ਸਾਰੇ ਮੱਖਣਾਂ ਦੇ ਪੇੜਿਆਂ ਨੂੰ ਸਤ ਸ਼੍ਰੀ ਅਕਾਲ ਜੀ। ਰੱਬ ਜੀ, ਸਾਡੇ ਵਾਂਗੂੰ ਤੁਹਾਨੂੰ ਵੀ ਚੜ੍ਹਦੀ-ਕਲਾ ਵਿੱਚ ਰੱਖੇ। ਅੱਗੇ ਸਮਾਚਾਰ ਇਹ ਹੈ ਕਿ ਸਾਉਣ ਦਾ ਮਹੀਨਾ ਫੋਨ ਉੱਪਰ ਹੀ ਬਹੁਤਾ ਚੱਲ ਰਿਹਾ ਹੈ। ਸਰਕਾਰੀ ਤੌਰ ਉੱਤੇ ਕਰਵਾਏ ਜਾਂਦੇ ਤੀਆਂ ਦੇ ਪ੍ਰੋਗਰਾਮ ਵੇਖ ਕੇ ਹੀ, ਜੀਅ-ਸਰੱਸਾ ਹੋ ਰਿਹੈ। ਪਿੰਡਾਂ ਦੀਆਂ ਤੀਆਂ ਤਾਂ ਹੁਣ ‘ਬੀਤੇ ਦੀ ਗੱਲਬਣ ਰਹੀਆਂ ਹਨ। ਭੇਲੀ ਕਾ ਗੂਗਰ ਦੱਸਦੈ ਬਈ “ਪਹਿਲੇ ਵੇਲਿਆਂ
ਚ, ਸਾਰੇ ਪਿੰਡ ਦੀਆਂ ਧੀਆਂ-ਭੈਣਾਂ, ਸਾਉਣ ਮਹੀਨੇ ਜ਼ਰੂਰ ਅੱਪੜਦੀਆਂ ਪੇਕੇ। ਆਥਣੇ ਪਿੰਡੋਂ ਬਾਹਰ, ਸ਼ਾਮਲਾਟ ਚ, ਬੋਲੀਆਂ ਪਾ ਕੇ, ਓਹ ਗਿੱਧਾ ਪਾਂਉਂਦੀਆਂ ਕਿ ਮੇਲਾ ਲੱਗ ਜਾਂਦਾ। ਗੀਤਾਂ ਅਤੇ ਨਾਚ ਨਾਲ ਅੰਦਰਲਾ ਗੁੱਭ-ਗਲ੍ਹਾਟ ਨਿਕਲ ਜਾਂਦਾ। ‘ਨਾ ਮੇਰਾ ਧਰਮ ਰਿਹਾ, ਨਾ ਘੁੱਗ ਕੇ ਵਸੀ ਘਰ ਤੇਰੇ।
ਸ਼ਰਾਰਤੀ ਜਵਾਕ ਨੇੜੇ ਖੇਡਦੇ, ਅੱਕਾਂ ਦੇ ਟਿੱਡਿਆਂ ਨੂੰ ਫੜ ਕੇ, ਦੂਜਿਆਂ ਉੱਪਰ ਸੁੱਟਦੇ। ਕੁੜੀਆਂ-ਚਿੜੀਆਂ ਅਜੇਹੇ ਟਿੱਡਿਆਂ ਤੋਂ ਡਰਦੀਆਂ ਚੀਕਾਂ ਮਾਰਦੀਆਂ। ਅੱਕ ਖਾ-ਖਾ ਕੇ ਅੱਕੇ ਟਿੱਡੇ, ਅੱਕਾਂ ਉੱਤੇ ਛਾਉਣੀਆਂ ਬਣਾਈ ਬੈਠੇ ਹੁੰਦੇ। ਦਿਨ ਛਿਪਾ ਨਾਲ ਮਸਾਂ ਹੀ ਤੀਆਂ ਵਿਝੜਦੀਆਂ, ਗੱਲਾਂ ਕਰਦੀਆਂ ਭੂਆ-ਭਤੀਜੀਆਂ-ਭਾਬੀਆਂ ਘਰਾਂ ਨੂੰ ਮੁੜਦੀਆਂ। ਰਸਤੇ ਚ ਫੇਰ ਆਪਣੇ ਤਾਏ-ਚਾਚਿਆਂ-ਬਾਬਿਆਂ ਕੋਲ ਦੁੱਖ-ਸੁੱਖ ਕਰਨ ਬੈਠ ਜਾਂਦੀਆਂ। ਤੀਆਂ ਦੇ ਆਖਰੀ ਦਿਨ ‘ਸਾਉਣ ਵੀਰ
ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇਗਾਂਉਂਦੀਆਂ ਸਾਰੀਆਂ ਵਿਛੜਦੀਆਂ ਤਾਂ ਇਹ ਅਜੀਬ ਜਿਹ ਦ੍ਰਿਸ਼ ਹੁੰਦਾ। ਅਗਲੇ ਸਾਲ ਫੇਰ ਮਿਲਣ ਦਾ ਪੱਕਾ ਵਾਅਦਾ ਕਰ, ਪਿੰਡ ਦੀਆਂ ਇਹ ਕੂੰਜਾਂ, ਪ੍ਰਦੇਸਾਂ ਨੂੰ ਉਡਾਰੀ ਮਾਰ ਜਾਂਦੀਆਂ। ਲੌਂਗੋਵਾਲ ਅਤੇ ਕਈ ਹੋਰ ਥਾਂਵਾਂ ਦੀਆਂ ਮਸ਼ਹੂਰ ਤੀਆਂ ਦੀਆਂ, ਬਾਤਾਂ ਅਜੇ ਵੀ ਪਾਈਆਂ ਜਾਂਦੀਆਂ ਹਨ। ਹੁਣ ਤਾਂ ਸਮਾਉਂ ਆਲਾ ਮੁੰਡਾ ਕੁੜੀਆਂ ਨੂੰ ‘ਗਿੱਧੇ ਦੀਆਂ ਬੋਲੀਆਂ
ਸਿਖਾਉਣ ਵਾਲਾ ਰਹਿ ਗਿਆ ਹੈ।” ਹਾਉਕਾ ਜਾ ਲੈਂਦਾ ਗੂਗਰ, ਅੱਖਾਂ ਉੱਪਰ, ਸੱਜੇ ਹੱਥ ਦਾ ਛੱਪਰ ਜਿਹਾ ਬਣਾ ਕੇ, ਦੂਰ ਕਿਧਰੇ ਗਵਾਚ ਗਈਆਂ ਤੀਆਂ ਅਤੇ ਤੀਆਂ ਵਰਗੀਆਂ ਹੋਰ ਯਾਦਾਂ ਨੂੰ ਵੇਖਣ ਦਾ ਭਰਮ ਜਿਹਾ ਪਾਲਣ ਲੱਗਾ। ਕੈਨੇਡਾ ਵੱਲ ਉਡਾਰੀ ਮਾਰ ਗਈਆਂ ਕੂੰਜਾਂ ਦੀਆਂ ਡਾਰਾਂ, ਹੁਣ ਬੀਤੇ ਦੀ ਲੋਕ ਕਥਾ ਵਰਗਾ ਸੱਚ ਬਣ ਗਈਆਂ ਹਨ।
ਹੋਰ, ਗਵਾਂਢ ਜਲਥਲ, ਸਾਡੇ ਸੋਕਾ ਹੈ। ਕੱਦੂ ਅੱਸੀ ਰੂਪੈ, ਅਮਰੂਦ ਸੌ ਰੂਪੈ। ਬੈਟਰੀ ਆਲੇ ਰਿਕਸ਼ੇ ਵੱਧ ਗਏ ਹਨ ਪਰ ਸ਼ਰੀਰਾਂ ਦੇ ਸੈੱਲ ਘੱਟ ਰਹੇ ਹਨ। ਬਾਹਰ ਪੇਚ ਕਸਣ ਕਰਕੇ, ਕਾਲਜ ਭਰ ਗਏ ਹਨ। ਫੋਨ ਦੇ ਚਾਰਜ ਵਧਣ ਦਾ ਸਾਡੇ ਉੱਤੇ ਕੋਈ ਅਸਰ ਨਹੀਂ। ‘ਭਾਂਡੇ ਕਲੀ ਕਰਾ ਲੋਦਾ ਹੋਕਾ ਫੇਰ ਆਉਣ ਲੱਗਾ ਹੈ। ਸੱਚ, ਰੋੜੂ ਕਾ ਡੇਲੂ ਮਨੀਲਾ ਟੱਪ ਗਿਐ। ਚੰਗਾ, ਰੰਗ ਭਰੋ, ਜਿੰਦਾਬਾਦ, ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061