ਡੀ ਡੀ ਪੰਜਾਬੀ ਦੇ ਪ੍ਰੋਗਰਾਮ ਮੁਖੀ ਬਣੇ ਕੇਵਲ ਕ੍ਰਿਸ਼ਨ

ਪ੍ਰੋ. ਕੁਲਬੀਰ ਸਿੰਘ

ਲੰਮੇ ਸਮੇਂ ਤੋਂ ਦੂਰਦਰਸ਼ਨ ਅਤੇ ਅਕਾਸ਼ਵਾਣੀ ਦੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਸ੍ਰੀ ਕੇਵਲ ਕ੍ਰਿਸ਼ਨ ਨੇ ਬੀਤੇ ਦਿਨੀਂ ਡੀ ਡੀ ਪੰਜਾਬੀ ਦੇ ਪ੍ਰੋਗਰਾਮ ਮੁਖੀ ਵਜੋਂ ਅਹੁਦਾ ਸੰਭਾਲ ਲਿਆ।

ਬੀਤੇ ਦਹਾਕਿਆਂ ਦੌਰਾਨ ਡੀ ਡੀ ਪੰਜਾਬੀ ਨੇ ਕਈ ਰੰਗ ਵੇਖੇ, ਕਈ ਉਤਰਾਅ ਚੜ੍ਹਾਅ ਤੱਕੇ। ਇਕ ਉਹ ਸਮਾਂ ਵੀ ਆਇਆ ਜਿਸਨੂੰ ਦੂਰਦਰਸ਼ਨ ਦਾ ਸੁਨਹਿਰੀ ਦੌਰ ਆਖਿਆ ਜਾਂਦਾ ਸੀ। ਉਦੋਂ ਦਰਸ਼ਕ ਇਸਦੇ ਪ੍ਰੋਗਰਾਮਾਂ ਦੀ ਉਡੀਕ ਕਰਿਆ ਕਰਦੇ ਸਨ। ਗੀਤ-ਸੰਗੀਤ ਦੇ ਪ੍ਰੋਗਰਾਮ ਵੇਖਣ ਲਈ, ਮੁਲਾਕਾਤਾਂ ਸੁਣਨ ਲਈ, ਨਾਟਕ ਵੇਖਣ ਲਈ, ਚਲੰਤ ਮਾਮਲਿਆਂ ਦੇ ਪ੍ਰੋਗਰਾਮ ਸੁਣਨ ਲਈ। ਇਹੀ ਉਹ ਸਮਾਂ ਸੀ ਜਦੋਂ ਦੂਰਦਰਸ਼ਨ ਕੇਂਦਰ ਜਲੰਧਰ ਦੇ ਇਤਿਹਾਸ ਤੇ ਵਿਕਾਸ ਬਾਰੇ ਕਿਤਾਬਾਂ ਲਿਖੀਆਂ ਗਈਆਂ।

ਡੀ ਡੀ ਪੰਜਾਬੀ, ਬਾਕੀ ਪੰਜਾਬੀ ਚੈਨਲਾਂ ਨਾਲੋਂ ਵੱਖਰੀ ਨੁਹਾਰ ਵਾਲਾ ਸੀ। ਪ੍ਰੋਗਰਾਮਾਂ ਵਿਚਲੀ ਵੰਨਸਵੰਨਤਾ, ਪਰਿਵਾਰਕ ਦਿੱਖ, ਲੋਕ ਪ੍ਰਸਾਰਨ ਸੇਵਾ, ਵਿਸ਼ਾਲ ਨੈਟਵਰਕ, ਸਾਜੋ ਸਮਾਨ, ਤਜਰਬੇਕਾਰ ਟੀਮ ਇਸਨੂੰ ਬਾਕੀ ਚੈਨਲਾਂ ਨਾਲੋਂ ਵੱਖਰੀ ਦਿੱਖ ਪ੍ਰਦਾਨ ਕਰਦੀ ਸੀ। ਇਸਦਾ ਮੂੰਹ-ਮੁਹਾਂਦਰਾ ਘੜਨ ਸੰਵਾਰਨ ਨੂੰ ਕਾਫ਼ੀ ਸਮਾਂ, ਕਾਫ਼ੀ ਮਿਹਨਤ, ਕਾਫ਼ੀ ਧਿਆਨ ਲਾਉਣਾ ਪਿਆ ਸੀ।

ਡੀ ਡੀ ਪੰਜਾਬੀ ਦੇ ਸਫ਼ਰ ʼਤੇ ਨਜ਼ਰ ਮਾਰਦਾ ਹਾਂ ਤਾਂ ਬਹੁਤ ਸਾਰੇ ਪ੍ਰੋਗਰਾਮ ਆਪਣੀ ਨਿਵੇਕਲੀ ਨੁਹਾਰ, ਆਪਣੀ ਸਾਰਥਿਕਤਾ ਸਦਕਾ ਜ਼ਿਹਨ ਵਿਚ ਉੱਭਰ ਆਉਂਦੇ ਹਨ। ਸਮਾਜਕ, ਸਭਿਆਚਾਰਕ, ਸਾਹਿਤਕ, ਸੰਗੀਤਕ, ਕਲਾਤਮਕ ਜਾਂ ਮਾਨਵੀ ਮਹੱਤਵ ਕਾਰਨ ਜਾਂ ਅੱਡਰੇ ਉਸਾਰੂ ਤੇ ਮਿਆਰੀ ਪ੍ਰਸਤੁਤੀਕਰਨ ਕਾਰਨ।

ਰੌਣਕ ਮੇਲਾ, ਕੱਚ ਦੀਆਂ ਮੁੰਦਰਾਂ, ਲਿਸ਼ਕਾਰਾ, ਕਹਾਣੀ, ਨਾਟਕ, ਸੁਖਨਸਾਜ਼, ਸੰਦਲੀ ਪੈੜਾਂ, ਸੱਚੋ ਸੱਚ ਦੱਸ ਵੇ ਜੋਗੀ, ਸੁਗੰਧ ਸਮੀਰ, ਸੁਰ ਸਾਗਰ, ਕਾਵਿ-ਸ਼ਾਰ, ਲੋਕ-ਰੰਗ, ਸੁਰ-ਸਾਂਝ, ਦ੍ਰਿਸ਼ਟੀ, ਸਰਘੀ ਦੇ ਸਾਏ, ਤਾਰੇ ਪਹਿਲੇ ਪਹਿਰ ਦੇ, ਭਾਈ ਮੰਨਾ ਸਿੰਘ, ਮੇਰਾ ਪਿੰਡ ਮੇਰੇ ਖੇਤ, ਕਵੀ ਦਰਬਾਰ, ਸੁਖ਼ਨ ਜਿਨ੍ਹਾਂ ਦੇ ਪੱਲੇ, ਨਕਸ਼-ਨੁਹਾਰ, ਗੱਲਾਂ ਚੋਂ ਗੱਲਾਂ, ਅਕਸ ਅਕਸ, ਖ਼ਤ ਲਈ ਸ਼ੁਕਰੀਆ, ਸਾਵੇ ਪੱਤਰ, ਸੁਰਖਾਬ, ਵਗਦੀ ਸੀ ਰਾਵੀ, ਲੋਕ ਵੇਦਨਾ, ਨਵਰੰਗ, ਬੈਠਕ, ਸਾਵੀ ਧਰਤੀ, ਖਿੜਕੀ, ਸੁਰ ਸੰਗੀਤ, ਸੱਜਰੀ ਸਵੇਰ, ਗੱਲਾਂ ਤੇ ਗੀਤ, ਖ਼ਾਸ ਖ਼ਬਰ : ਇਕ ਨਜ਼ਰ, ਅੱਜ ਦਾ ਮਸਲਾ, ਪੰਜ ਵਜੇ ਲਾਈਵ, ਦੂਰਦਰਸ਼ਨ ਸੱਥ, ਆ ਜਾ ਮੇਰਾ ਪਿੰਡ ਵੇਖ ਲੈ, ਰਾਬਤਾ ਅਤੇ ਵੱਖ ਵੱਖ ਮੌਕਿਆਂ ʼਤੇ ਪੇਸ਼ ਕੀਤੇ ਜਾਂਦੇ ਵਿਸ਼ੇਸ਼ ਪ੍ਰੋਗਰਾਮ ਇਸੇ ਕੜੀ ਵਿਚ ਆਉਂਦੇ ਸਨ।

ਫੇਰ ਇਕ ਦੌਰ ਉਹ ਆਇਆ ਜਦੋਂ ਚੈਨਲਾਂ ਦੀ ਭੀੜ ਅਤੇ ਟੀ ਆਰ ਪੀ ਦੀ ਦੌੜ ਵਿਚ ਸੱਭ ਉਲਟ ਪੁਲਟ ਹੋ ਗਿਆ। ਸੋਸ਼ਲ ਮੀਡੀਆ ਅਤੇ ਸਮਾਰਟ ਫੋਨ ਵਿਚ ਲੋਕ ਅਜਿਹੇ ਰੁੱਝੇ ਕਿ ਟੈਲੀਵਿਜ਼ਨ ਵੇਖਣਾ ਭੁੱਲ ਭੁਲਾ ਗਏ। ਦਰਸ਼ਕਾਂ ਨੂੰ ਵਾਪਿਸ ਟੀ.ਵੀ. ਨਾਲ, ਟੈਲੀਵਿਜ਼ਨ ਦੇ ਖ਼ਾਸ ਪ੍ਰੋਗਰਾਮਾਂ ਨਾਲ ਜੋੜਨਾ ਕਾਫ਼ੀ ਕਠਿਨ ਪ੍ਰਤੀਤ ਹੁੰਦਾ ਹੈ।

ਅਜਿਹੀਆਂ ਸਥਿਤੀਆਂ ਸੰਬੰਧੀ ਜਦ ਨਵੇਂ ਪ੍ਰੋਗਰਾਮ ਮੁਖੀ ਸ੍ਰੀ ਕੇਵਲ ਕ੍ਰਿਸ਼ਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਕੁਝ ਨਵਾਂ, ਕੁਝ ਪੁਰਾਣੇ ਵਿਚ ਅਦਲ ਬਦਲ ਕਰਕੇ ਨਕਸ਼-ਨੁਹਾਰ ਵਿਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਪੰਜਾਬੀ ਦੀਆਂ ਕਲਾਸਿਕ ਕਹਾਣੀਆਂ ਨੂੰ ਟੈਲੀਵਿਜ਼ਨ ਦੇ ਕੈਮਰੇ ਰਾਹੀਂ ਦਰਸ਼ਕਾਂ ਤੱਕ ਪਹੁੰਚਾਵਾਂਗੇ।

ਉਨ੍ਹਾਂ ਕਿਹਾ ਕਿ ਬਹੁਤ ਕੁਝ ਨਵਾਂ ਇਸ ਲਈ ਨਹੀਂ ਕਰ ਪਾਵਾਂਗੇ ਕਿਉਂ ਕਿ ਪ੍ਰੋਡਿਊਸਰਾਂ, ਕਰਮਚਾਰੀਆਂ ਦੀ ਵੱਡੀ ਘਾਟ ਹੈ। ਉਨ੍ਹਾਂ ਨੇ ਬਤੌਰ ਪ੍ਰੋਡਿਊਸਰ ਅਤੇ ਬਤੌਰ ਨਿਗਰਾਨ ਡੀ ਡੀ ਪੰਜਾਬੀ ਲਈ ਜਿਹੜੇ ਪ੍ਰੋਗਰਾਮ ਤਿਆਰ ਕੀਤੇ ਉਨ੍ਹਾਂ ਦੀ ਲੰਮੀ ਸੂਚੀ ਹੈ। ਸਿਹਤ ਜ਼ਰੂਰੀ ਹੈ, ਮੇਰਾ ਪਿੰਡ ਮੇਰੇ ਖੇਤ, ਗੀਤ ਧਮਾਲ, ਸੁਰਾਂਜਲੀ, ਮਹਿਫ਼ਲ, ਯਾਦਾਂ ਦੀ ਖੁਸ਼ਬੂ, ਗੀਤ ਬਹਾਰ, ਮਨ ਕੀ ਬਾਤ, ਸ਼ਬਦ ਕੀਰਤਨ (ਸਿੱਧਾ ਪ੍ਰਸਾਰਨ), ਆ ਜਾ ਮੇਰਾ ਪਿੰਡ ਵੇਖ ਲੈ, ਗੱਲ ਸੋਹਣੇ ਪੰਜਾਬ ਦੀ, ਫੌਜੀ ਚਾਚੇ ਦਾ ਪੀ ਜੀ (45 ਕੜੀਆਂ), ਡੀ ਡੀ ਕਿਸਾਨ ਚੈਨਲ ਲਈ ਬਹੁਤ ਸਾਰੇ ਪ੍ਰੋਗਰਾਮ, ਧੱਕਾ ਸਟਾਰਟ (ਕਾਮੇਡੀ), 2017 ਤੋਂ 2024 ਤੱਕ ਨਵੇਂ ਸਾਲ ਦਾ ਸੰਗੀਤਕ ਪ੍ਰੋਗਰਾਮ, 2019 ਤੋਂ 2024 ਤੱਕ ਵੱਖ ਵੱਖ ਵਿਸ਼ੇਸ਼ ਮੌਕਿਆਂ ʼਤੇ ਪ੍ਰਸਾਰਿਤ ਕੀਤੇ ਗਏ ਵਿਸ਼ੇਸ਼ ਪ੍ਰੋਗਰਾਮ ਉਸ ਸੂਚੀ ਵਿਚ ਸ਼ਾਮਲ ਹਨ।

ਇਨ੍ਹਾਂ ਤੋਂ ਇਲਾਵਾ ਉਹ ਬਹੁਤ ਸਾਰੀਆਂ ਪ੍ਰਬੰਧਕੀ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਰਹੇ ਹਨ।

1994 ਵਿਚ ਉਨ੍ਹਾਂ ਅਕਾਸ਼ਵਾਣੀ ਜਲੰਧਰ ਤੋਂ ਟ੍ਰਾਂਸਮਿਸ਼ਨ ਐਗਜ਼ੈਕਟਿਵ ਵਜੋਂ ਸੇਵਾ ਆਰੰਭ ਕੀਤੀ ਸੀ। ਸਾਲ 2009 ਅਤੇ 2013 ਵਿਚ ਉਨ੍ਹਾਂ ਨੂੰ ਦੋ ਮਹੱਤਵਪੂਰਨ ਤਰੱਕੀਆਂ ਮਿਲੀਆਂ। ਇਸ ਉਪਰੰਤ 2016 ਵਿਚ ਉਹ ਪ੍ਰੋਗਰਾਮ ਐਗਜ਼ੈਕਟਿਵ ਬਣ ਕੇ ਦੂਰਦਰਸ਼ਨ ਦੀ ਪ੍ਰੋਗਰਾਮ ਸ਼ਾਖਾ ਵਿਚ ਚਲੇ ਗਏ। ਅਪ੍ਰੈਲ 2014 ਵਿਚ ਉਹ ਅਸਿਸਟੈਂਟ ਡਾਇਰੈਕਟਰ ਪ੍ਰੋਗਰਾਮ ਬਣੇ ਸਨ ਅਤੇ ਹੁਣ 11 ਦਸੰਬਰ ਨੂੰ ਉਨ੍ਹਾਂ ਪ੍ਰੋਗਰਾਮ ਮੁਖੀ ਦਾ ਅਹੁਦਾ ਸੰਭਾਲਿਆ ਹੈ।