ਵਾਸ਼ਿੰਗਟਨ ਡੀ.ਸੀ. ਸਥਿੱਤ ਭਾਰਤੀ ਦੂਤਾਵਾਸ ’ਚ ਕਈ ਮਸਲਿਆਂ ’ਤੇ ਹੋਈਆਂ ਉੱਚ ਪੱਧਰੀ ਵਿਚਾਰਾਂ
ਵਾਸ਼ਿੰਗਟਨ ਡੀ.ਸੀ. 12 ਦਸੰਬਰ (ਰਾਜ ਗੋਗਨਾ )- ਸਿੱਖਸ ਆਫ ਅਮੈਰਿਕਾ ਇਕ ਅਜਿਹੀ ਸੰਸਥਾ ਹੈ ਜੋ ਭਾਰਤੀ ਭਾਈਚਾਰੇ ਖਾਸ ਕਰ ਕੇ ਸਿੱਖ ਮਸਲਿਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਠਾਉਂਦੀ ਰਹਿੰਦੀ ਹੈ। ਇਸ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ’ ਹਮੇਸ਼ਾ ਹੀ ਅਜਿਹੇ ਕਾਰਜ ਕਰਨ ਲਈ ਤਤਪਰ ਰਹਿੰਦੇ ਹਨ। ਬੀਤੇ ਦਿਨ ਉਹਨਾਂ ਅਮਰੀਕਾ ’ਚ ਵਸਦੇ ਭਾਰਤੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਸ਼ੇਸ਼ ਤੌਰ ’ਤੇ ਵਾਸ਼ਿੰਗਟਨ ਚ’ ਸਥਿਤ ਭਾਰਤੀ ਦੂਤਾਵਾਸ ਦੇ ਰਾਜਦੂਤ ਸ਼੍ਰੀ ਵਿਨੇ ਮੋਹਨ ਕਵਾਤਰਾ ਨਾਲ ਸਿੱਖਸ ਆਫ ਅਮੈਰਿਕਾ ਦੇ ਉੱਚ ਪੱਧਰੀ ਵਫ਼ਦ ਦੀ ਅਗਵਾਈ ਕਰਦੇ ਹੋਏ ਮੁਲਾਕਾਤ ਕੀਤੀ। ਇਸ ਵਫ਼ਦ ਵਿਚ ਬਲਜਿੰਦਰ ਸਿੰਘ ਸ਼ੰਮੀ ਉਪ- ਪ੍ਰਧਾਨ, ਸੁਖਪਾਲ ਸਿੰਘ ਧਨੋਆ, ਕਮਲਜੀਤ ਸਿੰਘ ਸੋਨੀ, ਗੁਰਵਿੰਦਰ ਸਿੰਘ ਸੇਠੀ ਸ਼ਾਮਿਲ ਸਨ।
ਇਸ ਮੁਲਾਕਤ ਸਮੇਂ ਭਾਜਪਾ ਆਗੂ ਅਡਿੱਪਾ ਪ੍ਰਸਾਦ ਵੀ ਹਾਜ਼ਰ ਰਹੇ। ਇਸ ਮੌਕੇ ਜਸਦੀਪ ਸਿੰਘ ਜੱਸੀ ਨੇ ਵਿਨੇ ਮੋਹਨ ਕਵਾਤਰਾ ਦਾ ਜਿੱਥੇ ਵਧੀਆ ਸੇਵਾਵਾਂ ਲਈ ਧੰਨਵਾਦ ਕੀਤਾ ਉੱਥੇ ਭਾਰਤੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਜਾਣੂੰ ਵੀ ਕਰਵਾਇਆ ਅਤੇ ਸਿੱਖਸ ਆਫ ਅਮੈਰਿਕਾ ਦੀਆਂ ਸਮਾਜ ਸੇਵੀ ਗਤੀਵਿਧੀਆਂ ਬਾਰੇ ਦੱਸਿਆ।
ਵਿਨੇ ਮੋਹਨ ਕਵਾਤਰਾ ਸਿੱਖਸ ਆਫ਼ ਅਮੈਰਿਕਾ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਕਾਫੀ ਪ੍ਰਭਾਵਿਤ ਹੋਏ ਅਤੇ ਉਹਨਾਂ ਜੱਸੀ ਵਲੋਂ ਪ੍ਰਗਟ ਕੀਤੀਆਂ ਗਈਆਂ ਸਾਰੀਆਂ ਹੀ ਸਮੱਸਿਆਵਾਂ ਭਾਰਤ ਸਰਕਾਰ ਤੱਕ ਪਹੁੰਚਦੀਆਂ ਕਰਨ ਅਤੇ ਉਹਨਾਂ ਦਾ ਹੱਲ ਕਰਵਾਉਣ ਲਈ ਵੀ ਭਰੋਸਾ ਦਿੱਤਾ।