ਸਤ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਅਸੀਂ ਇੱਥੇ ਚੜ੍ਹਦੀ ਕਲਾ ਵਿੱਚ ਹਾਂ, ਕਲਗੀਧਰ ਪਾਤਸ਼ਾਹ ਤੁਹਾਨੂੰ ਵੀ ਚੜ੍ਹਦੀ ਕਲਾ ਬਖ਼ਸ਼ੇ। ਅੱਗੇ ਸਮਾਚਾਰ ਇਹ ਹੈ ਕਿ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੰਜ ਸਤੰਬਰ ਨੂੰ ਸਾਲਾਨਾ ਪ੍ਰੋਗਰਾਮ ‘ਅਧਿਆਪਕ-ਦਿਵਸਵਜੋਂ, ਧੂਮ-ਧਾਮ ਨਾਲ ਮਨਾਇਆ ਗਿਆ। ਸਾਹਮਣੇ ਸਟੇਜ ਦੇ ਉੱਪਰ ਲਿਖੀਆਂ ਲਾਈਨਾਂ ਨੇ ਸਾਰਿਆਂ ਦਾ ਮਨ ਮੋਹ ਲਿਆ। ਇਹ ਸਤਰਾਂ ਪਤਾ ਨਹੀਂ ਕਿਸ ਲੇਖਕ ਦੀਆਂ ਹਨ, ਪਰ ਉਸ ਨੇ ਬੱਚਿਆਂ ਦੀ ਪਰਿਭਾਸ਼ਾ, ਕਵਿਤਾ
ਚ ਲਿਖ ਕੇ ਬਹੁਤ ਚੰਗਾ ਕੰਮ ਕੀਤਾ ਹੈ। ਇਸ ਖੁਸ਼ੀ ਚ ਮੁੱਖ-ਮਹਿਮਾਨ ਖੇਤੀ-ਮੰਤਰੀ ਜੀ ਨੇ ਸਕੂਲ ਨੂੰ ਦਸ ਲੱਖ ਰੁਪੈ ਗ੍ਰਾਂਟ ਹੋਰ ਦੇ ਦਿੱਤੀ ਹੈ। ਲਓ, ਤੁਸੀਂ ਵੀ ਪੜ੍ਹੋ ਅਤੇ ਆਨੰਦ ਲਵੋ- ਨੱਚਦੇ ਤੇ ਕੁੱਦਦੇ-ਸ਼ੂਕਦੇ ਇਹ ਦਰਿਆ, ਪਤਾ ਨਹੀਂ ਕਿਸ, ਕਿੱਧਰ ਨੂੰ ਵਹਿਣਾ ਏ।
ਮਾਂਵਾਂ ਦੀਆਂ ਗੋਦੀਆਂ
ਚੋਂ, ਉੱਤਰ ਕੇ ਲਾਲ ਆਏ, ‘ਲਾਲਾਂ ਵਿੱਚਖੇਡਦੇ ਆਂ, ਹੋਰ ਕੀ ਲੈਣਾਂ ਏ। ਆਪਣੇ ਸਕੂਲ ਵਿੱਚੋਂ ਸੇਵਾ-ਮੁਕਤ ਹੋਏ ਬਹੁਤ ਸਾਰੇ ਅਧਿਆਪਕ ਅਤੇ ਵਿਦਿਆਰਥੀ ਆਏ ਸਨ। ਸਾਰਿਆਂ ਨੇ ਸਕੂਲ ਨੂੰ ਦਾਨ ਦੇਣ ਦਾ, ਢੇਰ ਲਾ ਦਿੱਤਾ। ਹਰ ਪੱਖੋਂ ਤਰੱਕੀ ਵੇਖ ਕੇ ਮੰਤਰੀ ਜੀ ਨੇ, ਸਾਰੇ ਸਕੂਲਾਂ ਨੂੰ ਅਜੇਹਾ ਬਨਾਉਣ ਦਾ ਪ੍ਰਣ ਲਿਆ। ਸਕੂਲ ਦੀ ਲਾਇਬਰੇਰੀ ਵਿੱਚ, ਸਾਲਾਂ ਦੇ ਅਨੁਸਾਰ ਲਾਈਆਂ ਸਟਾਫ ਅਤੇ ਵਿਦਿਆਰਥੀਆਂ ਦੀਆਂ ਗਰੁੱਪ ਫੋਟੋਆਂ ਅੱਗੇ, ਆਪਣੀ-ਆਪਣੀ ਫੋਟੋ ਵੇਖਣ ਲਈ ਭੀੜ ਜੁੜੀ ਰਹੀ। “ਆਹ ਵੇਖ ਮੇਰੀ ਫੋਟੋ ਓਏ, ਤੇਰੀ ਆਹ ਖਾਖੀ ਕੱਛ ਆਲੀ" ਚਿੱਟੀਆਂ ਦਾੜ੍ਹੀਆਂ ਆਲੇ ਜਦੋਂ ਕਹਿ ਰਹੇ ਸਨ ਤਾਂ ਉਨ੍ਹਾਂ ਦੀ ਮੁਸਕਰਾਹਟ, ਵੇਖਣ ਵਾਲੀ ਸੀ। ਖ਼ੈਰ! ਸਾਰਾ ਦਿਨ ਗੀਤ-ਸੰਗੀਤ, ਲੈਕਚਰ, ਗਿੱਧਾ-ਭੰਗੜਾ ਅਤੇ ਰੌਣਕ ਚੱਲਦੇ ਰਹੇ। ਮੇਲੇ
ਚ ਥੱਕ-ਟੁੱਟ ਗਏ ਪਰ ਮਨ ਨਾ ਭਰੇ। ਅਖੀਰ ਭੋਲੂ ਆਂਹਦਾ, “ਬਾਂਟੀ ਚੱਲੀਏ ਯਾਰ, ਪਸੂਆਂ ਨੂੰ ਪੱਠੇ ਪਾਉਣੇਂ ਆਂ, ਕਾਰਾਂ ਆਲੇ ਤਾਂ ਵੇਹਲੇ ਆ”, ਮੁੜਦਾ ਬਾਂਟੀ ਕਹਿੰਦਾ, “ਜੇ ਤੂੰ ਮੈਨੂੰ, ਸਕੂਲੋਂ ਕੱਚੀ ਕੱਧ ਤੋਂ ਨਾਂਹ ਭਜਾਉਂਦਾ ਤਾਂ ਆਪਾਂ ਵੀ ਚਾਰ ਅੱਖਰ ਢਿੱਡ ਚ ਪਾਏ ਹੁੰਦੇ, ਅੱਜ ਕਾਰਾਂ ਉੱਤੇ ਆ ਕੇ, ਲੋਕਾਂ ਨੂੰ ਮੱਤਾਂ ਦੇਂਦੇ।" “ਅਜੇ ਵੀ ਕੀ ਹੈ, ਆਪਾਂ ਆਵਦੇ ਜਵਾਕਾਂ ਨੂੰ ਚੰਗਾ ਪੜ੍ਹਾ ਕੇ ਕਸਰ ਕੱਢ ਦੇਆਂਗੇ।" “ਹਾਂ ਓਏ", ਹੌਂਸਲੇ
ਚ ਹੁੰਦਾ ਬਾਂਟੀ ਸਾਬਤ-ਕਦਮੀਂ ਹੋ ਗਿਆ।
ਹੋਰ, ਲੋਕਾਂ ਲਈ ਖਜਾਨਾ, ਅਜੇ ਵੀ ਖਾਲੀ ਹੀ ਹੈ। ਜਨਤਾ ਦੇ ਜਿਗਰੇ ਬਹੁਤ ਮਜਬੂਤ ਹਨ। ‘ਔਨ-ਲਾਈਨਵੱਧ ਰਹੀ ਹੈ। ਨਰਮੇ ਦੀ ਪਹਿਲੀ ਢੇਰੀ ਆ ਗਈ ਹੈ। ਅੱਖਾਂ ਦੇ ਮੁਫਤ ਅਪਰੇਸ਼ਨ ਕੈਂਪਾਂ ਵਿੱਚ ਭੀੜ ਹੈ। ਹਰਿਆਵਲ, ਹੌਂਸਲਾ ਦੇ ਰਹੀ ਹੈ। ਵਿਆਹਾਂ ਲਈ, ਪੈਲੇਸ ਬੁਕਿੰਗ ਚਾਲੂ ਹੈ। ਕਿਸਾਨ, ਮੁਲਾਜ਼ਮ, ਮਜ਼ਦੂਰ ਅਤੇ ਨੇਤਾ, ਮੋਰਚੇ
ਤੇ ਹਨ। ਕਾਂਵਾਂ ਆਲੀ, ਕੁੱਤਿਆਂ ਆਲੀ ਅਤੇ ਕਣਕਵਾਲ ਆਲੇ ਸਾਰੇ ਕੈਮ ਹਨ। ਟਾਂਗੂੰ, ਪਤਲਾ, ਮੋਟੂ, ਮਧਰਾ ਅਤੇ ਖੱਬਾ ਮੌਜਾਂ ਕਰਦੇ ਹਨ। ਸੱਚ, ਆਪਣਾ ਨਿੰਮ, ਫੇਰ ਫੁੱਟ ਪਿਆ ਹੈ। ਆ ਜੋ, ਵੇਖ ਜੋ, ਪਿੰਡ ਦੇ ਪਿੱਪਲਾਂ ਦੀਆਂ ਛਾਂਵਾਂ…। ਚੰਗਾ, ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061