ਪਿੰਡ, ਪੰਜਾਬ ਦੀ ਚਿੱਠੀ (215)

ਲਓ ਬਈ ਮਲਾਈ ਦੇ ਡੂੰਨਿਉਂ- ਸਤ ਸ਼੍ਰੀ ਅਕਾਲ। ਅਸੀਂ ਇੱਥੇ ਰਾਜ਼ੀ-ਖੁਸ਼ੀ ਹਾਂ। ਤੁਹਾਡੀ ਰਾਜ਼ੀ-ਖੁਸ਼ੀ ਪ੍ਰਮਾਤਮਾ ਪਾਸੋਂ ਭਲੀ ਚਾਹੁੰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਬਾਬੇ ਭਾਨੇ ਕੋਲ ਬੈਠੇ, ਵੈ੍ਹਵਤੀ ਸੀਰੇ ਨੇ, ਛਿੰਜ ਛੇੜੀ, “ਬਾਬਾ ਆਹ, ਤੇਜੂ ਨੂੰ ਸਾਕ ਕਰਾ ਕਿਤੋਂ ਯਾਰ!” “ਮੁਸ਼ਕਲ ਐ ਬਈ, ਜੇ ਬਚਨੋ-ਬਚੋਲਣ ਕਾਇਮ ਹੁੰਦੀ ਤਾਂ ਜ਼ਰੂਰ ਟਿੱਬੇ ਤੇ ਪਾਣੀ ਚੜ੍ਹਾ ਦਿੰਦੀ।" ਬਾਬੇ ਨੇ ਗੋਲ-ਗੱਲ ਕਰਦਿਆਂ, ਬਚਨੋਂ ਦੀ ਸਿਫਤ ਗਾ ਕੇ ਨਵਾਂ ਰਾਗ ਛੇੜਤਾ। “ਨਾਂ ਤਾਂ ਮੈਂ ਵੀ ਬਹੁਤ ਸੁਣਿਐਂ, ਓਹਦਾ, ਕਹਿੰਦੇ ਓਹ ਜਿੱਥੇ ਹੱਥ ਪਾਉਂਦੀ, ਸਿਰੇ ਚੜ੍ਹਾ ਦਿੰਦੀ ਸੀ ਸਾਕ, ਹੁਣ ਉਹਨੂੰ ਕੀ ਪਹਿਰ ਗਿਐ ਬਾਬਾ?" ਸੀਰਾ ਹਾਸੇ-ਮਖੌਲ ਤੋਂ, ਡੂੰਘਾ ਲਹਿਣ ਲੱਗਾ। “ਹੋਣਾ ਕੀ ਸੀ ਪਰਾਨੀ ਹਾਰ-ਗੀ ਐ ਸਮੇਂ ਨਾਲ। ਉਹਦਾ ਤਕੀਆ-ਕਲਾਮ ਸੀ, ‘ਲੈ ਭੈਣੇ ਬਚਨੋ-ਬਚੋਲਣ, ਬਚਨਾਂ ਦੀ ਪੱਕੀ। ਸੀ ਵੀ ਏਮੇਂ ਈ। ਸਾਂਵਲਾ ਰੰਗ, ਤਕੜਾ ਜੁੱਸਾ, ਕੱਦ ਦੀ ਮਧਰੀ, ਮੋਟੇ ਆਨੇ ਅਤੇ ਦਮਦਾਰ ਬੋਲ-ਚਾਲ। ਵੇਖਣ-ਪਾਖਣ ਚ ਦਾਨੀ ਲੱਗਦੀ। ਲੋੜਵੰਦ ਦੀ ਗੱਲ ਸਹਜ ਨਾਲ ਧਿਆਨ ਦੇ ਕੇ ਸੁਣਦੀ, ਗੱਲਾਂ ਮਨਚ ਚਿਣਦੀ ਜਾਂਦੀ। ਸੁਣ ਕੇ ਸੋਚਦੀ, ਫੇਰ ਪੱਕ ਕਰਕੇ ਹੌਂਸਲਾ ਦਿੰਦੀ, ‘ਕਰੂੰਗੀ ਬੰਨ੍ਹ ਸੁੱਭ।" ਨਕਸ਼ਾ ਬੰਨ੍ਹਦਿਆਂ ਬਾਬਾ ਦਮ ਮਾਰ ਗਿਆ। “ਲੋਕੀਂ ਆਖਦੇ ਉਹਨੇ ਅੱਧਾ ਪਿੰਡ ਵਿਆਹਤਾ, ਸੱਚੂਂ ਐ ਏਹ?" “ਹਾਂ, ਬਹੁਤ ਕਰਾਏ, ਸਾਰੇ ਪਾਰ, ਪਰ ਪੁੰਨ ਦੇ। ਲਾਲਚ ਹੈਨੀ ਸੀ ਜਮਾਂ ਈ ਬਚਨੋ ਨੂੰ, ਨੇਪਰੇ ਚੜ੍ਹੇ ਤੋਂ ਆਪੇ ਦੁਨੀਆਂ ਮੁੰਦਰੀ ਪਾਂਉਂਦੀ, ਲੀੜੇ-ਖੇਸ, ਮਿਠਾਈ ਅਤੇ ਚਾਂਦੀ ਦੇ ਰੁਪਈਏ ਆਵਦੀ ਪੁੱਜਤ ਨਾਲ। ਕਦੇ ਕਿਸੇ ਨੂੰ ਝੂਠ-ਧੋਖਾ ਨੀ ਕੀਤਾ। ਸਪੱਸ਼ਟ ਗੱਲ ਮੂੰਹ ਉੱਤੇ ਕਰਦੀ। ਸਾਰੇ ਉਹਦੀ ਇੱਜਤ ਕਰਦੇ।ਕੇਰਾਂ ਦੱਸਿਆ ਉਹਨੇ ਗੁਰ, ਕਹਿੰਦੀ, ‘ਦੁਨੀਆਂ ਉੱਤੇ ਹਰ ਤਰ੍ਹਾਂ ਦੀ ਕਬੀਲਦਾਰੀ ਹੈਗੀ ਐ, ਸਰਦੇ ਵੀ ਅਤੇ ਗੁਜਾਰੇ ਆਲੇ ਵੀ। ਆਪਾਂ ਨੂੰ ਪਤਾ ਨੀਂ ਹੁੰਦਾ, ਮੈਂ ਤੁਰੀ-ਫਿਰਦੀ ਆਂ, ਅਸਲੀ ਹਾਲਤ ਜਾਨਣ ਨਾਲ, ਮਿਲਦੇ-ਜੁਲਦੇ ਮੇਲ-ਮਿਲਾ ਦਿੰਦੀ ਹਾਂ। ਸੱਚ ਹੁੰਦੈ ਤਾਂ ਕੋਈ ਰੌਲਾ ਨੀ ਹੁੰਦਾ।" ਬਾਬਾ ਉਤਾਂਹ ਨੂੰ ਝਾਕਣ ਲੱਗਾ। “ਬਾਬਾ ਮੈਂ ਤੈਨੂੰ ਲੈ ਜੂੰ ਉਹਦੇ ਕੋਲੇ, ਚੱਲ ਤੇਜੂ ਦਾ ਪੁੰਨ ਖੱਟੀਏ।" ਸੀਰਾ ਹੁਣ ਸੱਚੀਂ ਤਰਲਿਆਂ ਉੱਤੇ, ਉੱਤਰ ਆਇਆ ਸੀ। “ਚੰਗਾ ਕਰਾਂਗੇ ਹੱਲਾ-ਭੱਲਾ", ਬਾਬਾ ਰੱਬ ਵਰਗਾ ਦਿਲਾਸਾ ਦੇ ਗਿਆ। ਹੋਰ, ਪੰਚੈਤੀ ਬੋਟਾਂ ਆ-ਗੀਐਂ। ਪਿੰਡਾਂ ਦਾ ਗੇਅਰ ਬਦਲ ਗਿਐ। ਫੀਲਾ, ਪੀਲਾ, ਟੀਲਾ, ਲੀਲਾ ਠੀਕ ਹਨ। ਸਾਡੇ ਝਾਟੇ-ਮਾਟੇ ਕਾਇਮ ਹਨ। ਸੱਚ, ਵਿਆਹ ਰੱਖ ਲੇ ਆ, ਆ ਜੋ। ਚੰਗਾ ਅਗਲੇ ਐਤਵਾਰ ਵੋਟਾਂ ਦੇ ਰੰਗ ਵਖਾਵਾਂਗੇ- ਉਡੀਕ ਕਰਿਓ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061