ਅਬਲੂ-ਨਾਮਾਂ

“ਹਾਂ ਵੀ ਹਾਕਮਾਂ,ਐਤਕੀਂ ਫਿਰ ਕੀਹਨੂੰ ਸਰਪੈਚ ਬਣਾਵੇਗਾ?” ਸੰਤੇ ਬੇਲੀ ਨੇ ਸੱਥ ਵਿੱਚ ਆਉਣ ਸਾਰ ਹੀ ਹਾਕਮ ਮਿਸਤਰੀ ਨੂੰ ਟੋਹਣ ਜੇ ਦਾ ਇਰਾਦੇ ਨਾਲ ਪੁੱਛਿਆ।

“ਓ ਜੀਹਨੂੰ ਕਹਿੰਗੇ ਪਾਂ ਦਮਾਂਗੇ ਵੋਟ,ਥੋਥੋਂ ਬਾਹਰ ਥੋੜਾ ਆਪਾਂ ਜਰ,” ਸੱਥ ਆਲੇ ਥੜੇ ‘ਤੇ ਲੱਤਾ ਲਮਕਾਈ ਬੈਠੇ ਹਾਕਮ ਮਿਸਤਰੀ ਨੇ ਚਲਾਕੀ ਭਰੇ ਲਹਿਜੇ ਚ ਜੁਆਬ ਦਿੱਤਾ।

“ਖੇਤ ਆਲੇ ਜਾਗਰ ਕੇ ਛੋਰ ਜੇ ਦਾ ਪੂਰਾ ਜੋਰ ਆ ਬਾਬਾ, ਆਥਣੇ ਭੈਣਨਾ ਪੈਰ ਧਰਨ ਨੂੰ ਥਾਂ ਨਹੀ ਹੁੰਦੀ … ਅੱਧੋ ਵੱਧ ਪਿੰਡ ਹੁੰਦਾ ਓਹਨਾਂ ਦੇ ਨੌਹਰੇ ਚ” ਦੋਹਾਂ ਦੀਆਂ ਗੱਲਾਂ ਸੁਣ ਕੋਲ ਬੈਠਾ ਜੀਤਾ ਲੀਡਰੀ ਲਹਿਜੇ ਚ ਬੋਲਿਆ।
“ਉਹ ਬਸ ਰਹਿਣ ਦਿਆ ਕਰ,,ਹੁੰਦਾ ਅੱਧਾ ਪਿੰਡ!!.. ਤੂੰ ਆ ਕੇ ਦੇਖੀ ਐਧਰ ਚੁਬਾਰੇ ਆਲਿਆਂ ਦੇ ਘਰੇ.. ਬੱਲਿਆ ਤੜਕੇ ਹੀ ਮਹਿਫਲਾਂ ਲੱਗ ਜਾਂਦੀਆਂ.. ਆਪਣਾ ਤਾਂ ਸਾਰਾ ਪਿੰਡ ਹੁੰਦਾ ਉਹਨਾਂ ਦੇ ਘਰੇ.. ਤੈਨੂੰ ਦੱਸਤਾ ਚੁਬਾਰੇ ਆਲਿਆਂ ਦਾ ਨਿੱਕਾ ਸਰਪੈਂਚ ਪੱਕਾ ਐਤਕੀ।” ਛਿੰਦਰ ਨੇ ਨਾਲਦੀ ਨਾਲ ਜੀਤੇ ਦੀ ਗੱਲ ਦਾ ਮੋੜ ਦਿੰਦੇ ਕਿਹਾ।

“ਓ ਬੱਸ ਓਏ,, ਤੂੰ ਵੀ ਕੱਚੀਆਂ ਮਾਰਦਾ ਰਹਿਣਾ.,
ਉਹ ਸਾਨੂੰ ਸਾਰਾ ਪਤਾ ਕੌਣ ਹੁੰਦਾ ਨਿੱਕੇ ਕੇ… ਹੋਈ ਆ ਸਾਡੀ ਸਾਰੀ ਗੱਲ ਉਹਨਾਂ ਨਾਲ,. ਉਹ ਤਾਂ ਊਈ ਜਾਂਦੇ ਆ ਵੋਟ ਤਾਂ ਕਹਿੰਦੇ ਜਾਗਰ ਕੇ ਭਿੰਦੇ ਨੂੰ ਈ ਪਾਉਣੀ ਆ…ਬਾਕੀ ਤੇਰੇ ਵਰਗੇ ਛਲਾਰੂ ਦੋ ਚਾਰ ਆ ਇਹਨਾਂ ਮਗਰ ਕਿਹੜੀ ਵੋਟ ਆ ਫਿਰਦੇ ਆ ਪੈਰ ਮਿਧਾਉਦੇ..” ਜੀਤੇ ਨੇ ਛਿੰਦਰ ਵੱਲ ਚੱਬ ਕੇ ਗੱਲ ਕਰੀ।

“ਓ ਐਵੇਂ ਲੱਗਦਾ ਜੀਤਿਆ ਤੈਨੂੰ.. ਮੈਂ ਵੀ ਕੱਲ ਦੇਖਿਆ ਮਮੈਲ ਤੇ ਸਾਡੇ ਜੁਆਕਾਂ ਨੇ ਦਖਾਇਆ ਸਾਰੇ ਚੁਬਾਰੇ ਆਲੇ ਨਾਜ਼ਰ ਸਿਓਂ ਕੇ ਮੁੰਡੇ ਦੀਆਂ ਫੋਟਮਾਂ ਪਾਈ ਬੈਠੇ ਸੀ ਰਕਾਟ ਲਾ ਲਾ ਕੇ.” ਸੰਤੇ ਬੇਲੀ ਨੇ ਜੀਤੇ ਦੀ ਗੱਲ ਸੁਣ ਛਿੰਦਰ ਦੀ ਹਾਂ ਚ ਹਾਂ ਮਿਲਾਉਦੇ ਕਿਹਾ।

“ਹੋਰ ਬਾਬਾ ਯਰ ਇਹਨੂੰ ਛੁਣਸ਼ਨੇ ਦਾ ਪਤਾ! ਇਹਦੇ ਮਗਰ ਤਾਂ ਇਹ ਨੀ ਪਤਾ ਇਹਦੀ ਘਰਦੀ ਵੀ ਵੋਟ ਪਾਊ ਕੇ ਨਾ ਪਾਊ…ਮੈਨੂੰ ਤਾਂ ਜਿੱਦਣ ਟੱਕਰ ਗਏ ਭਿੰਦੇ ਹੋਰੀਂ ਲਾਜਮੀ ਕਹੂੰ ਵੀ ਆ ਲਾਹਣਤੀ ਨੂੰ ਨਾਲ ਨਾ ਰੱਖੋ ਇਹ ਹਰਾਊ ਥੋਨੂੰ ਕਲੈਹਣਾ,,
ਅਖੇ ਜਿੱਥੋਂ ਦੀ ਇਹ ਫਿਰ ਗੇ
ਉੁੱਥੇ ਨਾ ਫਿਰ ਮਰੂਦ ਕਿਰ ਗੇ.. “
ਛਿੰਦਰ ਦਾ ਜੀਤੇ ਨੂੰ ਦਿੱਤਾ ਕਰਾਰਾ ਜਾ ਜੁਆਬ ਸੁਣਕੇ ਸਾਰੇ ਜਣੇ ਠਹਾਕਾ ਮਾਰ ਹੱਸ ਪੇ..

“ਜਾ ਓਏ ਜਾਂਦਾ ਰਹਿ ਵੱਡਾ ਕਿੰਗ ਮੇਕਰ ਤੂੰ! ਨਾ ਜੇ ਤੇਰੇ ਐਡਾ ਕੀੜਾ ਸ਼ਰਤ ਲਾ ਲੈ ਪੁੱਤ ਮੇਰਿਆ.. ਪੰਜ ਸੌ ਵੋਟ ਨਾਲ ਜਿੱਤੂ ਸਾਡਾ ਬੰਦਾ..ਐਵੇਂ ਮਾਰਨ ਲੱਗ ਜਾਨੇ ਆ ਭਕਾਈ ਖਾ ਕੇ ਭੁੱਕੜ..” ਜੀਤਾ ਹਾਲੇ ਵੀ ਪੂਰੇ ਹੌਸਲੇ ਵਿੱਚ ਸੀ।

“ਓ ਲੜੋ ਨਾ ਯਰ, ਤੁਸੀਂ ਐਏ ਦੱਸੋ ਵੀ ਜੇ ਦੋਨਾਂ ਚੋ ਕੋਈ ਜਿੱਤ ਗਿਆ ਤਾਂ ਮੇਰਾ ਕਾਰਡ ਬਣਵਾਦੋਗੇ ਕਿ ਨਹੀ ਕਣਕ ਆਲਾ?? ਪਿੱਪਲ ਦੀ ਓਟ ਲਈ ਬੈਠੇ ਮੇਹਰੂ ਅਮਲੀ ਨੇ ਤਰਲਾ ਛੱਡਿਆ।

“ਓ ਤੂੰ ਵੋਟ ਪਾਈ ਯਰ ਆਪਣੇ ਬੰਦੇ ਨੂੰ ਆਪਾਂ ਤੇਰੇ ਕਾਰਡ ਛੱਡ ਪੱਕਾ ਕੋਠਾ ਵੀ ਛਤਾਵਾਂਗੇ,ਗੱਲ ਕਹਿੜੀ ਕਰਤੀ ਯਰ ” ਛਿੰਦਰ ਨੇ ਮੇਹਰੂ ਨੂੰ ਪੂਰੇ ਯਕੀਨ ਨਾਲ ਕਿਹਾ।
“ਆਹੋ ਇਹਨਾਂ ਆਲੇ ਸੀਸ ਮਹਿਲ ਚ ਪਿਆ ਕਰੀ ਮੇਹਰੂ ਤੂੰ ਵੀ.. ਓ ਥੋਡਾ ਸਰਪੈਚ ਛੱਡ ਬੰਬਰ ਵੀ ਨਹੀਂ ਜਿੱਤਦਾ! ਵੇਖੀ ਚੱਲੋ ਕਾਕਾ ਬਣਦਾ ਕੀ ਆ ਥੋਡੇ ਨਾਲ..” ਜੀਤੇ ਨੇ ਛਿੰਦਰ ਦੀ ਗੱਲ ਟੋਕਦਿਆਂ ਤੇ ਮੇਹਰੂ ਨੂੰ ਤੰਜ ਕਸਦੇ ਕਿਹਾ।

“ਓ ਜੇ ਥੋਡੇ ਬਾਹਲਾ ਮੱਖ ਲੜਦਾ ਆਪਾਂ ਲੜਾ ਈ ਥੋਨੂੰ ਦਿੰਨੇ ਆ ਦੋਹਾਂ ਨੂੰ.”ਥੜੇ ਦੇ ਪਰਲੇ ਪਾਸੇ ਇੱਟ ‘ਤੇ ਪਰਨਾ ਰੱਖ ਦਾ ਸਿਰਾਹਾਣਾ ਜਾ ਬਣਾਲਾਈ ਪਿਆ ਬਾਬਾ ਚਰਨਾ ਬੋਲਿਆ।
“ਬਿਗਾਨੀ ਸ਼ੈਹ ਤੇ ਐਵੇ ਨਹੀ ਮੁੱਛਾਂ ਮਣਾਈ ਦੀਆਂ ਹੁੰਦੀਆਂ.. ਉਹ ਮੱਲੋ ਨਾਜਰ ਸਿਓਂ ਤੇ ਜਾਗਰ ਸਿਓਂ ਦੋਹੇਂ ਆਪਣੇ ਪਿੰਡ ਦੇ ਸਰਦੇ ਪੁੱਜਦੇ ਟੱਬਰ ਆ ਨਾਲੇ ਸਿਆਣੇ ਵੀ ਆ..ਉਹ ਤਾਂ ਹੁਣ ਵੀ ਇੱਕ ਦੂਜੇ ਨਾਲ ਹੱਸ ਕੇ ਮਿਲਦੇ ਆ.. ਵੋਟਾਂ ਮੰਗਣ ਵੇਲੇ ਵੀ ਦੋਹੇ ਇੱਕ ਦੂਜੇ ਦੇ ਘਰੀਂ ਗਏ ਆ। ਤੇ ਤੁਸੀਂ ਐਵੇ ਹੀ ਸੱਥ ਤਾਂਹ ਚੱਕ ਰੱਖੀ ਆ ਦੋਹਾਂ ਨੇ ..
ਕੋਈ ਜਿੱਤ ਜਵੇ ਕੰਮ ਤਾਂ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਹੋਣੇ ਆ, ਆਹ ਬੱਸ ਵੋਟਾਂ ਸੁੱਖ ਸਾਂਦ ਨੇਪਰੇ ਚੜਨ.. ਨਾਲੇ ਆ ਆਥਣੇ ਆਲੇ ਕੱਠਾਂ ਦੇ ਕਾਹਦੇ ਦਾਅਵੇ ਹੁੰਦੇ ਆ ਮੱਲੋ..ਲੋਕਾਂ ਦੇ ਮਨ ‘ਚ ਕੀ ਚੱਲਦਾ ਇਹ ਤਾਂ ਵੱਡੇ ਪੀਰ ਪਗੰਬਰਾ ਨੂੰ ਨੀ ਸਮਝ ਆਈ… ਇਹ ਤਾਂ ਓਦਣ ਮੌਕਾ ਹੀ ਦੱਸਦਾ ਹੁੰਦਾ..ਬੱਸ ਮੁੱਕਦੀ ਗੱਲ ਮਾੜਾ ਨਾ ਬੋਲੋ ਕਿਸੇ ਨੂੰ ਵੀ..
ਅਖੇ ‘ਢਕੀ ਰਿੱਝੇ ਕੋਈ ਨਾ ਬੁੱਝੇ।'”
ਇਹ ਆਖ ਚਰਨਾ ਬਾਬੇ ਪਰਾਂ ਨੂੰ ਪਾਸਾ ਮਾਰ ਕੇ ਪੈ ਗਿਆ ਤੇ ਉਧਰ ਬਾਬੇ ਦੀਆਂ ਗੱਲਾਂ ਸੁਣ ਸਾਰੇ ਸ਼ੈਂਅ ਹੋ ਗੇ ਤੇ ਸੱਥ ਵਿੱਚ ਇੱਕ ਅਜੀਬ ਚੁੱਪ ਪਸਰ ਗਈ ।

ਮਨਦੀਪ ਸਿੰਘ
ਪਿੰਡ ਤੇ ਡਾਕਖ਼ਾਨਾ: ਅਬਲੂ
ਜ਼ਿਲਾ ਬਠਿੰਡਾ
95172 22420