ਪੰਚਾਇਤੀ ਚੋਣਾਂ ਦੇ ਸਾਰੇ ਚਾਸਕੂਆਂ ਲਈ ਸਤ ਸ਼੍ਰੀ ਅਕਾਲ। ਅਸੀਂ ਏਥੇ ਢੋਲ ਵਜਾ ਕੇ ਚੋਣਾਂ ਦਾ ਮੇਲਾ ਮਨਾ ਲਿਆ ਹੈ। ਤੁਹਾਡੀਆਂ ਚੋਣਾਂ ਦੇ ਰੰਗ-ਢੰਗ ਜ਼ਰੂਰ ਘੱਲਣੇ। ਅੱਗੇ ਸਮਾਚਾਰ ਇਹ ਹੈ ਕਿ ਕਈ ਦਿਨਾਂ ਤੋਂ ਅਸੀਂ, ਵਿਆਹ ਵਰਗੇ ਮਾਹੌਲ ਵਿੱਚ, ਝੋਨੇ ਨਾਲੋਂ ਵੀ ਜਿਆਦਾ ਰੁੱਝੇ ਸਾਂ। ਉੱਤੋਂ ਸਰਕਾਰ ਨੇ ਵੀ ਫਸਲ ਨਾ ਖਰੀਦ ਕੇ ਵੇਹਲੇ ਕੀਤਾ ਸੀ। ਅਦਾਲਤੀ-ਪਰਚੇ ਵੀ ਹੋਏ ਪਰ ਐਨ ਮੌਕੇ ਉੱਤੇ ਵੱਡੀ ਕਚਹਿਰੀ ਨੇ ਵੋਟਾਂ ਲਈ ਹਰੀ ਝੰਡੀ ਵਿਖਾ ਦਿੱਤੀ। ਲਾਹਣ ਦੀਆਂ ਭੱਠੀਆਂ, ਨੋਟਾਂ ਦੀਆਂ ਗੁੱਟੀਆਂ ਅਤੇ ਹਰ ਪਾਸੇ ਛੁੱਟੀਆਂ ਨੇ ਕੇਰਾਂ ਤਾਂ ਬਾਕੀ ਸਭ ਕੁੱਝ ਭੁਲਾ ਦਿੱਤਾ। ਆਪਣੇ ਪਿੰਡ ਚਾਰ ਸਰਪੰਚ ਅਤੇ ਉਨੱਤੀ ਜਣੇ ਮੈਂਬਰੀ ਲਈ ਖੜੇ ਸਨ। ਮੈਂ ਆਖਿਆ ਸੀ, ‘ਪਿੰਡ ਵੱਡਾ ਹੋ ਗਿਐ, ਦੋ ਪੰਚਾਇਤਾਂ ਕਰ ਲੋ
, ਪਰ ਕੌਣ ਮੰਨੇ ਭਾਈ। ਖ਼ੈਰ! ਵੋਟਾਂ ਦੀ ਪਹਿਲੀ ਰਾਤ ਸਾਰਿਆਂ ਨੇ ਦਿਨੇ ਆਈਆਂ ਪੋਲਿੰਗ ਪਾਰਟੀਆਂ ਦੀ ਖੁਸ਼ਾਮਦ ਕੀਤੀ ਅਤੇ ਨ੍ਹੇਰੇ ਪਏ ਨੋਟ ਢਿੱਲੇ ਕੀਤੇ। ਸਾਰੀ ਰਾਤ ਪਿੰਡ ਚ ਹਰਲ-ਹਰਲ ਰਹੀ। ਸੋਤੇ ਈ ਟੈਂਟ ਸਜਾ ਲਏ ਸਾਰਿਆਂ। ਤਾਇਆ ਗਮਦੂਰ ਕੱਛ
ਚ ਲਿਸਟਾਂ ਲੈ ਆ ਸਜਿਆ। ਉਹਨੇ ਕਈ ਦਿਨ ਵੋਟਾਂ ਪੜਤਾਲੀਆਂ ਸਨ। ਇੱਕ-ਇੱਕ ਵੋਟ ਯਾਦ। ਕਿਸੇ ਦਾ ਨਾਂ ਲੈਣ ਸਾਰ ਦੱਸ ਦਿਆ ਕਰੇ, ‘ਇਹ ਮੁੰਡਾ ਤਾਂ ਆਸਟਰੇਲੀਆ ਗਿਆ, ‘ਚਾਚੀ
ਨਾਮੀ ਤਾਂ ਦਸ ਦਿਨ ਪਹਿਲਾਂ ਈ ਮਰੀ ਐ, ‘ਇਹ ਢਾਣੀ ਆਲੇ ਪਾਲੇ ਦੀਆਂ ਡਬਲ ਵੋਟਾਂ ਹਨ
। ਸਾਰਾ ਦਿਨ ਭੁੱਖੇ-ਤਿਹਾਏ ਭੱਜੇ ਫਿਰੇ, ਵੋਟਰ, ਸਪੋਟਰ ਤੇ ਨੋਟਰ। ਤਬਦੀਲੀ ਇਹ ਸੀ ਕਿ ਬਾਹਲੇ ਲੋਕੀਂ, ਘਰੋਂ ਈ ਪਰਚੀ ਲੈ ਕੇ, ਦੋਨੋਂ ਜੀਅ ਤਿਆਰ ਹੋ ਕੇ ਆਪਣੀ ਕਾਰ ਜਾਂ ਸਕੂਟਰ ਉੱਤੇ ਆਂਉਂਦੇ, ਹਾਏ-ਹੈਲੋ, ਸਾਰਿਆਂ ਨੂੰ ਕਰਦੇ, ਚੁੱਪ-ਚਾਪ ਵੋਟ ਪਾ ਕੇ, ਫਰਨ ਦੇਣੇਂ ਘਰੇ ਜਾ ਕੇ ਹੀ ਸਾਹ ਲੈਂਦੇ। ਟੈਂਟ
ਚ ਤਾਂ ਖਾਸ ਵਰਕਰ ਜਾਂ ਵਧਾਕੜ ਹੀ ਡਟੇ ਰਹੇ। ਫੀਲਾ ਤਾਂ ਚਾਰਾਂ ਸਰਪੰਚਾਂ ਨੂੰ ਹੀ ਪੁੱਤ ਦਿੰਦਾ, ਘੁੱਕਦਾ ਰਿਹਾ। ਪ੍ਰੀਤਮ ਸਿੰਘ ਕਨੂੰਨੀ ਕਹਿੰਦਾ, ‘ਇਹ ਹਰਾਮੀ ਐ….. ਇੰਨੂੰ ਹੱਥ ਚਟਾਓ ਪਰ ਤਬਾਰ ਨਾ ਕਰਿਓ
। ਕੇਰਾਂ ਤਾਂ ਬਈ ਲਾਈਨਾਂ ਲੱਗ-ਗੀਆਂ ਲੰਮੀਆਂ, ਦੁਪਹਿਰੇ ਜੇ। ਰੋਟੀ-ਟੁੱਕ ਖਾ ਫੇਰ ਮੰਡ-ਪੇ ਸਾਰੇ। ਤਿੰਨ ਕੁ ਵਜੇ ਤਾਂ ਪਾਣੀ ਦੀ ਵਾਰੀ ਮੁੱਕਣ ਵਾਂਗੂੰ ਤੇਜ ਹੋ ਗੇ। ‘ਫੋਨ ਕਰੋ, ਭਿੰਨਾ, ਕਿੱਥੇ ਰਹਿ ਗਿਆ ਸ਼ਹਿਰੋਂ ਆਂਉਂਦਾ?
‘ਕੈਪਟਨ, ਬਠਿੰਡਿਓਂ ਆ ਕੇ ਕਿੱਥੇ ਚਾਹ ਪੀਣ ਲੱਗ ਪਿਆ?ਪਰਚੀਆਂ ਕਰੋ ਤਿਆਰ ਇੰਨ੍ਹਾਂ ਦੀਆਂ
।…..
ਹੋਰ, ਵੋਟਾਂ ਵਿੱਚ ਏਕਤਾ ਵਾਲਾ ਸਫ਼ਾ ਗੁਆਚ ਗਿਆ ਹੈ। ਸਰਪੰਚੀ ਜਿੱਤ, ਇੱਕ ਜਣੇ ਨੇ ਘਰ-ਘਰ ਲੱਡੂ ਵੰਡੇ ਹਨ। ਹੁਣ ਅਗਲੇ ਮਹੀਨੇ, ਜ਼ਿਮਨੀ ਚੋਣਾਂ ਦੀ ਤਿਆਰੀ ਹੈ। ਸੱਚ, ਨੀਲੀ ਪਾਰਟੀ ਵਿੱਚ ਅਰਾਜਕਤਾ ਫੈਲ ਗਈ ਹੈ। ਡਿਊਟੀ ਉੱਪਰ ਟੀਚਰ ਅਤੇ ਸਿਪਾਹੀ ਦਾ ਹਾਰਟ ਅਟੈਕ, ਸੌ ਡਿਗਰੀ ਦਬਾਅ ਦਾ ਸੂਚਕ ਹੈ। ਪੰਜ ਸਾਲਾਂ ਲਈ, ਸਵਾਰੀਆਂ ਨੂੰ, ਪਿੰਡ ਦਾ ਡਰਾਈਵਰ ਅਤੇ ਕੰਡਕਟਰ ਮਿਲ ਗਏ ਹਨ। ਕਪਾਹ, ਝੋਨਾ ਵੇਚ ਹੁਣ ਅਸੀਂ, ਧੂੰਏਂ ਅਤੇ ਹਾੜ੍ਹੀ ਬਿਜਾਈ ਵੱਲ ਹੋ ਗਏ ਹਾਂ। ਹਾਂ ਸੱਚ, ਦੋ ਮਹੀਨੇ ਵਿਆਹ ਵੀ ਆ ਗਏ ਹਨ। ਚੰਗਾ, ਵੋਟਾਂ ਦੀ ਗਿਣਤੀ ਦਾ ਝਾਕਾ, ਅਗਲੇ ਐਤਵਾਰ। ਕਰੋ ਇੰਤਜਾਰ…..
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061