ਮਸ਼ਹੂਰ ਸ਼ਾਇਰ ਦੇ ਜੀਵਨ ‘ਤੇ ਚਾਨਣਾ ਪਾਇਆ
(ਹਰਜੀਤ ਲਸਾੜਾ, ਬ੍ਰਿਸਬੇਨ 27 ਨਵੰਬਰ)
ਇੱਥੇ ਪੰਜਾਬੀ ਹਿਤੈਸ਼ੀ ਸੰਸਥਾ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਮਰਹੂਮ ਡਾ. ਸੁਰਜੀਤ ਪਾਤਰ ਦੀ ਪਤਨੀ ਭੁਪਿੰਦਰ ਕੌਰ ਪਾਤਰ ਦਾ ਬ੍ਰਿਸਬੇਨ ਫੇਰੀ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਗਿਆ। ਭੁਪਿੰਦਰ ਕੌਰ ਨੇ ਕਿਹਾ ਕਿ ਸੁਰਜੀਤ ਪਾਤਰ ਸਾਬ ਜਿੱਥੇ ਮਹਾਨ ਸ਼ਾਇਰ ਸਨ, ਉੱਥੇ ਹੀ ਨਿਮਰਤਾ ਤੇ ਹਲੀਮੀ ਜਿਹੇ ਗੁਣਾਂ ਦੇ ਮਾਲਕ ਵੀ ਸਨ। ਉਨ੍ਹਾਂ ਆਪਣੀਆਂ ਲਿਖਤਾਂ ਨਾਲ ਪੰਜਾਬੀ ਬੋਲੀ ਦਾ ਮਾਣ ਵਧਾਇਆ ਅਤੇ ਤਾ-ਉਮਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਝੰਡਾਬਰਦਾਰ ਰਹੇ। ਉਨ੍ਹਾਂ ਦੇ ਤੁਰ ਜਾਣ ਨਾਲ ਪਰਿਵਾਰ ਦੇ ਨਾਲ ਨਾਲ ਪੰਜਾਬ ਅਤੇ ਦੇਸ਼ ਨੂੰ ਵੱਡਾ ਘਾਟਾ ਪਿਆ।
ਉਹਨਾਂ ਅਨੁਸਾਰ ਸੁਰਜੀਤ ਪਾਤਰ ਨੇ ਪਿੰਡ ਦੇ ਨਾਮ ਤੋਂ ਹੀ ਆਪਣਾ ਤਖੱਲਸ ‘ਪਾਤਰ’ ਰੱਖਿਆ ਸੀ। ਪਾਤਰ ਨੇ ਪਿੰਡ ਦੇ ਸਕੂਲ ਤੋਂ ਪ੍ਰਾਇਮਰੀ ਸਿੱਖਿਆ, ਖਾਲਸਾ ਹਾਈ ਸਕੂਲ ਖਹਿਰਾ ਮਝਾ ਤੋਂ ਦਸਵੀਂ, ਰਣਧੀਰ ਗੌਰਮਿੰਟ ਕਾਲਜ ਕਪੂਰਥਲਾ ਤੋਂ ਬੀਏ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐੱਮਏ ਅਤੇ ਗੁਰੂ ਨਾਨਕ ਦੇਵ ਯੂਨੀਵਰਿਸਟੀ, ਅੰਮ੍ਰਿਤਸਰ ਤੋਂ ਪੀਐੱਚਡੀ ਦੀ ਕੀਤੀ।
ਇਸ ਮੌਕੇ ਰਿਤੂ ਅਹੀਰ, ਪੰਜਾਬੀ ਹਿਤੈਸ਼ੀ ਇਕਬਾਲ ਸਿੰਘ ਧਾਮੀ, ਅੰਕੁਰ ਪਾਤਰ, ਹਰਿੰਦਰ ਸਿੰਘ ਧਾਮੀ, ਜਸਕਰਨ, ਮਨਜਿੰਦਰ ਸਿੰਘ ਧਾਮੀ, ਹਰਮਨ ਗਿੱਲ, ਰਸ਼ਪਾਲ ਹੇਅਰ ਅਤੇ ਜਗਦੀਪ ਸਿੰਘ ਗਿੱਲ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸੁਰਜੀਤ ਪਾਤਰ ਨੂੰ 2012 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। 11 ਮਈ 2024 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।