ਗੀਤ ‘ਰੂਹਦਾਰੀਆਂ’ ਦਾ ਪੋਸਟਰ ਵੀ ਜਾਰੀ
(ਹਰਜੀਤ ਲਸਾੜਾ, ਬ੍ਰਿਸਬੇਨ 11 ਸਤੰਬਰ)
ਇੱਥੇ ਪੰਜਾਬੀ ਸਾਹਿਤ ਅਤੇ ਮਾਂ-ਬੋਲੀ ਦੇ ਪਸਾਰੇ ਲਈ ਕਾਰਜਸ਼ੀਲ ਸੰਸਥਾ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਸਾਹਿਤਕ ਸਮਾਗਮ ਦੌਰਾਨ ਨਾਮਵਰ ਲੇਖਕ ਜਨਮੇਜਾ ਸਿੰਘ ਜੌਹਲ ਦੀਆਂ ਦੋ ਕਿਤਾਬਾਂ ‘ਸ਼ਮੀਰੋ’ ਅਤੇ ‘ਕਾਲਾ ਇਲਮ’ ਰਿਲੀਜ਼ ਕੀਤੀਆਂ ਗਈਆਂ। ਇਸ ਦੌਰਾਨ ਗਾਇਕ ਗੁਰਜਿੰਦਰ ਸੰਧੂ ਦੇ ਗੀਤ ‘ਰੂਹਦਾਰੀਆਂ’ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬੀ ਹਿਤੈਸ਼ੀਆਂ ਤੋਂ ਇਲਾਵਾ ਮੁੱਖ ਮਹਿਮਾਨਾਂ ‘ਚ ਸਿੱਖਿਆ ਖੇਤਰ ‘ਚ ਕਾਰਜਸ਼ੀਲ ਰਹੇ ਪ੍ਰਿੰਸੀਪਲ ਜੈਪਾਲ ਸਿੰਘ ਬਰਾੜ ਅਤੇ ਉੱਘੇ ਪੱਤਰਕਾਰ ਤੇ ਲੇਖਕ ਯਸ਼ਪਾਲ ਗੁਲਾਟੀ ਨੇ ਉਚੇਚੀ ਸ਼ਿਰਕਤ ਕੀਤੀ। ਸੰਸਥਾ ਪ੍ਰਧਾਨ ਰੀਤੂ ਅਹੀਰ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੁਸਤਕ ‘ਕਾਲਾ ਇਲਮ’ ਅਤੇ ਦਲਜੀਤ ਸਿੰਘ ਵੱਲੋਂ ਪੁਸਤਕ ‘ਸ਼ਮੀਰੋ’ ਉੱਪਰਸੰਖੇਪ ਚਾਨਣਾ ਪਾਇਆ ਗਿਆ।
ਗਲੋਬਲ ਇੰਸਟੀਚਿਊਟ ਤੋਂ ਬਲਵਿੰਦਰ ਮੋਰੋਂ ਵੱਲੋਂ ਨਵੀਂ ਬਣੀ ਕਮੇਟੀ ਨੂੰ ਇਸ ਸਿਰਜਣਾਤਮਕ ਕਾਰਜ ਲਈ ਵਧਾਈ ਦਿੱਤੀ। ‘ਕੀਹਨੂੰ ਕੀ ਫਾਇਦਾ’ ਨਾਲ ਵਰਿੰਦਰ ਅਲੀਸ਼ੇਰ, ‘ਉੱਜੜ ਗਏ ਗਵਾਹ’ ਹਰਮਨਦੀਪ ਗਿੱਲ, ‘ਔਖਾ ਵਕਤ ਅਤੇ ਲੋੜ’ ਮਨਜੀਤ ਬੋਪਾਰਾਏ, ‘ਯਾਦ ਅਮ੍ਰਿਤਸਰ ਦੀ’ ਗਗਨਦੀਪ ਸਿੰਘ, ‘ਭਰਦਾ ਨਾ ਹੁੰਗਾਰਾ ਕੋਈ ਬਾਪੂ ਦੀਆਂ ਦਿੱਤੀਆਂ ਅਵਾਜ਼ਾਂ ‘ਤੇ’ ਅਮਨਦੀਪ ਸਿੰਘ ਹੋਠੀ, ‘ਬਾਪੂ ਦੀ ਫੋਟੋ’ ਗੁਰਦੇਵ ਸਿੰਘ ਸਿੱਧੂ, ‘ਮਾਂ ਨੂੰ ਸਿਜਦਾ’ ਲਵਪ੍ਰੀਤ ਗਿੱਲ, ‘ਚਲੋ ਚਲਦੇ ਹਾਂ’ ਜਸਕਰਨ, ‘ਪੱਥਰਾਂ ਦੇ ਸ਼ਹਿਰ ਵਿੱਚ’ ਜਸਵੰਤ ਵਾਗਲਾ ਆਦਿ ਦੀਆਂ ਰਚਨਾਵਾਂ ਨੇ ਹਾਜ਼ਰੀਨ ਨੂੰ ਝੰਜੋੜਿਆ। ਇਕਬਾਲ ਸਿੰਘ ਧਾਮੀ, ਅਨਮੋਲ, ਪਰਮਿੰਦਰ, ਗੁਰਜਿੰਦਰ ਸੰਧੂ ਆਦਿ ਵੱਲੋਂ ਆਪਣੇ ਗੀਤਾਂ ਰਾਹੀਂ ਸਮਾਜਿਕ ਚੇਤਨਾ ਦੀ ਗੱਲ ਤੋਰੀ। ਸੰਸਥਾ ਵੱਲੋਂ ਇਕਬਾਲ ਸਿੰਘ ਧਾਮੀ ਦਾ ਸਨਮਾਨ ਪੱਤਰ ਨਾਲ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਲੇਖਕ ਯਸ਼ਪਾਲ ਗੁਲਾਟੀ ਦੀ ਮਿੰਨੀ ਕਹਾਣੀ ‘ਸਟਾਫ਼ ਮੈਂਬਰ’ ਚੰਗਾ ਸੁਨੇਹਾ ਦੇ ਗਈ। ਉਹਨਾਂ ਪੰਜਾਬੀ ਪੱਤਰਕਾਰੀ ਦੇ ਮੌਜੂਦਾ ਦੌਰ ਨੂੰ ਸ਼ਬਦੀ ਜਾਮਾ ਪਹਿਨਾਇਆ। ਪ੍ਰਿੰਸੀਪਲ ਜੈਪਾਲ ਸਿੰਘ ਬਰਾੜ ਨੇ ਆਪਣੇ ਅਧਿਆਪਨ ਦੇ ਸਫ਼ਰ ਨਾਲ ਭਰਪੂਰ ਨੇੜਤਾ ਪੁਆਈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਇਹ ਬੈਠਕ ਸਫ਼ਲ ਰਹੀ ਅਤੇ ਨਵੇਂ ਮਾਪਦੰਡ ਸਿਰਜ ਗਈ। ਮੰਚ ਸੰਚਾਲਨ ਦਿਨੇਸ਼ ਸ਼ੇਖੂਪੁਰੀਆ ਦਾ ਪ੍ਰਭਾਵੀ ਰਿਹਾ।