ਪਰਿਵਾਰਵਾਦ ਅਤੇ ਦਲ ਬਦਲੂ ਸਿਆਸਤ
ਪੰਜਾਬ ਦਾ ਦੁਖਾਂਤ ਹੀ ਸਮਝਿਆ ਜਾਣਾ ਚਾਹੀਦਾ ਹੈ ਕਿ ਪੰਜਾਬ ‘ਚ ਸਾਫ਼-ਸੁਥਰੀ, ਦਿਆਨਤਦਾਰੀ ਵਾਲੀ ਸਿਆਸਤ ਦੇ ਦਿਨ ਹੀ ਪੁੱਗ ਗਏ ਹਨ। ਪੰਜਾਬ ‘ਚ ਚੋਣ ਨਤੀਜੇ ਹਥਿਆਉਣ ਲਈ ਲਗਭਗ ਹਰੇਕ ਸਿਆਸੀ ਧਿਰ ਦਲ ਬਦਲੂ ਅਤੇ ਪਰਿਵਾਰਵਾਦ ਵਾਲੀ ਸਿਆਸਤ ਨੂੰ ਹੁਲਾਰਾ ਦੇ ਰਹੀ ਹੈ। ਮਸਲਾ ਪੰਜਾਬ ਦੇ ਮੁੱਦੇ ਮਸਲਿਆਂ ਨੂੰ ਹੱਲ ਕਰਨ ਦਾ ਨਹੀਂ, ਪੰਜਾਬ ਹਿਤੈਸ਼ੀ ਸਿਆਸਤ ਕਰਨ ਦਾ ਵੀ ਨਹੀਂ, ਮਸਲਾ ਤਾਂ ਪੰਜਾਬ ‘ਚ ਸਿਆਸੀ ਤਾਕਤ ਹਥਿਆਉਣ ਦਾ ਹੈ, ”ਅੱਥਰੇ ਪੰਜਾਬ” ਨੂੰ ਲਗਾਮ ਪਾਉਣ ਦਾ ਹੈ।
ਪੰਜਾਬ ਦੀਆਂ ਜ਼ਿਮਨੀ ਚੋਣਾਂ ਦੇ ਹਾਲਾਤ ਵਾਚ ਲਵੋ। ਚਾਰ ਸੀਟਾਂ ਗਿੱਦੜਵਾਹਾ ਅਤੇ ਬਰਨਾਲਾ (ਮਾਲਵਾ), ਡੇਰਾ ਬਾਬਾ ਨਾਨਕ (ਮਾਝਾ), ਚੱਬੇਵਾਲ (ਦੁਆਬਾ) ‘ਚ ਚੋਣਾਂ ਹਨ। ਅਜ਼ਾਦ ਉਮੀਦਵਾਰਾਂ ‘ਚ ਬਹੁਤੇ ਸਿਆਸੀ ਪਾਰਟੀਆਂ ਤੋਂ ਰੁਸੇ ਹੋਏ ਹਨ। ਚਾਰੋਂ ਸੀਟਾਂ ਉੱਤੇ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਨੇ ਜੋ 12 ਅਧਿਕਾਰਤ ਉਮੀਦਵਾਰ ਖੜੇ ਕੀਤੇ ਹਨ, ਉਹਨਾਂ ਵਿਚੋਂ 6 ਦਲ ਬਦਲੂ, 3 ਸੰਸਦ ਮੈਂਬਰਾਂ ਦੀਆਂ ਪਤਨੀਆਂ, ਬੇਟਾ ਚੋਣ ਲੜ ਰਹੇ ਹਨ। ਪਰਿਵਾਰ ਦਾ ਸ਼ਿਕਾਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਜ਼ਿਮਨੀ ਚੋਣਾਂ ‘ਚ ਮੈਦਾਨੋਂ ਭੱਜ ਤੁਰਿਆ ਹੈ। ਕਾਂਗਰਸ ਨੂੰ ਕੀ ਐਮ.ਪੀ. ਸੁਖਜਿੰਦਰ ਸਿੰਘ ਵੀ ਪਤਨੀ ਜਤਿੰਦਰ ਕੌਰ ਤੋਂ ਬਿਨਾਂ ਜਾਂ ਐਮ.ਪੀ. ਕਾਂਗਰਸ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮਿ੍ਰਤਾ ਵੜਿੰਗ ਤੋਂ ਬਿਨਾਂ ਜਾਂ ਆਮ ਆਦਮੀ ਪਾਰਟੀ ਦੇ ਐਮ.ਪੀ. ਰਾਜ ਕੁਮਾਰ ਚੱਬੇਵਾਲ ਨੂੰ ਆਪਣੇ ਪੁੱਤਰ ਤੋਂ ਬਿਨਾਂ ਪਾਰਟੀ ਵਿਚ ਚੋਣ ਲੜਨ ਲਈ ਕੋਈ ਆਮ ਉਮੀਦਵਾਰ ਜਾਂ ਨੇਤਾ ਹੀ ਨਹੀਂ ਮਿਲਿਆ ਜਾਂ ਭਾਜਪਾ ਨੂੰ ਆਪਣੇ ਸਿੱਕੇਬੰਦ ਵਰਕਰਾਂ ਵਿਚੋਂ ਕੋਈ ਚਿਹਰਾ ਪਸੰਦ ਹੀ ਨਹੀਂ ਆਇਆ ਕਿ ਉਹ ਵਿਧਾਨ ਸਭਾ ਚੋਣ ਲੜ ਸਕੇ। ਭਾਜਪਾ ਨੇ ਤਾਂ ਲਗਭਗ ਸਾਰੀਆਂ ਸੀਟਾਂ ਉੱਤੇ ਟੇਕ ਦਲ ਬਦਲੂ ‘ਤੇ ਰੱਖ ਛੱਡੀ ਹੈ। ਚੋਣਾਂ ਦੀ ਨਾਮਜਦਗੀ ਤੋਂ ਇਕ ਦਿਨ ਪਹਿਲਾਂ ਹੀ ਚੱਬੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ‘ਸੋਹਣ ਸਿੰਘ ਠੰਡਲ’ ਨੂੰ ਭਾਜਪਾ ‘ਚ ਸ਼ਾਮਲ ਕਰਕੇ ਚੋਣ ਲੜਾਈ ਜਾ ਰਹੀ ਹੈ। ਸਿਮਰਨਜੀਤ ਸਿੰਘ ਮਾਨ ਦਾ ਦੋਹਤਰਾ ਬਰਨਾਲਾ ਤੋਂ ਗੋਬਿੰਦ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਉਮੀਦਵਾਰ ਹੈ।
ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਉੱਤੇ ਅੱਖ ਟਿਕਾਈ ਬੈਠੀ ਹੈ। ਲੋਕ ਸਭਾ ਚੋਣਾਂ ‘ਚ 7 ਸੀਟਾਂ ਜਿੱਤ ਕੇ ਉਤਸ਼ਾਹਿਤ ਹੈ। ਪਾਰਟੀ ‘ਚ ਸਿਰੇ ਦੀ ਧੜੇਬੰਦੀ ਹੈ। ਪਰ ਫਿਰ ਵੀ ਸਰਕਾਰੀ ਧਿਰ ਦੇ ਵਿਰੋਧ ਵਿਚ ਖੜੀ ਕਾਂਗਰਸ ਆਪਣੀ ਕਾਰਗੁਜ਼ਾਰੀ ਨੂੰ ਸੁਧਾਰਨ ਦੇ ਯਤਨ ਵਿਚ ਹੈ। ਪਰ ਕਾਂਗਰਸ ਦੀ ਹਾਈਕਮਾਂਡ ਜੋ ਸਾਫ਼-ਸੁਥਰੀ ਸਿਆਸਤ ਕਰਨ ਦਾ ਦਾਅਵਾ ਕਰਦੀ ਹੈ, ਉਹ ਪਰਿਵਾਰਵਾਦ ਉੱਤੇ ਟੇਕ ਰੱਖ ਕੇ ਚੋਣਾਂ ਜਿੱਤਣ ਲਈ ਆਪਣੇ ਸੂਬਾ ਪ੍ਰਧਾਨ ਰਾਜਾ ਵੜਿੰਗ ਜੋ ਪਹਿਲਾ ਵਿਧਾਨ ਸਭਾ ਮੈਂਬਰ ਸੀ ਤੇ ਫਿਰ ਐਮ.ਪੀ. ਚੁਣਿਆ ਗਿਆ, ਉਸ ਦੀ ਪਤਨੀ ਨੂੰ ਹੀ ਵਿਧਾਨ ਸਭਾ ਦੀ ਟਿਕਟ ਦੇਣ ਲਈ ਮਜਬੂਰ ਹੈ, ਇਹੋ ਹਾਲ ਐਮ.ਪੀ. ਸੁਖਜਿੰਦਰ ਸਿੰਘ ਰੰਧਾਵਾ ਦਾ ਹੈ, ਜਿਸ ਦੀ ਪਤਨੀ ਨੂੰ ਡੇਰਾ ਬਾਬਾ ਨਾਨਕ ਤੋਂ ਟਿਕਟ ਮਿਲੀ ਹੈ। ਕੀ ਹਾਈ ਕਮਾਂਡ ਆਮ ਵਰਕਰਾਂ ‘ਤੇ ਭਰੋਸਾ ਨਹੀਂ ਕਰ ਰਹੀ? ਕੀ ਉਸ ਦੇ ਮਨ ‘ਚ ਆਪਣੇ ਨੇਤਾਵਾਂ ਦੀ ਦਲ ਬਦਲੀ ਦਾ ਡਰ ਹੈ, ਜੋ ਪਰਿਵਾਰਾਂ ਵਿਚੋਂ ਹੀ ਟਿਕਟਾਂ ਦੀ ਚੋਣ ਕਰ ਰਹੀ ਹੈ।
ਆਮ ਆਦਮੀ ਪਾਰਟੀ ਹੁਣ ਆਮ ਲੋਕਾਂ ਦੀ ਪਾਰਟੀ ਨਹੀਂ ਰਹੀ। ਖਾਸਮ-ਖਾਸ ਪਾਰਟੀ ਬਣ ਚੁੱਕੀ ਜਾਪਦੀ ਹੈ। ਇਸ ਪਾਰਟੀ ‘ਚ ਕਲਾ ਕਲੇਸ਼ ਕਾਫੀ ਹੱਦ ਤੱਕ ਵੱਧ ਚੁੱਕਾ ਹੈ। ਮੌਜੂਦਾ ਮੁੱਖ ਮੰਤਰੀ ਉੱਤੇ ਦਿੱਲੀ ਦੀ ਹਾਈ ਕਮਾਂਡ ਭਰੋਸਾ ਨਹੀਂ ਕਰ ਰਹੀ। ਉਮੀਦਵਾਰਾਂ ਦੀ ਚੋਣ ਉਪਰੋਂ ਹੁੰਦੀ ਹੈ। ਆਮ ਆਦਮੀ ਪਾਰਟੀ ਦਾ ਕਾਡਰ ਨਿਰਾਸ਼ਤਾ ਦੇ ਆਲਮ ‘ਚ ਹੈ। ਫਿਰ ਵੀ ਪਾਰਟੀ, ਸਰਕਾਰੀ ਸਹਾਇਤਾ ਨਾਲ ਹਰ ਹਰਬਾ ਵਰਤ ਕੇ ਚਾਰੋਂ ਸੀਟਾਂ ਉੱਤੇ ਕਬਜ਼ਾ ਜਮਾਉਣਾ ਚਾਹੁੰਦੀ ਹੈ। ਜਿਸ ਢੰਗ ਨਾਲ ਜਲੰਧਰ ਵੈਸਟ ਜ਼ਿਮਨੀ ਵਿਧਾਨ ਸਭਾ ਚੋਣ ਵੇਲੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਸਾਮ-ਦਾਮ-ਦੰਡ ਦੀ ਵਰਤੋਂ ਕਰਕੇ ਸੀਟ ਹਥਿਆਈ ਸੀ, ਉਸ ਕਿਸਮ ਦਾ ਮਾਹੌਲ ਸ਼ਾਇਦ ਇਹਦਾ 4 ਜ਼ਿਮਨੀ ਚੋਣਾਂ ‘ਚ ਨਾ ਬਣ ਸਕੇ। ਪਰ ਭਗਵੰਤ ਸਿੰਘ ਮਾਨ ਆਪਣੀ ਐਮ.ਪੀ. ਚੋਣ ਵੇਲੇ ਹੋਈ ਹਾਰ ਨੂੰ ਕੁਝ ਹੱਦ ਤੱਕ ਜਿੱਤ ‘ਚ ਬਦਲਣ ਲਈ ਯਤਨ ਜ਼ਰੂਰ ਕਰੇਗਾ, ਭਾਵੇਂ ਕਿ ਇਸ ਗੱਲ ਦਾ ਖਦਸ਼ਾ ਹੈ ਕਿ ਮੁੱਖ ਮੰਤਰੀ ਵਿਰੋਧੀ ਲਾਬੀ ਉਸ ਨੂੰ ਠਿੱਡੀ ਲਾਉਣ ਦੇ ਯਤਨਾਂ ‘ਚ ਹੈ ਤਾਂ ਕਿ ਉਹਨਾ ਤੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਮੰਗਿਆ ਜਾ ਸਕੇ। ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣ ‘ਚ ਪਾਰਟੀ ‘ਚ ਬਾਹਰੋਂ ਆਏ ਲੋਕਾਂ ਨੂੰ ਟਿਕਟਾਂ ਤਾਂ ਦਿੱਤੀਆਂ ਹੀ ਹਨ। ਰਾਜ ਕੁਮਾਰ ਚੱਬੇਵਾਲ ਐਮ.ਪੀ. ਹੁਸ਼ਿਆਰਪੁਰ ਦੇ ਬੇਟੇ ਇਸ਼ਾਂਤ ਚੱਬੇਵਾਲ ਨੂੰ ਟਿਕਟ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਪਰਿਵਾਰਵਾਦ ਨੂੰ ਗਲਤ ਨਹੀਂ ਸਮਝਦੀ। ਚੋਣ ਜਿੱਤਣ ਲਈ ”ਬਾਹਰੋਂ ਆਇਆਂ ਦਾ ਤਾਂ ਸਵਾਗਤ ਹੀ ਹੈ, ਪਰਿਵਾਰ ਦੇ ਮੈਂਬਰਾਂ ਦੀ ਪੁਸ਼ਤਪਨਾਹੀ ਵੀ ਗਲਤ ਨਹੀਂ ਹੈ।”
ਭਾਜਪਾ ਤਾਂ ਪਿਛਲੇ ਲੰਮੇ ਸਮੇਂ ਤੋਂ ਢੇਰਾਂ ਦੇ ਢੇਰ ਨੇਤਾਵਾਂ ਨੂੰ ਆਪਣੇ ਪਾਰਟੀ ‘ਚ ਢੋਅ ਰਹੀ ਹੈ। ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ, ਭਾਜਪਾ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਅਤੇ ਅਨੇਕਾਂ ਸਾਬਕਾ ਮੰਤਰੀ, ਵਿਧਾਨ ਥੋਕ ਦੇ ਭਾਅ ਭਾਜਪਾ ਵਿਚ ਸ਼ਾਮਲ ਕੀਤੇ ਹੋਏ ਹਨ ਅਤੇ ਉਹਨਾਂ ਨੂੰ ਹੀ ਚੋਣਾਂ ‘ਚ ਅੱਗੇ ਕੀਤਾ ਜਾ ਰਿਹਾ ਹੈ। ਪਰਿਵਾਰਵਾਦ ਦਾ ਵਿਰੋਧ ਕਰਨ ਵਾਲੀ ਭਾਜਪਾ ਆਖ਼ਿਰ ਪੰਜਾਬ ‘ਚ ਦੋਹਰੇ ਮਾਪਦੰਡ ਕਿਉਂ ਅਪਨਾ ਰਹੀ ਹੈ? ਉਸ ਨੂੰ ਐਮ.ਪੀ. ਚੋਣ ਵੇਲੇ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਦੇ ਪਰਿਵਾਰ ਵਿਚੋਂ ਉਹਨਾਂ ਦੀ ਪਤਨੀ ਪ੍ਰਨੀਤ ਕੌਰ ਹੀ ਚੋਣ ਲੜਨ ਲਈ ਕਿਉਂ ਦਿਸਦੀ ਹੈ? ਹੁਸ਼ਿਆਰਪੁਰ ਤੋਂ ਐਮ.ਪੀ. ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਹੀ ਕਿਉਂ ਚੋਣ ਲੜਾਈ ਜਾਂਦੀ ਹੈ। ਪਾਰਟੀ ਦੇ ਸਿੱਕੇਬੰਦ ਵਰਕਰਾਂ ਦੀ ਥਾਂ ”ਅਕਾਲੀ ਠੰਡਲ” ਹੀ ਚੱਬੇਵਾਲ ਤੋਂ ਉਮੀਦਵਾਰ ਕਿਉਂ ਹੈ? ਬਰਨਾਲੇ ਤੋਂ ਕੇਵਲ ਸਿੰਘ ਢਿੱਲੋਂ ਹੀ ਪਾਰਟੀ ਦੀ ਪਹਿਲ ਕਿਉਂ ਹੈ, ਜੋ ਕਦੇ ਕਾਂਗਰਸ ਦਾ ਧੁਰਾ ਗਿਣਿਆ ਜਾਂਦਾ ਸੀ।
ਅਸਲ ਵਿਚ ਭਾਜਪਾ ‘ਪੰਜਾਬ’ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ। ਪੰਜਾਬ ਦੇ ਲੋਕਾਂ ਦੀ, ਜੋ ਜੁਝਾਰੂ ਹਨ, ਦੀ ਸੋਚ ਖੁੰਡੀ ਕਰਨਾ ਚਾਹੁੰਦੀ ਹੈ। ਤਾਂ ਕਿ ਪੂਰੇ ਦੇਸ਼ ਉੱਤੇ ਆਰਾਮ ਨਾਲ ਰਾਜ ਕਰ ਸਕੇ। ਪੰਜਾਬ ਵਿਚ ਉਹਦੀ ਇਸ ਆਸ ਦੀ ਪੂਰਤੀ ਉਸ ਦਾ ਪੁਰਾਣਾ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬ) ਪੂਰੀ ਕਰ ਰਿਹਾ ਹੈ। ਜਿਸ ਨੇ ਇਸ ਵੇਲੇ ਆਪਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦਿੱਤੇ ਜਾਣ ਉਪਰੰਤ ਪੈਦਾ ਹੋਈ ਹਾਲਾਤ ਦੇ ਮੱਦੇਨਜ਼ਰ ਜ਼ਿਮਨੀ ਚੋਣਾਂ ਦਾ ਬਾਈਕਾਟ ਹੀ ਕਰ ਦਿੱਤਾ ਹੈ। ਜਿਸ ਦਾ ਸਿੱਧਾ ਲਾਭ ਭਾਜਪਾ ਉਠਾਉਣਾ ਚਾਹ ਰਹੀ ਹੈ। ਯਾਦ ਰਹੇ ਐਮ.ਪੀ. ਚੋਣਾਂ ਵੇਲੇ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ‘ਤੇ ਸੀ। ਤਾਂ ਫਿਰ ਇਹ ਜਿੱਤਣ ਵਾਲੀਆਂ ਸੀਟਾਂ ਕਿਉਂ ਛੱਡੀਆਂ ਜਾ ਰਹੀਆਂ ਹਨ?
ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੋ ਪਰਿਵਾਰਵਾਦ ਦਾ ਸ਼ਿਕਾਰ ਹੋਈ ਹੈ, ਉਸ ਦੇ ਨੇਤਾ ਸੁਖਬੀਰ ਸਿੰਘ ਬਾਦਲ ਦੀ ਇਸ ਅੜੀ ਕਿ ਉਹ ਹੀ ਪ੍ਰਧਾਨ ਵਜੋਂ ਪਾਰਟੀ ‘ਚ ਵਿਚਰਨਗੇ, ਨੇ ਅਕਾਲੀ ਸਫ਼ਾ ‘ਚ ਧੜੇਬੰਦੀ ਤਾਂ ਪੈਦਾ ਕੀਤੀ ਹੀ ਹੈ, ਵਿਧਾਨ ਸਭਾ ਚੋਣਾਂ ‘ਚ ਮੈਦਾਨ ਛੱਡਣ ਕਾਰਨ ਵਰਕਰਾਂ ‘ਚ ਮਾਯੂਸੀ ਵੀ ਪੈਦਾ ਕੀਤੀ ਹੈ। ਚਾਹੇ ਇਹਨਾ ਹਲਕਿਆਂ ਦੇ ਪੱਕੇ ਅਕਾਲੀ ਵੋਟਰ ਚੋਣ ਲੜ ਰਹੀਆਂ ਸਿਆਸੀ ਪਾਰਟੀਆਂ ਦੇ ਪਾਲੇ ‘ਚ ਜਾਣ ਦੀ ਤਿਆਰੀ ‘ਚ ਹਨ। ਸਭ ਤੋਂ ਮਜ਼ਬੂਤ ਰਹਿ ਰਹੀ ਖੇਤਰੀ ਪਾਰਟੀ ਅਕਾਲੀ ਦਲ (ਬ) ਦਾ ਭਵਿੱਖ ਪਰਿਵਾਰਵਾਦ ਦੀ ਭੇਟ ਚੜ ਗਿਆ ਹੈ ਅਤੇ ਇਸ ਦੇ ਭਵਿੱਖ ਵਿਚ ਹਾਸ਼ੀਏ ‘ਚ ਜਾਣ ਦੇ ਆਸਾਰ ਹਨ। ਪਿਛਲੀ ਲੋਕ ਸਭਾ ਚੋਣਾਂ ‘ਚ ਇਸ ਪਾਰਟੀ ਨੇ 13ਫੀਸਦੀ ਵੋਟਾਂ ਹਾਸਲ ਕੀਤੀਆਂ ਸਨ। ਉਹ ਵੋਟਰ ਕਿਧਰ ਜਾਣਗੇ? ਕੀ ਆਪਣੇ ਪੁਰਾਣੇ ਭਾਈਵਾਲ ਭਾਜਪਾ ਨੂੰ ਭੁਗਤਣਗੇ ਜਾਂ ਕੋਈ ਹੋਰ ਰਾਹ ਅਖਤਿਆਰ ਕਰਨਗੇ? ਕੀ ਜਦੋਂ 2027 ‘ਚ ਸ਼੍ਰੋਮਣੀ ਅਕਾਲੀ ਦਲ (ਬ) ਮੁੜ ਚੋਣਾਂ ਲੜੇਗਾ ਤਾਂ ਇਹ ਪਾਰਟੀ ਵਰਕਰ ਕੀ ਮੁੜ ਅਕਾਲੀ ਦਲ (ਬ) ਦੀ ਸਫ਼ਾ ‘ਚ ਪਰਤਨਗੇ? ਅਸਲ ‘ਚ ਇਹ ਸਭ ਕੁਝ ਬਾਦਲ ਪਰਿਵਾਰ ਦੀ ਹੋਂਦ ਨੂੰ ਬਚਾਉਣ ਦੀ ਕੀਮਤ ਉੱਤੇ ਕੀਤਾ ਜਾ ਰਿਹਾ ਹੈ, ਜੋ ਪਾਰਟੀ ਲਈ ਵੱਡਾ ਨੁਕਸਾਨ ਸਾਬਤ ਹੋਏਗਾ। ਐਮ.ਪੀ. ਚੋਣਾਂ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਗਿੱਦੜਬਾਹਾ ‘ਚ 49053, ਬਰਨਾਲਾ ‘ਚ 26990, ਚੱਬੇਵਾਲ ‘ਚ 19229, ਡੇਰਾ ਬਾਬਾ ਨਾਨਕ ‘ਚ 50089 ਵੋਟਾਂ ਭਾਵ ਕੁਲ 80 ਹਜ਼ਾਰ ਦੇ ਕਰੀਬ ਦੋਹਾਂ ਹਲਕਿਆਂ ‘ਚ ਮਿਲੀਆਂ ਸਨ। ਕੀ ਇਹ ਵੋਟਾਂ ਪਰਿਵਾਰਵਾਦ ਦੀ ਭੇਟ ਨਹੀਂ ਚੜਨਗੀਆਂ ਜਦੋਂ ਅਕਾਲੀ ਦਲ ਆਰਾਮ ਕਰਨ ਲਈ ਚੋਣਾਂ ਤੋਂ ਪਿੱਛੇ ਹੱਟ ਕੇ ਬੈਠ ਗਿਆ ਹੈ? ਇਕ ਸਵਾਲ ਇਹ ਵੀ ਸਿਆਸੀ ਹਲਕਿਆਂ ‘ਚ ਉੱਠਦਾ ਹੈ ਕਿ ਕੀ ਇਹ ਅੰਦਰੋਗਤੀ ਭਾਜਪਾ ਨਾਲ ਪੁਰਾਣੀ ਭਾਈਵਾਲੀ ਪੁਗਾਉਣ ਦਾ ਯਤਨ ਤਾਂ ਨਹੀਂ ਹੈ?
ਆਓ ਜਾਂਦੇ-ਜਾਂਦੇ ਇਕ ਝਾਤ ਪੰਜਾਬ ਦੇ ਇਹਨਾਂ ਚਾਰੇ ਵਿਧਾਨ ਸਭਾ ਹਲਕਿਆਂ ‘ਚ ਖੜੇ ਉਮੀਦਵਾਰਾਂ ਦੀ ਅਮੀਰੀ ਉੱਤੇ ਮਾਰੀਏ। ਭਾਜਪਾ ਦੇ ਉਮੀਦਵਾਰ ਇਹਨਾਂ ਜ਼ਿਮਨੀ ਚੋਣਾਂ ‘ਚ ਸਭ ਤੋਂ ਵੱਧ ਅਮੀਰ ਹਨ। ਇਹਨਾਂ ਚੋਣਾਂ ‘ਚ 60 ਉਮੀਦਵਾਰ ਹਨ। ਭਾਜਪਾ ਦਾ ਰਵੀਕਰਨ ਕਾਹਲੋਂ (ਦਲ ਬਦਲੂ), ਮਨਪ੍ਰੀਤ ਸਿੰਘ ਬਾਦਲ (ਦਲ ਬਦਲੂ), ਆਮ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿਲੋਂ (ਦਲ ਬਦਲੂ), ਕੇਵਲ ਸਿੰਘ ਢਿੱਲੋਂ (ਦਲ ਬਦਲੂ) ਸਭ ਤੋਂ ਅਮੀਰ ਉਮੀਦਵਾਰ ਹਨ। ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ, ਰਾਜਾ ਵੜਿੰਗ ਦੀ ਪਤਨੀ ਅੰਮਿ੍ਰਤਾ ਵੜਿੰਗ ਅਮੀਰ ਉਮੀਦਵਾਰਾਂ ‘ਚ ਸ਼ਾਮਲ ਹਨ। ਜਿਹੜੇ ਵੀ ਦਲ-ਬਦਲੂ ਜਾਂ ਪਰਿਵਾਰਕ ਮੈਂਬਰ ਇਹਨਾਂ ਚੋਣਾਂ ‘ਚ ਵਿਧਾਨ ਸਭਾ ਚੋਣ ਹਲਕਿਆਂ ‘ਚ ਜਿੱਤਣਗੇ, ਉਹ ਕੀ ਆਪੋ-ਆਪਣੀ ਪਾਰਟੀ ਦੀਆਂ ਨੀਤੀਆਂ ‘ਤੇ ਪਹਿਰਾ ਦੇਣਗੇ ਜਾਂ ਆਪਣੇ ਹਿੱਤਾਂ ਦੀ ਪੂਰਤੀ ਕਰਨਗੇ? ਜਾਂ ਕੀ ਉਹ ਔਖਿਆਈਆਂ ਨਾਲ ਜੂਝ ਰਹੇ ਪੰਜਾਬ ਦੀ ਬਾਂਹ ਫੜਨਗੇ ਜਾਂ ਫਿਰ ਰਾਸ਼ਟਰੀ ਪੰਜਾਬ ਉਜਾੜੂ ਨੀਤੀਆਂ ਦਾ ਸਾਥ ਦੇਣਗੇ।
ਪੰਜਾਬ ਦਾ ਕਿਸਾਨ ਸੜਕਾਂ ਤੇ ਹੈ। ਪ੍ਰਮੁੱਖ ਸੜਕਾਂ ‘ਤੇ ਪੱਕੇ ਮੋਰਚੇ ਲੱਗੇ ਹੋਏ ਹਨ। ਕਿਸਾਨ ਦਾ ਝੋਨਾ ਰੁਲ ਰਿਹਾ ਹੈ। ਕਿਸਾਨ ਪ੍ਰਤੀ ਕੁਇੰਟਲ 100 ਤੋਂ ਲੈ ਕੇ 200 ਮਣ ਤੱਕ ਝੋਨਾ ਘੱਟ ਰੇਟ ਤੇ ਵੇਚਣ ਲਈ ਮਜਬੂਰ ਹਨ। ਸਰਕਾਰਾਂ ਉਪਰਲੀ, ਹੇਠਲੀ ਆਪੋ-ਆਪਣੀਆਂ ਗੋਟੀਆਂ ਖੇਡ ਰਹੀਆਂ ਹਨ। ਮਸਲਿਆਂ ਦਾ ਹੱਲ ਨਹੀਂ ਕਰ ਰਹੀਆਂ। ਪੰਜਾਬ ਗੰਭੀਰ ਸੰਕਟ ਵੱਲ ਵੱਧ ਰਿਹਾ ਹੈ। ਇਹੋ ਜਿਹੇ ਸਮੇਂ ਜ਼ਿਮਨੀ ਚੋਣਾਂ ਪੰਜਾਬ ਦੇ ਲੋਕਾਂ ਲਈ ਬਿਲਕੁਲ ਉਵੇਂ ਹੀ ਠੋਸੀਆਂ ਗਈਆਂ ਜਾਪਦੀਆਂ ਹਨ, ਜਿਵੇਂ ”ਝੋਨੇ ਦੇ ਸੀਜ਼ਨ” ਵਿਚ ਪੰਚਾਇਤ ਚੋਣਾਂ ਠੋਸੀਆਂ ਗਈਆਂ ਸਨ ਤੇ ਜਿਹੜੀਆਂ ਪੰਜਾਬ ਦੇ ਪਿੰਡਾਂ ‘ਚ ਸਥਾਨਕ ਸਰਕਾਰਾਂ ਚੁਣਨ ਦੀ ਥਾਂ ‘ਧਨਾਢਾਂ’ ਵੱਲੋਂ ਪੈਸੇ ਦੀ ਵਰਤੋਂ, ਧੌਂਸ ਧੱਕੇ ਨਾਲ ਚੋਣਾਂ ਜਿੱਤਣ ਦਾ ਸਾਧਨ ਬਣੀਆਂ। ਬਿਲਕੁਲ ਇਹੀ ਹਾਲ ਪੰਜਾਬ ‘ਚ ਜ਼ਿਮਨੀ ਚੋਣਾਂ ‘ਚ ਵੇਖਣ ਨੂੰ ਮਿਲਦਾ ਦਿੱਸਦਾ ਹੈ।
ਪਰਿਵਾਰਵਾਦ ਦੀਆਂ ਜੜਾਂ ਪੰਜਾਬ ‘ਚ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ। ਕੁਝ ਪਰਿਵਾਰ ਆਪਣੇ ਹਿੱਤਾਂ ਦੀ ਪੂਰਤੀ ਲਈ ਅਤੇ ਬਾਲਕਿਆਂ, ਬਾਲਕੀਆਂ ਨੂੰ ਸਿਆਸਤ ਵਿਚ ਪੇਸ਼ੇ ਵਜੋਂ ਲਿਆਉਣ ਲਈ ਪੱਬਾਂ ਭਾਰ ਹਨ। ਕਿਉਂਕਿ ਪੰਜਾਬ ‘ਚ ਵੀ ਹੁਣ ਸਿਆਸਤ ਪੈਸੇ ਤੇ ਤਾਕਤ ਦੀ ਖੇਡ ਹੈ। ਕੋਈ ਐਮ.ਪੀ. ਜਾਂ ਐਮ.ਐਲ.ਏ. ਬਣਿਆ ਵਿਅਕਤੀ, ਆਪਣੇ ਰਿਟਾਇਰ ਹੋਣ ਤੇ ਜਾਂ ਉੱਚ ਅਹੁਦੇ ‘ਤੇ ਜਾਣ ‘ਤੇ ਆਪਣੇ ਕੁੰਨਬੇ ਵਿਚੋਂ ਹੀ ਕਿਸੇ ਨੂੰ ਅੱਗੇ ਲਿਆਉਂਦਾ ਹੈ। ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ ਕੈਪਟਨ ਤਾਂ ਹੁਣ ਦੇ ਸਮੇਂ ਦੀਆਂ ਵੱਡੀਆਂ ਉਦਾਹਰਨਾਂ ਹਨ, ਪਰ ਛੋਟੇ ਨੇਤਾ ਵੀ ਘੱਟ ਨਹੀਂ। ਇਹ ਵਰਤਾਰਾ ਪਹਿਲਾਂ ਕੁਝ ਪਾਰਟੀਆਂ ਵਿਚ ਸੀ, ਪਰ ਹੁਣ ਇਹ ਲਗਭਗ ਸਭ ਪਾਰਟੀਆਂ ‘ਚ ਹੈ। ਆਪਣੀ ਕੁਰਸੀ ਕਾਇਮ ਰੱਖਣ ਲਈ ਆਪਣੀ ਪਾਰਟੀ ‘ਚ ਵਿਰੋਧੀਆਂ ਨੂੰ ਖੂੰਜੇ ਜਾਂ ਖੁੱਡੇ ਲਾਉਣ ਦਾ ਵਰਤਾਰਾ ਅਮਰਿੰਦਰ ਸਿੰਘ ਵੇਲੇ ਵੀ ਵੇਖਣ ਨੂੰ ਮਿਲਿਆ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਆਪਣੇ ਵਿਰੋਧੀ ਚੁਣ-ਚੁਣ ਕੇ ਪੰਥਕ ਪਾਰਟੀ ਸਫ਼ਾਂ ‘ਚੋਂ ਕੱਢ ਦਿੱਤੇ। ਗੁਰਚਰਨ ਸਿੰਘ ਟੋਹੜਾ, ਜਗਦੇਵ ਸਿੰਘ ਤਲਵੰਡੀ ਆਦਿ ਉਦਾਹਰਨਾਂ ਹਨ। ਇਸ ਗੱਲ ‘ਤੇ ਮੌਜੂਦਾ ਪੰਜਾਬ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਵੀ ਘੱਟ ਨਹੀਂ ਕੀਤੀ। ਸੁੱਚਾ ਸਿੰਘ ਛੋਟੇਪੁਰ, ਕਲਾਕਾਰ ਘੁੱਗੀ, ਸੁਖਪਾਲ ਖਹਿਰਾ ਤੇ ਅੱਧੀ ਦਰਜਨ ਤੋਂ ਵੱਧ ਉਦਾਹਰਨਾਂ ਆਮ ਆਦਮੀ ਪਾਰਟੀ ‘ਚ ਵੀ ਹਨ। ਇਹਨਾਂ ਨੇਤਾਵਾਂ ਦੇ ਪਾਰਟੀਆਂ ‘ਚੋਂ ਰੁਖਸਤ ਹੋਣ ਨਾਲ ਪੰਜਾਬ ਹਿਤੈਸ਼ੀ ਲੋਕਾਂ ਵਿਚੋਂ ਬਹੁਤਿਆਂ ਨੂੰ ਸਿਆਸਤ ਤੋਂ ਕਿਨਾਰਾ ਕਰਨਾ ਪਿਆ। ਜ਼ਿਮਨੀ ਚੋਣਾਂ ‘ਚ ਜਿੱਤ ਭਾਵੇਂ ਪਰਿਵਾਰਵਾਦ ਨੂੰ ਉਤਸ਼ਾਹਤ ਕਰਨ ਵਾਲਿਆਂ ਦੀ ਹੋ ਜਾਵੇ ਜਾਂ ਦਲ ਬਦਲੂਆਂ ਦੀ, ਪਰ ਪੰਜਾਬ ਦੇ ਸੂਝਵਾਨ ਵੋਟਰ ਪਰਿਵਾਰਵਾਦ ਅਤੇ ਦਲ ਬਦਲੂ ਸਿਆਸਤ ਕਰਨ ਵਾਲੇ ਲੋਕਾਂ ਦੇ ਵਿਰੋਧ ਵਿਚ ਖੜੇ ਦਿੱਸਣਗੇ। ਉਵੇਂ ਹੀ ਜਿਵੇਂ ਪੰਜਾਬ ਦੇ ਲੋਕਾਂ ਨੇ ਬਾਦਲ ਪਰਿਵਾਰ ਦੀ ਪਰਿਵਾਰਵਾਦ ਸਿਆਸਤ ਨੂੰ ਨਕਾਰਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਦਲ ਬਦਲੂ ਸਿਆਸਤ ਨੂੰ ਸਬਕ ਸਿਖਾਇਆ ਹੈ। ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ, ਇਕ ਵਾਰ ਵਜ਼ੀਰ, ਦੋ ਵਾਰ ਐਮ.ਪੀ. ਅਤੇ ਸੱਤ ਵੇਰ ਦੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਜੋ ਉੱਘੇ ਕਾਂਗਰਸੀ ਨੇਤਾ ਸਨ, ਭਾਜਪਾ ਵਾਲੇ ਪਾਸੇ ਚਲੇ ਗਏ ਹਨ, ਵੱਲੋਂ ਇਕ ਅਖ਼ਬਾਰ ਨੂੰ ਦਿੱਤਾ ”ਸਿਆਸੀ ਹਾਉਕਾ” ਸਮਝਣ ਵਾਲਾ ਹੈ, ਜਿਸ ‘ਚ ਉਹਨਾਂ ਭਾਜਪਾ ਤੇ ਗਿਲਾ ਕੀਤਾ ਹੈ ਕਿ ਕਿਸੇ ਵੀ ਮਾਮਲੇ ਵਿਚ ਭਾਜਪਾ ਉਹਨਾਂ ਦੀ ਸਲਾਹ ਨਹੀਂ ਲੈਂਦੀ।
ਦਲ ਬਦਲੂ ਸਿਆਸਤ ਨੇ ਤਾਂ ਸਾਰੀਆਂ ਪਾਰਟੀਆਂ ਦੇ ਆਮ ਵਰਕਰਾਂ ਦਾ ਮਨੋਬਲ ਡੇਗਿਆ ਹੈ। ਪਰ ਪੈਰਾਸ਼ੂਟ ਰਾਹੀਂ ਆਏ ਨੇਤਾਵਾਂ ਵਿਚੋਂ ਬਹੁਤਿਆਂ ਨੂੰ ਪਾਰਟੀਆਂ ਦੇ ਸਿੱਕੇਬੰਦ ਨੇਤਾਵਾਂ/ਵਰਕਰਾਂ ਪ੍ਰਵਾਨ ਨਹੀਂ ਕੀਤਾ, ਪ੍ਰਧਾਨ ਭਾਜਪਾ ਸੁਨੀਲ ਜਾਖੜ ਵੱਡੀ ਉਦਾਹਰਨ ਹੈ। ਪਰ ਕੁਝ ਇਕ ਨੇਤਾਵਾਂ ਦੀਆਂ ਬਹੁਤੀਆਂ ਪਾਰਟੀਆਂ ‘ਚ ਪੈਸੇ ਦੇ ਜ਼ੋਰ ਅਤੇ ਉਪਰਲੇ ਕੁਨੈਕਸ਼ਨਾਂ ਨਾਲ ਦਲ ਬਦਲੂਆਂ ਦੀ ਤੂਤੀ ਬੋਲਦੀ ਹੈ।
ਪਰ ਇਹ ਇੱਕ ਵੱਡੀ ਸੱਚਾਈ ਹੈ ਕਿ ਸਮਾਂ ਆਉਣ ਤੇ ਪੰਜਾਬ ਹਿਤੈਸ਼ੀ ਸੋਚ ਵਾਲੇ ਲੋਕ ਹੀ ਸਿਆਸਤ ਅਤੇ ਸੇਵਾ ਵਿਚ ਅੱਗੇ ਆਉਣਗੇ ਤੇ ਪੰਜਾਬ ਦਾ ਭਵਿੱਖ ਸੁਧਾਰਨਗੇ, ਇਹੋ ਪੰਜਾਬ ਦੇ ਲੋਕਾਂ ਦੀ ਉਮੀਦ ਅਤੇ ਆਸ਼ਾ ਬਨਣਗੇ।
-ਗੁਰਮੀਤ ਸਿੰਘ ਪਲਾਹੀ
-ਮੋ. 98158-02070