ਪਰਥ ਵਿੱਖੇ ਵਾਪਰੀ ਬੇਅਦਬੀ ਦੀ ਘਟਨਾ ‘ਤੇ ਸਿੱਖ ਸੰਗਤਾਂ ਵੱਲੋਂ ਕੱਢਿਆ ਗਿਆ ਰੋਸ ਮਾਰਚ

ਬੀਤੇ ਦਿਨੀਂ ਪਰਥ ਦੇ ਇਲਾਕੇ ਕੈਂਨਿੰਗਵੇਲ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਿੱਚ ਮੈਲਬੌਰਨ ਦੇ ਫੈਡਰੇਸ਼ਨ ਸੁਕੇਅਰ ਤੇ ਸਿੱਖ ਸੰਗਤਾਂ ਵੱਲੋਂ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ ਜੋ ਕਿ ਸਟੇਟ ਲਾਇਬਰੇਰੀ ‘ਤੇ ਸਮਾਪਤ ਹੋਇਆ। ਇਸ ਰੋਸ ਮਾਰਚ ਵਿੱਚ ਮੈਲਬੌਰਨ ਦੇ ਗੁਰੂ ਘਰ, ਸਿੱਖ ਜਥੇਬੰਦੀਆਂ ਤੋਂ ਇਲਾਵਾ, ਨੌਜਵਾਨ, ਬਜ਼ੁਰਗ,ਬੱਚੇ ਅਤੇ ਬੀਬੀਆਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ । ਸੰਗਤਾਂ ਨੇ ਰੋਸ ਵਜੋ ਹੱਥਾਂ ਵਿੱਚ ਬੈਨਰ ਤੇ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਸ ‘ਤੇ ਬੇਅਦਬੀ ਬਾਰੇ ਸਖ਼ਤ ਕਾਰਵਾਈ ਕਰਨ ਬਾਰੇ ਲਿਖਿਆ ਹੋਇਆ ਸੀ।

ਇਸ ਸਬੰਧੀ ਸਿੱਖ ਸੰਗਤਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਸਿੱਖ ਕੌਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬ ਉੱਚ ਹਨ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਬਾਣੀ ਦੀ ਬੇਅਦਬੀ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਰਥ ਦੇ ਗੁਰੂਘਰ ਦੇ ਬਾਹਰ ਇੱਕ ਨੌਜਵਾਨ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਦੇ ਦੀ ਵੀਡੀੳ ਵਾਇਰਲ ਹੋਈ ਸੀ, ਜਿਸ ਕਰਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਹ ਸੀ ਤੇ ਦੂਜੇ ਭਾਈਚਾਰਿਆਂ ਵੱਲੋਂ ਵੀ ਇਸ ਘਟਨਾਂ ਦੀ ਨਿਖੇਧੀ ਕੀਤੀ ਗਈ ਸੀ।