ਸੋਲਡ ਆਊਟ ਆਸਟ੍ਰੇਲੀਆ ਦੌਰਾ ‘ਇੱਟ ਵਾਜ਼ ਆਲ ਏ ਡਰੀਮ’ ਸ਼ੁਰੂ
(ਹਰਜੀਤ ਲਸਾੜਾ, ਬ੍ਰਿਸਬੇਨ 5 ਅਕਤੂਬਰ) ਆਈਫਾ ਇੰਟਰਨੈਸ਼ਨਲ ‘ਟ੍ਰੈਂਡਸੈਟਰ ਆਫ ਦਿ ਈਅਰ’ ਐਵਾਰਡ ਨਾਲ ਸਨਮਾਨਿਤ ਪ੍ਰਸਿੱਧ ਪੰਜਾਬੀ ਗਾਇਕ ਕਰਨ ਔਜਲਾ ਦੁਨੀਆ ਭਰ ਵਿੱਚ ਖੂਬ ਨਾਂਅ ਕਮਾ ਰਹੇ ਹਨ। ਉਨ੍ਹਾਂ ਦੀ ਗਾਇਕੀ ਦਾ ਜਲਵਾ ਨਾ ਸਿਰਫ ਪਾਲੀਵੁੱਡ ਬਲਕਿ ਬਾਲੀਵੁੱਡ ਇੰਡਸਟਰੀ ‘ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਇੱਥੇ ਕ੍ਰਿਏਟਿਵ ਈਵੈਂਟ ਅਤੇ ਪਲੈਟੀਨਮ ਈਵੈਂਟ ਵੱਲੋਂ ਉਹਨਾਂ ਦਾ ਸ਼ੋਅ ਐਤਵਾਰ, 3 ਨਵੰਬਰ ਨੂੰ ਬ੍ਰਿਸਬੇਨ ਇੰਟਰਟੇਨਮੈਂਟ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਪੰਜਾਬੀ ਪੈਲੇਸ ਵਿਖੇ ਵਿਸ਼ੇਸ਼ ਮੀਡੀਆ ਕਾਨਫਰੰਸ ਦੌਰਾਨ ਮੁੱਖ ਪ੍ਰਬੰਧਕ ਬਲਵਿੰਦਰ ਸਿੰਘ ਲਾਲੀ, ਸ਼ਿਕੂ ਨਾਭਾ, ਸੌਰਭ ਸਿੰਘ, ਐਂਡੀ ਸਿੰਘ, ਮੋਨੀਲ ਪਟੇਲ ਅਤੇ ਪ੍ਰਮੁੱਖ ਸਖਸ਼ੀਅਤਾਂ ਦੀ ਹਾਜ਼ਰੀ ‘ਚ ਗਾਇਕ ਕਰਨ ਔਜਲਾ ਦੇ ਲਾਈਵ ਸ਼ੋਅ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਪ੍ਰਬੰਧਕਾਂ ਅਨੁਸਾਰ ‘ਇੱਟ ਵਾਜ਼ ਆਲ ਏ ਡਰੀਮ’ ਆਸਟ੍ਰੇਲੀਆ ਦੌਰੇ ਪ੍ਰਤੀ ਪਰਿਵਾਰਾਂ ’ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸਾਰੇ ਸ਼ੋਅ ਸੋਲਡ ਆਊਟ ਜਾ ਰਹੇ ਹਨ। ਮੰਚ ਸੰਚਾਲਨ ਅਨਮੋਲ ਮੂੰਗਾ ਵੱਲੋਂ ਬਾਖੂਬੀ ਕੀਤਾ ਗਿਆ।
ਦੱਸਣਯੋਗ ਹੈ ਕਿ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਘੁਰਾਲਾ ਦੇ ਰਹਿਣ ਵਾਲੇ ਜਸਕਰਨ ਸਿੰਘ ਔਜਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਗੀਤਕਾਰ ਵਜੋਂ ਕੀਤੀ ਸੀ, ਪਰ ਅੱਜ ਔਜਲਾ ਇੱਕ ਸਥਾਪਿਤ ਗਾਇਕ ਬਣ ਚੁੱਕੇ ਹਨ। ਲੱਖਾਂ ਚਾਹੁਣ ਵਾਲੇ ਉਨ੍ਹਾਂ ਨੂੰ ਮਿਲਣ ਲਈ ਬੇਤਾਬ ਹਨ। ਗਾਇਕ 2016 ‘ਚ ਆਪਣੇ ਕਈ ਗੀਤਾਂ ਜਿਵੇਂ ‘ਪ੍ਰਾਪਰਟੀ ਆਫ਼ ਪੰਜਾਬ’, ‘ਯਾਰੀਆਂ’, ‘ਫਿੱਕ’ ਅਤੇ ‘ਲਫਾਫੇ’ ਵਰਗੇ ਗੀਤਾਂ ਦੇ ਵਾਇਰਲ ਹੋਣ ਨਾਲ ਸੁਰਖ਼ੀਆਂ ‘ਚ ਆਏ ਸਨ। ਬਾਲੀਵੁੱਡ ਵਿੱਚ ਵਿੱਕੀ ਕੌਸ਼ਲ ਦੀ ਫ਼ਿਲਮ ‘ਬੈਡ ਨਿਊਜ਼’ ਲਈ ਗਾਏ ਹਿੱਟ ਗੀਤ ‘ਤੌਬਾ-ਤੌਬਾ’ ਨਾਲ ਕਰਨ ਨੇ ਧਮਾਕੇਦਾਰ ਐਂਟਰੀ ਕੀਤੀ ਹੈ।