ਕੈਨੇਡਾ ਦੇ ਪੰਜਾਬੀ ਮੀਡੀਆ ਦਾ 114 ਸਾਲਾਂ ਦਾ ਸਫ਼ਰ

ਪ੍ਰੋ. ਕੁਲਬੀਰ ਸਿੰਘ
ਕੈਨੇਡਾ ਦੀ ਪੰਜਾਬੀ ਪੱਤਰਕਾਰੀ ਨੇ 114 ਸਾਲ ਦਾ ਮਾਣਮੱਤਾ ਸਫ਼ਰ ਤੈਅ ਕਰ ਲਿਆ ਹੈ। 1909-10 ਵਿਚ ਕੁਝ ਹੱਥ-ਲਿਖਤ ਮਾਸਕ ਅਖ਼ਬਾਰਾਂ, ਸਮਾਚਾਰ ਪੱਤਰਾਂ ਦੇ ਰੂਪ ਵਿਚ ਹੋਈ ਸ਼ੁਰੂਆਤ ਅੱਜ ਵਿਸ਼ਾਲ ਕਾਫ਼ਲੇ ਦਾ ਰੂਪ ਧਾਰਨ ਕਰ ਗਈ ਹੈ।

ਪਰਵਾਸੀ ਪੰਜਾਬੀ ਮੀਡੀਆ ਅਤੇ ਵੱਖ ਵੱਖ ਅਦਾਰਿਆਂ ਨਾਲ ਜੁੜੀਆਂ ਸਖ਼ਸ਼ੀਆਂ ਇਸ ਪੱਖੋਂ ਖੁਸ਼ ਤੇ ਸੰਤੁਸ਼ਟ ਹਨ ਅਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਸਮੇਂ ਸਮੇਂ ਇਸ ਵਿਸ਼ੇ ʼਤੇ ਸੈਮੀਨਾਰ ਤੇ ਵਿਚਾਰ ਚਰਚਾ ਹੁੰਦੀ ਰਹਿੰਦੀ ਹੈ ਕੈਨੇਡਾ ਦਾ ਪੰਜਾਬੀ ਮੀਡੀਆ ਕਿੱਥੋਂ ਤੁਰਿਆ ਸੀ ਅਤੇ ਕਿੱਥੇ ਪਹੁੰਚਿਆ ਹੈ ਅਤੇ ਇਸਦਾ ਗੁਣਾਤਮਕ ਤੇ ਗਿਣਾਤਮਕ ਪੱਖੋਂ ਮੂੰਹ-ਮੁਹਾਂਦਰਾ ਕਿੰਨਾ ਤਬਦੀਲ ਹੋਇਆ ਹੈ।

ਸੱਚਮੁਚ ਕੈਨੇਡਾ ਦੇ ਪੰਜਾਬੀ ਮੀਡੀਆ ਦਾ ਇਤਿਹਾਸ ਤੇ ਵਰਤਮਾਨ ਮਾਣਮੱਤਾ ਹੈ। ਜਿਵੇਂ ਜਿਵੇਂ ਪੱਤਰਕਾਰੀ ਦੀ ਉਚੇਰੀ ਸਿੱਖਿਆ ਤੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਸਮਝਦਾਰ ਤੇ ਸਮਰੱਥ ਲੋਕ ਇਸ ਖੇਤਰ ਨਾਲ ਜੁੜਦੇ ਗਏ ਤਿਵੇਂ ਤਿਵੇਂ ਇਸਦੀ ਸਾਰਥਿਕਤਾ ਵਿਚ ਵਾਧਾ ਹੁੰਦਾ ਗਿਆ।
ਕੈਨੇਡਾ ਇਹੋ ਜਿਹਾ ਮੁਲਕ ਹੈ ਜਿਸਦੇ ਇਕ ਇਕ ਸ਼ਹਿਰ ਵਿਚ ਦਰਜਨਾਂ ਰੇਡੀਓ ਚੱਲਦੇ ਹਨ, ਦਰਜਨਾ ਪੰਜਾਬੀ ਟੈਲੀਵਿਜ਼ਨ ਪ੍ਰੋਗਰਾਮ ਪ੍ਰਸਾਰਿਤ ਹੁੰਦੇ ਹਨ ਅਤੇ ਦਰਜਨਾਂ ਅਖ਼ਬਾਰਾਂ ਪ੍ਰਕਾਸ਼ਿਤ ਹੁੰਦੀਆਂ ਹਨ।

ਕਦੇ ਕਦੇ ਤਾਂ ਇਸ ਗੱਲ ʼਤੇ ਬਹਿਸ ਹੋਣ ਲੱਗਦੀ ਹੈ ਕਿ ਕੈਨੇਡਾ ਵਿਚ ਪੰਜਾਬੀ ਮੀਡੀਆ ਦੀ ਰਾਜਧਾਨੀ ਟੋਰਾਂਟੋ ਹੈ ਜਾਂ ਵੈਨਕੂਵਰ।
ਕੈਨੇਡਾ ਦੇ ਪੰਜਾਬੀ ਮੀਡੀਆ ਦੀ ਵਿਸ਼ੇਸ਼ਤਾ ਇਹ ਰਹੀ ਹੈ ਕਿ ਇਸਨੇ ਹਮੇਸ਼ਾ ਪਰਵਾਸੀ ਪੰਜਾਬੀਆਂ ਦੀਆਂ ਲੋੜਾਂ, ਮੰਗਾਂ, ਉਮੰਗਾਂ ਤੇ ਸਮੱਸਿਆਵਾਂ ਨੂੰ ਉਭਾਰਨ ਦੇ ਨਾਲ ਨਾਲ ਪੰਜਾਬੀ ਦੀ ਉੱਭਰਵੇਂ ਰੂਪ ਵਿਚ ਗੱਲ ਕੀਤੀ ਹੈ। ਇਹ ਪੰਜਾਬ ਤੇ ਕੈਨੇਡਾ ਦੇ ਪੰਜਾਬੀਆਂ ਦਰਮਿਆਨ ਪੁਲ ਬਣ ਕੇ ਵਿਚਰਿਆ ਹੈ।

ਸਮੇਂ ਨਾਲ ਇਹ ਜਿੱਥੇ ਹੋਰ ਹੋਰ ਮਜ਼ਬੂਤ ਹੁੰਦਾ ਗਿਆ ਹੈ ਉਥੇ ਵੱਖ ਵੱਖ ਪਰਵਾਸੀ ਭਾਈਚਾਰਿਆਂ ਦੀ ਬਿਹਤਰ ਸੇਵਾ ਕਰਨ ਦੀ ਸਥਿਤੀ ਵਿਚ ਪਹੁੰਚ ਗਿਆ ਹੈ।
ਪੰਜਾਬ ਤੋਂ ਗਈਆਂ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਨੂੰ ਇਸਨੇ ਹਮੇਸ਼ਾਂ ਭਰਪੂਰ ਕਵਰੇਜ ਦਿੱਤੀ ਹੈ। ਉਨ੍ਹਾਂ ਨਾਲ ਲੰਮੀਆਂ ਮੁਲਾਕਾਤਾਂ ਪ੍ਰਕਾਸ਼ਿਤ ਪ੍ਰਸਾਰਿਤ ਕੀਤੀਆਂ ਹਨ। ਸੈਮੀਨਾਰਾਂ, ਸਮਾਗਮਾਂ ਦੇ ਰੂਪ ਵਿਚ ਵਿਚਾਰ-ਚਰਚਾ ਅਤੇ ਮਾਣ-ਸਨਮਾਨ ਦਾ ਪ੍ਰਬੰਧ ਕੀਤਾ ਹੈ।
ਕੈਨੇਡਾ ਦੀ ਹਰੇਕ ਪੰਜਾਬੀ ਅਖ਼ਬਾਰ, ਰੇਡੀਓ ਅਤੇ ਟੈਲੀਵਿਜ਼ਨ ਨੇ ਆਪੋ ਆਪਣੀ ਸੋਚ, ਸਮਝ, ਸਹੂਲਤ ਅਤੇ ਸਮਰੱਥਾ ਅਨੁਸਾਰ ਰੂਪ-ਰੇਖਾ ਉਲੀਕੀ ਹੋਈ ਹੈ ਪਰੰਤੂ ਉਸ ਰੂਪ-ਰੇਖਾ ਵਿਚ ਪੰਜਾਬ ਅਤੇ ਪੰਜਾਬੀਆਂ ਦਾ ਫਿਕਰ ਉੱਭਰਵੇਂ ਰੂਪ ਵਿਚ ਸ਼ਾਮਲ ਹੈ। ਉਥੇ ਬਰਫ਼ ਪਈ ਜਾਵੇ ਇਹ ਪਰਵਾਹ ਨਹੀਂ ਕਰਦੇ। ਪੰਜਾਬ ਵਿਚ ਤੇਜ਼ ਹਵਾਵਾਂ ਚੱਲਣ ਉਹ ਚਿੰਤਤ ਹੋ ਜਾਂਦੇ ਹਨ।
ਕੈਨੇਡਾ ਦੇ ਪੰਜਾਬੀ ਮੀਡੀਆ ਨੇ ਪਰਵਾਸੀ ਪੰਜਾਬੀਆਂ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਨੇੜੇ ਤੋਂ ਜੋੜਿਆ ਹੋਇਆ ਹੈ। ਪੰਜਾਬ ਦੀਆਂ ਸਿਆਸੀ, ਸਮਾਜਕ, ਸਭਿਆਚਾਰਕ ਸਰਗਰਮੀਆਂ ਤੋਂ ਉਨ੍ਹਾਂ ਨੂੰ ਜਾਣੂੰ ਕਰਵਾਉਣ ਦਾ ਮਾਧਿਅਮ ਬਣਿਆ ਹੋਇਆ ਹੈ। ਭਾਵੇਂ ਸ਼ੋਸ਼ਲ ਮਡੀਆ ਦੇ ਪ੍ਰਚਾਰ ਪ੍ਰਸਾਰ ਨਾਲ ਕੁਝ ਫ਼ਰਕ ਪਿਆ ਹੈ ਫਿਰ ਵੀ ਅਖ਼ਬਾਰਾਂ, ਰੇਡੀਓ ਅਤੇ ਟੈਲੀਵਿਜ਼ਨ ਨੇ ਆਪਣੀ ਪਹਿਚਾਣ ਗੂੜ੍ਹੀ ਕਰਨ ਦੇ ਨਾਲ ਨਾਲ ਆਪਣਾ ਮਾਣ-ਮੱਤਾ ਸਫ਼ਰ ਮਜ਼ਬੂਤ ਕਦਮੀਂ ਜਾਰੀ ਰੱਖਿਆ ਹੋਇਆ ਹੈ।

ਹਰੇਕ ਮੀਡੀਆ ਅਦਾਰਾ ਪੰਜਾਬ ਤੋਂ ਸਿੱਧੀਆਂ ਖ਼ਬਰਾਂ ਪ੍ਰਸਾਰਿਤ ਕਰਦਾ ਹੈ। ਇਨ੍ਹਾਂ ਖ਼ਬਰਾਂ ਪ੍ਰਤੀ ਕੈਨੇਡਾ ਦੇ ਪੰਜਾਬੀਆਂ ਵਿਚ ਵੱਡਾ ਉਤਸ਼ਾਹ, ਵੱਡੀ ਉਤਸੁਕਤਾ ਵੇਖਣ ਨੂੰ ਮਿਲਦੀ ਹੈ। ਇਸੇ ਤਰ੍ਹਾਂ ਚਲੰਤ ਮਾਮਲਿਆਂ ਸੰਬੰਧੀ ਵਿਚਾਰ ਵਿਟਾਂਦਰਾ, ਮੁਲਾਕਾਤਾਂ ਜਾਂ ਪੰਜਾਬ ਤੋਂ ਕਿਸੇ ਸ਼ਖ਼ਸੀਅਤ ਨਾਲ ਵਿਸ਼ੇਸ਼ ਮੁੱਦੇ ਮਸਲੇ, ਕਿਸੇ ਸਰਗਰਮੀ ਸਮਾਰੋਹ ਸੰਬੰਧੀ ਸਵਾਲਾਂ ਜਵਾਬਾਂ ਨੂੰ ਸਰੋਤੇ, ਦਰਸ਼ਕ ਬੜੇ ਧਿਆਨ ਨਾਲ, ਬੜੇ ਉਚੇਚ ਨਾਲ ਸੁਣਦੇ ਹਨ।

ਵੱਖ ਵੱਖ ਧਾਰਮਿਕ ਸਥਾਨਾਂ ਤੋਂ ਹੋਣ ਵਾਲੇ ਸਿੱਧੇ ਪ੍ਰਸਾਰਨ ਨੂੰ ਵੀ ਪਰਵਾਸੀ ਪੰਜਾਬੀ ਬੜੇ ਸਤਿਕਾਰ ਨਾਲ ਸੁਣਦੇ ਵੇਖਦੇ ਹਨ। ਵਰਤਮਾਨ ਸਥਿਤੀ ਇਹ ਹੈ ਕਿ ਕਈ ਨਿਰੋਲ ਧਾਰਮਿਕ ਰੇਡੀਓ, ਟੈਲੀਵਿਜ਼ਨ ਚੈਨਲ ਆਰੰਭ ਹੋ ਗਏ ਹਨ।
ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਤੋਂ ਬਾਅਦ ਨਿਊਜ਼ੀਲੈਂਡ, ਇਟਲੀ, ਜਰਮਨੀ, ਡੈਨਮਾਰਕ ਜਿਹੇ ਛੋਟੇ ਮੁਲਕਾਂ ਵਿਚ ਵੀ ਪੰਜਾਬੀ ਮੀਡੀਆ ਪੈਰ ਪਸਾਰ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦ ਦੁਨੀਆਂ ਦੇ ਹਰੇਕ ਉਸ ਦੇਸ਼ ਵਿਚ ਪੰਜਾਬੀ ਮੀਡੀਆ ਦੀ ਹੋਂਦ ਹੋਵੇਗੀ ਜਿੱਥੇ ਜਿੱਥੇ ਪੰਜਾਬੀ ਮੌਜੂਦ ਹਨ।