ਚਾਹੀਦਾ ਹੈ ਇਕੱਠ ਹੋਣ ਨੂੰ ਸਫ਼ਲਤਾ ਨਹੀਂ ਮੰਨਿਆਂ ਜਾ ਸਕਦਾ, ਇਹ ਪੈਮਾਨਾ ਨਹੀਂ। ਸਫ਼ਲਤਾ ਲੋਕਾਂ ਦਾ ਵਿਸਵਾਸ਼ ਜਿੱਤਣ ਵਿੱਚ ਹੁੰਦੀ ਹੈ। ਪਾਰਟੀਆਂ ਨੂੰ ਆਪਣਾ ਅਕਸ ਸਾਫ਼ ਸੁਥਰਾ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ, ਸਮੁੱਚੇ ਪੰਜਾਬੀ ਵਿੱਚ ਆਪਣਾ ਸਤਿਕਾਰ ਕਾਇਮ ਕਰਨਾ ਚਾਹੀਦਾ ਹੈ। ਜੇ ਲੋਕ ਚਾਹੁੰਦੇ ਹਨ, ਤਾਂ ਆਗੂ ਨੂੰ ਬਦਲ ਕੇ ਪਾਰਟੀ ਨੂੰ ਮਜਬੂਤ ਕਰਨ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਾਸੀ ਚਾਹੁੰਦੇ ਹਨ ਕਿ ਰਾਜ ਵਿੱਚ ਖੇਤਰੀ ਪਾਰਟੀ ਅਕਾਲੀ ਦਲ ਮਜਬੂਤ ਹੋਵੇ, ਹੁਣ ਜੁਮੇਵਾਰੀ ਦਲ ਦੇ ਆਗੂਆਂ ਦੀ ਬਣਦੀ ਹੈ ਕਿ ਉਹ ਵਿਸਵਾਸ਼ ਕਿਵੇਂ ਪੈਦਾ ਕਰਦੇ ਹਨ ਅਤੇ ਕਿਵੇਂ ਲੋਕਾਂ ਦੀਆਂ ਉਮੀਦਾਂ ਤੇ ਖਰਾ ਉੱਤਰਦੇ ਹਨ।
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913