ਸਤ ਸ਼੍ਰੀ ਅਕਾਲ, ਸਾਰਿਆਂ ਨੂੰ ਜੀ। ਅਸੀਂ ਏਥੇ ਰਾਜ਼ੀ-ਖੁਸ਼ੀ ਹਾਂ। ਤੁਹਾਡੀ ਰਾਜ਼ੀ-ਖੁਸ਼ੀ ਪ੍ਰਮਾਤਮਾ ਪਾਸੋਂ ਸਦਾ ਨੇਕ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਪਿੰਡ ਦੀ ਜੂਹ ਤੱਕ, ਪਤਾ ਨਹੀਂ ਕਿੰਨੀਆਂ ਕਹਾਣੀਆਂ, ‘ਹੋ ਬੀਤੀਆਂਹਨ। ਇੰਨ੍ਹਾਂ ਹੱਟੀਆਂ-ਭੱਠੀਆਂ, ਖੂਹ-ਟੋਭਿਆਂ, ਛੱਪੜਾਂ, ਦਰਖ਼ਤਾਂ ਦੇ ਓਹਲੇ, ਖੋਲ੍ਹਿਆਂ, ਨੌਹਰਿਆਂ, ਮੋੜਾਂ-ਘੋੜਾਂ ਅਤੇ ਚੁਬਾਰਿਆਂ ਵਿੱਚ, ਪਿੰਡ ਦਾ ਇਤਿਹਾਸ ਦਫ਼ਨ ਹੋਇਆ ਪਿਆ ਹੈ। ਬਹੁਤ ਸਾਰੀਆਂ, ਬਾਤਾਂ ਵਰਗੀਆਂ ਯਾਦਾਂ, ਦਰਿਆ ਦੇ ਪਾਣੀ ਵਾਂਗੂੰ ਲੰਘ ਗਈਆਂ ਹਨ। ਤਾਈ ਗੁਰਨਾਮੀ ਦੇ ਘਰ ਵਾਲੇ ਤੋਂ ਹੋਈ ਖੁਨਾਮੀ, ਜਿਵੇਂ ਕੱਲ੍ਹ ਦੀ ਹੀ ਘਟਨਾ ਹੋਵੇ। ਸਵੇਰੇ ਲੱਸੀ ਲੈਣ ਆਂਉਂਦੀ, ਦਾਨੀ ਤਾਈ ਨੂੰ, ਮੇਰੀ ਬੀਬੀ ਮੱਲੋਮੱਲੀ ਪੀੜ੍ਹੀ ਦੇ ਕੇ ਬਿਠਾਉਂਦੀ। ਲਿਸ਼ਕਦੇ ਗੜਵੇ ਨਾਲ ਤਾਈ ਪਤਾ ਨਹੀਂ ਕੀ-ਕੀ ਗਮ, ਚੁੱਕੀ ਫਿਰਦੀ ਸੀ।
ਚੰਗੀਆਂ-ਭਲੀਆਂ ਗੱਲਾਂ ਕਰਦੀ ਤਾਈ ਘੁੰਮ-ਘੁੰਮਾ ਕੇ, ਉਸੇ ਮੋੜ ਉੱਤੇ ਪਹੁੰਚ ਜਾਂਦੀ, ਜਿਸ ਨੂੰ ਸੰਕੇਤ ਮਾਤਰ ਵਿਰਵਾ ਪਾਂਉਂਦਿਆਂ ਹੀ ਉਸਦੀਆਂ ਅੱਖਾਂ ਸਿੱਲ੍ਹੀਆਂ ਹੋ ਜਾਂਦੀਆਂ, ਜੀਭ ਥਰਥਰਾ ਜਾਂਦੀ ਅਤੇ ਬੋਲ ਡੁੱਬਣ ਲੱਗਦੇ, “ਪੁੱਤ ਕੀ ਦੱਸਾਂ, ਸਾਡੇ ਏਸ ਤੋਂ ਹੋਇਆ ਬੇਦੋਸ਼ੇ ਦਾ ਕੱਟ-ਵੱਢ, ਜਖ਼ਮੀਂ ਦੇ ਤਰਲੇ ਅਤੇ ਦਿਲੋਂ ਨਿਕਲੇ ਸਰਾਪ ਵਰਗੇ ਬੋਲ, ਸਾਡੇ ਘਰ ਨੂੰ ਲੈ ਬੈਠੇ। ਮੈਂ ‘ਪੁੱਤ ਵੱਡੇ ਹੋਣ ਦੀਆਂ
ਅਰਦਾਸਾਂ ਕੀਤੀਆਂ। ਪੂਰੀਆਂ ਵੀ ਹੋਈ। ਹਲ ਜੋੜੇ ਪੁੱਤਾਂ ਨੇ, ਮੈਂ ਰੋਟੀ ਲੈ ਕੇ ਜਾਂਦੀ, ਮੇਰਾ ਮਣ-ਲਹੂ ਵੱਧ ਜਾਂਦਾ। ਕਣਕ ਦਾ ਢੇਰ ਹੁੰਦਾ ਅਤੇ ਪਸ਼ੂਆਂ ਦਾ ਭਰਿਆ ਘਰ। ਲੋਕੀਂ ਦੁੱਧ-ਲੱਸੀ ਲੈ-ਲੈ ਜਾਂਦੇ, ਕਿਸੇ ਨੂੰ ਨਾ ਮੋੜਦੀ। ਪਰ ਬਦ-ਦੁਆ ਨੇ ਸਾਡਾ ਮਹੱਲ, ਖੰਡਰ ਕਰਤਾ, ਥੋਡੇ ਸਾਹਮਣੇ ਸਾਰਾ ਕੁਸ ਖਿੰਡ ਗਿਆ। ਹੁਣ ਤਾਂ ਬੱਸ…..।” ਤਾਈ ਫਿੱਸ ਪੈਂਦੀ ਤਾਂ ਮੇਰੀ ਬੀਬੀ ਉਸ ਨੂੰ ਹੌਂਸਲਾ ਦਿੰਦੀ, ‘ਪੋਤਿਆਂ ਦੇ ਵੱਡੇ ਹੋ ਕੇ ਫਿਰ ਰੰਗ-ਭਾਗ ਲੱਗਣ ਦਾ।ਤਾਈ ਚੁੰਨੀ ਨਾਲ ਅੱਖਾਂ ਪੂੰਝਦੀ, ਲੱਸੀ ਲੈ, ਸਾਨੂੰ ਅਸੀਸਾਂ ਦਿੰਦੀ, ਹੌਲੀ-ਹੌਲੀ ਮੁੜਦੀ। ਮੈਂ, ਉਸਦੇ ਨਾਲ ਸਾਡੇ ਦਰਵਾਜੇ ਤੱਕ ਜਾ ਕੇ ਆਉਂਦਾ। ਲੱਗਦੈ, ਮੈਂ ਹੁਣ ਵੀ ਤਾਈ ਗੁਰਨਾਮੋ ਦੇ ਨਾਲ ਤੁਰ ਰਿਹਾ ਹਾਂ। ਹੋਰ, ਕਦੇ-ਕਦੇ ਮੀਂਹ ਰੌਣਕ ਲਾ ਰਿਹੈ। ਅਮਰੂਦ
ਚ ਕੀੜੇ ਆ ਗਏ ਹਨ।
ਤੋਰੀਆਂ ਲੱਗਣ ਲੱਗ ਗਈਆਂ ਹਨ। ਵਿੱਚੇ ਵਿਆਹ ਵੀ ਚੱਲ ਰਹੇ ਹਨ। ਹੱਟੀਆਂ, ਭੱਠੀਆਂ, ਚੱਕੀਆਂ ਦੀਆਂ ਫੱਕੀਆਂ ਉੱਡ ਗਈਆਂ ਹਨ। ਛੜੇ-ਛਿੰਦਰ ਦਾ ਵਿਆਹ ਹੋ ਗਿਆ ਹੈ। ਰੱਖੜੀ ਮਗਰੋਂ ਪੜ੍ਹਾਈ ਜੋਰ ਫੜ ਗਈ ਹੈ। ਹਾਈਵੇ ਵਿੱਚ ਆਈ ਜ਼ਮੀਨ ਦੇ ਪੂਰੇ ਮਾਵਜੇ ਲਈ ਕਿਸਾਨ ਸੰਘਰਸ਼ ਕਰ ਰਹੇ ਹਨ। ਚੁਮਾਸੇ ਨੇ ਚੁਫੇਰੇ ਹਰਿਆਲੀ ਕਰ ਦਿੱਤੀ ਹੈ। ਦਹਾਕੇ ਮਗਰੋਂ ਮਲੋਟ-ਸ਼੍ਰੀ ਮੁਕਤਸਰ ਸਾਹਿਬ ਰੋਡ ਬਣ ਰਹੀ ਹੈ। ਸੱਚ, ਅਖ਼ਬਾਰ ਦੇ ਅੱਖਰ ਨਿੱਕੇ ਅਤੇ ਸਫ਼ੇ ਘੱਟ ਹੋ ਰਹੇ ਹਨ। ਮੁਫ਼ਤ ਬਿਜਲੀ, ਪਾਣੀ, ਬੱਸ ਅਤੇ ਰਾਸ਼ਨ ਦੀ ਦੁਰਵਰਤੋਂ ਜਾਰੀ ਹੈ। ਚੰਗਾ, ਖੁਸ਼ ਰਹੋ, ਮਿਲਾਂਗੇ ਸੰਡੇ ਕੇ ਸੰਡੇ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061