ਮਨੁੱਖਤਾ ਨੂੰ ਮੌਤ ਦੇ ਖੂਹ ਵੱਲ ਧੱਕਣ ਵਾਲੇ ਸਿਸਟਮ ਵਿਰੁੱਧ ਸੰਘਰਸ਼ ਸਮੇਂ ਦੀ ਲੋੜ

ਮਨੁੱਖ ਤੇ ਪਸੂ ਵਿਚਕਾਰ ਇਹੋ ਅੰਤਰ ਹੈ ਕਿ ਮਨੁੱਖ ਆਪਣੇ ਚੰਗੇ ਮਾੜੇ, ਆਲੇ ਦੁਆਲੇ, ਪਰਿਵਾਰ ਤੇ ਸਮਾਜ ਬਾਰੇ ਪੂਰਾ ਗਿਆਨ ਰਖਦਾ ਹੈ ਅਤੇ ਸਮਾਜ ਦੇ ਸਹਿਯੋਗ ਨਾਲ ਚੰਗਾ ਜੀਵਨ ਬਸਰ ਕਰਦਾ ਹੈ, ਜਦੋਂ ਕਿ ਪਸੂ ਨੂੰ ਅਜਿਹਾ ਕੋਈ ਗਿਆਨ ਨਹੀਂ ਹੁੰਦਾ ਉਸਨੂੰ ਸਿਰਫ਼ ਚਾਰਾ ਖਾਣ ਤੇ ਗੋਹਾ ਕਰਨ ਦੀ ਸੋਝੀ ਹੁੰਦੀ ਹੈ। ਪਰ ਜੇ ਗਿਆਨਵਾਨ ਮਨੁੱਖ ਸਮਾਜਿਕ ਕੁਰੀਤੀਆਂ, ਨਾ ਇਨਸਾਫੀ ਅਤੇ ਬੇਕਦਰੀ ਦਾ ਸ਼ਿਕਾਰ ਹੋ ਜਾਵੇ ਤਾਂ ਉਸਦੀ ਸੋਝੀ ਵੀ ਸਹੀ ਕੰਮ ਕਰਨ ਤੋਂ ਹਟਦੀ ਜਾਂਦੀ ਹੈ। ਅਜਿਹੇ ਸਮੇਂ ਉਹ ਜਾਂ ਤਾਂ ਕਿਸੇ ਅਖੌਤੀ ਤੇ ਅਦਿੱਖ ਰੱਬ ਤੇ ਭਰੋਸਾ ਕਰਕੇ ਜੀਵਨ ਜਿਉਣ ਲਗਦਾ ਹੈ, ਇਹ ਜੀਵਨ ਭਾਵੇਂ ਗੰਦੀ ਨਾਲੀ ਦੇ ਕੀੜੇ ਵਰਗਾ ਹੀ ਹੋਵੇ ਜਾਂ ਫੇਰ ਦਿਲ ਨੂੰ ਕਰੜਾ ਕਰਕੇ ਸਮਾਜ ਨੂੰ ਅਲਵਿਦਾ ਕਹਿ ਕੇ ਕਿਸੇ ਅਗਲੇ ਜਹਾਨ ਵੱਲ ਹੋ ਤੁਰਦਾ ਹੈ। ਜਿਸਨੂੰ ਆਮ ਲੋਕਾਂ ਦੀ ਭਾਸ਼ਾ ਵਿੱਚ ਖੁਦਕਸ਼ੀ ਜਾਂ ਆਤਮ ਹੱਤਿਆ ਕਹਿੰਦੇ ਹਨ। ਜੇ ਅਜਿਹੀ ਸਥਿਤੀ ਬਣ ਜਾਵੇ ਤਾਂ ਉਹ ਉਸ ਇਨਸਾਨ ਤੇ ਉਸਦੇ ਪਰਿਵਾਰ ਲਈ ਤਾਂ ਦੁਖਦਾਈ ਹੋਵੇਗੀ ਹੀ, ਸਮਾਜ ਲਈ ਵੀ ਸਰਮਨਾਕ ਹੈ ਅਤੇ ਇਸ ਨਾਲ ਲੋਕਾਂ ਵਿੱਚ ਨਿਰਾਸਤਾ ਤੇ ਚਿੰਤਾ ਪੈਦਾ ਹੋ ਸਕਦੀ ਹੈ। ਇਹ ਸ਼ਬਦ ਲਿਖਣ ਬਾਰੇ ਮਨ ’ਚ ਖਿਆਲ ਆਇਆ ਤਾਂ ਇੱਕ ਵਾਰ ਕਲਮ ਰੁਕ ਗਈ ਕਿ ਅਜਿਹੇ ਕਮਜੋਰ ਤੇ ਨਿਰਾਸ਼ਾਜਨਕ ਸ਼ਬਦ ਨਾ ਲਿਖੇ ਜਾਣ। ਫੇਰ ਉਸ ਨੌਜਵਾਨ ਜਸਵਿੰਦਰ ਸਿੰਘ ਪੂਹਲੀ ਨੇ ਮਨ ਨੂੰ ਝੰਜੋੜਾ ਦਿੱਤਾ ਕਿ ਨਹੀਂ! ਹੁਣ ਰੁਕਣਾ ਨਹੀਂ ਚਾਹੀਦਾ। ਬਠਿੰਡਾ ਜਿਲੇ ਦੇ ਪਿੰਡ ਪੂਹਲੀ ਦੇ ਇਸ ਨੌਜਵਾਨ ਨੇ ਕੁੱਝ ਦਿਨ ਪਹਿਲਾਂ ਹੀ ਆਪਣੇ ਪਿੰਡ ਦੇ ਬਾਹਰ ਨਥਾਨਾ ਸੜਕ ਤੇ ਆਪਣੀ ਗੱਡੀ ਵਿੱਚ ਬੈਠ ਕੇ ਕੋਈ ਜ਼ਹਿਰੀਲੀ ਵਸਤੂ ਨਿਗਲ ਲੈਣ ਉਪਰੰਤ ਮੋਬਾਇਲ ਫੋਨ ਉੱਤੇ ਲਾਈਵ ਹੋ ਕੇ ਇਸ ਰੰਗਲੀ ਦੁਨੀਆਂ ਤੋਂ ਸਦਾ ਲਈ ਵਿਦਾਇਗੀ ਲੈ ਲਈ ਸੀ।

ਜਸਵਿੰਦਰ ਸਿੰਘ ਪੱਤਰਕਾਰੀ ਕਰਦਾ ਸੀ, ਗਾਇਕ ਸੀ ਤੇ ਗੀਤਕਾਰ ਵੀ ਸੀ। ਉਹ ਸਮਾਜ ਸੇਵੀ ਤੇ ਜਾਗਰੂਕ ਵਿਅਕਤੀ ਸੀ, ਪਰ ਫੇਰ ਵੀ ਉਸਨੂੰ ਅਜਿਹਾ ਕਦਮ ਕਿਉਂ ਚੁੱਕਣਾ ਪਿਆ, ਇਹ ਉਸਦੀ ਲੋਕਾਂ ਨਾਲ ਕੀਤੀ ਸਿੱਧੀ ਗੱਲਬਾਤ ਤੋਂ ਕਾਫ਼ੀ ਸਪਸ਼ਟ ਹੋ ਜਾਂਦਾ ਹੈ। ਉਸਨੇ ਆਪਣੀ ਲਾਈਵ ਚਰਚਾ ਵਿੱਚ ਕਿਹਾ, ‘‘ਮੈਂ ਹਾਰ ਗਿਆ, ਤੁਸੀਂ ਇਸ ਕਦਮ ਨੂੰ ਗਲਤ ਵੀ ਕਹਿ ਸਕਦੇ ਹੋ, ਪਰ ਮੈਂ ਮਜਬੂਰ ਸੀ। ਕਈ ਸਾਲ ਹੋ ਗਏ ਮੈਨੰੂ ਸਿਸਟਮ ਨਾਲ ਲੜਦਿਆਂ, ਤਿੰਨ ਵਿਅਕਤੀਆਂ ਨੇ ਮੈਨੂੰ ਬਰਬਾਦ ਕਰ ਦਿੱਤਾ ਅਤੇ ਚੌਥੇ ਨੇ ਮੇਰੇ ਨਾਲ ਧੋਖਾ ਕੀਤਾ ਹੈ। ਮੇਰੀ ਜ਼ਮੀਨ ਜਾਇਦਾਦ ਵਿਕਵਾ ਦਿੱਤੀ, ਮੈਂ ਬੱਚਿਆਂ ਦਾ ਕੋਈ ਸ਼ੌਕ ਪੂਰਾ ਨਹੀਂ ਕਰ ਸਕਦਾ, ਜਰੂਰਤ ਪੂਰੀ ਨਹੀਂ ਕਰ ਸਕਦਾ। ਮੈਂ ਅੰਗਹੀਣ ਹਾਂ, ਮੇਰੇ ਬੱਚਿਆਂ ਦੇ ਹੁਣ ਨਿੱਕਰਾਂ ਵੀ ਪਾਟੀਆਂ ਹੋਈਆਂ ਪਾਈਆਂ ਹਨ, ਜਿਹੜੇ ਬਾਪ ਦੀ ਹੈਸੀਅਤ ਹੀ ਏਨੀ ਹੈ ਉਸਨੂੰ ਜਿਉਣ ਦਾ ਕੀ ਹੱਕ ਹੈ? ਮੈਂ ਜਹਿਰੀਲੀ ਚੀਜ਼ ਨਿਗਲ ਲਈ ਹੈ ਹੁਣ ਪ੍ਰਮਾਤਮਾ ਦੇ ਹੱਥ ਹੈ ਕਿ ਜਾਨ ਬਖ਼ਸ਼ੇ ਜਾਂ ਨਾ।’’ ਇਹ ਵੀ ਸੱਚਾਈ ਹੈ ਕਿ ਮੌਤ ਨੰੂ ਗਲੇ ਲਾਉਣਾ ਕੋਈ ਆਸਾਨ ਕੰਮ ਨਹੀਂ ਹੁੰਦਾ, ਉਹ ਆਪਣੇ ਅਧੂਰੇ ਕੰਮਾਂ ਨੂੰ ਯਾਦ ਕਰਦਾ ਕਹਿੰਦਾ ਹੈ, ‘‘ਮੈਂ ਆਪਣੇ ਬਜੁਰਗ ਪਿਤਾ ਤੋਂ ਮੁਆਫ਼ੀ ਮੰਗਦਾ ਹਾਂ ਕਿਉਂਕਿ ਉਸਨੂੰ ਸਾਂਭਣ ਸਮੇਂ ਮੈਂ ਇਹ ਫੈਸਲਾ ਕਰ ਲਿਆ। ਮੈਂ ਬੱਚਿਆਂ ਤੋਂ ਮੁਆਫ਼ੀ ਮੰਗਦਾ ਹਾਂ ਕਿ ਮੈਂ ਤੁਹਾਡਾ ਕੋਈ ਸ਼ੌਕ ਪੂਰਾ ਨਹੀਂ ਕਰ ਸਕਿਆ। ਜਦੋਂ ਪਿੰਡ, ਸਮਾਜ ਤੇ ਰਿਸ਼ਤੇਦਾਰਾਂ ਨੇ ਨਕਾਰ ਦਿੱਤਾ, ਫੇਰ ਬੰਦਾ ਜਿਉਂਗਾ ਕਿਵੇਂ? ਪਰ ਮਨੋਹਰ ਸਿੰਘ ਤੇ ਕੁੱਝ ਹੋਰ ਵਿਅਕਤੀਆਂ ਦਾ ਧੰਨਵਾਦ ਵੀ ਕਰਦਾ ਹਾਂ ਜਿਹਨਾਂ ਔਖੇ ਸਮੇਂ ਮੇਰੀ ਮੱਦਦ ਕੀਤੀ ਹੈ।’’ ਇਸਦੇ ਨਾਲ ਹੀ ਉਹ ਆਪਣੀ ਗਰੀਬੀ ਦਾ ਹਵਾਲਾ ਦੇ ਕੇ ਅਰਜੀਆਂ ਪੱਤਰਾਂ ਤੇ ਚਿੱਠੀਆਂ ਨਾਲ ਮੰਗੇ ਇਨਸਾਫ਼ ਦਾ ਰੋਣਾ ਰੋਂਦਾ ਹੋਇਆ ਕਹਿੰਦਾ ਹੈ, ‘‘ ਮੈਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਮੁੱਖ ਮੰਤਰੀ ਪੰਜਾਬ, ਚੀਫ਼ ਜਸਟਿਸ ਪੰਜਾਬ ਤੇ ਹਰਿਆਣਾ ਹਾਈਕੋਰਟ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਮਨਦੀਪ ਸਿੰਘ ਮੰਨਾ ਨੂੰ ਚਿੱਠੀਆਂ ਲਿਖ ਕੇ ਸਹਾਇਤਾ ਮੰਗੀ ਪਰ ਮੇਰੀ ਕਿਸੇ ਨੇ ਬਾਤ ਨਹੀਂ ਪੁੱਛੀ। ਭਗਵੰਤ ਮਾਨ ਨੇ ਮੌਜੂਦਾ ਸਰਕਾਰ ਬਣਨ ਤੋਂ ਪਹਿਲਾਂ ਸਰਕਾਰ ਬਣਨ ਤੇ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਸੀ, ਪਰ ਉਹਨਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਮੈਂ ਕਈ ਵਾਰ ਯਤਨ ਤਾਂ ਕੀਤਾ ਪਰ ਉਹਨਾਂ ਨੂੰ ਮਿਲ ਨਹੀਂ ਸਕਿਆ।’’ ਉਹ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਉਸ ਦੀ ਇਹ ਆਖ਼ਰੀ ਵੀਡੀਓ ਭਗਵੰਤ ਮਾਨ ਨੂੰ ਜਰੂਰ ਭੇਜੀ ਜਾਵੇ।

ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਉਸਦਾ ਇਹ ਅਸਲ ਮਾਮਲਾ ਕੀ ਸੀ। ਕਈ ਸਾਲ ਪਹਿਲਾਂ ਇੱਕ ਚਿੱਟ ਫੰਡ ਕੰਪਨੀ ਚਲਾਉਣ ਵਾਲੇ ਭੁੱਚੋ ਮੰਡੀ ਦੇ ਦੋ ਭਰਾਵਾਂ ਨੇ ਉਸਦੀ ਜ਼ਮੀਨ ਵਿਕਵਾ ਕੇ ਸਾਰਾ ਪੈਸਾ ਕੰਪਨੀ ਦੇ ਖਾਤੇ ਲਗਵਾ ਕੇ ਕਈ ਗੁਣਾਂ ਵਧਾਉਣ ਦਾ ਭਰੋਸਾ ਦਿੱਤਾ ਸੀ। ਪਰ ਬਾਅਦ ਵਿੱਚ ਇਸ ਕੰਪਨੀ ਵੱਲੋਂ ਉਸਨੂੰ ਕੁੱਝ ਵੀ ਨਾ ਦਿੱਤਾ ਗਿਆ, ਉਸਨੇ ਪ੍ਰੈਸ ਕਾਨਫਰੰਸਾਂ ਕਰਕੇ ਸੱਚ ਸਾਹਮਣੇ ਲਿਆਂਦਾ, ਥਾਨਿਆਂ ਤੱਕ ਪਹੁੰਚ ਕੀਤੀ ਪਰ ਕਿਸੇ ਨਾ ਸੁਣੀ। ਉਸਨੇ ਮਾਨਯੋਗ ਅਦਾਲਤ ਵਿੱਚ ਕਈ ਸਾਲ ਪਹਿਲਾਂ ਕੇਸ ਦਾਇਰ ਕੀਤਾ, ਪਰ ਇਨਸਾਫ਼ ਨਾ ਮਿਲਿਆ। ਉਹ ਕਹਿੰਦਾ ਸੀ ਕਿ ਮੈ ਗਰੀਬ ਆਦਮੀ ਮੁਕੱਦਮਿਆਂ ਤੇ ਪੈਸਾ ਨਹੀਂ ਖਰਚ ਸਕਦਾ, ਜਦ ਕਿ ਮੁਲਜਮਾਂ ਕੋਲ ਥੱਬਿਆਂ ਦੇ ਥੱਬੇ ਪੈਸੇ ਹਨ। ਸਭ ਪਾਸਿਆਂ ਤੋਂ ਨਿਰਾਸ ਹੋ ਕੇ ਉਹ ਆਪਣੇ ਆਪ ਨੂੰ ਹਾਰਿਆ ਹੋਇਆ ਸਮਝ ਗਿਆ ਅਤੇ ਵੱਡਾ ਫੈਸਲਾ ਕਰ ਬੈਠਾ।ਗੱਲ ਕੇਵਲ ਉਸਦੀ ਮੌਤ ਦੀ ਹੀ ਨਹੀਂ, ਅਸਲ ਗੱਲ ਉਹਨਾਂ ਹਾਲਾਤਾਂ ਦੀ ਹੈ ਜਿਸਨੇ ਅਜਿਹਾ ਕਦਮ ਚੁੱਕਣ ਲਈ ਮਜਬੂਰ ਕੀਤਾ। ਇੱਕ ਆਮ ਵਿਅਕਤੀ ਕਿੱਥੇ ਤੱਕ ਪਹੁੰਚ ਕਰ ਸਕਦਾ ਹੈ? ਉਸਨੇ ਸਮਰੱਥਾ ਅਨੁਸਾਰ ਥਾਨੇ ਤੋਂ ਲੈ ਕੇ ਹਾਈਕੋਰਟ ਤੱਕ ਅਤੇ ਵਿਧਾਇਕਾਂ, ਵਿਰੋਧੀ ਧਿਰ ਦੇ ਨੇਤਾਵਾਂ ਤੇ ਸੋਸਲ ਮੀਡੀਆ ਤੇ ਸੰਘ ਪਾੜ ਪਾੜ ਕੇ ਇਨਸਾਫ਼ ਦਾ ਰੌਲਾ ਪਾਉਣ ਵਾਲਿਆਂ ਤੋਂ ਮੁੱਖ ਮੰਤਰੀ ਤੱਕ ਪਹੁੰਚ ਕੀਤੀ, ਪਰ ਉਸਦੀ ਕਿਸੇ ਨੇ ਬਾਂਹ ਨਾ ਫੜੀ। ਅਜਿਹੀ ਸਥਿਤੀ ਵਿੱਚ ਉਹ ਕਰ ਵੀ ਕੀ ਸਕਦਾ ਸੀ। ਇਸਦਾ ਸਿੱਧਾ ਅਰਥ ਹੈ ਕਿ ਉਸਦੀ ਮੌਤ ਲਈ ਕੀ ਸਾਡੇ ਦੇਸ਼ ਦਾ ਸਿਸਟਮ ਜੁਮੇਵਾਰ ਨਹੀਂ ਹੈ,

ਜਿਸਨੂੰ ਆਮ ਵਿਅਕਤੀ ਦੀ ਜਿੰਦਗੀ ਮੌਤ ਜਾਂ ਉਸਦੇ ਬੱਚਿਆਂ ਦੀ ਕੋਈ ਪਰਵਾਹ ਨਹੀਂ। ਹੋਏਗਾ ਕੋਈ ਗਰੀਬ, ਅਜਿਹੇ ਦੇ ਮਰਨ ਨਾਲ ਸਰਕਾਰਾਂ ਜਾਂ ਪ੍ਰਸਾਸ਼ਨ ਨੂੰ ਕੀ ਫ਼ਰਕ ਪੈਂਦਾ ਹੈ? ਮਨੁੱਖ ਦੀ ਮੌਤ ਹੋਈ ਹੈ, ਇਸ ਲਈ ਮੁਕੱਦਮਾ ਤਾਂ ਦਰਜ ਹੋ ਜਾਵੇਗਾ, ਦੋਸ਼ੀ ਗਿਰਫ਼ਤਾਰ ਵੀ ਹੋ ਜਾਣਗੇ ਅਤੇ ਕੰਪਨੀ ਦੇ ਕੰਮਕਾਰ ਵਿੱਚ ਵੀ ਕੁੱਝ ਰੁਕਾਵਟ ਆ ਜਾਵੇਗੀ, ਪਰ ਬੁੱਢੇ ਬਾਪ ਦਾ ਪੁੱਤ ਜਾਂ ਨਬਾਲਗ ਬੱਚਿਆਂ ਦਾ ਬਾਪ ਤਾਂ ਮੁੜ ਕੇ ਨਹੀਂ ਆਵੇਗਾ। ਇਹ ਮਸਲਾ ਇਕੱਲੇ ਜਸਵਿੰਦਰ ਸਿੰਘ ਪੂਹਲੀ ਦਾ ਨਹੀਂ, ਨਿੱਤ ਦਿਨ ਹੀ ਅਜਿਹੇ ਨੌਜਵਾਨ ਖੁਦਕਸ਼ੀਆਂ ਕਰਦੇ ਹਨ, ਜਿਹਨਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਹੁੰਦੀਆਂ ਹਨ ਅਤੇ ਕਿਤੋਂ ਵੀ ਇਨਸਾਫ਼ ਨਹੀਂ ਮਿਲਦਾ। ਉਹਨਾਂ ਦੇ ਪਰਿਵਾਰ ਦੁਸ਼ਵਾਰੀਆਂ ਦਾ ਬੋਝ ਝੱਲਣ ਲਈ ਮਜਬੂਰ ਹੋ ਜਾਂਦੇ ਹਨ, ਬੱਚਿਆਂ ਦਾ ਭਵਿੱਖ ਹਨੇਰੇ ਵਿੱਚ ਚਲਾ ਜਾਂਦਾ ਹੈ। ਜੇ ਇਹ ਮੰਨ ਲਈਏ ਕਿ ਅਜਿਹੀਆਂ ਘਟਨਾਵਾਂ ਬਾਰੇ ਸਿਸਟਮ ਜੁਮੇਵਾਰ ਹੈ ਤਾਂ ਫੇਰ ਇਸ ਸਿਸਟਮ ਨੂੰ ਸੁਧਾਰਨ ਦੀ ਜੁਮੇਵਾਰੀ ਕਿਸ ਦੀ ਹੈ? ਜੇਕਰ ਇਹ ਜੁਮੇਵਾਰੀ ਸਰਕਾਰਾਂ ਦੀ ਹੈ ਅਤੇ ਉਹ ਕਿਉਂ ਨਹੀਂ ਕਰ ਰਹੀਆਂ? ਸਰਕਾਰ ਦਾ ਕਰਤੱਬ ਹੈ ਲੋਕਾਂ ਦੇ ਆਤਮ ਵਿਸਵਾਸ਼ ਨੂੰ ਮਜਬੂਤ ਕਰੇ। ਪਰ ਜੇ ਸਰਕਾਰਾਂ ਅੰਨੀਆਂ ਬੋਲੀਆਂ ਬਣ ਜਾਣ ਤਾਂ ਲੋਕਾਂ ਦਾ ਵੀ ਫ਼ਰਜ ਬਣਦਾ ਹੈ ਕਿ ਅਜਿਹੇ ਮਨੁੱਖਤਾ ਨੂੰ ਮੌਤ ਦੇ ਖੂਹ ਵਿੱਚ ਧੱਕਣ ਵਾਲੇ ਸਿਸਟਮ ਵਿਰੁੱਧ ਇੱਕਮੁੱਠ ਹੋ ਕੇ ਕਿਸੇ ਵੱਡੇ ਸੰਘਰਸ ਦੇ ਰਾਹ ਤੁਰਨ।

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913