ਆਸਟ੍ਰੇਲੀਆ ‘ਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਉਤਸ਼ਾਹ ਨਾਲ ਮਨਾਇਆ

ਦੀਵਾਲੀ ਨੂੰ ਜਨਤਕ ਛੁੱਟੀ ਵਜੋਂ ਮਾਨਤਾ ਦੇਣ ਦੀ ਮੰਗ ਉੱਠੀ, ਲੀਡਰਾਂ ਵੱਲੋਂ ਸਮਰਥਨ

ਹਰਜੀਤ ਲਸਾੜਾ, ਬ੍ਰਿਸਬੇਨ 2 ਨਵੰਬਰ) ਇੱਥੇ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਹਿੰਦੂ ਸਮਾਜ ਨੇ ਮੰਦਰਾਂ ਵਿੱਚ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕੀਤੀ। ਬ੍ਰਿਸਬੇਨ ਵਿੱਚ ਗੁਰੂਦੁਆਰਾ ਸਿੰਘ ਸਭ ਟੈਗਮ, ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ ਅਤੇ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਵਿਖੇ ਸਿੱਖ ਸੰਗਤ ਨਮਸਤਕ ਹੋਈ ਅਤੇ ਵਿਸ਼ੇਸ਼ ਦੀਵਾਨ ਸਜਾਏ ਗਏ ਜਿਨ੍ਹਾਂ ਵਿੱਚ ਗੁਰਬਾਣੀ ਕੀਰਤਨ ਤੇ ਸਿੱਖ ਇਤਿਹਾਸ ਸਬੰਧੀ ਕਥਾ ਵਿਚਾਰਾਂ ਕੀਤੀਆਂ ਗਈਆਂ। ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਬੰਦੀ ਛੋੜ ਦਿਵਸ ‘ਤੇ ਗਲੈੱਨਵੁੱਡ ਸਿਡਨੀ ਦੇ ਗੁਰੂਘਰ ਪੁੱਜੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਦਸਤਾਰ ਸਜਾ ਕੇ ਸਿੱਖ ਭਾਈਚਾਰੇ ਨਾਲ ਯਾਦਗਾਰੀ ਤਸਵੀਰ ਸਾਂਝੀ ਕੀਤੀ।ਆਸਟ੍ਰੇਲੀਆ ਦੀ ਗਵਰਨਰ ਜਨਰਲ ਸਮੰਥਾ ਮੋਸਟੀਨ ਨੇ ਦੀਵਾਲੀ ਦੀ ਸ਼ੁਰੂਆਤ ਦਾ ਜਸ਼ਨ ਮਨਾ ਰਹੀ ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ ਦੇ ਨਾਲ ਕੈਨਬਰਾ ਦੇ ਸਰਕਾਰੀ ਹਾਊਸ ਵਿਖੇ ਸਵੇਰ ਦੀ ਚਾਹ ਦੀ ਮੇਜ਼ਬਾਨੀ ਕੀਤੀ। ਸਿਡਨੀ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਅਤੇ ਸਵਾਮੀ ਵਿਵੇਕਾਨੰਦ ਕਲਚਰਲ ਸੈਂਟਰ ਨੇ ਨਿਊ ਸਾਊਥ ਵੇਲਜ਼ ਦੀ ਆਰਟ ਗੈਲਰੀ ਨਾਲ ਸਾਂਝੇਦਾਰੀ ਵਿੱਚ ਦੀਵਾਲੀ ਮਨਾਈ। ਇਸ ਪ੍ਰੋਗਰਾਮ ਵਿੱਚ ਸੰਗੀਤ, ਡਾਂਸ, ਰੰਗੋਲੀ ਵਰਕਸ਼ਾਪ ਅਤੇ ਰੌਸ਼ਨੀ ਦੇ ਤਿਉਹਾਰ ਨੂੰ ਮਨਾਉਣ ਲਈ ਇੱਕ ਵਿਸ਼ੇਸ਼ ਟੂਰ ਸਮੇਤ ਵੱਖ-ਵੱਖ ਭਾਰਤੀ ਸੱਭਿਆਚਾਰਕ ਗਤੀਵਿਧੀਆਂ ਸ਼ਾਮਲ ਸਨ। ਹਿੰਦੂ ਕੌਂਸਲ ਆਫ਼ ਆਸਟ੍ਰੇਲੀਆ ਦੇ ਪ੍ਰਧਾਨ ਸਾਈ ਪਰਵਾਸਤੂ ਨੇ ਨਾਈਨ ਨਿਊਜ਼ ਨੂੰ ਦੱਸਿਆ ਕਿ ਆਸਟ੍ਰੇਲੀਆ ਵਿਚ ਲੱਖਾਂ ਭਾਰਤੀਆਂ ਨੇ ਦੀਵਾਲੀ ਮਨਾਈ।

ਫੈਡਰਲ ਲੇਬਰ ਐਮਪੀ ਐਂਡਰਿਊ ਚਾਰਲਟਨ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਦੀਵਾਲੀ ਨੂੰ ਜਨਤਕ ਛੁੱਟੀ ਵਜੋਂ ਮਾਨਤਾ ਦੇਣ ਲਈ ਰਾਜ ਅਤੇ ਖੇਤਰੀ ਸਰਕਾਰਾਂ ਦੀ ਮੰਗ ਦਾ ਸਮਰਥਨ ਕੀਤਾ ਹੈ। ਉਹਨਾਂ ਅਨੁਸਾਰ ਇਹ ਉਹ ਤਿਓਹਾਰ ਹੈ ਜਿਸ ਨੇ ਆਸਟ੍ਰੇਲੀਆ ਵਿੱਚ ਭਾਰਤੀ ਪ੍ਰਵਾਸੀ ਲੋਕਾਂ ਨੂੰ ਆਸਟ੍ਰੇਲਿਆਈ ਭਾਈਚਾਰੇ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਬਣਾਇਆ ਹੈ ਅਤੇ ਇਸ ਲਈ ਅੱਜ ਆਸਟ੍ਰੇਲਿਆਈ ਸਾਲਾਨਾ ਕੈਲੰਡਰ ਵਿੱਚ ਦੀਵਾਲੀ ਦੇ ਮਹੱਤਵ ਨੂੰ ਪਛਾਣਨ ਦਾ ਇੱਕ ਵਧੀਆ ਮੌਕਾ ਹੈ। ਦੱਸਣਯੋਗ ਹੈ ਕਿ ਆਸਟ੍ਰੇਲੀਆ ਦਾ ਭਾਰਤੀ ਭਾਈਚਾਰਾ ਹੁਣ ਦੇਸ਼ ਦੀਆਂ ਸਰਕਾਰੀ ਜਨਤਕ ਛੁੱਟੀਆਂ ਵਿੱਚ ਦਿਵਾਲੀ ਦੇ ਤਿਓਹਾਰ ਨੂੰ ਸ਼ਾਮਲ ਕਰਨ ਦੀ ਮੰਗ ਕਰ ਰਿਹਾ ਹੈ।