ਇੰਸਪੈਕਟਰ ਹਰਜੀਤ ਬੁੱਟਰ ਅਤੇ ਸਰਬਜੀਤ ਟੋਕਾ ਦੋਵੇਂ ਪੁਰਾਣੇ ਬੇਲੀ ਸਨ ਤੇ ਤਕਰੀਬਨ ਸਾਰੀ ਨੌਕਰੀ ਐਸ.ਐਚ.ਉ. ਹੀ ਲੱਗਦੇ ਰਹੇ ਸਨ। ਇਸ ਕਾਰਨ ਦੋਵਾਂ ਨੇ ਵਧੀਆ ਮਾਲ ਕਮਾਇਆ ਸੀ। ਹਮਉਮਰ ਹੋਣ ਕਾਰਨ ਉਨ੍ਹਾਂ ਦੀ ਰਿਟਾਇਰਮੈਂਟ ਵੀ ਕੁਝ ਮਹੀਨਿਆਂ ਦੇ ਫਰਕ ਨਾਲ ਹੀ ਹੋਈ ਸੀ। ਇੱਕ ਦਿਨ ਅੰਮ੍ਰਿਤਸਰ ਹੋਣ ਵਾਲੀ ਮਹੀਨਾਵਾਰ ਰਿਟਾੲਰਿਡ ਪੁਲਿਸ ਅਫਸਰਾਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਆਏ ਤਾਂ ਦੋਵਾਂ ਦੀ ਮੁਲਾਕਾਤ ਹੋ ਗਈ। ਮੀਟਿੰਗ ਤੋਂ ਬਾਅਦ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲਈ ਉਨ੍ਹਾਂ ਨੇ ਸਸਤੀ ਜਿਹੀ ਸ਼ਰਾਬ ਦਾ ਅਧੀਆ ਲਿਆ ਤੇ ਇੱਕ ਅਹਾਤੇ ਵਿੱਚ ਜਾ ਬੈਠੇ। ਵੈਸੇ ਨੌਕਰੀ ਵੇਲੇ ਉਨ੍ਹਾਂ ਨੇ ਠੇਕੇਦਾਰਾਂ ਦੇ ਸਿਰ ‘ਤੇ ਕਦੇ 100 ਪਾਈਪਰ ਤੋਂ ਘੱਟ ਸ਼ਰਾਬ ਨਹੀਂ ਸੀ ਪੀਤੀ।
ਅਹਾਤੇ ਵਾਲਿਆਂ ਨੂੰ ਆਰਡਰ ਦੇ ਕੇ ਦੋਵੇਂ ਦੁੱਖ ਸੁੱਖ ਫੋਲਣ ਲੱਗ ਪਏ। ਸ਼ਰਾਬ ਬੁੱਟਰ ਨੇ ਲਈ ਸੀ ਜਿਸ ਕਾਰਨ ਅਹਾਤੇ ਦਾ ਬਿੱਲ ਟੋਕੇ ਦਾ ਬਣਦਾ ਸੀ। ਬਿੱਲ ਦੇਣ ਲੱਗਿਆਂ ਟੋਕੇ ਨੇ ਵੱਡਾ ਸਾਰਾ ਹੌਕਾ ਭਰਿਆ। ਬੁੱਟਰ ਨੇ ਚੌਂਕ ਉਸ ਵੱਲ ਵੇਖਿਆ, “ਐਡਾ ਹੌਕਾ? ਭਰਾਵਾ ਆਮਲੇਟ ਦੇ 250 ਤਾਂ ਬਣੇ ਆ ਸਾਰੇ। ਆਪਾਂ ਕਿਹੜਾ ਮੁਰਗਾ ਖਾਧਾ ਆ।” ਟੋਕੇ ਨੇ ਭੇਤ ਖੋਲ੍ਹਿਆ, “ਯਾਰ ਪੁਰਾਣਾ ਸਮਾਂ ਯਾਦ ਆ ਗਿਆ। ਆਪਾਂ ਰਿਟਾਇਰ ਹੋਗੇ ਨਈਂ ਇਸ ‘ਹਾਤੇ ਵਾਲੇ ਦੀ ਕੀ ਜ਼ੁੱਰਅਤ ਹੋਣੀ ਸੀ ਸਾਥੋਂ ਪੈਸੇ ਮੰਗਣ ਦੀ। ਹੁਣ ਤਾਂ ਭਰਾਵਾ ਜਿਹੜਾ ਆਉਂਦਾ, ਲੈਣ ਈ ਆਉਂਦਾ ਆ, ਦੇਣ ਕੋਈ ਨਈਂ ਆਉਂਦਾ। ਕਦੇ ਕੇਬਲ ਵਾਲਾ, ਕਦੇ ਦੁੱਧ ਵਾਲਾ, ਕਦੇ ਕਰਿਆਨੇ ਵਾਲਾ, ਕਦੇ ਬਿਜਲੀ ਦਾ ਬਿੱਲ, ਇੰਟਰਨੈੱਟ ਦਾ ਬਿੱਲ ਤੇ ਕਦੇ ਮੋਬਾਇਲ ਰੀਚਾਰਜ਼। ਪੈਨਸ਼ਨ ਤਾਂ ਦਸ ਦਿਨ ਨਈਂ ਕੱਢਦੀ।” ਸੁਣ ਕੇ ਬੁੱਟਰ ਦਾ ਵੀ ਮਨ ਖਰਾਬ ਹੋ ਗਿਆ ਤੇ ਦੋਵੇਂ ਆਪੋ ਆਪਣੀਆਂ ਗੱਡੀਆਂ ਵੱਲ ਤੁਰ ਪਏ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062